ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ !    ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ !    ਮੱਧ ਪ੍ਰਦੇਸ਼: ਸਰਕਾਰੀ ਤੀਰਥ ਯਾਤਰਾ ਯੋਜਨਾ ’ਚ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਸ਼ਾਮਲ !    ਮਹਿਲਾ ਪੁਲੀਸ ਮੁਲਾਜ਼ਮ ਦਾ ਪਿੱਛਾ ਕਰਨ ਵਾਲਾ ਆਈਬੀ ਮੁਲਾਜ਼ਮ ਗ੍ਰਿਫ਼ਤਾਰ !    ਆਈਐੱਨਐਕਸ: ਚਿਦੰਬਰਮ ਦੀ ਹਿਰਾਸਤ 27 ਤੱਕ ਵਧੀ !    ਜਸਟਿਸ ਰਵੀ ਰੰਜਨ ਝਾਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਬਣੇ !    ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    

ਮੋਹਲੇਧਾਰ ਮੀਂਹ ਨੇ ਉੱਤਰੀ ਰਾਜ ਝੰਬੇ

Posted On August - 18 - 2019

ਪੰਜਾਬ ’ਚ ਸਤਲੁਜ ਦਰਿਆ ਨੇੜਲੇ ਇਲਾਕਿਆਂ ’ਚ ਹੜ੍ਹ ਵਰਗੇ ਹਾਲਾਤ ਬਣੇ

  • ਸਤਲੁਜ ਕਿਨਾਰੇ ਵਸੇ ਪਿੰਡਾਂ ’ਚ ਹਜ਼ਾਰਾਂ ਏਕੜ ਜ਼ਮੀਨ ਪਾਣੀ ਦੀ ਮਾਰ ਹੇਠ ਆਈ

  • ਭਾਖੜਾ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਛੇ ਫੁੱਟ ਘੱਟ

  • ਕਈ ਥਾਈਂ ਪਿੰਡਾਂ ਨਾਲ ਸੰਪਰਕ ਟੁੱਟਿਆ

  • ਹਿਮਾਚਲ ’ਚ ਢਿੱਗਾਂ ਡਿੱਗਣ ਨਾਲ ਕਈ ਥਾਈਂ ਰਸਤੇ ਬੰਦ

ਸ਼ਨਿਚਰਵਾਰ ਨੂੰ ਚੰਡੀਗੜ੍ਹ ਵਿਚ ਪੈ ਰਹੇ ਭਾਰੀ ਮੀਂਹ ਵਿਚੋਂ ਲੰਘ ਰਹੇ ਲੋਕ। -ਫੋਟੋ: ਪੰਜਾਬੀ ਟਿ੍ਬਿਊਨ

ਚੰਡੀਗੜ੍ਹ/ਸ਼ਿਮਲਾ/ਜੰਮੂ/ਜੈਪੁਰ, 17 ਅਗਸਤ
ਮੋਹਲੇਧਾਰ ਮੀਂਹ ਨੇ ਜਿੱਥੇ ਉੱਤਰੀ ਰਾਜਾਂ ਨੂੰ ਝੰਬ ਸੁੱਟਿਆ ਹੈ, ਉਥੇ ਭਾਖੜਾ ਡੈਮ ’ਚੋਂ ਲੰਘੇ ਦਿਨ ਛੱਡੇ ਵਾਧੂ ਪਾਣੀ ਮਗਰੋਂ ਪੰਜਾਬ ਵਿੱਚ ਨੰਗਲ, ਸ੍ਰੀ ਆਨੰਦਪੁਰ ਸਾਹਿਬ ਤੇ ਨੂਰਪੁਰ ਬੇਦੀ ਵਿੱਚ ਸਤਲੁਜ ਦਰਿਆ ਨੇੜਲੇ ਇਲਾਕਿਆਂ ’ਚ ਹੜ੍ਹਾਂ ਵਰਗੇ ਹਾਲਾਤ ਬਣ ਗਏ ਹਨ। ਕਈਂ ਥਾਈ ਪਿੰਡਾਂ ਨਾਲੋਂ ਸੰਪਰਕ ਟੁੱਟ ਗਿਆ ਹੈ ਤੇ ਫ਼ਸਲਾਂ ’ਚ ਤਿੰਨ ਤੋਂ ਪੰਜ ਫੁੱਟ ਤਕ ਪਾਣੀ ਖੜ੍ਹ ਗਿਆ ਹੈ। ਹਿਮਾਚਲ ਪ੍ਰਦੇਸ਼ ਵਿੱਚ ਢਿੱਗਾਂ ਡਿੱਗਣ ਕਰਕੇ ਕਈਂ ਥਾਈਂ ਰਸਤੇ ਬੰਦ ਹੋ ਗਏ ਹਨ। ਰਾਜਸਥਾਨ ਵਿੱਚ ਚੰਬਲ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ 12 ਮੀਟਰ ਉਪਰ ਵਹਿ ਤੁਰਿਆ ਹੈ। ਜੰਮੂ ਵਿੱਚ ਮੋਹਲੇਧਾਰ ਮੀਂਹ ਨੇ ਆਮ ਜ਼ਿੰਦਗੀ ਲੀਹੋਂ ਲਾ ਦਿੱਤੀ। ਉੱਝ ਤੇ ਤਵੀ ਦਰਿਆਵਾਂ ’ਚ ਪਾਣੀ ਦਾ ਪੱਧਰ ਵਧਣ ਨਾਲ ਨੀਵੇਂ ਇਲਾਕਿਆਂ ’ਚ ਹੜ੍ਹਾਂ ਵਰਗੇ ਹਾਲਾਤ ਹਨ। ਰਣਜੀਤ ਸਾਗਰ ਡੈਮ ਦੇ ਕੈਚਮੈਂਟ ਖੇਤਰ ਵਿੱਚ ਭਾਰੀ ਬਾਰਸ਼ ਹੋਣ ਨਾਲ ਡੈਮ ਦੀ ਝੀਲ ਵਿੱਚ 70 ਹਜ਼ਾਰ ਕਿਊਸਕ ਪਾਣੀ ਦੀ ਆਮਦ ਦਰਜ ਕੀਤੀ ਗਈ ਹੈ। ਝੀਲ ਵਿਚ ਪਾਣੀ ਦਾ ਪੱਧਰ ਵਧ ਕੇ 519.85 ਮੀਟਰ ਹੋ ਗਿਆ ਹੈ। ਬਲਾਕ ਨੂਰਪੁਰ ਬੇਦੀ ਵਿੱਚੋਂ ਲੰਘਦੇ ਸਤਲੁਜ ਦਰਿਆ ਵਿੱਚ ਭਾਖੜਾ ਡੈਮ ਤੋਂ ਛੱਡੇ ਪਾਣੀ ਨਾਲ ਹੜ੍ਹਾਂ ਵਰਗੀ ਸਥਿਤੀ ਬਣ ਗਈ ਹੈ। ਮੀਂਹ ਕਾਰਨ ਸੁਆਂ ਨਦੀ ਵਿੱਚ ਹੜ੍ਹਾਂ ਦਾ ਖ਼ਦਸ਼ਾ ਹੈ। ਫਸਲਾਂ ਦੇ ਖਰਾਬੇ ਤੋਂ ਫ਼ਿਕਰਮੰਦ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਉਧਰ ਦਿੱਲੀ ਵਿੱਚ ਯਮੁਨਾ ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜ ਗਈ ਹੈ। ਪੰਜਾਬ ਵਿੱਚ ਲੰਘੇ ਦਿਨ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ ਜਾਣ ਮਗਰੋਂ ਕਈ ਜ਼ਿਲ੍ਹਿਆਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਵਾਧੂ ਪਾਣੀ ਕੈਚਮੈਂਟ ਏਰੀਆ ਵਿੱਚ ਪਾਣੀ ਦਾ ਪੱਧਰ ਵਧਣ ਮਗਰੋਂ ਛੱਡਿਆ ਗਿਆ ਸੀ। ਇਕ ਅਧਿਕਾਰੀ ਨੇ ਕਿਹਾ ਕਿ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਅਥਾਰਿਟੀ ਫਲੱਡ ਗੇਟਾਂ ਰਾਹੀਂ ਕੁੱਲ 53 ਹਜ਼ਾਰ ਕਿਊਸਿਕ ਪਾਣੀ ਛੱਡ ਰਹੀ ਹੈ। ਇਸ ਵਿੱਚੋਂ 36000 ਕਿਊਸਿਕ ਪਾਣੀ ਪਾਵਰ ਜੈਨਰੇਸ਼ਨ ਲਈ ਵਰਤੋਂ ਕਰਨ ਮਗਰੋਂ ਛੱਡਿਆ ਗਿਆ ਹੈ। ਭਾਖੜਾ ਡੈਮ ਵਿੱਚ ਅੱਜ ਪਾਣੀ ਦਾ ਪੱਧਰ 1674.75 ਫੁੱਟ ਸੀ, ਜੋ ਕਿ ਪਿਛਲੇ ਸਾਲ ਇਸੇ ਅਰਸੇ ਦੌਰਾਨ ਦਰਜ ਅੰਕੜੇ ਤੋਂ ਲਗਪਗ 60 ਫੁੱਟ ਵੱਧ ਹੈ। ਭਾਖੜਾ ਡੈਮ ਦੇ ਕੈਚਮੈਂਟ ਏਰੀਆ ਵਿੱਚ ਪਾਣੀ ਭੰਡਾਰ ਕਰਨ ਦੀ ਕੁੱਲ ਸਮਰੱਥਾ 1680 ਫੁੱਟ ਹੈ।

ਸ਼ਨਿਚਰਵਾਰ ਨੂੰ ਸ਼ਿਮਲਾ ਵਿਚ ਭਾਰੀ ਮੀਂਹ ਪੈਣ ਕਾਰਨ ਸੜਕ ’ਤੇ ਡਿੱਗੀਆਂ ਢਿੱਗਾਂ ਕੋਲੋਂ ਲੰਘ ਰਹੇ ਲੋਕ। -ਫੋਟੋ: ਪੀਟੀਆਈ

ਅਧਿਕਾਰੀ ਨੇ ਕਿਹਾ ਕਿ ਭਾਖੜਾ ਡੈਮ ਵਿੱਚ ਹੁਣ ਤਕ ਪਹਾੜਾਂ ਵਿੱਚੋਂ 59 ਹਜ਼ਾਰ ਕਿਊਸਿਕ ਪਾਣੀ ਦੀ ਆਮਦ ਹੋਈ ਹੈ। ਉਂਜ ਅੱਜ ਲੁਧਿਆਣਾ, ਅੰਮ੍ਰਿਤਸਰ, ਮੁਹਾਲੀ ਤੇ ਚੰਡੀਗੜ੍ਹ ਸਮੇਤ ਪੰਜਾਬ ਵਿੱਚ ਕਈ ਥਾਈਂ ਮੀਂਹ ਪਿਆ। ਅਧਿਕਾਰੀ ਨੇ ਕਿਹਾ ਕਿ ਭਾਖੜਾ ’ਚੋਂ ਵਾਧੂ ਪਾਣੀ ਛੱਡੇ ਜਾਣ ਮਗਰੋਂ ਰੂਪਨਗਰ, ਲੁਧਿਆਣਾ, ਫ਼ਿਰੋਜ਼ਪੁਰ ਅਤੇ ਹੇਠਲੇ ਇਲਾਕਿਆਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਸਤਲੁਜ ਦਰਿਆ ਤੇ ਨੀਵੇਂ ਇਲਾਕਿਆਂ ਨੇੜੇ ਰਹਿੰਦੇ ਲੋਕਾਂ ਨੂੰ ਚੌਕਸ ਕਰਦਿਆਂ ਆਪਣੀ ਸੁਰੱਖਿਆ ਲਈ ਇਹਤਿਆਤੀ ਕਦਮ ਚੁੱਕਣ ਲਈ ਆਖ ਦਿੱਤਾ ਗਿਆ ਹੈ। ਇਸ ਦੌਰਾਨ ਰੂਪਨਗਰ ਜ਼ਿਲ੍ਹੇ ਦੇ ਆਨੰਦਪੁਰ ਸਾਹਿਬ ਵਿੱਚ ਸਤਲੁਜ ਦਰਿਆ ਵੱਲੋਂ ਕੁਝ ਪਿੰਡਾਂ ਵਿੱਚ ਫ਼ਸਲਾਂ ਦਾ ਉਜਾੜਾ ਕਰਨ ਦੀ ਰਿਪੋਰਟ ਹੈ। ਰੂਪਨਗਰ ਦੇ ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਨੇ ਕਿਹਾ, ‘ਸਤਲੁਜ ਦਰਿਆ ਨੇੜੇ ਰਹਿੰਦੇ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਹਾਲਾਤ ਦੇ ਟਾਕਰੇ ਲਈ ਪੂਰੀ ਤਰ੍ਹਾਂ ਤਿਆਰ ਹੈ।’
ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਨੱਕੋ-ਨੱਕ ਭਰੇ ਡੈਮ ’ਚੋਂ 17 ਸਾਲਾ ਲੜਕੇ ਦੀ ਤੈਰਦੀ ਹੋਈ ਲਾਸ਼ ਬਰਾਮਦ ਹੋਈ ਹੈ। ਸੂਬੇ ਵਿੱਚ ਕਈ ਥਾਈਂ ਢਿੱਗਾਂ ਡਿੱਗਣ ਕਰਕੇ ਸੜਕੀ ਰਾਹ ਬੰਦ ਪਏ ਹਨ। ਲਗਾਤਾਰ ਪੈ ਰਹੇ ਮੀਂਹ ਕਰਕੇ ਕਾਂਗੜਾ ਜ਼ਿਲ੍ਹੇ ਵਿੱਚ ਸਾਰੀਆਂ ਸਿੱਖਿਆ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਪਾਲਮਪੁਰ ਨੇੜੇ ਹੜ੍ਹ ਦੇ ਪਾਣੀ ’ਚ ਫਸੇ ਕਈ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ ਗਿਆ। ਇਕ ਅਧਿਕਾਰੀ ਨੇ ਕਿਹਾ ਕਿ ਚਮੁੰਡਾ ਜੀ ਨਾਲ ਲਗਦੇ ਬਨੇਰ ਖੁੱਡ ਤੇ ਬਾਨ ਗੰਗਾ ਵਿੱਚ ਪਿੱਛਿਓਂ ਕਾਫ਼ੀ ਪਾਣੀ ਆਇਆ ਹੈ। ਨੂਰਪੁਰ ਸਬ-ਡਿਵੀਜ਼ਨ ਵਿੱਚ ਵੀ ਨਦੀ-ਨਾਲਿਆਂ ’ਚ ਪਾਣੀ ਦਾ ਪੱਧਰ ਵਧ ਗਿਆ ਹੈ। ਦਿੱਲੀ ਵਿੱਚ ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ (204.5 ਮੀਟਰ) ਨੇੜੇ ਪੁੱਜ ਗਿਆ ਹੈ। ਏਜੰਸੀਆਂ ਵੱਲੋਂ ਹੜ੍ਹਾਂ ਦੇ ਕਿਸੇ ਵੀ ਸੰਭਾਵੀ ਖ਼ਤਰੇ ਨਾਲ ਨਜਿੱਠਣ ਲਈ ਹਾਲਾਤ ’ਤੇ ਨੇੜਿਓਂ ਹੋ ਕੇ ਨਜ਼ਰ ਰੱਖੀ ਜਾ ਰਹੀ ਹੈ। ਰਾਜਸਥਾਨ ਵਿੱਚ ਸੈਂਕੜੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਤਬਦੀਲ ਕੀਤਾ ਗਿਆ ਹੈ। ਅਜਮੇਰ, ਜੋਧਪੁਰ, ਬੀਕਾਨੇਰ, ਵਨਸਥਲੀ, ਭੀਲਵਾੜਾ ਤੇ ਸੀਕਰ ਵਿੱਚ ਕ੍ਰਮਵਾਰ 104.5, 88.2, 79, 42.1, 41 ਤੇ 37.4 ਮਿਲੀਮੀਟਰ ਮੀਂਹ ਪਿਆ। ਮੌਸਮ ਵਿਭਾਗ ਨੇ ਸੂਬੇ ਦੇ ਪੂਰਬੀ ਤੇ ਪੱਛਮੀ ਹਿੱਸੇ ਵਿੱਚ ਕੁੱਝ ਥਾਈਂ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
-ਪੀਟੀਆਈ

ਦੂਜੇ ਦਿਨ ਵੀ ਖੁੱਲ੍ਹੇ ਰਹੇ ਭਾਖੜਾ ਡੈਮ ਦੇ ਫਲੱਡ ਗੇਟ

ਨੰਗਲ: ਮੌਸਮ ਵਿਭਾਗ ਦੀ ਚੇਤਾਵਨੀ ਅਤੇ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਵੱਧ ਰਹੀ ਆਮਦ ਕਰਕੇ ਅੱਜ ਵਿਭਾਗ ਨੇ ਦੂਜੇ ਦਿਨ ਵੀ ਭਾਖੜਾ ਡੈਮ ਦੇ ਚਾਰੇ ਹਾਈ ਫਲੱਡ ਗੇਟ ਖੋਲ੍ਹੀ ਰੱਖੇ। ਗੋਬਿੰਦ ਸਾਗਰ ਝੀਲ ਵਿੱਚ ਅੱਜ ਸਵੇਰੇ ਪਾਣੀ ਦਾ ਪੱਧਰ 1674.61 ਫੁੱਟ ਦਰਜ ਕੀਤਾ ਗਿਆ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 5 ਫੁੱਟ ਹੀ ਹੇਠਾਂ ਸੀ। ਉਂਜ ਝੀਲ ਵਿੱਚ ਅੱਜ 57,867 ਕਿਉਸਿਕ ਪਾਣੀ ਦੀ ਆਮਦ ਦਰਜ ਕੀਤੀ ਗਈ। ਭਾਖੜਾ ਡੈਮ ਤੋਂ ਇਸ ਵੇਲੇ 53200 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।


Comments Off on ਮੋਹਲੇਧਾਰ ਮੀਂਹ ਨੇ ਉੱਤਰੀ ਰਾਜ ਝੰਬੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.