ਲੋਕਾਂ ਦੇ ਅਧਿਕਾਰਾਂ ਲਈ ਗੰਭੀਰ ਖ਼ਤਰਾ !    ਕਸ਼ਮੀਰੀਆਂ ਲਈ ਪੰਜਾਬ ’ਚੋਂ ਉੱਠੀ ਆਵਾਜ਼ ਦਾ ਮਹੱਤਵ !    ਅੱਸੂ !    ਖ਼ੁਦਕੁਸ਼ੀ ਪੀੜਤ ਪਰਿਵਾਰ ਦੀ ਮਦਦ ਲਈ ਸਰਕਾਰ ਤੋਂ ਪਹਿਲਾਂ ਪੁੱਜੇ ਸਮਾਜ ਸੇਵੀ !    ਅਫ਼ਗਾਨਿਸਤਾਨ ਵਿਚ ਰਾਸ਼ਟਰਪਤੀ ਚੋਣਾਂ ਲਈ ਕਮਰਕੱਸੇ !    ਪਾਕਿ ਰਾਹਤ ਲਈ ਅਮਰੀਕਾ ਤੋਂ ਲੈ ਸਕਦੈ ਸਹਾਇਤਾ !    ਵਿਕਾਸ ਕਾਰਜਾਂ ’ਚ ਤੇਜ਼ੀ ਲਈ ਵਿਧਾਇਕਾਂ ਨਾਲ ਤਾਲਮੇਲ ਰੱਖਣ ਮੰਤਰੀ: ਕੈਪਟਨ !    ਸੌਮਿਆ ਸਰਕਾਰ ਬੰਗਲਾਦੇਸ਼ ਕ੍ਰਿਕਟ ਟੀਮ ’ਚੋਂ ਬਾਹਰ !    ਵਿਸ਼ਵ ਕੱਪ-2019 ਆਈਸੀਸੀ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਟੂਰਨਾਮੈਂਟ !    ਔਡ-ਈਵਨ ਯੋਜਨਾ ਖ਼ਿਲਾਫ਼ ਐਨਜੀਟੀ ’ਚ ਪਟੀਸ਼ਨ !    

ਮੇਰੀ ਜ਼ਿੰਦਗੀ ਮੇਰੀ ਕਲਾ: ਜ਼ਹੀਰ ਕਸ਼ਮੀਰੀ

Posted On August - 21 - 2019

ਪੰਜਾਬ ਅਤੇ ਕਸ਼ਮੀਰ ਦਾ ਰਿਸ਼ਤਾ ਬਹੁਤ ਪੁਰਾਣਾ ਹੈ| ਬਹੁਤ ਸਾਰੇ ਕਸ਼ਮੀਰੀ ਪੰਜਾਬ ਵਿਚ ਆ ਕੇ ਵਸੇ ਤੇ ਫਿਰ ਹਮੇਸ਼ਾ ਲਈ ਇਥੋਂ ਦੇ ਹੋ ਕੇ ਰਹਿ ਗਏ| ਕਈ ਪੰਜਾਬੀ ਵੀ ਕਸ਼ਮੀਰ ਵਿਚ ਜਾ ਵਸੇ। 20ਵੀਂ ਸਦੀ ਦੇ ਸਾਹਿਤਕਾਰ ਮੁਹੰਮਦ ਇਕਬਾਲ, ਸਆਦਤ ਹਸਨ ਮੰਟੋ, ਜ਼ਹੀਰ ਕਸ਼ਮੀਰੀ ਪੰਜਾਬ ’ਚ ਵਸਣ ਵਾਲਿਆਂ ’ਚੋਂ ਪ੍ਰਮੁੱਖ ਗਿਣੇ ਜਾ ਸਕਦੇ ਹਨ| ਜ਼ਹੀਰ ਕਸ਼ਮੀਰੀ ਉਰਦੂ ਦਾ ਵੱਡਾ ਤਰੱਕੀਪਸੰਦ ਸ਼ਾਇਰ ਸੀ। ਉਹ ਤਰਨ ਤਾਰਨ (ਉਸ ਸਮੇਂ ਅੰਮ੍ਰਿਤਸਰ ਜ਼ਿਲ੍ਹਾ) ਵਿਚ 21 ਅਗਸਤ 1919 ਨੂੰ ਪੈਦਾ ਹੋਇਆ ਤੇ ਗਿਆਰਾਂ ਸਾਲਾਂ ਦੀ ਉਮਰ ਵਿਚ ਹੀ ਸ਼ੇਅਰ ਕਹਿਣ ਲੱਗ ਪਿਆ| ਹੱਥਲਾ ਲੇਖ ਉਸ ਨੇ ਆਪਣੇ ਜੀਵਨ ਅਤੇ ਕਲਾ ਬਾਰੇ ਲਿਖਿਆ ਅਤੇ 1951 ਵਿਚ ਅਹਿਮਦ ਰਾਹੀ ਅਤੇ ਜ਼ਹੀਰ ਕਸ਼ਮੀਰੀ ਦੁਆਰਾ ਕੱਢੇ ਗਏ ਮੈਗਜ਼ੀਨ ‘ਸਵੇਰਾ’ ਵਿਚ ਛਪਿਆ| ਆਪਣੇ ਪਰਿਵਾਰ ਦੇ ਮਜ਼ਹਬੀ ਹੋਣ ਬਾਰੇ ਉਸ ਦੀਆਂ ਟਿੱਪਣੀਆਂ ਬਹੁਤ ਹੀ ਸਖ਼ਤ ਹਨ, ਇਸ ਤੋਂ ਉਸ ਦੀ ਸ਼ਖਸੀਅਤ ਦੇ ਵਿਭਿੰਨ ਪਹਿਲੂਆਂ ਨੂੰ ਸਮਝਿਆ ਜਾ ਸਕਦਾ ਹੈ|

ਅੱਜ ਜਨਮ ਸ਼ਤਾਬਦੀ ’ਤੇ ਵਿਸ਼ੇਸ਼

ਅਨੁਵਾਦ: ਪਵਨ ਟਿੱਬਾ
ਤਕਰੀਬਨ ਸੌ ਸਾਲ ਪਹਿਲਾਂ ਮੇਰੇ ਖਾਨਦਾਨ ਦੀ ਇਕ ਟਹਿਣੀ ਸ਼੍ਰੀਨਗਰ ਤੋਂ ਵੱਧ ਕੇ ਤਹਿਸੀਲ ਤਰਨ ਤਾਰਨ ਵਿਚ ਫੈਲ ਗਈ| ਇਥੇ ਇਸ ਨੇ ਧਾਰਮਿਕ ਸਿੱਖਿਆ ਅਤੇ ਹੁਨਰ ਵਿਚ ਬਹੁਤ ਨਾਮ ਕਮਾਇਆ| ਸਾਡੇ ਦੋ ਬਜ਼ੁਰਗਾਂ ਦੀਆਂ ਮਜ਼ਾਰਾਂ ’ਤੇ ਵੰਡ ਹੋਣ ਤੋਂ ਪਹਿਲਾਂ ਪਲਾਸੌਰ ਅਤੇ ਗਿਲਵਾਲੀ ਵਿਚ ਵੱਡੇ ਵੱਡੇ ਮੇਲੇ ਲੱਗਦੇ ਸਨ, ਜਿਨ੍ਹਾਂ ਵਿਚ ਸਭ ਧਰਮਾਂ ਅਤੇ ਫ਼ਿਰਕਿਆਂ ਦੇ ਲੋਕ ਸ਼ਰੀਕ ਹੋਇਆ ਕਰਦੇ ਸਨ| ਮਜ਼ਹਬ-ਪ੍ਰਸਤੀ ਸਾਡੇ ਘਰ ਦੀ ਖ਼ਾਸ ਰਵਾਇਤ ਸੀ| ਬੱਚਿਆਂ ਨੂੰ ਸ਼ੁਰੂ ਤੋਂ ਹੀ ਨਮਾਜ਼ ਅਤੇ ਰੋਜ਼ਿਆਂ ਦਾ ਪਾਬੰਦ ਬਣਾ ਦਿੱਤਾ ਜਾਂਦਾ, ਆਇਤਾਂ ਯਾਦ ਕਰਵਾਈਆਂ ਜਾਂਦੀਆਂ| ਚੁੱਲ੍ਹੇ ਦੀ ਗੋਦ ਵਿਚ ਬੈਠ ਕੇ ਜਿੰਨੀਆਂ ਵੀ ਬਹਿਸਾਂ ਹੁੰਦੀਆਂ, ਸਭ ਦਾ ਅੰਦਾਜ਼ ਨਕਲ ਵਾਲਾ ਹੀ ਹੁੰਦਾ| ਕਿੰਨੀ ਵੀ ਟੇਢੀ ਬਹਿਸ ਕਿਉਂ ਨਾ ਹੋ ਰਹੀ ਹੋਵੇ, ਜਿਥੇ ਕਿਤੇ ਆਇਤ ਪੜ੍ਹ ਦਿੱਤੀ ਜਾਂਦੀ ਜਾਂ ਮਜ਼ਹਬੀ ਬਜ਼ੁਰਗ ਦਾ ਸੁਖਨ ਸੁਣਾ ਦਿੱਤਾ ਜਾਂਦਾ, ਬਹਿਸ ਖ਼ਤਮ ਹੋ ਜਾਂਦੀ ਅਤੇ ਸਨਮਾਨ ਵਜੋਂ ਸਭ ਦੀਆਂ ਗਰਦਨਾਂ ਝੁਕ ਜਾਂਦੀਆਂ| ਮੈਂ ਇਸੇ ਨਕਲੀ ਫ਼ਿਜ਼ਾ ਵਿਚ ਪੈਦਾ ਹੋਇਆ, ਮੈਨੂੰ ਦਲੀਲ ਮਈ ਗੱਲਬਾਤ ਤੋਂ ਡਰਨਾ ਸਿਖਾਇਆ ਗਿਆ ਅਤੇ ਆਇਤਾਂ, ਰਵਾਇਤਾਂ ਅਤੇ ਸੁਖਨਾਂ ਤੋਂ ਜ਼ਿੰਦਗੀ ਦੀ ਰੌਸ਼ਨੀ ਲੱਭਣ ਦਾ ਸਬਕ ਸਿਖਾਇਆ ਗਿਆ|
ਜਦ ਮੈਂ ਦਸ ਗਿਆਰਾਂ ਸਾਲ ਦਾ ਹੋਇਆ, ਤਾਂ ਮੇਰੀ ਮਾਂ ਦਾ ਦੇਹਾਂਤ ਹੋ ਗਿਆ, ਮੇਰੇ ਪਿਓ ਨੇ ਦੂਜੀ ਸ਼ਾਦੀ ਕਰ ਲਈ| ਮੇਰੀ ਮਤਰੇਈ ਮਾਂ ਸਾਡੇ ਆਪਣੇ ਖਾਨਦਾਨ ਵਿਚੋਂ ਨਹੀਂ ਸੀ, ਇਸ ਲਈ ਹੋਸ਼ਮੰਦ ਅਤੇ ਇਨਸਾਫ਼ ਪੂਰਨ ਹੋਣ ਦੇ ਬਾਵਜੂਦ ਉਨ੍ਹਾਂ ਦਾ ਰਵੱਈਆ ਪੱਖਪਾਤੀ ਹੀ ਰਹਿੰਦਾ, ਉਹ ਮੇਰੀ ਨਿੱਕੀ ਤੋਂ ਨਿੱਕੀ ਗੱਲ ਵੀ ਮੇਰੇ ਪਿਓ ਤੱਕ ਪਹੁੰਚਾ ਦਿੰਦੀ ਅਤੇ ਮੇਰੇ ਪਿਓ, ਜੋ ਸੁਭਾਅ ਵਜੋਂ ਬਹੁਤ ਹੀ ਗ਼ੁਸੈਲ ਅਤੇ ਜਾਬਰ ਸਨ, ਮੇਰੇ ’ਤੇ ਹਮੇਸ਼ਾ ਵਰ੍ਹਦੇ ਰਹਿੰਦੇ| ਮੈਨੂੰ ਕਈ ਵਾਰ ਕੁੱਟਿਆ, ਕਿੰਨੀ ਹੀ ਵਾਰ ਭੁੱਖਾ ਰਿਹਾ| ਇਕ ਵਾਰ ਮੈਂ ਆਪਣੇ ਪਿਓ ਦੇ ਡਰ ਕਾਰਨ ਕੋਠੇ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਵੀ ਕਰਨੀ ਚਾਹੀ ਅਤੇ ਇਕ ਵਾਰ ਘਰ ਤੋਂ ਵੀ ਕੱਢ ਦਿੱਤਾ ਗਿਆ| ਇਸ ਤਰ੍ਹਾਂ ਬਚਪਨ ਵਿਚ ਇਕ ਅਰਸੇ ਤੱਕ ਮੇਰੇ ਤੇ “Reign of “error” (ਆਤੰਕ ਦੀ ਹਕੂਮਤ) ਰਹੀ ਅਤੇ ਮੇਰਾ ਜ਼ਿਹਨ ਤਸ਼ੱਦਦ ਅਤੇ ਡਰ ਦੇ ਭਾਰ ਥੱਲੇ ਸੁੰਗੜਿਆ ਰਿਹਾ|
ਮੇਰਾ ਪਿਓ ਪਹਿਲਾਂ ਸੀਆਈਡੀ ਵਿਚ ਕਾਂਸਟੇਬਲ ਸੀ, ਫਿਰ ਹੈੱਡ ਕਾਂਸਟੇਬਲ ਬਣਿਆ| ਉਸ ਦੀ ਤਨਖਾਹ 40 ਰੁਪਏ ਮਹੀਨਾ ਸੀ, ਇਸ ਕਾਰਨ ਮੇਰੀ ਮੁੱਢਲੀ ਸਿੱਖਿਆ ਦਾ ਸਾਰਾ ਜ਼ਮਾਨਾ ਦੁਸ਼ਵਾਰੀ ਅਤੇ ਗਰੀਬੀ ਵਿਚ ਲੰਘਿਆ, ਮੇਰਾ ਲਿਬਾਸ ਮੇਲਿਆਂ-ਮੂਲਿਆਂ ਤੋਂ ਇਲਾਵਾ ਅਕਸਰ ਮਾਮੂਲੀ ਹੁੰਦਾ| ਮੈਂ ਅਕਸਰ ਸੈਕਿੰਡ ਹੈਂਡ ਕਿਤਾਬਾਂ ਖਰੀਦਦਾ ਜੋ 15-20 ਦਿਨਾਂ ਦੇ ਬਾਅਦ ਹੀ ਫਟ ਜਾਂਦੀਆਂ। ਮੇਰਾ ਜੇਬ ਖਰਚ ਦੋ ਜਾਂ ਤਿੰਨ ਪੈਸੇ ਰੋਜ਼ਾਨਾ ਤੋਂ ਕਦੀ ਵੱਧ ਨਹੀਂ ਸਕਿਆ| ਇਸ ਦੇ ਮੁਕਾਬਲੇ ਮੈਂ, ਆਪਣੇ ਖ਼ੁਸ਼ਕਿਸਮਤ ਸਹਿਪਾਠੀਆਂ ਨੂੰ ਦੇਖਦਾ| ਉਨ੍ਹਾਂ ਦੀਆਂ ਕਿਤਾਬਾਂ, ਬਸਤਿਆਂ, ਕੱਪੜਿਆਂ ਅਤੇ ਚਿਹਰਿਆਂ ਤੋਂ ਤਾਜ਼ਗੀ ਅਤੇ ਉਜਲੇਪਣ ਦਾ ਅਹਿਸਾਸ ਹੁੰਦਾ| ਉਨ੍ਹਾਂ ਦੇ ਨਾਸ਼ਤੇ ਲਜ਼ੀਜ਼ ਅਤੇ ਤਰ੍ਹਾਂ ਤਰ੍ਹਾਂ ਦੇ ਹੁੰਦੇ, ਉਨ੍ਹਾਂ ਦਾ ਜੇਬ ਖਰਚ ਵੀ ਮੇਰੇ ਜੇਬ ਖਰਚ ਤੋਂ ਕਿਤੇ ਵੱਧ ਹੁੰਦਾ| ਹੋਰ ਤਾਂ ਹੋਰ ਉਸਤਾਦ ਵੀ ਉਨ੍ਹਾਂ ਤੋਂ ਸਬਕ ਸੁਣਦੇ ਸਮੇਂ ਹੀਣ ਭਾਵਨਾ ਦਾ ਸ਼ਿਕਾਰ ਲੱਗਦੇ|
ਮੈਟ੍ਰਿਕ ਤੱਕ ਜਹਾਲਤ, ਗਰੀਬੀ ਅਤੇ ਤਸ਼ੱਦਦ ਨੇ ਮੇਰੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਸਾਹਸਤ-ਹੀਣ ਕਰੀ ਰੱਖਿਆ, ਮੇਰਾ ਸੀਨਾ ਅਤੇ ਜ਼ਿਹਨ ਇਕ ਨਾ ਦੱਸਣਯੋਗ ਘੁਟਣ ਮਹਿਸੂਸ ਕਰਦੇ, ਮੇਰੇ ਇਰਦ ਗਿਰਦ ਹਰਾਸ, ਮੌਤ ਅਤੇ ਬੇਇਤਬਾਰੀ ਘੇਰਾ ਪਾਈ ਖੜੀ ਸੀ ਅਤੇ ਮੈਂ ਉਨ੍ਹਾਂ ’ਚੋਂ ਕਿਸੇ ਇਕ ਦਾ ਵੀ ਮੁਕਾਬਲਾ ਨਹੀਂ ਕਰ ਸਕਦਾ ਸੀ| ਆਖਰ ਮੈਂ ਜਦੋਂ ਸ਼ੇਅਰ ਕਹਿਣੇ ਸ਼ੁਰੂ ਕੀਤੇ, ਤਾਂ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਮੈਨੂੰ ਭਗੌੜੇ ਹੋਣ ਦਾ ਰਸਤਾ ਮਿਲਾ ਗਿਆ ਹੋਵੇ, ਮੈਂ ਬਾਹਰਲੇ ਹਾਲਾਤ ਦੇ ਧੱਕਿਆਂ ਤੋਂ ਬਚਣ ਦੇ ਲਈ ਗਾਈ ਜਾਣਾ ਸ਼ਾਇਰੀ ਵਿਚ ਪਨਾਹ ਲੱਭ ਲਈ ਅਤੇ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਤੋਂ ਬਚਣ ਦੇ ਲਈ ਆਪਣੇ ਗਿਰਦ ਸੁਪਨਿਆਂ ਦੇ ਦਾਇਰੇ ਬੁਣਨਾ ਸ਼ੁਰੂ ਕਰ ਦਿੱਤੇ|
ਇਸ ਸਮੇਂ ਮੇਰੇ ਖ਼ਿਆਲਾਂ ਵਿਚ ਜ਼ਿੰਦਗੀ ਦੀ ਕੋਈ ਗਹਿਰਾਈ ਜਾਂ ਪੇਚੀਦਗੀ ਨਹੀਂ ਸੀ| ਮੈਂ ਹਾਲੇ ਜ਼ਿੰਦਗੀ ਅਤੇ ਕਾਇਨਾਤ ਦੇ ਅਕਲ ਦੇਣ ਵਾਲੇ ਤਜ਼ਰਬਿਆਂ ਤੋਂ ਕੋਹਾਂ ਦੂਰ ਸੀ| ਮੇਰੇ ਕੱਚੇ ਜਜ਼ਬਿਆਂ ਵਿਚ ਚਿੰਤਨ ਦੀ ਕਮੀ ਸੀ| ਇਸ ਲਈ ਕਿ ਚਿੰਤਨ ਉਮਰ ਅਤੇ ਅਧਿਐਨ ਨਾਲ ਪੈਦਾ ਹੁੰਦਾ ਹੈ, ਮੈਂ ਹਲਕੀਆਂ ਫੁਲਕੀਆਂ ਬਹਿਰਾਂ ਵਿਚ ਰਵਾਇਤੀ ਇਸ਼ਕੀਆ ਵਿਸ਼ੇ ਬੰਨ੍ਹਦਾ, ਉਨ੍ਹਾਂ ਨੂੰ ਸਥਾਨਕ ਮੁਸ਼ਾਇਰਿਆਂ ਵਿਚ ਜਾ ਕੇ ਬਿਨਾਂ ਗਾਏ ਹਰਫ਼-ਬ-ਹਰਫ਼ ਸੁਣਾ ਆਉਂਦਾ|
ਮੇਰੀ ਹਰ ਇਸ਼ਕੀਆ ਸਿਰਜਨਾ, ਮੇਰੇ ਅਤੀਤ ਅਤੇ ਆਲੇ ਦੁਆਲੇ ਮੌਜੂਦ ਦੀ ਤ੍ਰਾਸਦਿਕ ਹਾਲਤ ਨਾਲ ਮਿਲ ਜਾਂਦੀ ਅਤੇ ਇਕ ਆਸਾਨ ਸਮਝਦਾ ਅਤੇ ਟੁੱਟੇ ਹੋਏ ਦਿਲ ਦਾ ਕਰੈਕਟਰ ਬਣ ਕੇ ਮੈਂ ਆਪਣੇ ਸ਼ੇਅਰਾਂ ਵਿਚ ਢਲਦਾ ਸੀ| ਮੇਰਾ ਲਗਭਗ ਹਰ ਸ਼ੇਅਰ ਸ਼ਖਸੀਅਤ ਨਾਲ ਜੱਦੋ ਜਹਿਦ ਕਰਦਾ Passive 3haracter ਦੇ ਅਹਿਸਾਸਾਂ ਦਾ ਗਵਾਹ ਸੀ| ਮੈਂ ਜਾਨ ਦੇ ਗ਼ਮ ਵਿਚ ਮੌਤ ਦੀ ਲੱਜ਼ਤ ਤਲਾਸ਼ ਕਰਦਾ ਸਾਂ| ਮੇਰਾ ਕੋਈ ਭਵਿਖ ਨਹੀਂ ਸੀ| ਮੇਰੀ ਮੁੱਢਲੀ ਕਲਾ ਉਸ ਵਿਦਿਆਰਥੀ ਸ਼ਾਇਰ ਦਾ ਜ਼ਿਹਨੀ ਅਕਸ ਸੀ, ਜੋ ਆਮ ਦਰਮਿਆਨੇ ਤਬਕਾ ਵਿਚ ਪੈਦਾ ਹੋਇਆ, ਜਿਸ ਨੇ ਘਰੇਲੂ ਤਸ਼ੱਦਦ ਦਾ ਤਜ਼ਰਬਾ ਕੀਤਾ ਅਤੇ ਜਿਸ ਨੂੰ ਗੁਸਤਾਖ਼ੀ ਅਤੇ ਬਗਾਵਤ ਤੋਂ ਬਚਣ ਦੇ ਲਈ ਰਸਮਾਂ-ਰਵਾਇਤਾਂ ਦੇ ਮੰਤਰ ਯਾਦ ਕਰਾਏ ਸਨ|
ਬਾਰ੍ਹਵੀਂ ਜਮਾਤ ਮੇਰੀ ਜ਼ਿੰਦਗੀ ਦਾ ਇਤਿਹਾਸਕ ਸਾਲ ਸੀ| ਮੈਂ ਇਕ ਦਿਨ ਮਰਕੀਡੋ ਹਾਲ ਵਿਚ ਬੈਠਾ ਸਿਗਰਟ ਪੀ ਰਿਹਾ ਸਾਂ, ਇਕ ਸਿੱਖ ਨੌਜਵਾਨ ਹਾਲ ਵਿਚ ਦਾਖਲ ਹੋ ਕੇ ਮੇਰੇ ਕੋਲ ਆਇਆ ਅਤੇ ਬੜੇ ਹੀ ਦੋਸਤਾਨਾ ਲਹਿਜ਼ੇ ਵਿਚ ਮੈਨੂੰ ਸੰਬੋਧਤ ਹੋਇਆ, ‘ਕਾਮਰੇਡ!’
ਮੈਂ ਇਸ ਸੰਬੋਧਨ ਦੇ ਅੰਦਾਜ਼ ਤੋਂ ਚੌਂਕ ਗਿਆ, ਮੈਂ ਕਾਮਰੇਡ ਦਾ ਸ਼ਬਦ ਕਿਤਾਬਾਂ ਵਿਚ ਤਾਂ ਪੜ੍ਹਿਆ ਸੀ ਅਤੇ ਇਹ ਵੀ ਸੁਣਿਆ ਸੀ ਕਿ ਇਹ ਸ਼ਬਦ ਕਿਸੇ ਵੱਡੇ ਖ਼ਤਰੇ ਦਾ ਪਹਿਲਾ ਪੜਾਅ ਹੁੰਦਾ ਸੀ, ਪਰ ਇਸ ਵੇਲੇ ਤੱਕ ਕਿਸੇ ਠੇਠ ਕਿਸਮ ਦੇ ਕਾਮਰੇਡ ਨਾਲ ਇੰਜ ਮੁਲਾਕਾਤ ਨਹੀਂ ਹੋਈ ਸੀ| ਮੈਂ ਸਿੱਖ ਨੌਜਵਾਨ ਦੇ ਫ਼ਿਕਰੇ ਨੂੰ ਬਹੁਤ ਮੁਸ਼ਕਿਲ ਨਾਲ ਹਜ਼ਮ ਕਰਦੇ ਹੋਏ ਕਿਹਾ, “ ਆਓ, ਸਰਦਾਰ ਸਾਹਿਬ, ਕਿਵੇਂ ਆਉਣਾ ਹੋਇਆ!”
ਉਸ ਨੇ ਬਹੁਤ ਹੀ ਭੇਤ ਭਰੇ ਲਹਿਜ਼ੇ ਵਿਚ ਕਾਨਾਫੂਸੀ ਕਰਦਿਆਂ ਹੋਏ ਮੈਨੂੰ ਦੱਸਿਆ ਕਿ ਉਹ ਖ਼ਾਲਸਾ ਕਾਲਜ ਦਾ ਵਿਦਿਆਰਥੀ ਹੈ ਅਤੇ ਦੂਸਰੇ ਕਾਲਜਾਂ ਦੇ ਵਿਦਿਆਰਥੀਆਂ ਦੇ ਨਾਲ ਮੈਨੂੰ ਮਿਲਣ ਆਇਆ ਹੈ| ਉਸ ਨੇ ਮੈਨੂੰ ਪਰਲ ਟਾਕੀਜ਼ ਦੇ ਹਾਲ ਵਿਚ ਚੱਲਣ ਨੂੰ ਕਿਹਾ, ਕਿਉਂਕਿ ਉਸ ਦੇ ਬਾਕੀ ਸਾਥੀ ਉਥੇ ਮੇਰੀ ਉਡੀਕ ਕਰ ਰਹੇ ਸਨ| ਮੈਂ ਉਸ ਦੇ ਨਾਲ ਪਰਲ ਟਾਕੀਜ਼ ਪਹੁੰਚਿਆ, ਉਥੇ ਵੱਖ-ਵੱਖ ਕਾਲਜਾਂ ਦੇ ਦਸ ਦੇ ਕਰੀਬ ਵਿਦਿਆਰਥੀ ਮੌਜੂਦ ਸਨ, ਜਿਨ੍ਹਾਂ ਵਿਚ ਇਕ ਦੋ ਮੇਰੇ ਪਹਿਚਾਣ ਵਾਲੇ ਵੀ ਸਨ, ਜਦੋਂ ਉਨ੍ਹਾਂ ਨਾਲ ਮੇਰੀਆਂ ਗੱਲਾਂ ਹੋਈਆਂ, ਤਾਂ ਮੈਨੂੰ ਉਹ ਬਹੁਤ ਹੀ ਬਾਗ਼ੀ ਮਾਲੂਮ ਹੋਏ| ਉਹ ਸਾਰੇ ਦੇ ਸਾਰੇ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਸਨ, ਉਹ ਸਟੂਡੈਂਟਸ ਫੈਡਰੇਸ਼ਨ ਜਿਸ ਦੇ ਮੈਂਬਰਾਂ ’ਤੇ ਉਨ੍ਹੀਂ ਦਿਨੀਂ ਯੂ.ਪੀ. ਕਾਂਗਰਸੀ ਹਕੂਮਤ ਨੇ ਰਾਇਫਲਾਂ ਦੇ ਮੂੰਹ ਖੋਲ੍ਹ ਦਿੱਤੇ ਸਨ| ਉਨ੍ਹਾਂ ਨੇ ਮੈਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਵੀ ਕਾਲਜ ਵਿਚ ਫੈਡਰੇਸ਼ਨ ਦੀ ਇਕਾਈ ਉਸਾਰ ਦੇਵਾਂ| ਮੈਂ ਕਿਉਂਕਿ ਇਨ੍ਹਾਂ ਖੌਫ਼ਨਾਕ ਵਿਦਿਆਰਥੀਆਂ ਦੇ ਕਰਖਤ ਲਹਿਜ਼ਿਆਂ ਦੀ ਤਾਬ ਨਾ ਝੱਲ ਸਕਿਆ ਸੀ, ਇਸ ਲਈ ਮੈਂ ਝੂਠੇ ਸੱਚੇ ਮੂੰਹ ਨਾਲ ਹਾਂ ਕਹਿ ਦਿੱਤੀ|

(ਚਲਦਾ)
ਸੰਪਰਕ: 98166-35285

ਮੌਸਮ ਬਦਲਾ ਰੁਤ ਗਦਰਾਈ ਅਹਿਲ-ਏ-ਜਨੂੰ ਬੇਬਾਕ ਹੂਏ
ਫ਼ਸਲ-ਏ-ਬਹਾਰ ਕੇ ਆਤੇ ਆਤੇ ਕਿਤਨੇ ਗਿਰੇਬਾਂ ਚਾਕ ਹੂਏ
ਗੁਲ-ਬੂਟੋਂ ਕੇ ਰੰਗ ਔਰ ਨਕਸ਼ੇ ਅਬ ਤੋ ਯੂੰ ਹੀ ਮਿਟ ਜਾਏਂਗੇ
ਹਮ ਕਿ ਫ਼ਰੋਗ਼-ਏ-ਸੁਬਹ-ਏ-ਚਮਨ ਥੇ ਪਾਬੰਦ-ਏ-ਫ਼ਿਤਰਾਕ ਹੂਏ
ਮੋਹਰ-ਏ-ਤਗੀਯੁਰ ਇਸ ਧਜ ਸੇ ਆਫ਼ਾਕ ਕੇ ਮਾਥੇ ਪਰ ਚਮਕਾ
ਸਦੀਓਂ ਕੇ ਉਫ਼ਤਾਦਾ ਜ਼ੱਰੇ ਹਮ-ਦੋਸ਼-ਏ-ਅਫ਼ਲਾਕ ਹੂਏ
ਦਿਲ ਕੇ ਗ਼ਮ ਨੇ ਦਰਦ-ਏ-ਜਹਾਂ ਸੇ ਮਿਲ ਕੇ ਬੜਾ ਬੇਚੈਨ ਕੀਆ
ਪਹਿਲੇ ਪਲਕੇਂ ਪੁਰ-ਨਮ ਥੀਂ ਅਬ ਆਰਿਜ਼ ਭੀ ਨਮਨਾਕ ਹੂਏ
ਕਿਤਨੇ ਅੱਲ੍ਹੜ ਸਪਨੇ ਥੇ ਜੋ ਦੂਰ ਸਹਰ ਮੇਂ ਟੂਟ ਗਏ
ਕਿਤਨੇ ਹੰਸਮੁੱਖ ਚੇਹਰੇ ਫ਼ਸਲ-ਏ-ਬਹਾਰਾਂ ਮੇਂ ਗ਼ਮਨਾਕ ਹੂਏ
ਬਰਕ-ਏ-ਜ਼ਮਾਨਾ ਦੂਰ ਥੀ ਲੇਕਿਨ ਮਿਸ਼ਲ-ਏ-ਖਾਨਾ ਦੂਰ ਨਾ ਥੀ
ਹਮ ਤੋ ‘ਜ਼ਹੀਰ’ ਅਪਨੇ ਹੀ ਘਰ ਕੀ ਆਗ ਮੈਂ ਜਲ ਕਰ ਖ਼ਾਕ ਹੂਏ|
***
ਤੁਮ ਹੀ ਕਾਤਿਲ ਤੁਮ ਹੀ ਮੁਨਸਿਫ਼ ਫਿਰ ਭੀ ਮੁਝੇ ਅਫ਼ਸੋਸ ਨਹੀਂ
ਆਖਿਰ ਮੇਰੇ ਦਿਲ ਮੇਂ ਕਯਾ ਹੈ ਬੂਝ ਸਕੋ ਤੋ ਬਾਤ ਬਤਾਓ
***
ਇਸ ਦੌਰ-ਏ-ਆਫ਼ਿਅਤ ਮੇਂ ਕਯਾ ਹੋ ਗਿਆ ਹਮੇਂ
ਪੱਤਾ ਸਮਝ ਕੇ ਲੇ ਉੜੀ ਵਹਸ਼ੀ ਹਵਾ ਹਮੇਂ
ਪੱਥਰ ਬਣੇ ਹੈ ਅਜਜ਼ ਬਿਆਨੋਂ ਕੇ ਸਾਮਨੇ
ਤਖ਼ਲੀਕ-ਏ-ਫ਼ਨ ਕਾ ਖ਼ੂਬ ਮਿਲਾ ਹੈ ਸਿਲਾ ਹਮੇਂ
ਹਮ ਕੋ ਤੁਲੂ-ਏ-ਸੁਬਹ-ਏ-ਬਹਾਰਾਂ ਕੀ ਥੀ ਤਲਾਸ਼
ਇਸ ਜ਼ੁਰਮ ਕੀ ਸਜ਼ਾ ਹੈ ਯੇ ਜ਼ੰਜੀਰ-ਏ-ਪਾ ਹਮੇਂ
ਯੇ ਦੌਰ-ਏ-ਤੇਜ਼-ਗਾਮ ਭੀ ਹੈ ਉਨ ਸੇ ਬੇ-ਖ਼ਬਰ
ਵੋ ਮੰਜ਼ਿਲੇ ਜੋ ਦੇ ਗਈਂ ਅਪਨਾ ਪਤਾ ਹਮੇਂ
ਰਾਹ-ਏ-ਤਲਬ ਸਿਮਟ ਕੇ ਕਦਮ ਚੂਮਨੇ ਲਗੀ
ਜਬ ਭੀ ਕੋਈ ਹਰੀਫ਼-ਏ-ਸਫ਼ਰ ਮਿਲ ਗਿਆ ਹਮੇਂ
ਜ਼ੁਲਮਤ ਕਾ ਦੌਰ ਕੁਛ ਭੀ ਸਹੀ ਸਤ੍ਰ-ਪੋਸ਼ ਥਾ
ਕਬ ਰੌਸ਼ਨੀ ਨੇ ਜੇਬ-ਓ-ਗਰੇਬਾਂ ਦਿਆ ਹਮੇਂ
ਪਸ-ਮੰਜ਼ਰ-ਏ-ਬਹਾਰ ਸੇ ਹਮ ਬੇ-ਖ਼ਬਰ ਨ ਥੇ
ਰਾਸ ਆ ਸਕੀ ਨ ਖੰਦਾ-ਏ-ਗੁਲ ਕੀ ਸਦਾ ਹਮੇਂ
ਹਮ ਕੋ ਤੋ ਨਜ਼ਰ-ਏ-ਸੈਲ ਹੂਏ ਉਮ੍ਰ ਹੋ ਗਈ
ਕਸ਼ਤੀ ਮੇਂ ਢੂੰਡਤਾ ਹੈ ਮਗਰ ਨਾਖ਼ੁਦਾ ਹਮੇਂ|

ਲਾਹੌਰ ਦੇ ਕਾਫ਼ੀ ਹਾਊਸ ਵਿਚ ਬੈਠਾ ਜ਼ਹੀਰ ਕਸ਼ਮੀਰੀ ਕਵੀਆਂ ਤੇ ਦਾਨਿਸ਼ਵਰਾਂ ਦੇ ਨਾਲ ਆਪਣੀ ਦਲੀਲ ਨੂੰ ਮਜ਼ਬੂਤ ਕਰਦਾ। ਉਹਦੇ ਬੁੱਲ੍ਹਾਂ ’ਚੋਂ ਸ਼ਬਦਾਂ ਦਾ ਦਰਿਆ ਲਗਾਤਾਰ ਵਗਦਾ ਤੇ ਉਹ ਆਪਣੇ ਆਲੋਚਕਾਂ ਨੂੰ ਕਦੀ ਵੀ ਆਪਣੀ ਗੱਲ ਟੁੱਕਣ ਨਾ ਦਿੰਦਾ। ਉਹ ਆਮ ਕਰਕੇ ਪੰਜਾਬੀ ਵਿਚ ਬੋਲਦਾ ਤੇ ਕਦੇ ਕਦੇ ਉਰਦੂ ਵਿਚ ਤੇ ਜੇ ਕਦੀ ਦਲੀਲ ਦਾ ਵਜ਼ਨ ਹੋਰ ਵਧਾਉਣ ਦੀ ਜ਼ਰੂਰਤ ਹੁੰਦੀ ਤਾਂ ਅੰਗਰੇਜ਼ੀ ਵਿਚ, ਜਿਹਦੇ ਵਿਚ ਉਹਦੀ ਮੁਹਾਰਤ ਬਾਕਮਾਲ ਸੀ। ਨਿਮਨ ਮੱਧ-ਵਰਗੀ ਪਰਿਵਾਰ ਵਿਚ ਜੰਮੇ ਉਸ ਮੁੰਡੇ, ਜਿਹੜਾ ਅੰਮ੍ਰਿਤਸਰ ਦੇ ਗਲੀ-ਕੂਚਿਆਂ ਵਿਚ ਉਸ ਥਾਂ ਦੀ ਬੋਲੀ ਬੋਲਦਿਆਂ ਜਵਾਨ ਹੋਇਆ ਸੀ ਤੇ ਜਿਹਨੇ ਉੱਥੋਂ ਦੇ ਮੁਸਲਿਮ ਕਾਲਜ ਵਿਚ ਤਾਲੀਮ ਹਾਸਲ ਕੀਤੀ ਸੀ, ਦੀ ਅੰਗਰੇਜ਼ੀ ਵਿਚ ਮੁਹਾਰਤ ਉਸ ਦੇ ਦੋਸਤਾਂ ਨੂੰ ਹੈਰਾਨ ਕਰ ਦਿੰਦੀ। ਉਹ ਹੀਗਲ ਤੇ ਸਪੈਂਗਲਰ ਜਿਹੇ ਫਿਲਾਸਫ਼ਰਾਂ ਦੀਆਂ ਕਿਤਾਬਾਂ ਵਿਚੋਂ ਉਦਾਹਰਨਾਂ ਦਿੰਦਾ ਅਤੇ ਉਹਨੂੰ ਬੜੀ ਸਰਲਤਾ ਨਾਲ ਪੇਸ਼ ਕਰਦਾ। ਮੈਂ ਉਸ ਨੂੰ ਪੁੱਛਿਆ ਕਿ ਉਸ ਨੇ ਸਪੈਂਗਲਰ ਦੀ ਮਸ਼ਹੂਰ ਕਿਤਾਬ ‘ਡੈਕਲਾਈਨ ਆਫ਼ ਦਿ ਵੈਸਟ’ ਵਿਚਲੇ ਗਿਆਨ ’ਤੇ ਏਨਾ ਅਬੂਰ ਕਿਵੇਂ ਹਾਸਲ ਕੀਤਾ ਸੀ ਤਾਂ ਉਹਨੇ ਕਿਹਾ, ‘‘ਸਾਰੀ ਕਿਤਾਬ ਨੂੰ ਇਕਾਗਰਤਾ ਅਤੇ
ਧਿਆਨ ਨਾਲ ਪੰਜ ਵਾਰੀ ਪੜ੍ਹ ਕੇ।’’

-ਕੇ. ਕੇ. ਅਜ਼ੀਜ਼,
ਮਸ਼ਹੂਰ ਇਤਿਹਾਸਕਾਰ

 


Comments Off on ਮੇਰੀ ਜ਼ਿੰਦਗੀ ਮੇਰੀ ਕਲਾ: ਜ਼ਹੀਰ ਕਸ਼ਮੀਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.