ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਮਾਨਸਿਕ ਗ਼ੁਲਾਮੀ ਦੀਆਂ ਵੱਖ ਵੱਖ ਪਰਤਾਂ

Posted On August - 11 - 2019

ਡਾ. ਸੁਖਪਾਲ ਸੰਘੇੜਾ

ਗੁਲਾਮੀ ਸਿਰਫ਼ ਜਿਸਮਾਂ ਦੀ ਹੀ ਨਹੀਂ ਹੁੰਦੀ ਸਗੋਂ ਕਈ ਰੂਪਾਂ ਵਿਚ ਮਿਲਦੀ ਹੈ। ਕਈ ਵਾਰੀ ਜਦੋਂ ਚਿਰਾਂ ਤੋਂ ਕੈਦ ਪੰਛੀ ਨੂੰ ਆਜ਼ਾਦ ਕਰ ਦਿੱਤਾ ਜਾਵੇ ਤਾਂ ਉਡਾਰੀ ਭਰਨ ਬਾਅਦ ਉਹ ਪਿੰਜਰੇ ਵਿਚ ਪਰਤ ਆਉਂਦਾ ਹੈ। ਅਜਿਹੀ ਹਾਲਤ ਵਿਚ ਗ਼ੁਲਾਮੀ ਪੰਛੀ ਦੇ ਸੁਭਾਅ ਦਾ ਹਿੱਸਾ ਬਣ ਚੁੱਕੀ ਹੁੰਦੀ ਹੈ। ਪੰਜਾਬ ਵੀ ਬਸਤੀਵਾਦੀ ਹਾਕਮਾਂ ਦਾ ਗ਼ੁਲਾਮ ਰਿਹਾ। ਪੰਜਾਬ ਵਿਚ ਆਧੁਨਿਕ ਯੁੱਗ ਅਰਥਚਾਰੇ ਜਾਂ ਗਿਆਨ-ਵਿਗਿਆਨ ਵਿਚ ਹੋਈ ਤਰੱਕੀ ਕਾਰਨ ਨਹੀਂ ਸਗੋਂ ਅੰਗਰੇਜ਼ਾਂ ਦੀ ਗ਼ੁਲਾਮੀ ਦੇ ਬਸਤੀਵਾਦੀ ਰੂਪ ਵਿਚ ਆਇਆ ਹੈ। ਹਿੰਦੋਸਤਾਨ ਵਿਚ ਆਜ਼ਾਦੀ ਅੰਗਰੇਜ਼ਾਂ ਖ਼ਿਲਾਫ਼ ਦੋ-ਟੁੱਕ ਸਿੱਧੀ ਲੜਾਈ ਵਿਚੋਂ ਨਹੀਂ ਆਈ ਸਗੋਂ ਜ਼ਿਆਦਾਤਰ ਬਦਲੇ ਹੋਏ ਕੌਮਾਂਤਰੀ ਹਾਲਾਤ ਕਾਰਨ ਅੰਗਰੇਜ਼ ਬਹੁਤਾ ਕਰਕੇ ਆਪਣੀਆਂ ਸ਼ਰਤਾਂ ਦੇ ਆਧਾਰ ’ਤੇ ਹਿੰਦੋਸਤਾਨ ਛੱਡ ਗਏ। ਇਸ ਲਈ ਬਾਕੀ ਦੇਸ਼ ਵਾਂਗ ਪੰਜਾਬ ਦੀ ਕਹਾਣੀ ਵੀ ਗ਼ੁਲਾਮੀ ਨਾਲ ਭਰੀ ਹੋਈ ਹੈ। ਅੰਗਰੇਜ਼ਾਂ ਦੇ ਜਾਣ ਮਗਰੋਂ ਪੰਜਾਬ ਵਿਚ ਰਾਜਨੀਤਕ ਅਤੇ ਸਮਾਜਿਕ ਪ੍ਰਬੰਧ ਦੀਆਂ ਅਮਲੀ ਤੇ ਵਿਹਾਰਕ ਬਾਰੀਕੀਆਂ ਵਿਚ ਕੋਈ ਖ਼ਾਸ ਤਬਦੀਲੀ ਨਹੀਂ ਆਈ। ਮਿਸਾਲ ਵਜੋਂ, ਅਖੌਤੀ ਨੀਵੀਂਆਂ ਤੇ ਉੱਚੀਆਂ ਜ਼ਾਤਾਂ ਦਰਮਿਆਨ ਰਿਸ਼ਤਿਆਂ ਤੋਂ ਲੈ ਕੇ ਵਿਦਿਆਰਥੀਆਂ ਤੇ ਅਧਿਆਪਕਾਂ ਦਰਮਿਆਨ ਰਿਸ਼ਤੇ ਉਸੇ ਬਸਤੀਵਾਦੀ ਦੌਰ ਵਾਲੇ ਰਹੇ, ਸਾਡੇ ਮੁਲਕ ਵਿਚ ਵਿਦਿਆਰਥੀ ਅੱਜ ਵੀ ਅਧਿਆਪਕਾਂ ਨੂੰ ‘ਸਰ’ ਆਖ ਕੇ ਸੰਬੋਧਨ ਕਰਦੇ ਹਨ।
ਗ਼ੁਲਾਮੀ ਦੇ ਦੌਰ ਵਿਚ ਮਾਲਕ ਦਾ ਜਬਰ ਤੇ ਲੁੱਟ-ਖਸੁੱਟ ਬੁਰੀ ਹੈ, ਪਰ ਗ਼ੁਲਾਮੀ ਦਾ ਹੱਡਾਂ ਵਿਚ ਰਚ ਜਾਣ ਤੇ ਰੂਹਾਂ ਵਿਚ ਵਸ ਜਾਣਾ ਭਾਵ ਸੁਭਾਅ ਦਾ ਹਿੱਸਾ ਬਣ ਜਾਣਾ ਸਭ ਤੋਂ ਬੁਰਾ ਹੁੰਦਾ ਹੈ। ਸੁਭਾਅ ਵਿਚ ਲੁਕੀ ਗ਼ੁਲਾਮੀ ਦਾ ਪੀੜ੍ਹੀ-ਦਰ-ਪੀੜ੍ਹੀ ਸਫ਼ਰ ਕਰਨ ਲੱਗ ਜਾਣਾ ਉਸ ਤੋਂ ਵੀ ਖ਼ਤਰਨਾਕ ਹੁੰਦਾ ਹੈ। ਇਸ ਸੰਦਰਭ ਵਿਚ ਸੁਭਾਵਿਕ ਗ਼ੁਲਾਮੀ ਦੀਆਂ ਪੰਜਾਬੀ ਲੋਕਾਂ ਵਿਚ ਮਿਲਦੀਆਂ ਅਲਾਮਤਾਂ ਵਿਚੋਂ ਤਿੰਨ ਦੀ ਚਰਚਾ ਵਾਜਬ ਜਾਪਦੀ ਹੈ।
ਪਹਿਲੀ ਅਲਾਮਤ ਹੈ: ‘ਸਾਹਿਬ’ ਸ਼ਬਦ ਦੀ ਥੋਕ ਵਿਚ ਵਰਤੋਂ ਜਾਂ ਦੁਰਵਰਤੋਂ। ‘ਸਾਹਿਬ’ ਮੁੱਢੋਂ ਅਰਬੀ ਦਾ ਸ਼ਬਦ ਹੈ ਜਿੱਥੇ ਇਸ ਦਾ ਅਰਥ ਸੁਆਮੀ ਜਾਂ ਮਾਲਕ ਹੈ। ਉੱਥੋਂ ਇਹ ਹਿੰਦੋਸਤਾਨੀ ਬਰੇ-ਸਗੀਰ ਦੀਆਂ ਅਨੇਕਾਂ ਬੋਲੀਆਂ ਉਰਦੂ, ਹਿੰਦੀ, ਬੰਗਾਲੀ ਤੇ ਗੁਜਰਾਤੀ ਸਮੇਤ ਪੰਜਾਬੀ ਵਿਚ ਵੀ ਆ ਵੜਿਆ। ਗੁਰਬਾਣੀ ਵਿਚ ਇਸ ਦੀ ਵਰਤੋਂ ਪਰਮਾਤਮਾ ਲਈ ਕੀਤੀ ਗਈ ਹੈ। ਜਦੋਂ ਅੰਗਰੇਜ਼ੀ ਰਾਜ ਸਮੇਂ ਗੋਰੇ ਅਫ਼ਸਰ ਹਿੰਦੋਸਤਾਨੀ ਲੋਕਾਂ ਕੋਲੋਂ ਆਪਣੇ ਆਪ ਨੂੰ ਸਾਹਿਬ ਅਖਵਾਉਣ ਲੱਗੇ ਤਾਂ ਇਹ ਲੋਕਾਂ ਦੇ ਪੱਧਰ ’ਤੇ ਪ੍ਰਚੱਲਿਤ ਹੋਇਆ। ਅਸੀਂ ਅੰਗਰੇਜ਼ਾਂ ਨੂੰ ‘ਸਾਹਿਬ’ ਆਖ ਆਖ ਕੇ ਤਕਰੀਬਨ ਦੋ ਸਦੀਆਂ ਉਨ੍ਹਾਂ ਦੀ ਗ਼ੁਲਾਮੀ ਕੀਤੀ। ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਉਸ ਖਿਤਾਬ ਦੀਆਂ ਕਲਗੀਆਂ ਸਾਡੇ ਆਪਣੇ ਅਹੁਦੇਦਾਰਾਂ ਤੇ ਅਧਿਕਾਰੀਆਂ ਦੇ ਸਿਰਾਂ ’ਤੇ ਸਜ ਗਈਆਂ ਤੇ ਅਸੀਂ ਇਹ ਕਲਗੀ ਆਪਣੇ ਹੱਥੀਂ ਮਿੱਤਰਾਂ ਦੋਸਤਾਂ ਤੇ ਜਾਣ-ਪਛਾਣ ਵਾਲਿਆਂ ਦੇ ਸਿਰਾਂ ’ਤੇ ਵੀ ਲਗਾ ਦਿੱਤੀ। ਜਦੋਂ ਬੋਲਦੇ ਹਾਂ ਤਾਂ ਬਸ ‘ਸਾਹਿਬ’ ‘ਸਾਹਿਬ’ ਹੁੰਦੀ ਹੈ ਜਿਵੇਂ ਸਾਨੂੰ ਤਕਰੀਬਨ ਪੌਣੀ ਸਦੀ ਪਹਿਲਾਂ ਛੱਡ ਗਏ ‘ਮਾਲਕਾਂ’ ਦਾ ਨਾਮ ਅੱਜ ਵੀ ਜਪ ਰਹੀਏ ਹੋਈਏ। ਆਧੁਨਿਕ ਸਮਾਜਾਂ ਵਿਚ ਅਜਿਹੀ ਮਾਨਸਿਕ ਗੜਬੜੀ ਤੋਂ ਛੁਟਕਾਰਾ ਪਾਉਣ ਲਈ ਤੁਰੰਤ ਮਨੋਚਿਕਿਤਸਕਾਂ ਦੀ ਮਦਦ ਲਈ ਜਾਂਦੀ ਹੈ, ਪਰ ਅਰਧ-ਆਧੁਨਿਕ ਸਮਾਜਾਂ ਵਿਚ ਅਜਿਹੀ ਮਾਨਸਿਕ ਗੜਬੜੀ ਅਕਸਰ ਸੱਭਿਆਚਾਰ ਦਾ ਹਿੱਸਾ ਬਣ ਬਹਿੰਦੀ ਹੈ। ਸਾਡੇ ਨਾਲ ਕੁਝ ਅਜਿਹਾ ਹੀ ਹੋਇਆ ਲੱਗਦਾ ਹੈ। ਗੱਲ ਨਿਰੇ ਸ਼ਬਦ ਦੀ ਨਹੀਂ; ਇਹ ਇਕ ਸਥਾਪਤ ਮਨੋਵਿਗਿਆਨਕ ਸੱਚ ਹੈ ਕਿ ਬੋਲਾਂ ਤੋਂ ਅੰਦਰੂਨੀ ਭਾਵਨਾਵਾਂ ਪੈਦਾ ਹੁੰਦੀਆਂ ਨੇ ਜਿਨ੍ਹਾਂ ਦਾ ਅਸਰ ਸਰੀਰਕ ਕਿਰਿਆਵਾਂ ਤੇ ਮਨੁੱਖ ਦੀਆਂ ਸਰਗਰਮੀਆਂ ’ਤੇ ਪੈਂਦਾ ਹੈ।

ਡਾ. ਸੁਖਪਾਲ ਸੰਘੇੜਾ

ਕੋਈ ਕਹਿ ਸਕਦਾ ਹੈ ਕਿ ਅਸੀਂ ਤਾਂ ਸਾਹਿਬ ਵਿਸ਼ੇਸ਼ਣ ਨੂੰ ਸਤਿਕਾਰ ਵਜੋਂ ਵਰਤਦੇ ਹਾਂ, ਪਰ ਇਸ ਵਰਤੋਂ ਦੇ ਸੰਦਰਭ, ਗ਼ੁਲਾਮੀ, ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਦੋ ਸਦੀਆਂ ਕਿਸੇ ਸ਼ਬਦ ਤਹਿਤ ਗ਼ੁਲਾਮੀ ਵਿਚ ਗੁਜ਼ਾਰਨ ਮਗਰੋਂ ਉਸੇ ਸ਼ਬਦ ਨੂੰ ਸਤਿਕਾਰ ਵਜੋਂ ਵਰਤਣਾ ਸ਼ੁਰੂ ਕਰ ਦੇਣਾ ਜਾਂ ਸਤਿਕਾਰ ਦੇ ਪਾਤਰ ਵਿਚ ਬਦਲ ਦੇਣਾ ਵੀ ਮਾਨਸਿਕ ਗ਼ੁਲਾਮੀ ਦੇ ਪ੍ਰਗਟਾਵੇ ਦੀ ਹੀ ਇਕ ਰੂਪ ਹੈ। ਉਂਜ, ਸਤਿਕਾਰ ਵਜੋਂ ਵਰਤਣ ਵਾਸਤੇ ਪੰਜਾਬੀ ਕੋਲ ਇਕ ਬਹੁਤ ਸਜੀਵ ਸ਼ਬਦ ਹੈ: ‘ਜੀ’। ਗੁਰਬਾਣੀ ਵਿਚ ‘ਸਾਹਿਬ’ ਸ਼ਬਦ ਦੀ ਵਰਤੋਂ ਪਰਮਾਤਮਾ ਲਈ ਕਰਨ ਜਾਂ ਬਾਅਦ ਵਿਚ ਮਹਾਂਪੁਰਸ਼ਾਂ ਤੇ ਧਾਰਮਿਕ ਗਰੰਥਾਂ ਦੇ ਨਾਵਾਂ ਵਿਚ ਸਤਿਕਾਰ ਵਜੋਂ ਵਰਤਣ ਦੀ ਗੱਲ ਤਾਂ ਸਮਝ ਆਉਂਦੀ ਹੈ। ਪਰ ਧਾਰਮਿਕ ਨਿਯਮ ਜਾਂ ਚੱਜ-ਆਚਾਰ ਇਜਾਜ਼ਤ ਨਹੀਂ ਦੇਵੇਗਾ ਕਿ ਪਰਮਾਤਮਾ ਅਤੇ ਧਾਰਮਿਕ ਮਹਾਂਪੁਰਸ਼ਾਂ ਲਈ ਵਰਤਿਆ ਜਾਣ ਵਾਲਾ ਸ਼ਬਦ ‘ਜਣੇ ਖਣੇ’ ਵਿਅਕਤੀਆਂ ਤੇ ਥਾਵਾਂ ਲਈ ਵਰਤਿਆ ਜਾਵੇ। ਇਸ ਲਈ ‘ਸਾਹਿਬ’ ਸ਼ਬਦ ਦੀ ਥੋਕ ਵਿਚ ਵਰਤੋਂ ਅੰਗਰੇਜ਼ਾਂ ਦੀ ਗ਼ੁਲਾਮੀ ਕਾਰਨ ਹੀ ਪ੍ਰਚੱਲਿਤ ਹੋਈ ਹੈ ਤੇ ਇਹ ਗ਼ੁਲਾਮ ਪ੍ਰਵਿਰਤੀ ਦੀ ਸੂਚਕ ਹੈ।
ਪੰਜਾਬੀ ਮਨੁੱਖ ਵਿਚ ਮਿਲਦੀ ਸੁਭਾਵਿਕ ਗ਼ੁਲਾਮੀ ਦੀ ਦੂਜੀ ਅਲਾਮਤ ਹੈ ਕਿ ਪੰਜਾਬੀ ਮਨ ਵਿਚ ਅੱਜ ਵੀ ਸਿਆਹ ਤੇ ਭੂਰੇ ਰੰਗਾਂ ਉੱਪਰ ਗੋਰੇ ਰੰਗ ਦੀ ਸਰਦਾਰੀ ਦੇ ਝੰਡੇ ਝੁੱਲਦੇ ਹਨ। ਸਾਡੇ ਲੋਕਗੀਤਾਂ, ਆਮ ਗੱਲਾਂ ਤੇ ਪਸੰਦਾਂ ਵਿਚੋਂ ਇਹ ਸਰਦਾਰੀ ਡੁੱਲ੍ਹ ਡੁੱਲ੍ਹ ਪੈਂਦੀ ਹੈ। ਜੇ ਟਾਵੀਂ ਟਾਵੀਂ ਕਾਲੇ ਰੰਗ ਦੀ ਸਿਫ਼ਤ ਮਿਲਦੀ ਵੀ ਹੈ ਤਾਂ ਉਹ ਵੀ ਜ਼ਿਆਦਾਤਰ ਬਚਾਅ ਜਾਂ ਸਫ਼ਾਈ ਦੇਣ ਦੇ ਪੈਂਤੜੇ ਤੋਂ। ਮਿਸਾਲ ਵਜੋਂ:
ਮੇਰਾ ਕਾਲਾ ਹੀ ਸਰਦਾਰ, ਕਾਲਾ ਸ਼ਾਹ ਕਾਲਾ।
ਮੈਂ ਆਪ ਤਿੱਲੇ ਦੀ ਤਾਰ, ਗੋਰਿਆਂ ਨੂੰ ਦਫ਼ਾ ਕਰੋ।
ਅਸੀਂ ਕਾਲੇ ਰੰਗ ਨੂੰ ਅਜੇ ਵੀ ਕਰੂਪਤਾ, ਬੁਰਾਈ ਤੇ ਬਦਸ਼ਗਨੀ ਦਾ ਪ੍ਰਤੀਕ ਸਮਝਦੇ ਰਹਿੰਦੇ ਹਾਂ। ‘ਕਾਲਾ ਦਿਨ’, ‘ਕਾਲਾ ਹਫ਼ਤਾ’, ‘ਕਾਲੀ ਜੀਭ’, ‘ਕਾਲਾ ਦਿਲ’, ‘ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ’ ਆਦਿ ਵਰਗੀਆਂ ਕਹਾਵਤਾਂ ਤੇ ਵਾਕਅੰਸ਼ ਆਮ ਵਰਤੇ ਜਾਂਦੇ ਹਨ। ਹੋਰ ਤਾਂ ਹੋਰ ਪ੍ਰਗਤੀਸ਼ੀਲ ਸੋਚ ਵਾਲੇ ਲੋਕ ਵੀ ‘ਕਾਲੇ ਦਿਨ’ ਤੇ ‘ਕਾਲੇ ਹਫ਼ਤੇ’ ਮਨਾਉਂਦੇ ਹਨ ਤੇ ਭਾਰਤ ਦੀ ਅਧੂਰੀ ਆਜ਼ਾਦੀ ਨੂੰ ‘ਕਾਲੀ ਆਜ਼ਾਦੀ’ ਜਾਂ ‘ਕਾਲੇ ਦਿਲ’ ਵਾਲੀ ਆਜ਼ਾਦੀ ਕਹਿੰਦੇ ਹਨ। ਇਸ ਤੋਂ ਇਲਾਵਾ ਚਿਹਰੇ ਦਾ ਰੰਗ ਗੋਰਾ ਕਰਨ ਲਈ ਵਰਤੇ ਜਾਣ ਵਾਲੇ ‘ਅਸਰਦਾਰ’ ਘਰੇਲੂ ਨੁਸਖਿਆਂ, ਰੰਗ ਗੋਰਾ ਕਰਨ ਲਈ ਵੱਖ ਵੱਖ ਤਰ੍ਹਾਂ ਦੀਆਂ ਕਰੀਮਾਂ ਦੀ ਵਰਤੋਂ ਆਦਿ ਦਾ ਬੜਾ ਬੋਲਬਾਲਾ ਹੈ। ਪੰਜਾਬ ਜਾਂ ਪੰਜਾਬੀਆਂ ਵਿਚ ਗੋਰਾ ਰੰਗ ਸੁੰਦਰਤਾ ਦਾ ਇਕ ਪੈਮਾਨਾ ਬਣ ਸੁੰਦਰਤਾ ਉਦਯੋਗ ਨੂੰ ਚਲਾਉਣ ਵਿਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ।
ਪੰਜਾਬੀ ਲੋਕਾਂ ਵਿਚ ਮਿਲਦੀ ਸੁਭਾਵਿਕ ਗ਼ੁਲਾਮੀ ਦੀ ਤੀਜੀ ਅਲਾਮਤ ਹੈ ਪੰਜਾਬੀ ਮਨੁੱਖ ਦਾ ਵਤੀਰਾ। ਇਹ ਉਦੋਂ ਉਜਾਗਰ ਹੁੰਦਾ ਹੈ ਜਦੋਂ ਉਹ ਪੰਜਾਬ ਤੋਂ ਜਾ ਕੇ ਆਪਣੀ ਮਰਜ਼ੀ ਦੇ ਮੁਲਕ ਦਾ ਨਾਗਰਿਕ ਬਣ ਕੇ ਉੱਥੇ ਵਸ ਜਾਂਦਾ ਹੈ। ਜਦੋਂ ਕੋਈ ਵਿਅਕਤੀ ਇਕ ਮੁਲਕ ਵਿਚ ਪੈਦਾ ਹੋ ਕੇ ਉਮਰ ਦੇ ਕਿਸੇ ਵੀ ਪੜਾਅ ’ਤੇ ਕਿਸੇ ਦੂਜੇ ਵਿਚ ਆਣ ਵਸੇ ਤੇ ਉੱਥੋਂ ਦੀ ਨਾਗਰਿਕਤਾ ਗ੍ਰਹਿਣ ਕਰ ਲਵੇ ਤਾਂ ਇਹ ਦੂਜਾ ਮੁਲਕ ਮਨੁੱਖ ਦਾ ਮੁਲਕ ਬਣ ਜਾਂਦਾ ਹੈ ਜਿਸ ਨੂੰ ਆਪਣੀ ਮਰਜ਼ੀ ਜਾਂ ਆਪਣੀ ਚੋਣ ਦਾ ਮੁਲਕ ਵੀ ਕਿਹਾ ਜਾਂਦਾ ਹੈ। ਪਿਛਾਂਹ ਰਹਿ ਗਏ ਮੁਲਕ ਨੂੰ ਜਨਮ ਭੂਮੀ ਜਾਂ ਮੁੱਢਲਾ ਮੁਲਕ ਕਿਹਾ ਜਾਂਦਾ ਹੈ। ਇਕ ਪਿੱਛੇ ਰਹਿ ਗਿਆ ਮੁਲਕ ਤੇ ਦੂਜਾ ਨਵਾਂ ਮੁਲਕ; ਪਰਦੇਸ ਕੋਈ ਨਹੀਂ ਹੈ। ਇਹ ਇਸ ਸਥਿਤੀ ਪ੍ਰਤੀ ਉਚਿਤ, ਵਾਜਬ ਤੇ ਸਹਿਜ ਪਹੁੰਚ ਹੈ ਜੋ ਹਕੀਕਤ ਉੱਤੇ ਆਧਾਰਿਤ ਹੈ।
ਦੁਨੀਆਂ ਦੇ ਵੱਖ ਵੱਖ ਮੁਲਕਾਂ ਤੋਂ ਆ ਕੇ ਅਮਰੀਕਾ ਵਿਚ ਵਸੇ ਲੋਕਾਂ ਨੇ ਇਸ ਮੁਲਕ ਦੀ ਤਰੱਕੀ ਵਿਚ ਯੋਗਦਾਨ ਪਾਇਆ ਹੈ ਅਤੇ ਪੰਜਾਬੀ ਵੀ ਇਸ ਗੱਲੋਂ ਵੱਖਰੇ ਨਹੀਂ। ਇਸ ਦੇ ਬਾਵਜੂਦ ਬਹੁਤੇ ਪੰਜਾਬੀ ਲੋਕ ਅਮਰੀਕੀ ਨਾਗਰਿਕਤਾ ਦੀ ਸਹੁੰ ਚੁੱਕਣ ਅਤੇ ਇਸ ਦੀ ਤਸਦੀਕ ਲਈ ‘ਮੇਰੇ ਸਾਥੀ ਅਮਰੀਕੀ’ (ਮਾਈ ਫੈਲੋ ਅਮੈਰੀਕਨ) ਸੰਬੋਧਤ ਕਰਦਾ ਰਸਮੀ ਖ਼ਤ ਮਿਲਣ ਤੋਂ ਬਾਅਦ ਵੀ ਵਿਦੇਸ਼ੀ ਹੋਣ ਦਾ ਆਪੇ ਸਿਰਜਿਆ ਸੰਤਾਪ ਰਹਿੰਦੀ ਜ਼ਿੰਦਗੀ ਭੋਗਦੇ ਰਹਿੰਦੇ ਹਨ। ਉਹ ਅਕਸਰ ਅਮਰੀਕਾ ਨੂੰ ਗੋਰਿਆਂ ਦਾ ਦੇਸ਼ ਸਮਝਦੇ ਰਹਿੰਦੇ ਹਨ ਅਤੇ ਸਿਆਹ ਤੇ ਹੋਰ ਨਸਲਾਂ ਵਾਲੇ ਅਮਰੀਕੀਆਂ ਬਾਰੇ ਉਨ੍ਹਾਂ ਦੇ ਵਿਚਾਰ ਅਕਸਰ ਵਿਤਕਰੇ ਭਰੇ ਹੁੰਦੇ ਹਨ। ਕੈਨੇਡਾ ਤੇ ਹੋਰ ਪੱਛਮੀ ਮੁਲਕਾਂ ਵਿਚ ਵਸੇ ਪੰਜਾਬੀਆਂ ਦੀ ਪਹਿਲੀ ਪੀੜ੍ਹੀ ਵਿਚ ਇਹ ਵਤੀਰਾ ਆਮ ਹੈ।
ਮੁੱਕਦੀ ਗੱਲ ਇਹ ਕਿਹਾ ਜਾ ਸਕਦਾ ਹੈ ਕਿ ਅੰਗਰੇਜ਼ਾਂ ਦੇ ਰਾਜ ਸਮੇਤ ਗ਼ੁਲਾਮੀ ਦੇ ਲੰਮੇ ਇਤਿਹਾਸ ਦਾ ਅਸਰ ਬਾਕੀ ਹਿੰਦੋਸਤਾਨੀਆਂ ਵਾਂਗ ਪੰਜਾਬੀਆਂ ਦੀ ਮਾਨਸਿਕਤਾ ਉੱਪਰ ਵੀ ਪਿਆ। ਇਸ ਅਸਰ ਦੀ ਡੂੰਘਾਈ ਕਾਰਨ ਅਤੇ ਇਸ ਨੂੰ ਮਿੱਥ ਕੇ ਮਿਟਾਉਣ ਦੀਆਂ ਕੋਸ਼ਿਸ਼ਾਂ ਨਾ ਕੀਤੇ ਜਾਣ ਕਾਰਨ ਅੰਗਰੇਜ਼ਾਂ ਦੇ ਚਲੇ ਜਾਣ ਤੋਂ ਪੌਣੀ ਸਦੀ ਬਾਅਦ ਵੀ ਇਹ ਅਸਰ ਕਾਇਮ ਹੈ।
ਇਹ ਤਿੰਨ ਅਲਾਮਤਾਂ ਹੀ ਨਹੀਂ ਸਗੋਂ ਪੰਜਾਬੀ ਲੋਕਾਂ ਵਿਚ ਸੁਭਾਵਿਕ ਜਾਂ ਮਾਨਸਿਕ ਗ਼ੁਲਾਮੀ ਦੀਆਂ ਹੋਰ ਬਹੁਤ ਸਾਰੀਆਂ ਅਲਾਮਤਾਂ ਹਨ। ਜੇ ਚਾਹੀਏ ਤਾਂ ਇਨ੍ਹਾਂ ਅਲਾਮਤਾਂ ਤੋਂ ਛੁਟਕਾਰਾ ਪਾਉਣ ਦੀ ਸ਼ੁਰੂਆਤ ਵਜੋਂ ‘ਸਾਹਿਬ’ ਸ਼ਬਦ ਦੀ ਅਣਉੱਚਿਤ ਵਰਤੋਂ ਛੱਡ ਸਕਦੇ ਹਾਂ; ਕਾਲੇ ਰੰਗ ਪ੍ਰਤੀ ਨਸਲਵਾਦੀ ਰਵੱਈਆ ਜਿਵੇਂ ‘ਕਾਲਾ ਦਿਨ’, ‘ਕਾਲੀ ਜ਼ੁਬਾਨ’ ਆਦਿ ਸੰਕਲਪਾਂ ਦੀ ਵਰਤੋਂ ਛੱਡ ਸਕਦੇ ਹਾਂ ਅਤੇ ਪੰਜਾਬ ਤੋਂ ਬਾਹਰ ਕਿਸੇ ਮੁਲਕ ਵਿਚ ਬਤੌਰ ਨਾਗਰਿਕ ਰਹਿੰਦਿਆਂ ਉਸ ਨੂੰ ਆਪਣਾ ਮੁਲਕ ਸਮਝ ਕੇ ਵਿੱਤ ਮੂਜਬ ਉੱਥੋਂ ਦੀਆਂ ਭਾਈਚਾਰਕ, ਸਮਾਜਿਕ ਤੇ ਸਿਆਸੀ ਸਰਗਰਮੀਆਂ ਵਿਚ ਹਿੱਸਾ ਲੈ ਸਕਦੇ ਹਾਂ। ਇਉਂ ਨਵੀਂ ਪੀੜ੍ਹੀ ਨੂੰ ਮਾਨਸਿਕ ਗ਼ੁਲਾਮੀ ਵਾਲੇ ਵਿਚਾਰ ਸੌਂਪਣ ਦੀ ਬਜਾਏ ਅਸੀਂ ਆਪਣੇ ਮਨ ਵਿਚੋਂ ਗ਼ੁਲਾਮੀ ਦੀ ਰਹਿੰਦ-ਖੂੰਹਦ ਹੂੰਝ ਸੁੱਟਣ ਦੀ ਕੋਸ਼ਿਸ਼ ਕਰ ਸਕਦੇ ਹਾਂ।


Comments Off on ਮਾਨਸਿਕ ਗ਼ੁਲਾਮੀ ਦੀਆਂ ਵੱਖ ਵੱਖ ਪਰਤਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.