ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਮਿਹਨਤਕਸ਼ਾਂ ਦਾ ਸਤਿਕਾਰ ਕਰੀਏ

Posted On August - 22 - 2019

ਹਰਗੁਣਪ੍ਰੀਤ ਸਿੰਘ
ਖ਼ੁਰਾਕੀ ਵਸਤਾਂ ਦੀ ਆਨਲਾਈਨ ਡਿਲਿਵਰੀ ਕਰਨ ਵਾਲੀ ਇਕ ਪ੍ਰਸਿੱਧ ਭਾਰਤੀ ਕੰਪਨੀ ਨੇ ਪਿਛਲੇ ਦਸ ਸਾਲਾਂ ਵਿੱਚ ਨਾ ਕੇਵਲ ਭਾਰਤ ਵਿੱਚ ਕ੍ਰਾਂਤੀ ਲਿਆਂਦੀ ਹੈ, ਬਲਕਿ ਦੁਨੀਆ ਦੇ 24 ਹੋਰਨਾਂ ਮੁਲਕਾਂ ਵਿੱਚ ਵੀ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਅਨੇਕਾਂ ਮੌਕੇ ਦਿੱਤੇ ਹਨ। ਪੰਜਾਬ ਵਿੱਚ ਵੀ ਇਸ ਕੰਪਨੀ ਅਤੇ ਹੋਰ ਅਜਿਹੀਆਂ ਆਨਲਾਈਨ ਡਿਲਿਵਰੀ ਵਾਲੀਆਂ ਕਈ ਕੰਪਨੀਆਂ ਨੇ ਪਿਛਲੇ ਕੁਝ ਸਮੇਂ ਦੌਰਾਨ ਹੀ ਸਾਡੇ ਜਨਜੀਵਨ ਉੱਤੇ ਬਹੁਤ ਡੂੰਘਾ ਪ੍ਰਭਾਵ ਪਾਇਆ ਹੈ। ਹੁਣ ਸਾਡੇ ਵਾਸਤੇ ਘਰ ਬੈਠੇ-ਬੈਠੇ ਹੀ ਆਪਣੇ ਮੋਬਾਈਲ ਫ਼ੋਨ ਅਤੇ ਇੰਟਰਨੈੱਟ ਰਾਹੀਂ ਕਿਸੇ ਵੀ ਸਮੇਂ ਅਤੇ ਕਿਸੇ ਵੀ ਮੌਸਮ ਵਿੱਚ ਕੁਝ ਮਿੰਟਾਂ ਵਿੱਚ ਹੀ ਖਾਣ-ਪੀਣ ਲਈ ਆਪਣਾ ਕੋਈ ਵੀ ਪਸੰਦੀਦਾ ਪਕਵਾਨ ਮੰਗਵਾਉਣਾ ਬਹੁਤ ਹੀ ਆਸਾਨ ਕੰਮ ਹੋ ਗਿਆ ਹੈ।
ਪਿਛਲੇ ਦਿਨੀਂ ਜਦੋਂ ਮੈਂ ਇਸ ਕੰਪਨੀ ਦੀ ਐਪ ਉੱਤੇ ਇਕ ਆਨਲਾਈਨ ਆਰਡਰ ਕੀਤਾ ਤਾਂ ਹਰ ਵਾਰ ਦੀ ਤਰ੍ਹਾਂ ਇਕ ਮੁੰਡਾ ਮੰਗਵਾਏ ਗਏ ਪਕਵਾਨ ਨੂੰ ਘਰ ਪਹੁੰਚਾਉਣ ਆਇਆ। ਉਹ ਮੁੰਡਾ ਪਹਿਲਾਂ ਵੀ ਸਾਡੇ ਘਰ ਦੋ-ਤਿੰਨ ਵਾਰ ਸਾਮਾਨ ਦੇਣ ਆ ਚੁੱਕਾ ਸੀ ਅਤੇ ਅਤਿ ਦੀ ਪੈ ਰਹੀ ਗਰਮੀ ਵਿੱਚ ਪਸੀਨੋ-ਪਸੀਨੀ ਹੋਇਆ ਪਿਆ ਸੀ। ਜਦੋਂ ਉਹ ਸਾਡਾ ਆਰਡਰ ਫ਼ੜਾ ਕੇ ਆਪਣਾ ਅਗਲਾ ਆਰਡਰ ਦੇਣ ਦੀ ਕਾਹਲੀ ਵਿੱਚ ਘਰੋਂ ਜਾਣ ਲੱਗਿਆ ਤਾਂ ਮੈਂ ਉਸ ਦੀ ਥਕਾਵਟ ਦੇਖ ਕੇ ਉਸ ਨੂੰ ਦੋ ਮਿੰਟ ਪਾਣੀ ਪੀਣ ਲਈ ਰੋਕ ਲਿਆ। ਉਸ ਨੇ ਬਹੁਤ ਜਲਦੀ ਵਿੱਚ ਪਾਣੀ ਪੀਂਦੇ ਹੋਏ ਮੇਰਾ ਧੰਨਵਾਦ ਕਰਦਿਆਂ ਕਿਹਾ, “ਬਾਈ ਜੀ! ਜਦੋਂ ਅਸੀਂ ਤੇਜ਼ ਗਰਮੀ, ਸਰਦੀ ਜਾਂ ਬਰਸਾਤ ਵਿੱਚ ਸੀਮਤ ਸਮੇਂ ਅੰਦਰ ਲੋਕਾਂ ਦੇ ਘਰਾਂ ਵਿੱਚ ਉਨ੍ਹਾਂ ਦੇ ਮਨਚਾਹੇ ਖਾਣ-ਪੀਣ ਦੇ ਪਕਵਾਨ ਪਹੁੰਚਾਉਂਦੇ ਹਾਂ ਤਾਂ ਸਾਨੂੰ ਬਹੁਤ ਘੱਟ ਲੋਕ ਹੀ ਇੰਨੇ ਪਿਆਰ ਨਾਲ ਚਾਹ-ਪਾਣੀ ਪੀਣ ਨੂੰ ਪੁੱਛਦੇ ਹਨ।”
ਇਹ ਗੱਲ ਸੁਣਦਿਆਂ ਹੀ ਜਦੋਂ ਮੈਂ ਉਸ ਨੂੰ ਉਸ ਦੇ ਕੰਮ ਦੌਰਾਨ ਪੇਸ਼ ਆਉਂਦੀਆਂ ਹੋਰ ਮੁਸ਼ਕਿਲਾਂ ਬਾਰੇ ਪੁੱਛਿਆ ਤਾਂ ਉਸ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਕਈ ਵਾਰ ਕੁਝ ਲੋਕ ਉਨ੍ਹਾਂ ਨਾਲ ਇੰਨਾ ਮਾੜਾ ਅਤੇ ਰੁੱਖਾ ਬੋਲਦੇ ਹਨ ਕਿ ਉਸ ਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਉਸ ਦਾ ਅਤੇ ਉਸ ਦੇ ਕੰਮ ਦਾ ਕੋਈ ਮਾਣ-ਸਤਿਕਾਰ ਹੀ ਨਹੀਂ ਹੁੰਦਾ। ਉਸ ਨੇ ਹੋਰ ਦੱਸਿਆ ਕਿ ਉਸ ਨੂੰ ਕੰਮ ਦੌਰਾਨ ਕਈ ਵਾਰ ਕੁਝ ਗਾਹਕ ਅਜਿਹੇ ਮਿਲਦੇ ਹਨ ਜੋ ਬਿਨਾਂ ਸਾਮਾਨ ਖੋਲ੍ਹ ਕੇ ਦੇਖਿਆਂ ਹੀ ਸਾਮਾਨ ਵਿੱਚ ਬਹੁਤ ਨੁਕਸ ਕੱਢਣ ਲੱਗ ਜਾਂਦੇ ਹਨ ਅਤੇ ਕਈ ਵਾਰ ਕੁਝ ਐਸੇ ਵੀ ਗਾਹਕ ਟੱਕਰਦੇ ਹਨ ਜਿਨ੍ਹਾਂ ਦੇ ਘਰ ਜਾਂ ਦੱਸੇ ਸਥਾਨ ਨੂੰ ਲੱਭਣ-ਲਭਾਉਣ ਵਿਚ ਜੇ ਉਨ੍ਹਾਂ ਤੋਂ ਗਲਤੀ ਨਾਲ ਚਾਰ-ਪੰਜ ਮਿੰਟ ਦੀ ਵੀ ਦੇਰ ਹੋ ਜਾਵੇ ਤਾਂ ਉਹ ਸਾਮਾਨ ਲੈਣ ਤੋਂ ਹੀ ਸਾਫ਼ ਇਨਕਾਰ ਕਰ ਦਿੰਦੇ ਹਨ।

ਹਰਗੁਣਪ੍ਰੀਤ ਸਿੰਘ

ਇਸ ਮਗਰੋਂ ਜਦੋਂ ਮੈਂ ਉਸ ਲੜਕੇ ਤੋਂ ਉਸ ਦੀ ਪੜ੍ਹਾਈ-ਲਿਖਾਈ ਬਾਬਤ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਬੀ.ਏ. ਭਾਗ ਦੂਸਰਾ ਦਾ ਵਿਦਿਆਰਥੀ ਹੈ ਅਤੇ ਆਪਣੀ ਪੜ੍ਹਾਈ ਦਾ ਖ਼ਰਚਾ ਚਲਾਉਣ ਲਈ ਹੀ ਪਿਛਲੇ ਕੁਝ ਮਹੀਨਿਆਂ ਤੋਂ ਇਹ ਨੌਕਰੀ ਕਰ ਰਿਹਾ ਹੈ। ਉਸ ਨੇ ਕਿਹਾ ਕਿ ਅੱਜ ਕੱਲ੍ਹ ਉਸ ਵਰਗੇ ਗਰੀਬ ਘਰਾਂ ਦੇ ਬੱਚਿਆਂ ਨੂੰ ਚੰਗੀਆਂ ਨੌਕਰੀਆਂ ਤਾਂ ਮਿਲਦੀਆਂ ਨਹੀਂ ਅਤੇ ਜਿਹੜੀ ਉਹ ਨੌਕਰੀ ਕਰਦਾ ਹੈ, ਉਸ ਵਿੱਚ ਕੋਈ ਸਤਿਕਾਰ ਨਹੀਂ ਮਿਲਦਾ। ਮੈਂ ਜਿੱਥੇ ਉਸ ਦੇ ਮਿਹਨਤੀ ਸੁਭਾਅ ਦੀ ਪ੍ਰਸੰਸਾ ਕੀਤੀ, ਉੱਥੇ ਨਾਲ ਹੀ ਉਸ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਜਿਸ ਨੌਕਰੀ ਵਿੱਚ ਸਾਡੀ ਦਸਾਂ ਨਹੁੰਆਂ ਦੀ ਕਿਰਤ ਅਤੇ ਮਿਹਨਤ ਸ਼ਾਮਲ ਹੁੰਦੀ ਹੈ, ਉਹ ਆਪ ਮੁਹਾਰੇ ਹੀ ਸਤਿਕਾਰਯੋਗ ਨੌਕਰੀ ਹੁੰਦੀ ਹੈ ਕਿਉਂਕਿ ਕੋਈ ਵੀ ਨੌਕਰੀ ਆਪਣੇ ਅਹੁਦੇ ਜਾਂ ਰੁਤਬੇ ਕਰ ਕੇ ਚੰਗੀ ਜਾਂ ਮਾੜੀ ਅਤੇ ਵੱਡੀ ਜਾਂ ਛੋਟੀ ਨਹੀਂ ਹੁੰਦੀ, ਬਲਕਿ ਇਸ ਗੱਲ ਕਰ ਕੇ ਵੀ ਚੰਗੀ ਅਤੇ ਵੱਡੀ ਹੁੰਦੀ ਹੈ ਜੇ ਉਹ ਚੰਗੇਰੀ ਭਾਵਨਾ ਅਤੇ ਸੰਪੂਰਨ ਸਮਰਪਣ ਨਾਲ ਕੀਤੀ ਜਾਵੇ। ਇਹ ਗੱਲ ਸੁਣ ਕੇ ਉਸ ਨੂੰ ਕੁਝ ਤਸੱਲੀ ਮਿਲੀ ਅਤੇ ਉਸ ਨੇ ਖੁਸ਼ੀ-ਖੁਸ਼ੀ ਘਰੋਂ ਵਿਦਾ ਲਈ।
ਉਸ ਦੇ ਜਾਣ ਮਗਰੋਂ ਮੈਂ ਸੋਚਿਆ ਕਿ ਅਜਿਹੇ ਉੱਦਮੀ ਨੌਜਵਾਨ ਹੋਰਨਾਂ ਨੌਜਵਾਨਾਂ ਲਈ ਵੀ ਕਿੰਨੇ ਪ੍ਰੇਰਨਾ ਸਰੋਤ ਹਨ, ਕਿਉਂ ਕਿ ਜਿੱਥੇ ਇਹ ਅਨੇਕਾਂ ਮੁਸ਼ਕਲ ਹਾਲਾਤ ਅਤੇ ਪ੍ਰੇਸ਼ਾਨੀਆਂ ਦੇ ਬਾਵਜੂਦ ਪੂਰੀ ਇਮਨਦਾਰੀ ਨਾਲ ਸਮੇਂ ਸਿਰ ਆਪਣਾ ਫ਼ਰਜ਼ ਨਿਭਾਉਂਦੇ ਹਨ, ਉੱਥੇ ਇਹ ਬਿਲਕੁਲ ਵਿਹਲੇ ਨਾ ਬਹਿ ਕੇ ਤੇ ਮਾੜੀ ਸੰਗਤ ਵਿੱਚ ਨਾ ਪੈ ਕੇ ਨਸ਼ਿਆਂ-ਪੱਤਿਆਂ ਤੇ ਲੁੱਟਾਂ-ਖੋਹਾਂ ਦੀ ਬਜਾਏ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦਿਨ-ਰਾਤ ਅਣਥੱਕ ਮਿਹਨਤ ਕਰਦੇ ਹਨ। ਇਸ ਲਈ ਸਾਨੂੰ ਚਾਹੀਦਾ ਹੈ ਕਿ ਜਦੋਂ ਵੀ ਇਸ ਤਰ੍ਹਾਂ ਦੇ ਮਿਹਨਤਕਸ਼ ਲੋਕ ਸਾਡੇ ਘਰ ਕੋਈ ਸਾਮਾਨ ਦੇਣ ਆਉਣ ਤਾਂ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਇਨ੍ਹਾਂ ਨਾਲ ਪਿਆਰ ਭਰੇ ਲਹਿਜ਼ੇ ਨਾਲ ਗੱਲਬਾਤ ਕਰੀਏ ਤਾਂ ਕਿ ਇਹ ਲੋਕ ਭਵਿੱਖ ਵਿੱਚ ਵੀ ਹੋਰ ਹੌਸਲੇ ਅਤੇ ਦਿਲਚਸਪੀ ਨਾਲ ਆਪਣਾ ਕਾਰਜ ਨੇਪਰੇ ਚਾੜ੍ਹ ਸਕਣ।
-ਅਰਜਨ ਨਗਰ, ਪਟਿਆਲਾ।
ਸੰਪਰਕ: 94636-19353


Comments Off on ਮਿਹਨਤਕਸ਼ਾਂ ਦਾ ਸਤਿਕਾਰ ਕਰੀਏ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.