ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਮਾਨਸਿਕ ਤਣਾਉ ਤੋਂ ਰਹੋ ਦੂਰ

Posted On August - 24 - 2019

ਡਾ. ਆਗਿਆ ਜੀਤ ਸਿੰਘ

ਮਾਨਸਿਕ ਤਣਾਉ ਜ਼ਿੰਦਗੀ ਦਾ ਹਿੱਸਾ ਹੈ, ਪਰ ਜਦੋਂ ਇਹ ਬਹੁਤ ਜ਼ਿਆਦਾ ਵਧ ਜਾਂਦਾ ਹੈ ਤਾਂ ਇਹ ਸਾਨੂੰ ਨਿਰਾਸ਼ਾ ਦੀ ਖਾਈ ਵੱਲ ਲੈ ਜਾਂਦਾ ਹੈ। ਤਣਾਉ ਹਰ ਮਨੁੱਖ ਦੀ ਜ਼ਿੰਦਗੀ ਵਿਚ ਕਿਸੇ ਨਾ ਕਿਸੇ ਸਮੇਂ ਜ਼ਰੂਰ ਆਉਂਦਾ ਹੈ। ਮਾਨਸਿਕ ਤਣਾਉ ਉਦੋਂ ਪੈਦਾ ਹੁੰਦਾ ਹੈ, ਜਦੋਂ ਸਾਡੀਆਂ ਸਮੱਸਿਆਵਾਂ ਦਾ ਠੀਕ ਹੱਲ ਨਹੀਂ ਹੁੰਦਾ ਅਤੇ ਸਾਡੇ ਮਨ ’ਤੇ ਬੋਝ ਪੈ ਜਾਂਦਾ ਹੈ। ਹਰ ਇਨਸਾਨ ਦੀ ਜ਼ਿੰਦਗੀ ਵਿਚ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਜਿਨ੍ਹਾਂ ਦਾ ਸਮਾਧਾਨ ਕਰਨਾ ਜ਼ਰੂਰੀ ਹੈ। ਜਦੋਂ ਅਸੀਂ ਤਾਲਮੇਲ ਨਹੀਂ ਕਰ ਸਕਦੇ ਤਾਂ ਸਾਡਾ ਮਾਨਸਿਕ ਸੰਤੁਲਨ ਵਿਗੜ ਜਾਂਦਾ ਹੈ। ਅਜਿਹੀ ਸਥਿਤੀ ਵਿਚ ਮਾਨਸਿਕ ਸੰਘਰਸ਼ ਪੈਦਾ ਹੁੰਦਾ ਹੈ ਜਿਹੜਾ ਤਣਾਉ ਲਈ ਜ਼ਿੰਮੇਵਾਰ ਹੁੰਦਾ ਹੈ।
ਮਾਨਸਿਕ ਤਣਾਉ ਪੈਦਾ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਜ਼ਿੰਦਗੀ ਗੁੰਝਲਦਾਰ ਹੈ। ਕਦੀ ਖ਼ੁਸ਼ੀ ਤੇ ਕਦੀ ਗ਼ਮੀ ਵਾਲੇ ਪਲ ਵਾਪਰਦੇ ਹਨ। ਤਣਾਉ ਤੋਂ ਬਾਅਦ ਵਿਅਕਤੀ ਦੀ ਜ਼ਿੰਦਗੀ ਵਿਚ ਚਿੰਤਾ ਪੈਦਾ ਹੁੰਦੀ ਹੈ, ਜਿਹੜੀ ਬੜੀ ਦੁਖਦਾਈ ਹੁੰਦੀ ਹੈ। ਇਸ ਤੋਂ ਬਾਅਦ ਦਵੰਦ ਜਦੋਂ ਅਸੀਂ ਕਿਸੇ ਮਸਲੇ ਬਾਰੇ ਠੀਕ ਨਿਰਣਾ ਨਹੀਂ ਕਰ ਸਕਦੇ ਅਤੇ ਅਸੀਂ ਮਾਨਸਿਕ ਸੰਘਰਸ਼ ਦੀ ਸਥਿਤੀ ਵਿਚ ਰਹਿੰਦੇ ਹਾਂ ਅਤੇ ਅਸਥਿਰਤਾ ਦੀ ਜ਼ਿੰਦਗੀ ਬਤੀਤ ਕਰਦੇ ਹਾਂ, ਇਸ ਨਾਲ ਵਿਸ਼ਾਦ ਪੈਦਾ ਹੁੰਦਾ ਹੈ ਜਿਸ ਨਾਲ ਕਈ ਮਾਨਸਿਕ ਤੇ ਸਰੀਰਿਕ ਬਿਮਾਰੀਆਂ ਲੱਗਦੀਆਂ ਹਨ।
ਮਾਨਸਿਕ ਤਣਾਉ ਨਾਲ ਸਾਡੇ ਅੰਦਰ ਕਈ ਸਰੀਰਿਕ ਤਬਦੀਲੀਆਂ ਵਾਪਰਦੀਆਂ ਹਨ, ਜਿਵੇਂ ਸਾਹ ਤੇਜ਼ ਆਉਂਦਾ ਹੈ, ਨਬਜ਼ ਤੇਜ਼ ਚੱਲਦੀ ਹੈ, ਦਿਲ ਧੜਕਦਾ ਹੈ, ਭੁੱਖ ਨਹੀਂ ਲੱਗਦੀ, ਨੀਂਦ ਘੱਟ ਆਉਂਦੀ ਹੈ, ਬਲੱਡ ਪ੍ਰੈੱਸ਼ਰ ਵਧ ਜਾਂਦਾ ਹੈ ਅਤੇ ਬਲੱਡ ਸ਼ੂਗਰ ਦੀ ਮਿਕਦਾਰ ਵਿਚ ਵੀ ਵਾਧਾ ਹੁੰਦਾ ਹੈ। ਜੇ ਮਾਨਸਿਕ ਤਣਾਉ ਇੰਨਾ ਦੁਖਦਾਈ ਹੈ ਤਾਂ ਕਿਉਂ ਨਾ ਇਸ ਨੂੰ ਘਟਾਇਆ ਜਾਵੇ। ਇਸ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ, ਪਰ ਇਸ ਨਾਲ ਮੁਕਾਬਲਾ ਜ਼ਰੂਰ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲਾਂ ਸਾਨੂੰ ਤਣਾਉ ਪੈਦਾ ਹੋਣ ਦੇ ਕਾਰਨਾਂ ਬਾਰੇ ਜਾਣੂ ਹੋਣਾ ਪਵੇਗਾ। ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੀ ਸ਼ੈਲੀ ਨੂੰ ਬਦਲੋ। ਸਾਨੂੰ ਜ਼ਿੰਦਗੀ ਸਰਲ ਤੇ ਸਾਦੀ ਬਿਤਾਉਣੀ ਚਾਹੀਦੀ ਹੈ। ਜ਼ਿੰਦਗੀ ਵਿਚ ਘੱਟ ਲੋੜਾਂ ਹੋਣ ਤਾਂ ਚੰਗਾ ਹੋਵੇਗਾ। ਜਦੋਂ ਸਾਡੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਉਹ ਸਮੱਸਿਆ ਬਣ ਜਾਂਦੀਆਂ ਹਨ ਅਤੇ ਜਦੋਂ ਸਮੱਸਿਆ ਦਾ ਹੱਲ ਨਹੀਂ ਮਿਲਦਾ ਤਾਂ ਤਣਾਉ ਦੀ ਸਥਿਤੀ ਪੈਦਾ ਹੁੰਦੀ ਹੈ। ਬਹੁਤ ਉੱਚੀਆਂ ਇੱਛਾਵਾਂ ਜਿਹੜੀਆਂ ਅਪੂਰਨ ਰਹਿ ਜਾਂਦੀਆਂ ਹਨ, ਮਾਨਸਿਕ ਬਿਮਾਰੀਆਂ ਦਾ ਕਾਰਨ ਬਣਦੀਆਂ ਹਨ।

ਡਾ. ਆਗਿਆ ਜੀਤ ਸਿੰਘ

ਦੂਜਾ ਸਾਡਾ ਆਪਣਾ ਵਤੀਰਾ ਆਪਣੇ ਆਪ ਵੱਲ ਅਤੇ ਦੂਜੇ ਲੋਕਾਂ ਵੱਲ ਸਾਕਾਰਾਤਮਕ ਹੋਣਾ ਚਾਹੀਦਾ ਹੈ। ਬਹੁਤ ਸਾਰੇ ਲੋਕਾਂ ਦਾ ਨਾਕਾਰਾਤਮਕ ਵਤੀਰਾ ਹੋਣ ਕਾਰਨ ਮਨੋਵਿਗਿਆਨਕ ਸਮੱਸਿਆਵਾਂ ਦਾ ਪੈਦਾ ਹੋਣਾ ਸੁਭਾਵਿਕ ਹੈ। ਅਸੀਂ ਜ਼ਿਆਦਾਤਰ ਨਾਂਹ ਵਾਚਕ ਹੁੰਦੇ ਹਾਂ। ਅਸੀਂ ਬੁਰੀਆਂ ਗੱਲਾਂ ਹੀ ਸੋਚਦੇ ਹਾਂ ਅਤੇ ਸਾਨੂੰ ਦੂਜਿਆਂ ਦਾ ਨੁਕਸਾਨ ਕਰਨ ਵਿਚ ਖ਼ੁਸ਼ੀ ਮਿਲਦੀ ਹੈ। ਸਾਡੀ ਦੂਜਿਆਂ ਦਾ ਨੁਕਸਾਨ ਕਰਨ ਵਿਚ ਵਧੇਰੇ ਰੁਚੀ ਹੁੰਦੀ ਹੈ। ਖ਼ੁਸ਼ੀ ਤੁਹਾਨੂੰ ਲੁੱਟਣ ਵਿਚ ਨਹੀਂ, ਪਰ ਲੁਟਾਉਣ ਜਾਂ ਆਪਾ ਵਾਰਨ ਵਿਚ ਹੀ ਮਿਲੇਗੀ। ਸਾਨੂੰ ਮਾਨਵਤਾ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ। ਦੂਜਿਆਂ ਦਾ ਭਲਾ ਕਰਨਾ ਚਾਹੀਦਾ ਹੈ। ਇਸ ਲਈ ਸਾਨੂੰ ਆਪਣਾ ਨਜ਼ਰੀਆ ਆਪਣੇ ਵੱਲ ਅਤੇ ਦੂਜੇ ਲੋਕਾਂ ਵੱਲ ਠੀਕ ਕਰਨਾ ਪਵੇਗਾ। ਇੰਜ ਅਸੀਂ ਆਪਣੇ ਤਣਾਉ ਨੂੰ ਖ਼ਤਮ ਤਾਂ ਨਹੀਂ, ਪਰ ਘਟਾ ਜ਼ਰੂਰ ਸਕਦੇ ਹਾਂ।
ਸਭ ਤੋਂ ਜ਼ਰੂਰੀ ਹੈ ਕਿ ਅਸੀਂ ਸੱਚਾਈ ਦੇ ਰਾਹ ’ਤੇ ਚੱਲੀਏ। ਹਮੇਸ਼ਾਂ ਸੱਚ ਬੋਲੀਏ ਅਤੇ ਸੱਚ ਦਾ ਹੀ ਸਾਥ ਦੇਈਏ। ਜਦੋਂ ਅਸੀਂ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਲਈ ਝੂਠ ਦਾ ਆਸਰਾ ਲੈਂਦੇ ਹਾਂ ਤਾਂ ਮਨ ’ਤੇ ਬੋਝ ਜ਼ਰੂਰ ਪੈਂਦਾ ਹੈ, ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਝੂਠ ਬੋਲ ਰਹੇ ਹੋ। ਜੇ ਤੁਸੀਂ ਚਾਹੁੰਦੇ ਹੋ ਕਿ ਤਣਾਉ ਨਾ ਹੋਵੇ ਤਾਂ ਹਮੇਸ਼ਾਂ ਸੱਚ ਹੀ ਬੋਲੋ ਤੇ ਇਮਾਨਦਾਰੀ ਨਾਲ ਆਪਣੇ ਕਾਰਜ ਕਰੋ।
ਹਰ ਧਰਮ ਸਾਨੂੰ ਚੰਗੇਰਾ ਵਿਅਕਤੀ ਬਣਾਉਣ ਦੀ ਨਸੀਹਤ ਦਿੰਦਾ ਹੈ। ਤੁਸੀਂ ਜਿਸ ਧਰਮ ਵਿਚ ਜਨਮ ਲਿਆ ਹੈ, ਉਸ ਧਰਮ ਦੇ ਪੀਰ, ਪੈਗੰਬਰਾਂ ਤੇ ਗੁਰੂਆਂ ਦੀ ਪੂਜਾ ਕਰੋ ਅਤੇ ਉਸੇ ਧਰਮ ਦੀ ਰਹਿਤ ਮਰਿਆਦਾ ਵਿਚ ਰਹੋ। ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਜੇ ਤੁਸੀਂ ਦੂਜੇ ਲੋਕਾਂ ਦੀ ਮਦਦ ਕਰਦੇ ਹੋ ਤਾਂ ਪਰਮਾਤਮਾ ਤੁਹਾਡੀ ਮਦਦ ਜ਼ਰੂਰ ਕਰੇਗਾ।
ਆਪਣੇ ਆਪ ਨੂੰ ਰੁਝੇਵਿਆਂ ਨਾਲ ਭਰਪੂਰ ਰੱਖੋ। ਕਦੇ ਵਿਹਲੇ ਨਾ ਬੈਠੋ। ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਵਿਹਲਾ ਆਦਮੀ ਹਮੇਸ਼ਾਂ ਗ਼ਲਤ ਸੋਚਾਂ ਵਿਚ ਪਿਆ ਰਹੇਗਾ, ਜਿਸ ਨਾਲ ਤੁਹਾਡੀ ਮਾਨਸਿਕ ਸਿਹਤ ਵਿਗੜੇਗੀ। ਆਪਣੇ ਕੰਮ-ਕਾਜੀ ਸਮੇਂ ਤੋਂ ਬਾਅਦ ਸ਼ੁਗਲਾਂ ਵਾਲੇ ਕੰਮਾਂ ਵਿਚ ਰੁੱਝੇ ਰਹੋ। ਬਾਗ਼ਬਾਨੀ, ਪੇਂਟਿੰਗ, ਸੰਗੀਤ ਜਾਂ ਆਪਣੀ ਰੁਚੀ ਅਨੁਸਾਰ ਕੋਈ ਹੋਰ ਕੰਮ ਕਰੋ। ਧਾਰਮਿਕ ਸੰਗੀਤ ਵਿਚ ਦਿਲਚਸਪੀ ਲਵੋ। ਸੰਗੀਤ ਥੈਰੈਪੀ ਦਾ ਮਾਨਸਿਕ ਤਣਾਉ ਨੂੰ ਘਟਾਉਣ ਵਿਚ ਬਹੁਤ ਵੱਡਾ ਯੋਗਦਾਨ ਹੈ।
ਸਵੇਰੇ ਉੱਠ ਕੇ ਸੈਰ ਕਰਨੀ ਬਹੁਤ ਜ਼ਰੂਰੀ ਹੈ। ਸਵੇਰੇ ਜਿੱਥੇ ਤੁਹਾਨੂੰ ਆਕਸੀਜਨ ਮਿਲਦੀ ਹੈ, ਉੱਥੇ ਪਾਰਕ ਜਾਂ ਬਾਗ਼ ਵਿਚ ਜਾ ਕੇ ਤੁਸੀਂ ਫੁੱਲਾਂ-ਬੂਟਿਆਂ, ਘਾਹ, ਪੰਛੀ ਤੇ ਪਰਿੰਦਿਆਂ ਦੀਆਂ ਆਵਾਜ਼ਾਂ, ਠੰਢੀ ਹਵਾ ਦਾ ਨਜ਼ਾਰਾ ਲਵੋ। ਜੇ ਹੋ ਸਕੇ ਤਾਂ ਯੋਗ ਵਿਸ਼ੇਸ਼ ਤੌਰ ’ਤੇ ਸਾਹ ਲੈਣ ਦੀਆਂ ਕਿਰਿਆਵਾਂ ਦੀਆਂ ਕਸਰਤਾਂ ਕਰੋ, ਜਿਸ ਨਾਲ ਤੁਹਾਡੀ ਸਾਹ ਪ੍ਰਣਾਲੀ ਵਿਚ ਖ਼ੂਨ ਦੀ ਪ੍ਰਕਿਰਿਆ ਠੀਕ ਹੋਵੇਗੀ। ਇਸ ਨਾਲ ਤੁਹਾਡਾ ਸਰੀਰ ਅਤੇ ਮਨ ਦੋਵੇਂ ਹੀ ਸਵੱਛ ਹੋ ਜਾਣਗੇ ਅਤੇ ਤੁਹਾਡੇ ਅੰਦਰ ਹੋਰ ਕੰਮ ਕਰਨ ਦੀ ਊਰਜਾ ਵੀ ਪੈਦਾ ਹੋਵੇਗੀ।
ਤਣਾਉ ਜਾਂ ਚਿੰਤਾ ਕਾਰਨ ਜੇ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਸੌਣ ਤੋਂ ਪਹਿਲਾਂ ਲੰਬੇ ਸਾਹ ਲਵੋ। ਦਸ ਪੰਦਰਾਂ ਮਿੰਟ ਲਈ ਕੋਈ ਦਿਲਚਸਪ ਪੁਸਤਕ ਜਾਂ ਮੈਗਜ਼ੀਨ ਲੈ ਕੇ ਪੜ੍ਹ ਲੈਣੀ ਚਾਹੀਦੀ ਹੈ, ਜਿਸ ਨਾਲ ਤਣਾਉ ਕਾਰਨ ਤੁਹਾਡੀ ਸੋਚ ਉਸ ਸਥਿਤੀ ਤੋਂ ਹਟ ਕੇ ਕਿਸੇ ਦੂਜੀ ਤਰਫ਼ ਹੋ ਜਾਵੇ।
ਸਭ ਤੋਂ ਜ਼ਿਆਦਾ ਜ਼ਰੂਰੀ ਤਾਂ ਮਾਨਸਿਕ ਕਸਰਤਾਂ ਕਰਨੀਆਂ ਵੀ ਜ਼ਰੂਰੀ ਹਨ। ਜਿਵੇਂ ਕਿ ਲੇਟ ਕੇ ਅੱਖਾਂ ਬੰਦ ਕਰਕੇ ਲੰਬੇ ਸਾਹ ਲਵੋ ਅਤੇ ਫਿਰ ਚੰਗੇ ਵਿਚਾਰ ਲਿਆਓ, ਚੰਗੇ ਨਜ਼ਾਰੇ ਦੇਖੋ ਅਤੇ ਆਪਣੇ ਆਪ ਨਾਲ ਗੱਲਬਾਤ ਕਰੋ। ਆਪਣੇ ਆਪ ਨੂੰ ਕਹੋ ਕਿ ਮੈਂ ਬਿਲਕੁਲ ਠੀਕ-ਠਾਕ ਹਾਂ, ਮੈਨੂੰ ਕੋਈ ਚਿੰਤਾ ਨਹੀਂ ਹੈ, ਕੋਈ ਟੈਨਸ਼ਨ ਨਹੀਂ ਹੈ, ਮੈਂ ਆਰਾਮ ਕਰ ਰਿਹਾ ਹਾਂ। ਮੈਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ। ਮੈਂ ਚੰਗਾ ਵਿਅਕਤੀ ਬਣਾਂਗਾ। ਮੈਂ ਚੰਗਾ ਵਿਅਕਤੀ ਹਾਂ। ਇਨ੍ਹਾਂ ਵਿਚਾਰਾਂ ਨੂੰ ਆਪਣੇ ਅੰਦਰ ਬਾਰ-ਬਾਰ ਦੁਹਰਾਓ। ਤੁਸੀਂ ਦੇਖੋਗੇ ਕਿ ਤੁਹਾਡੇ ਅੰਦਰ ਸਵੈ-ਵਿਸ਼ਵਾਸ ਅਤੇ ਸਵੈ-ਭਰੋਸਾ ਪੈਦਾ ਹੋਵੇਗਾ ਅਤੇ ਤੁਹਾਨੂੰ ਬਹੁਤ ਸਕੂਨ ਮਿਲੇਗਾ।
ਜੇ ਤੁਹਾਡੇ ਦਿਮਾਗ਼ ’ਤੇ ਤਣਾਉ ਕਾਰਨ ਬਹੁਤ ਹੀ ਬੋਝ ਹੈ ਤਾਂ ਕਿਸੇ ਪਿਆਰੇ ਵਿਅਕਤੀ ਜਾਂ ਸਨੇਹੀ ਨਾਲ ਗੱਲਬਾਤ ਕਰੋ। ਆਪਣੇ ਦਿਮਾਗ਼ ਵਿਚ ਆਉਣ ਵਾਲੇ ਵਿਚਾਰਾਂ ਨੂੰ ਸਾਂਝਾ ਕਰੋ। ਗੱਲਬਾਤ ਕਰਨ ਨਾਲ ਤੁਹਾਡੀ ਅੱਧੀ ਸਮੱਸਿਆ ਦੂਰ ਹੋ ਜਾਵੇਗੀ। ਜੇ ਤੁਸੀਂ ਆਪਣੇ ਪਤੀ ਜਾਂ ਪਤਨੀ ਨਾਲ ਸਾਰੇ ਦੁੱਖ-ਸੁੱਖ ਸਾਂਝੇ ਕਰਦੇ ਰਹੋ ਤਾਂ ਤੁਹਾਡੀ ਜ਼ਿੰਦਗੀ ਵਿਚ ਤਣਾਉ ਘਟੇਗਾ ਕਿਉਂਕਿ ਪਤੀ-ਪਤਨੀ ਇਕ-ਦੂਜੇ ਦੇ ਸੱਚੇ ਤੇ ਗੂੜ੍ਹੇ ਮਿੱਤਰ ਹੁੰਦੇ ਹਨ। ਇਕ-ਦੂਜੇ ਨੂੰ ਹੌਸਲਾ ਦਿਓ ਅਤੇ ਆਸਰਾ ਲਓ ਤਾਂ ਹੀ ਤੁਹਾਡੀ ਜ਼ਿੰਦਗੀ ਵਿਚ ਸ਼ਾਂਤੀ ਆਵੇਗੀ।
ਜੇ ਇੰਜ ਕਰਨ ਨਾਲ ਤੁਹਾਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਤਾਂ ਤੁਸੀਂ ਕਿਸੇ ਮਨੋ-ਚਕਿਤਸਕ ਜਾਂ ਕਿਸੇ ਮਨੋਵਿਗਿਆਨੀ ਨੂੰ ਮਿਲੋ ਅਤੇ ਆਪਣੀ ਸਮੱਸਿਆ ਦੱਸ ਕੇ ਸਲਾਹ ਮਸ਼ਵਰਾ ਲਵੋ। ਮਨੋਚਕਿਤਸਕ ਮਾਹਿਰ ਤਾਂ ਤੁਹਾਨੂੰ ਕੁਝ ਦਵਾਈਆਂ ਦੇ ਕੇ ਥੋੜ੍ਹੇ ਸਮੇਂ ਲਈ ਨੀਂਦ ਦੀ ਹਾਲਤ ਵਿਚ ਲੈ ਜਾਣਗੇ ਜਿੱਥੇ ਤੁਸੀਂ ਤਣਾਉ ਵਾਲੀ ਸਥਿਤੀ ਨੂੰ ਭੁੱਲਣ ਦਾ ਯਤਨ ਕਰੋਗੇ, ਪਰ ਮਨੋਵਿਗਿਆਨੀ ਤੁਹਾਡੀ ਸਮੱਸਿਆ ਦਾ ਕਾਰਨ ਜਾਣ ਕੇ ਤੁਹਾਡੀ ਕੌਂਸਲਿੰਗ ਕਰਨਗੇ ਅਤੇ ਸਲਾਹ ਮਸ਼ਵਰਾ ਦੇਣਗੇ। ਉਹ ਤੁਹਾਡੀ ਅੰਤਰ-ਦ੍ਰਿਸ਼ਟੀ ਨੂੰ ਜਗਾ ਕੇ ਤੁਹਾਡੇ ਅੰਦਰ ਪੈਦਾ ਹੋਇਆ ਕੋਈ ਡਰ, ਭੈਅ, ਫ਼ਿਕਰ ਜਾਂ ਹੋਰ ਭਾਵਨਾਤਮਕ ਚਿੰਨ੍ਹਾਂ ਨੂੰ ਬਾਹਰ ਕੱਢ ਕੇ ਤੁਹਾਨੂੰ ਸੁਚੇਤ ਕਰਨਗੇ। ਸਭ ਤੋਂ ਜ਼ਰੂਰੀ ਤਾਂ ਇਹ ਹੈ ਕਿ ਤੁਸੀਂ ਆਪ ਹੀ ਆਪਣੀ ਸਵੈ-ਕੌਂਸਲਿੰਗ ਕਰਨੀ ਸਿੱਖ ਲਵੋ ਤਾਂ ਜੋ ਤੁਸੀਂ ਆਪਣੀਆਂ ਸਮੱਸਿਆਵਾਂ ਦਾ ਸਮਾਧਾਨ ਆਪ ਹੀ ਕਰਨ ਦੇ ਯੋਗ ਹੋ ਜਾਵੋ। ਇੰਜ ਤੁਸੀਂ ਮਾਨਸਿਕ ਤਣਾਉ ਤੋਂ ਕੁਝ ਦੇਰ ਲਈ ਛੁਟਕਾਰਾ ਪਾਵੋਗੇ ਅਤੇ ਆਪਣੀ ਜ਼ਿੰਦਗੀ ਨੂੰ ਸੁਹਾਵਣੀ, ਸੁਆਦਲੀ ਤੇ ਅਰਥਭਰਪੂਰ ਬਣਾ ਕੇ ਆਪਣੀ ਜ਼ਿੰਦਗੀ ਦਾ ਮਜ਼ਾ ਉਠਾ ਸਕੋਗੇ ਅਤੇ ਆਨੰਦ ਮਾਣੋਗੇ।

ਸੰਪਰਕ : 94781-69464


Comments Off on ਮਾਨਸਿਕ ਤਣਾਉ ਤੋਂ ਰਹੋ ਦੂਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.