ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ !    ਕੌਮਾਂਤਰੀ ਮੈਚ ਇਕੱਠੇ ਖੇਡਣ ਵਾਲੇ ਭਰਾ ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ !    ਪੰਜਾਬ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ‘ਲੰਗ’ !    ਕਰਜ਼ਾ ਤੇ ਪੇਂਡੂ ਔਰਤ ਮਜ਼ਦੂਰ ਪਰਿਵਾਰ !    ਪੰਜਾਬੀ ਫ਼ਿਲਮਾਂ ਦਾ ਸਰਪੰਚ ਯਸ਼ ਸ਼ਰਮਾ !    ਸਿਨਮਾ ਸਕਰੀਨ ’ਤੇ ਸਮਾਜ ਦੇ ਰੰਗ !    ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ !    ਗੀਤਕਾਰੀ ਵਿਚ ਉੱਭਰਦਾ ਨਾਂ ਸੁਰਜੀਤ ਸੰਧੂ !    ਮੋਇਆਂ ਨੂੰ ਆਵਾਜ਼ਾਂ! !    ਲੋਕ ਢਾਡੀ ਪਰੰਪਰਾ ਦਾ ਵਾਰਿਸ ਈਦੂ ਸ਼ਰੀਫ !    

ਮਿੰਨੀ ਕਹਾਣੀਆਂ

Posted On August - 11 - 2019

ਸਾਂਝ

ਫ਼ਿਕਰਾਂ ’ਚ ਪਏ ਚੰਨਣ ਸਿੰਘ ਨੂੰ ਰਾਤ ਨੀਂਦ ਨਹੀਂ ਸੀ ਆਈ। ਜਦੋਂ ਵੀ ਦੋਵੇਂ ਮੁਲਕਾਂ ਵਿਚਕਾਰ ਤਣਾਅ ਵਧ ਜਾਂਦਾ ਤਾਂ ਹਮੇਸ਼ਾ ਵਾਂਗ ਟੱਬਰ ਨੂੰ ਦੂਰ ਭੇਜ ਕੇ ਇਕ ਦੋ ਬੰਦੇ ਹੀ ਮਾਲ ਡੰਗਰ ਦੀ ਰਾਖੀ ਲਈ ਰਹਿ ਜਾਂਦੇ। ਇਸ ਵਾਰ ਵੀ ਦੋਵੇਂ ਪਾਸਿਆਂ ਦੇ ਨੇਤਾਵਾਂ ਦੇ ਜੰਗ ਦੇ ਨਾਅਰਿਆਂ ਨੇ ਸਰਹੱਦ ਤੋਂ ਮਹਿਜ਼ ਇਕ ਕਿਲੋਮੀਟਰ ਦੂਰ ਵੱਸਦੇ ਚੰਨਣ ਸਿੰਘ ਦੇ ਪਰਿਵਾਰ ਦੀ ਜਾਨ ਸੁੱਕਣੇ ਪਾ ਦਿੱਤੀ ਸੀ। ਇਹੋ ਹਾਲ ਸਰਹੱਦ ਤੋਂ ਦੂਜੇ ਪਾਸੇ ਵੱਸਦੇ ਬਾਪੂ ਅੱਲਾ ਦਿੱਤੇ ਦੇ ਟੱਬਰ ਦਾ ਹੋਵੇਗਾ। ਉਹ ਉਸ ਪਾਰ ਵੱਸਦੇ ਟੱਬਰ ਨੂੰ ਅੱਲਾ ਦਿੱਤੇ ਕਾ ਟੱਬਰ ਹੀ ਦੱਸਦੇ ਸਨ ਜੋ ਚੰਨਣ ਸਿੰਘ ਦੇ ਪਿਉ ਦਾ ਹਾਣੀ ਸੀ ਅਤੇ ਸੰਤਾਲੀ ਦੇ ਰੌਲਿਆਂ ਤੋਂ ਪਹਿਲਾਂ ਦੋਵੇਂ ਗੂੜ੍ਹੇ ਯਾਰ ਸਨ। ਅੱਲਾ ਦਿੱਤੇ ਦਾ ਇਕਲੌਤਾ ਪੁੱਤਰ ਨੂਰਦੀਨ ਸੀ ਅਤੇ ਅਗਲੀਆਂ ਪੀੜ੍ਹੀਆਂ ਦੇ ਬੰਦਿਆਂ ਨਾਲ ਸਿੱਧਾ ਰਾਬਤਾ ਨਾ ਹੋਣ ਕਰਕੇ ਉਹ ਉਨ੍ਹਾਂ ਦੇ ਨਾਵਾਂ ਤੋਂ ਵਾਕਫ਼ ਨਹੀਂ ਸਨ। ਪਰ ਇਕ ਸਾਂਝ ਦੋਵੇਂ ਡੇਰਿਆਂ ਵਿਚ ਪੱਕੀ ਸੀ ਕਿ ਜੰਗ ਦੇ ਆਸਾਰ ਹੁੰਦਿਆਂ ਹੀ ਦੋਵਾਂ ਡੇਰਿਆਂ ’ਚੋਂ ਰੌਣਕ ਗਾਇਬ ਹੋ ਜਾਂਦੀ, ਜ਼ਿੰਦਗੀ ’ਚ ਖੜੋਤ ਆ ਜਾਂਦੀ, ਬੱਚੇ ਸਕੂਲੋਂ ਹਟ ਜਾਂਦੇ, ਮਾਲ ਅਸਬਾਬ ਚੁੱਕ ਕੇ ਰਿਸ਼ਤੇਦਾਰਾਂ ਦੀਆਂ ਬਰੂਹਾਂ ’ਤੇ ਬੈਠਣਾ ਪੈਂਦਾ। 1965 ਤੇ 1971 ਵਿਚ ਤਾਂ ਦੋਵਾਂ ਡੇਰਿਆਂ ਦਾ ਸਭ ਕੁਝ ਲੁੱਟਿਆ ਗਿਆ ਸੀ। ਦੋਵੇਂ ਘਰਾਂ ਨੂੰ ਆਪਣੇ ਨਸੀਬ ਇਕ ਦੂਜੇ ਨਾਲ ਜੁੜੇ ਲੱਗਦੇ ਅਤੇ ਦੋਵੇਂ ਇਕ ਦੂਜੇ ਦੀ ਸੁੱਖ-ਸਾਂਦ ਮੰਗਦੇ।
ਕੰਡਿਆਲੀ ਤਾਰ ਲੱਗਣ ਤੋਂ ਪਹਿਲਾਂ ਇਕ ਦੂਜੇ ਦੇ ਸਰਹੱਦ ਪਾਰ ਕਰ ਆਏ ਪਸ਼ੂ ਉਹ ਆਪ ਵਾਪਸ ਕਰ ਦਿੰਦੇ। ਜਦੋਂ ਕੰਡਿਆਲੀ ਤਾਰ ਲੱਗਣ ਵੇਲੇ ਸਰਹੱਦ ’ਤੇ ਐਨ ਵਿਚਕਾਰ ਖੜ੍ਹਾ ਬੋਹੜ ਵੱਢਿਆ ਸੀ ਤਾਂ ਚੰਨਣ ਸਿੰਘ ਦਾ ਪਿਉ ਅਤੇ ਬਾਪੂ ਅੱਲਾ ਦਿੱਤਾ ਧਾਹਾਂ ਮਾਰ ਕੇ ਰੋਏ ਸਨ। ਇਸੇ ਬੋਹੜ ਥੱਲੇ ਉਹ ਦੋਵੇਂ ਦੁਪਹਿਰਾਂ ਕੱਟਦੇ ਸਨ। ਹੁਣ ਵੀ ਜੇਕਰ ਚੰਨਣ ਸਿੰਘ ਦੇ ਘਰ ਲੋਹੜੀ ਦੇ ਗੀਤ ਸੁਣਦੇ ਤਾਂ ਅੱਲਾ ਦਿੱਤੇ ਦੇ ਘਰ ਦੇ ਜੀਅ ਖ਼ੁਸ਼ੀ ਵਿਚ ਨੱਚਣ ਲੱਗਦੇ। ਜੇਕਰ ਅੱਲਾ ਦਿੱਤੇ ਕੇ ਘਰ ਵੱਲੋਂ ਬੈਂਡ ਵਾਜਿਆਂ ਦੀ ਆਵਾਜ਼ ਸੁਣਾਈ ਦਿੰਦੀ ਤਾਂ ਚੰਨਣ ਸਿੰਘ ਕੇ ਘਰ ਤੂੜੀ ਵਾਲੇ ਕੋਠੇ ’ਚੋਂ ਦੇਸੀ ਸ਼ਰਾਬ ਦੀ ਬੋਤਲ ਕੱਢ ਲਈ ਜਾਂਦੀ।
ਸੋਚਾਂ ਵਿਚ ਪਿਆ ਚੰਨਣ ਸਿੰਘ ਸੁਵਖਤੇ ਹੀ ਮੱਝਾਂ ਨੂੰ ਪੱਠੇ ਪਾ ਕੇ ਬਾਹਰ ਪੈਲੀਆਂ ਵੱਲ ਤੁਰ ਪਿਆ। ਅਚਾਨਕ ਉਸ ਨੂੰ ਬੜੇ ਦਿਨਾਂ ਬਾਅਦ ਅੱਲਾ ਦਿੱਤੇ ਕੇ ਘਰ ਵਿਚ ਰੌਣਕ ਦਿਖਾਈ ਦਿੱਤੀ। ਉਸ ਨੇ ਵੇਖਿਆ ਕਿ ਕੰਡਿਆਲੀ ਤਾਰ ਨੇੜਿਉਂ ਬੱਚੇ ਗੋਭੀ ਅਤੇ ਹੋਰ ਸਬਜ਼ੀਆਂ ਤੋੜ ਕੇ ਨੱਚਦੇ ਟੱਪਦੇ ਘਰ ਨੂੰ ਜਾ ਰਹੇ ਸਨ। ਉਸ ਦੇ ਮਨ ਵਿਚੋਂ ਜੰਗ ਦਾ ਡਰ ਜਿਵੇਂ ਕਾਫ਼ੂਰ ਹੋ ਗਿਆ। ਉਹ ਛੇਤੀ ਨਾਲ ਘਰ ਮੁੜਿਆ ਤੇ ਪਤਨੀ ਨੂੰ ਫੋਨ ਕਰਕੇ ਕਹਿਣ ਲੱਗਾ, ‘‘ਭਾਗਵਾਨੇ, ਆਪਣੇ ਗਵਾਂਢੀ ਘਰ ਮੁੜ ਆਏ ਨੇ। ਟੱਬਰ ਨੂੰ ਲੈ ਕੇ ਤੁਸੀਂ ਵੀ ਘਰ ਆ ਜਾਉ। ਹਾਂ ਸੱਚ, ਆਉਂਦਿਆਂ ਅੱਡੇ ਤੋਂ ਗੋਭੀ ਦੇ ਦੋ ਤਿੰਨ ਵਧੀਆ ਜਿਹੇ ਫੁੱਲ ਖਰੀਦ ਲਿਆਇਉ, ਪਕੌੜੇ ਕੱਢਾਂਗੇ। ਬੜਾ ਮਨ ਕਰਦਾ ਅੱਜ ਗੋਭੀ ਦੇ ਪਕੌੜੇ ਖਾਣ ਨੂੰ।’’

– ਸਤਨਾਮ ਜੱਸੜ
ਸੰਪਰਕ: 98554-06047

ਢੱਠੇ ਖੂਹ ’ਚ

‘‘ਮੰਮੀ! ਮੰਮੀ!! ਅੱਜ ਮੇਰੇ ਸਾਰੇ ਦੋਸਤਾਂ ਦੇ ਰੱਖੜੀ ਬੰਨ੍ਹੀ ਹੋਈ ਏ। ਰਾਹੁਲ ਦੇ ਬੈਟਰੀ ਵਾਲੀ, ਦੀਪਕ ਦੇ ਸਪਾਈਡਰ ਮੈਨ ਵਾਲੀ, ਅਰਮਾਨ ਦੇ ਟੈਡੀ ਬੀਅਰ ਵਾਲੀ ਤੇ ਨੂਰ ਦੀ ਤਾਂ ਸਾਰੀ ਬਾਂਹ ਹੀ ਭਰੀ ਪਈ ਏ… ਪਰ ਮੇਰੇ ਰੱਖੜੀ ਕਿਉਂ ਨਹੀਂ ਬੰਨ੍ਹੀ? ਮੇਰੀ ਬਾਂਹ ਕਿਉਂ ਸੁੰਨੀ ਏ? ਮੇਰੇ ਵੀ ਰੱਖੜੀ ਬੰਨ੍ਹੋ! ਮੈਂ ਵੀ ਰੱਖੜੀ ਬੰਨ੍ਹਾਉਣੀ ਐ…।’’ ਰੋਣਹਾਕਾ ਹੋਇਆ ਯੁਵਰਾਜ ਆਪਣੀ ਮੰਮੀ ਅੱਗੇ ਰੱਖੜੀ ਬੰਨ੍ਹਣ ਦੀ ਜ਼ਿੱਦ ਕਰਨ ਲੱਗਾ।
‘‘ਲਿਆ ਮੈਂ ਬੰਨ੍ਹ ਦੇਵਾਂ ਮੇਰੇ ਸੋਹਣੇ ਪੁੱਤ ਦੇ ਰੱਖੜੀ,’’ ਹਰਮਨ ਲਾਡ ਨਾਲ ਬੋਲੀ।
‘‘ਨਹੀਂ! ਨਹੀਂ!! ਨਹੀਂ!! ਰੱਖੜੀ ਤਾਂ ਭੈਣ ਬੰਨ੍ਹਦੀ ਹੁੰਦੀ ਏ। ਮੈਂ ਵੀ ਭੈਣ ਤੋਂ ਹੀ ਬੰਨ੍ਹਾਊਂਗਾ।’’ ਯੁਵਰਾਜ ਨੇ ਪੈਰ ਪਟਕਦਿਆਂ ਕਿਹਾ।
‘‘ਪਰ… ਤੇਰੇ ਤਾਂ ਕੋਈ ਭੈਣ ਹੀ ਨਹੀਂ। ਅੱਗੇ ਵੀ ਮੈਂ ਹੀ ਬੰਨ੍ਹਦੀ ਹਾਂ। ਇਸ ਵਾਰ ਤੈਨੂੰ ਕੀ ਹੋ ਗਿਆ?’’
‘‘ਨਹੀਂ! ਨਹੀਂ! ਨਹੀਂ! ਮੇਰੀ ਕੋਈ ਭੈਣ ਕਿਉਂ ਨਹੀਂ ਹੈ? ਕਿੱਥੇ ਗਈ ਮੇਰੀ ਭੈਣ?’’ ਯੁਵਰਾਜ ਦੀ ਜ਼ਿੱਦ ਮੁੱਕਣ ਵਿਚ ਨਹੀਂ ਆ ਰਹੀ ਸੀ।
ਹਰਮਨ ਖਿਝ ਗਈ, ਪਰ ਉਸ ਨੂੰ ਆਪਣੀ ਉਹ ਧੀ ਯਾਦ ਆਈ ਜਦੋਂ ਯੁਵਰਾਜ ਤੋਂ ਬਾਅਦ ਉਹ ਦੁਬਾਰਾ ਗਰਭਵਤੀ ਹੋਈ ਸੀ ਤਾਂ ਯੁਵਰਾਜ ਦੀ ਦਾਦੀ ਨੇ ਜ਼ਬਰਦਸਤੀ ਪੋਤਿਆਂ ਦੀ ਜੋੜੀ ਦੀ ਇੱਛਾ ਲਈ ਕੁੱਖ ਵਿਚ ਹੀ ਉਸ ਅਣਜੰਮੀ ਧੀ ਨੂੰ ਖ਼ਤਮ ਕਰਵਾ ਦਿੱਤਾ ਸੀ। ਅਚਾਨਕ ਯੁਵਰਾਜ ਦੇ ਰੌਲੇ ਨੇ ਉਸ ਦਾ ਧਿਆਨ ਤੋੜ ਦਿੱਤਾ।
ਉਹ ਹੁਣ ਜ਼ਮੀਨ ਉੱਤੇ ਲਿਟਿਆ ਉੱਚੀ ਉੱਚੀ ਰੋਂਦਾ ਬੋਲਦਾ ਜਾ ਰਿਹਾ ਸੀ, ‘‘ਕਿੱਥੇ ਗਈ ਮੇਰੀ ਭੈਣ? ਦੱਸੋ, ਮੈਨੂੰ ਮੰਮੀ! ਦੱਸੋ ਵੀ।’’
‘‘ਢੱਠੇ ਖੂਹ ਵਿਚ!’’ ਗੁੱਸੇ ਵਿਚ ਸੁਤੇ-ਸਿੱਧ ਹੀ ਹਰਮਨ ਦੇ ਮੂੰਹੋਂ ਉਹ ਸੱਚ ਨਿਕਲ ਗਿਆ ਜਿਸ ਨੂੰ ਉਹ ਏਨੇ ਸਾਲਾਂ ਤੋਂ ਲੁਕਾ ਰਹੀ ਸੀ। ਉਸ ਦੀਆਂ ਅੱਖਾਂ ’ਚੋਂ ਤਿਪ-ਤਿਪ ਹੰਝੂ ਵਹਿ ਤੁਰੇ। ਪਾਪ ਦੀ ਭਾਗੀਦਾਰ ਬਣੀ ਉਹ ਉਸ ਪਲ ਨੂੰ ਕੋਸ ਰਹੀ ਸੀ ਅਤੇ ਯੁਵਰਾਜ ਮਾਂ ਨੂੰ ਰੋਂਦਿਆਂ ਹੈਰਾਨੀ ਨਾਲ ਵੇਖ ਰਿਹਾ ਸੀ।

– ਅੰਜਨਾ ਮੈਨਨ
ਸੰਪਰਕ: 94170-29233


Comments Off on ਮਿੰਨੀ ਕਹਾਣੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.