ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਮਸਜਿਦਾਂ ’ਚ ਈਦ ਦੀ ਨਮਾਜ਼ ਅਦਾ ਕਰਨ ਦੀ ਖੁੱਲ੍ਹ

Posted On August - 12 - 2019

ਗੜਬੜ ਨੂੰ ਧਿਆਨ ’ਚ ਰੱਖਦਿਆਂ ਪਾਬੰਦੀਆਂ ਮੁੜ ਲਾਗੂ, ਤਾਲਮੇਲ ਲਈ ਟੈਲੀਫੋਨ ਬੂਥ ਕਾਇਮ

ਸ੍ਰੀਨਗਰ ਵਿਚ ਐਤਵਾਰ ਨੂੰ ਕਸ਼ਮੀਰੀ ਔਰਤਾਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਵਿਰੁੱਧ ਨਾਅਰੇਬਾਜ਼ੀ ਕਰਦੀਆਂ ਹੋਈਆਂ। -ਫੋਟੋ: ਰਾਇਟਰਜ਼

ਨਵੀਂ ਦਿੱਲੀ/ਜੰਮੂ/ਸ੍ਰੀਨਗਰ, 11 ਅਗਸਤ
ਕਸ਼ਮੀਰ ਘਾਟੀ ’ਚ ਭਲਕੇ ਈਦ-ਉਲ-ਜ਼ੁਹਾ ਮੌਕੇ ਲੋਕਾਂ ਨੂੰ ਮਸਜਿਦਾਂ ’ਚ ਨਮਾਜ਼ ਅਦਾ ਕਰਨ ਦੀ ਖੁੱਲ੍ਹ ਦਿੱਤੀ ਜਾਵੇਗੀ। ਇਕ ਚੋਟੀ ਦੇ ਸਰਕਾਰੀ ਅਧਿਕਾਰੀ ਨੇ ਦੱਸਿਆ ਹੈ ਕਿ ਮੋਬਾਈਲ ਤੇ ਲੈਂਡਲਾਈਨ ਫੋਨ ’ਤੇ ਲੱਗੀ ਪਾਬੰਦੀ ਜਲਦੀ ਹਟਾ ਲਈ ਜਾਵੇਗੀ। ਸਰਕਾਰ ਦਾ ਕਹਿਣਾ ਹੈ ਕਿ ਮੁੱਖ ਮੰਤਵ ਸ਼ਾਂਤੀ ਕਾਇਮ ਰੱਖਣਾ ਤੇ ਜੰਮੂ ਕਸ਼ਮੀਰ ’ਚ ਕੋਈ ਵੀ ਅਣਸੁਖਾਵੀਂ ਘਟਨਾ ਨਾ ਹੋਣ ਦੇਣਾ ਹੈ। ਭਾਰਤੀ ਅਥਾਰਿਟੀ ਨੇ ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ਵਿਚ ਐਤਵਾਰ ਨੂੰ ਈਦ ਤੋਂ ਇਕ ਦਿਨ ਪਹਿਲਾਂ ਮੁੜ ਪਾਬੰਦੀਆਂ ਦੇ ਹੁਕਮ ਜਾਰੀ ਕਰ ਦਿੱਤੇ ਹਨ। ਲੋਕਾਂ ਨੂੰ ਘਰਾਂ ਅੰਦਰ ਜਾਣ ਲਈ ਕਿਹਾ ਗਿਆ ਹੈ।
ਅਧਿਕਾਰੀ ਦਾ ਕਹਿਣਾ ਹੈ ਕਿ ਸੰਚਾਰ ਸਾਧਨਾਂ ’ਤੇ ਲਾਈਆਂ ਗਈਆਂ ਪਾਬੰਦੀਆਂ ‘ਆਰਜ਼ੀ’ ਹਨ ਤੇ ਗੁਮਰਾਹਕੁਨ ਸੁਨੇਹਿਆਂ ਤੇ ਅਫ਼ਵਾਹਾਂ ਨੂੰ ਰੋਕਣ ਲਈ ਲਾਈਆਂ ਗਈਆਂ ਹਨ। ਲੋਕਾਂ ਦੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਹਰ ਰੋਜ਼ ਕਿਸੇ ਨਾ ਕਿਸੇ ਰੂਪ ਵਿਚ ਪਾਬੰਦੀਆਂ ਤੋਂ ਛੋਟ ਦਿੱਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਸਾਰੇ ਫ਼ੈਸਲੇ ਕੇਂਦਰ ਸਰਕਾਰ ਨਹੀਂ ਲੈ ਰਹੀ ਤੇ ਲੋੜ ਮੁਤਾਬਕ ਸਥਾਨਕ ਪ੍ਰਸ਼ਾਸਨ ਕਾਨੂੰਨ-ਵਿਵਸਥਾ ਨੂੰ ਧਿਆਨ ਵਿਚ ਰੱਖ ਕੇ ਫ਼ੈਸਲੇ ਲੈ ਰਿਹਾ ਹੈ। ਕਸ਼ਮੀਰ ਦੇ ਸਾਰੇ ਹਿੱਸਿਆਂ ਵਿਚ ਸਥਿਤੀ ਆਮ ਵਾਂਗ ਹੈ ਤੇ ਹਿੰਸਕ ਘਟਨਾਵਾਂ ਦੀ ਕਿਸੇ ਇਲਾਕੇ ਤੋਂ ਵੀ ਕੋਈ ਸੂਚਨਾ ਨਹੀਂ ਹੈ। ਇਸੇ ਦੌਰਾਨ ਅੱਜ ਬਾਜ਼ਾਰ ਖੁੱਲ੍ਹੇ ਤੇ ਲੋਕਾਂ ਨੇ ਈਦ ਲਈ ਖ਼ਰੀਦਦਾਰੀ ਵੀ ਕੀਤੀ। ਸਰਕਾਰ ਵੱਲੋਂ ਲੋੜੀਂਦੇ ਖ਼ੁਰਾਕੀ ਪਦਾਰਥਾਂ ਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਵਾਦੀ ਦੇ ਸਾਰੇ ਹਿੱਸਿਆਂ ’ਚ ਯਕੀਨੀ ਬਣਾਈ ਜਾ ਰਹੀ ਹੈ। ਈਦ ਤੋਂ ਇਕ ਦਿਨ ਪਹਿਲਾਂ ਐਤਵਾਰ ਨੂੰ ਕੁਝ ਬਾਜ਼ਾਰਾਂ ਤੋਂ ਇਲਾਵਾ ਬੈਂਕਾਂ ਤੇ ਐਟੀਐੱਮਜ਼ ਵੀ ਖੁੱਲ੍ਹੇ ਰਹੇ। ਸ੍ਰੀਨਗਰ ਦੇ ਡੀਸੀ ਸ਼ਾਹਿਦ ਇਕਬਾਲ ਚੌਧਰੀ ਨੇ ਕਿਹਾ ਕਿ ‘ਸਭ ਕੁਝ ਸ਼ਾਂਤੀਪੂਰਨ ਹੈ। ਪਾਬੰਦੀਆਂ ਤੋਂ ਰਾਹਤ ਦਿੱਤੀ ਗਈ ਹੈ ਤੇ ਆਵਾਜਾਈ ਵੀ ਵਧੀ ਹੈ’। ਆਮ ਲੋਕਾਂ ਦੀ ਮਦਦ ਲਈ ਹਰ ਸੰਵੇਦਨਸ਼ੀਲ ਥਾਂ ’ਤੇ ਮੈਜਿਸਟਰੇਟ ਤਾਇਨਾਤ ਕੀਤੇ ਗਏ ਹਨ। ਸ੍ਰੀਨਗਰ ਵਿਚ ਛੇ ‘ਮੰਡੀਆਂ’ ਲਾਈਆਂ ਗਈਆਂ ਹਨ ਜਿੱਥੇ 2.5 ਲੱਖ ਭੇਡਾਂ ਈਦ ਮੌਕੇ ਕੁਰਬਾਨੀ ਲਈ ਉਪਲੱਬਧ ਕਰਵਾਈਆਂ ਗਈਆਂ ਹਨ। ਸਬਜ਼ੀਆਂ, ਗੈਸ ਸਿਲੰਡਰਾਂ, ਪੌਲਟਰੀ ਤੇ ਆਂਡਿਆਂ ਦੀ ਸਪਲਾਈ ਲਈ ਡੋਰ-ਟੂ-ਡੋਰ ਵੈਨਾਂ ਲਾਈਆਂ ਗਈਆਂ ਹਨ। ਜੰਮੂ ਕਸ਼ਮੀਰ ਦੇ ਗਵਰਨਰ ਮੁਤਾਬਕ 300 ਵਿਸ਼ੇਸ਼ ਟੈਲੀਫੋਨ ਬੂਥ ਕਾਇਮ ਕੀਤੇ ਜਾ ਰਹੇ ਹਨ ਤਾਂ ਕਿ ਲੋਕ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰ ਸਕਣ। ਹਰ ਜ਼ਿਲ੍ਹੇ ਵਿਚ ਰਾਸ਼ਨ ‘ਘਾਟ’ ਕਾਇਮ ਕੀਤੇ ਗਏ ਹਨ ਤਾਂ ਕਿ ਲੋਕ ਖ਼ੁਰਾਕੀ ਵਸਤਾਂ ਖ਼ਰੀਦ ਸਕਣ। ਹਾਲਾਂਕਿ ਵਪਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਈਦ ਮੌਕੇ ਉਨ੍ਹਾਂ ਦਾ ਮਾਲੀ ਨੁਕਸਾਨ ਹੋਇਆ ਹੈ। ਹੱਜ ਤੋਂ ਪਰਤਣ ਵਾਲਿਆਂ ਲਈ ਵੀ ਢੁੱਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਹਵਾਈ ਅੱਡਿਆਂ ’ਤੇ ਨੋਡਲ ਅਫ਼ਸਰ ਤਾਇਨਾਤ ਕੀਤੇ ਗਏ ਹਨ ਜੋ 18 ਅਗਸਤ ਤੋਂ ਪਰਤਣ ਵਾਲੇ ਯਾਤਰੀਆਂ ਦੀ ਘਰ ਪਹੁੰਚਣ ਵਿਚ ਮਦਦ ਕਰਨਗੇ। ਐਤਵਾਰ ਨੂੰ ਬਜ਼ਾਰ ਖੁੱਲ੍ਹਣ ਮੌਕੇ ਲੋਕ ਕਤਾਰਾਂ ਵਿਚ ਲੱਗ ਕੇ ਵਸਤਾਂ ਖ਼ਰੀਦਦੇ ਦੇਖੇ ਗਏ। ਅਲੀਗੜ੍ਹ, ਨਵੀਂ ਦਿੱਲੀ ਸਣੇ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀਆਂ ਦਾ ਈਦ ਮੌਕੇ ਪਰਿਵਾਰ ਨਾਲ ਰਾਬਤਾ ਬਣਾਉਣ ਲਈ ਵੀ ਪ੍ਰਬੰਧ ਕੀਤੇ ਗਏ ਹਨ।
ਸੀਆਰਪੀਐੱਫ ਨੇ ਉਨ੍ਹਾਂ ਕਸ਼ਮੀਰੀ ਲੋਕਾਂ ਲਈ ਸ੍ਰੀਨਗਰ ਅਧਾਰਿਤ ਇਕ ਖ਼ਾਸ ਹੈਲਪਲਾਈਨ ਸ਼ੁਰੂ ਕੀਤੀ ਹੈ ਜਿਨ੍ਹਾਂ ਨੂੰ ਆਪਣੇ ਪਰਿਵਾਰ ਲਈ ਕਿਸੇ ਤਰ੍ਹਾਂ ਦੀ ਮਦਦ ਚਾਹੀਦੀ ਹੈ। ‘ਮਦਦਗਾਰ’ ਨਾਂ ਦੀ ਇਸ ਹੈਲਪਲਾਈਨ ਦਾ ਨੰਬਰ ‘9469793260’ ਹੈ। ਫ਼ੌਜ ਨੇ ਜੰਮੂ ਵਿਚ ‘ਮਿਸ਼ਨ ਰੀਚ ਆਊਟ’ ਆਰੰਭਿਆ ਹੈ। ਇਸ ਦਾ ਮੰਤਵ ਲੋਕਾਂ ਨੂੰ ਜ਼ਰੂਰੀ ਵਰਤੋਂ ਦੀਆਂ ਵਸਤਾਂ ਤੇ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਇਸ ਸਬੰਧੀ ਵ੍ਹਾਈਟ ਨਾਈਟ ਕੋਰ ਕਮਾਂਡਰ ਲੈਫ਼ਟੀਨੈਂਟ ਜਨਰਲ ਪਰਮਜੀਤ ਸਿੰਘ ਦੀ ਅਗਵਾਈ ’ਚ ਨਗਰੋਟਾ ਮਿਲਟਰੀ ਸਟੇਸ਼ਨ ’ਤੇ ਅੱਜ ਇਕ ਮੀਟਿੰਗ ਕੀਤੀ ਗਈ। ਇਸ ਦੌਰਾਨ ਹੀ ਕਿਸ਼ਤਵਾੜ ’ਚ ਵੀ ਅੱਜ ਸਵੇਰੇ 8 ਵਜੇ ਤੋਂ ਕਰਫ਼ਿਊ ਵਿਚ ਰਾਹਤ ਦਿੱਤੀ ਗਈ ਹੈ। ਡੀਜੀਪੀ ਦਿਲਬਾਗ ਸਿੰਘ ਨੇ ਅੱਜ ਕਿਸ਼ਤਵਾੜ ਦਾ ਦੌਰਾ ਕੀਤਾ। ਪੀਟੀਆਈ
ਸ੍ਰੀਨਗਰ: ਭਾਰਤੀ ਅਥਾਰਿਟੀ ਨੇ ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ਵਿਚ ਐਤਵਾਰ ਨੂੰ ਈਦ ਤੋਂ ਇਕ ਦਿਨ ਪਹਿਲਾਂ ਮੁੜ ਪਾਬੰਦੀਆਂ ਦੇ ਹੁਕਮ ਜਾਰੀ ਕਰ ਦਿੱਤੇ ਹਨ। ਲੋਕਾਂ ਨੂੰ ਘਰਾਂ ਅੰਦਰ ਜਾਣ ਲਈ ਕਿਹਾ ਗਿਆ ਹੈ। ਸਰਕਾਰ ਨੂੰ ਖ਼ਦਸ਼ਾ ਹੈ ਕਿ ਵੱਡੇ ਇਕੱਠ ਰੋਸ ਪ੍ਰਦਰਸ਼ਨਾਂ ਨੂੰ ਜਨਮ ਦੇ ਸਕਦੇ ਹਨ। ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਮਗਰੋਂ ਨੌਜਵਾਨਾਂ ਵੱਲੋਂ ਕੀਤੇ ਮੁਜ਼ਾਹਰੇ ਨੂੰ ਕੁਝ ਕੌਮਾਂਤਰੀ ਬਰਾਡਕਾਸਟ ਅਦਾਰਿਆਂ ਨੇ ਨਸ਼ਰ ਕੀਤਾ ਸੀ। ਸੂਬੇ ਦੇ ਪੁਲੀਸ ਮੁਖੀ ਦਿਲਬਾਗ ਸਿੰਘ ਨੇ ਮੰਨਿਆ ਹੈ ਕਿ 1000-1500 ਲੋਕ ਸ਼ੁੱਕਰਵਾਰ ਨੂੰ ਜਦ ਨਮਾਜ਼ ਅਦਾ ਕਰ ਕੇ ਪਰਤ ਰਹੇ ਸਨ ਤਾਂ ‘ਕੁਝ ਗੜਬੜੀ ਪੈਦਾ ਕਰਨ ਵਾਲੇ ਅਨਸਰਾਂ’ ਨੇ ਸੁਰੱਖਿਆ ਬਲਾਂ ਵੱਲ ਪੱਥਰ ਸੁੱਟੇ। ਉਨ੍ਹਾਂ ਕਿਹਾ ਕਿ ਇਸ ਦੇ ਜਵਾਬ ’ਚ ਹਲਕੀ ਫਾਇਰਿੰਗ ਕੀਤੀ ਗਈ।

-ਰਾਇਟਰਜ਼

ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਇਕ ਫੋਟੋ ’ਚ ਸੁਰੱਖਿਆ ਬਲਾਂ ਦੇ ਜਵਾਨ ਤੇ ਪ੍ਰਸ਼ਾਸਕੀ ਅਮਲਾ ਕਸ਼ਮੀਰ ਘਾਟੀ ’ਚ ਲੋਕਾਂ ਦਾ ਰਿਸ਼ਤੇਦਾਰਾਂ ਨਾਲ ਫੋਨ ’ਤੇ ਰਾਬਤਾ ਬਣਾਉਣ ’ਚ ਮਦਦ ਕਰਦਾ ਹੋਇਆ। -ਫੋਟੋ: ਪੀਟੀਆਈ

ਮਦਦ ਲਈ ਸੀਆਰਪੀਐੱਫ ਤੇ ਫ਼ੌਜ ਵੱਲੋਂ ਨਿਵੇਕਲੀ ਪਹਿਲ

ਜੰਮੂ/ਨਵੀਂ ਦਿੱਲੀ: ਸੀਆਰਪੀਐੱਫ ਨੇ ਉਨ੍ਹਾਂ ਕਸ਼ਮੀਰੀ ਲੋਕਾਂ ਲਈ ਸ੍ਰੀਨਗਰ ਅਧਾਰਿਤ ਇਕ ਖ਼ਾਸ ਹੈਲਪਲਾਈਨ ਸ਼ੁਰੂ ਕੀਤੀ ਹੈ ਜਿਨ੍ਹਾਂ ਨੂੰ ਆਪਣੇ ਪਰਿਵਾਰ ਲਈ ਕਿਸੇ ਤਰ੍ਹਾਂ ਦੀ ਮਦਦ ਚਾਹੀਦੀ ਹੈ ਜਾਂ ਉਹ ਤਣਾਅ ਵਿਚ ਹਨ। ‘ਮਦਦਗਾਰ’ ਨਾਂ ਦੀ ਇਸ ਹੈਲਪਲਾਈਨ ਦਾ ਨੰਬਰ ‘9469793260’ ਹੈ। ਫ਼ੌਜ ਨੇ ਜੰਮੂ ਵਿਚ ‘ਮਿਸ਼ਨ ਰੀਚ ਆਊਟ’ ਆਰੰਭਿਆ ਹੈ। ਇਸ ਦਾ ਮੰਤਵ ਲੋਕਾਂ ਨੂੰ ਜ਼ਰੂਰੀ ਵਰਤੋਂ ਦੀਆਂ ਵਸਤਾਂ ਤੇ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਇਸ ਸਬੰਧੀ ਵ੍ਹਾਈਟ ਨਾਈਟ ਕੋਰ ਕਮਾਂਡਰ ਲੈਫ਼ਟੀਨੈਂਟ ਜਨਰਲ ਪਰਮਜੀਤ ਸਿੰਘ ਦੀ ਅਗਵਾਈ ’ਚ ਨਗਰੋਟਾ ਮਿਲਟਰੀ ਸਟੇਸ਼ਨ ’ਤੇ ਅੱਜ ਇਕ ਮੀਟਿੰਗ ਕੀਤੀ ਗਈ। ਇਸ ਮੌਕੇ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।

ਸ੍ਰੀਨਗਰ: ਧਾਰਾ 370 ਹਟਾਉਣ ਵਿਰੁੱਧ ਰੋਸ ਮੁਜ਼ਾਹਰੇ

ਸ੍ਰੀਨਗਰ: ਸ੍ਰੀਨਗਰ ਵਿੱਚ ਅੱਜ ਸੈਂਕੜੇ ਲੋਕਾਂ ਨੇ ਭਾਰਤ ਵੱਲੋਂ ਸੂਬੇ ’ਚੋਂ ਧਾਰਾ 370 ਹਟਾਏ ਜਾਣ ਖ਼ਿਲਾਫ਼ ਰੋਸ ਮੁਜ਼ਾਹਰੇ ਕੀਤੇ ਹਨ। ਇਸ ਦੇ ਨਾਲ ਹੀ ਆਵਾਜਾਈ ਸਬੰਧੀ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ ਤੇ ਸੰਚਾਰ ਸਾਧਨ ਅਜੇ ਵੀ ਪੂਰੀ ਤਰ੍ਹਾਂ ਠੱਪ ਹਨ। ਈਦ ਦੇ ਮੱਦੇਨਜ਼ਰ ਪਾਬੰਦੀਆਂ ’ਚ ਜਿਹੜੀ ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਆਰਜ਼ੀ ਢਿੱਲ ਦਿੱਤੀ ਗਈ ਸੀ, ਉਨ੍ਹਾਂ ਨੂੰ ਐਤਵਾਰ ਦੁਪਹਿਰੇ ਮੁੜ ਲਾਗੂ ਕਰ ਦਿੱਤਾ ਹੈ। ਪੁਲੀਸ ਦੀਆਂ ਵੈਨਾਂ ਪੂਰੇ ਸ਼ਹਿਰ ਵਿਚ ਘੁੰਮੀਆਂ ਤੇ ਲੋਕਾਂ ਨੂੰ ਦੁਕਾਨਾਂ ਬੰਦ ਕਰ ਕੇ ਘਰ ਜਾਣ ਲਈ ਕਹਿ ਦਿੱਤਾ ਗਿਆ। ਐਤਵਾਰ ਸ਼ਾਮ ਤੱਕ ਜ਼ਿਆਦਾਤਰ ਗਲੀਆਂ ’ਚ ਸੰਨਾਟਾ ਛਾ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਫ਼ੌਜ ਵੱਖ-ਵੱਖ ਇਲਾਕਿਆਂ ਦੀ ਨਜ਼ਰਸਾਨੀ ਕਰ ਰਹੀ ਹੈ। ਗੁੱਸੇ ਵਾਲੇ ਰੌਂਅ ਵਿੱਚ ਕਸ਼ਮੀਰੀ ਅੱਜ ਸ੍ਰੀਨਗਰ ਦੇ ਸੌਰਾ ਇਲਾਕੇ ਵਿਚ ਦੁਪਹਿਰ ਦੀ ਨਮਾਜ਼ ਮੌਕੇ ਮਸਜਿਦ ਵਿਚ ਇਕੱਤਰ ਹੋਏ ਤੇ ਭਾਰਤ ਵਿਰੋਧੀ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਪ੍ਰਦਰਸ਼ਨਕਾਰੀਆਂ ਨੇ ਕਈ ਬੈਨਰ ਚੁੱਕੇ ਹੋਏ ਸਨ। ਇਨ੍ਹਾਂ ’ਤੇ ‘ਸੇਵ ਆਰਟੀਕਲ 35ਏ’ ਲਿਖਿਆ ਹੋਇਆ ਸੀ। ਰੋਸ ਮਾਰਚ ਕਰ ਰਹੇ ਪੁਰਸ਼ਾਂ ਨਾਲ ਵੱਡੀ ਗਿਣਤੀ ’ਚ ਔਰਤਾਂ ਵੀ ਸਨ। ਲੋਕਾਂ ਦੀ ਭੀੜ ਨਾਅਰੇ ਮਾਰ ਰਹੀ ਸੀ ‘ਅਸੀਂ ਕੀ ਚਾਹੁੰਦੇ ਹਾਂ? ਆਜ਼ਾਦੀ। ਕਦੋਂ ਚਾਹੁੰਦੇ ਹਾਂ? ਹੁਣੇ।’ ਕੁੱਝ ਵਿਅਕਤੀਆਂ ਨੇ ਪੇਪਰ ਬੈਨਰ ਫੜੇ ਹੋਏ ਸਨ ਜਿਨ੍ਹਾਂ ’ਤੇ ਲਿਖਿਆ ਸੀ ‘ਮੋਦੀ, ਕਸ਼ਮੀਰ ਤੇਰੀ ਜਾਇਦਾਦ ਨਹੀਂ ਹੈ’। ਭਾਰਤੀ ਗ੍ਰਹਿ ਮੰਤਰਾਲੇ ਨੇ ਇਸ ਬਾਰੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ। ਇਸੇ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਵੀ ਵੱਡੇ ਮੁਜ਼ਾਹਰੇ ਹੋਏ ਸਨ।

-ਰਾਇਟਰਜ਼

ਪਾਕਿਸਤਾਨੀ ਫ਼ੌਜ ਦੇ ਕੰਟਰੋਲ ਰੇਖਾ ਵੱਲ ਵਧਣ ਦਾ ਦਾਅਵਾ

ਇਸਲਾਮਾਬਾਦ: ਇਕ ਪਾਕਿਸਤਾਨੀ ਪੱਤਰਕਾਰ ਮੁਤਾਬਕ ਪਾਕਿ ਫ਼ੌਜ ਭਾਰੀ ਜੰਗੀ ਮਸ਼ੀਨਰੀ ਨਾਲ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਰਾਹੀਂ ਕੰਟਰੋਲ ਰੇਖਾ ਵੱਲ ਵੱਧ ਰਹੀ ਹੈ। ਪੱਤਰਕਾਰ ਹਾਮਿਦ ਮੀਰ ਨੇ ਇਕ ਟਵੀਟ ਵਿਚ ਲਿਖਿਆ ਹੈ ਕਿ ਉਸ ਨੇ ਸਥਾਨਕ ਲੋਕਾਂ ਤੋਂ ਸੁਣਿਆ ਹੈ ਕਿ ਪੀਓਕੇ ਵਿਚ ਫ਼ੌਜੀ ਗਤੀਵਿਧੀ ਕਾਫ਼ੀ ਜ਼ਿਆਦਾ ਹੈ ਤੇ ਲੋਕਾਂ ਨੇ ਉਨ੍ਹਾਂ ਦਾ ‘ਭਰਵਾਂ’ ਸਵਾਗਤ ਕੀਤਾ ਹੈ। ਮੀਰ ਨੇ ਦੱਸਿਆ ਕਿ ਉਸ ਨੂੰ ਪੀਓਕੇ ਤੋਂ ਦੋਸਤਾਂ ਦੇ ਫੋਨ ਆਏ ਹਨ ਤੇ ਸਥਾਨਕ ਲੋਕ ਫ਼ੌਜ ਦਾ ‘ਕਸ਼ਮੀਰ ਬਨੇਗਾ ਪਾਕਿਸਤਾਨ’ ਨਾਅਰਿਆਂ ਨਾਲ ਸਵਾਗਤ ਕਰ ਰਹੇ ਹਨ।

-ਆਈਏਐੱਨਐੱਸ


Comments Off on ਮਸਜਿਦਾਂ ’ਚ ਈਦ ਦੀ ਨਮਾਜ਼ ਅਦਾ ਕਰਨ ਦੀ ਖੁੱਲ੍ਹ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.