ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਮਨੋਤੰਤੂ ਰੋਗ ਕੀ ਹੈ ?

Posted On August - 30 - 2019

ਡਾ. ਆਗਿਆਜੀਤ ਸਿੰਘ

ਮਨੋਤੰਤੂ ਰੋਗ ਜਿਸ ਨੂੰ ਮਨਸੰਤਾਪ ਵੀ ਕਿਹਾ ਜਾਂਦਾ ਹੈ, ਇਕ ਭਾਵਾਤਮਕ ਵਿਕਾਰ ਹੈ, ਜਿਹੜਾ ਇਕ ਵਿਅਕਤੀ ਨੂੰ ਵਾਰ-ਵਾਰ ਤੰਗ ਕਰਦਾ ਰਹਿੰਦਾ ਹੈ ਅਤੇ ਇਸ ਦੀ ਉਤੇਜਣਾ ਇਕ ਤੀਬਰ ਵਿਸ਼ਾਦ ਤੇ ਡਰ ਵਾਲੀ ਹਾਲਤ ਤੋਂ ਹੁੰਦੀ ਹੈ। ਮਨਸੰਤਾਪੀ ਵਿਅਕਤੀ ਆਪਣੀਆਂ ਲੋੜਾਂ ਤੇ ਖਾਹਿਸ਼ਾਂ ਨੂੰ ਸੰਤੁਸ਼ਟ ਕਰਨ ਲਈ ਅਤੇ ਸਮਾਜਿਕ ਜ਼ਿੰਮੇਵਾਰੀਆਂ ਤੇ ਫਰਜ਼ਾਂ ਅਤੇ ਰੋਜ਼ਮਰਾ ਦੀ ਜ਼ਿੰਦਗੀ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਔਕੜਾਂ ਤੇ ਦਿੱਕਤਾਂ ਮਹਿਸੂਸ ਕਰਦਾ ਹੈ। ਉਸ ਨੂੰ ਪਤਾ ਹੁੰਦਾ ਹੈ ਕਿ ਉਸ ਵਿੱਚ ਕੁਝ ਨੁਕਸ ਹਨ ਪਰ ਉਸ ਨੂੰ ਇਹ ਪਤਾ ਨਹੀਂ ਹੁੰਦਾ ਕਿ ਇਹ ਕੀ ਹਨ। ਕਈ ਵਾਰ ਉਸ ਨੂੰ ਇਹ ਪਤਾ ਹੁੰਦਾ ਹੈ ਕਿ ਉਸ ਦੀਆਂ ਦਿੱਕਤਾਂ ਤੇ ਤਕਲੀਫ਼ਾਂ ਉਸ ਦੇ ਅੰਦਰੂਨੀ ਸੰਘਰਸ਼ਾਂ ਕਰ ਕੇ ਹੁੰਦੀਆਂ ਹਨ। ਦੂਜੇ ਸ਼ਬਦਾਂ ਵਿੱਚ ਆਮ ਤੌਰ ’ਤੇ ਮਨਸੰਤਾਪੀ ਨੂੰ ਭਾਵਾਤਮਕ ਵਿਕਾਰਾਂ ਦੀ ਥੋੜ੍ਹੀ ਬਹੁਤ ਸਮਝ ਹੁੰਦੀ ਹੈ। ਮਨੋਤੰਤੂ ਰੋਗ ਵਿਅਕਤੀ ’ਤੇ ਪੈਂਦੇ ਭਾਵਾਤਮਕ ਤਣਾਉ ਤੇ ਦਬਾਉ ਕਾਰਨ ਉਸ ਦੇ ਵਿਵਹਾਰ ਦਾ ਦੋਸ਼ਪੂਰਣ ਕਾਰਜ ਹੈ, ਜਿਹੜਾ ਵਿਸ਼ਾਦ, ਸੰਘਰਸ਼, ਹੀਣਤਾ ਜਾਂ ਨਿੱਜੀ ਅਣਸੁਰੱਖਿਅਤਾ ਕਰ ਕੇ ਹੁੰਦਾ ਹੈ। ਇਹ ਇਕ ਭਾਵਾਤਮਕ ਵਿਕਾਰ ਹੈ, ਜਿਸ ਵਿੱਚ ਦੁੱਖ ਤੇ ਨਿੱਜੀ ਗ਼ੈਰ-ਸੁਯੋਗਤਾ ਦੇ ਚਿੰਨ੍ਹ ਅੰਦੂਰਨੀ ਸੰਘਰਸ਼ ਤੇ ਵਾਤਾਵਰਣਿਕ ਦਬਾਊ ਨਾਲ ਸਬੰਧਿਤ ਹੁੰਦੇ ਹਨ। ਇਹ ਪ੍ਰਗਟ ਹੋਏ ਚਿੰਨ੍ਹ ਵਿਅਕਤੀ ਦੀ ਉਸ ਵਿਵਹਾਰ ਪ੍ਰਕ੍ਰਿਆ ਦੇ ਹੁੰਦੇ ਹਨ, ਜਿਹੜੇ ਉਸ ਦੀ ਗੁੰਝਲਦਾਰ ਤੇ ਸੰਘਰਸ਼ ਭਰਪੂਰ ਸਮੱਸਿਆਵਾਂ ਦਾ ਹੱਲ ਲੱਭਣ ਲਈ ਅਚੇਤੇ ਹੀ ਕੇਂਦ੍ਰਿਤ ਹੁੰਦੇ ਹਨ। ਇਹ ਚਿੰਨ੍ਹ ਧਮਕਾਉਣ ਵਾਲੀਆਂ ਅਤੇ ਅਸਹਿ ਸਥਿਤੀਆਂ ਦੇ ਪ੍ਰਤੀਕਰਮ ਹੁੰਦੇ ਹਨ।
ਮਨੋਤੰਤੂ ਰੋਗ ਮਾਨਸਿਕ ਬਿਮਾਰੀ ਦੀ ਇੱਕ ਘੱਟ ਤੀਬਰਤਾ ਵਾਲੀ ਕਿਸਮ ਹੈ ਪਰ ਇਹ ਵਿਅਕਤੀ ਨੂੰ ਬਹੁਤ ਤਕਲੀਫ਼ ਦਿੰਦਾ ਹੈ ਅਤੇ ਉਸ ਲਈ ਜਿਊਣਾ ਬਹੁਤ ਮੁਸ਼ਕਿਲ ਬਣਾ ਦਿੰਦਾ ਹੈ, ਭਾਵੇਂ ਉਹ ਸਾਧਾਰਨ ਤਰੀਕੇ ਨਾਲ ਹੀ ਰੋਜ਼ਾਨਾ ਜ਼ਿੰਦਗੀ ਦੀਆਂ ਕਿਰਿਆਵਾਂ ਨੂੰ ਚਲਾਉਣ ਦੇ ਯੋਗ ਹੁੰਦਾ ਹੈ। ਇਕ ਮਨਸੰਤਾਪੀ ਰੋਗੀ ਮਨੋਭਰਮ ਜਾਂ ਵਹਿਮਾਂ ਤੋਂ ਦੁਖੀ ਨਹੀਂ ਹੁੰਦਾ ਨਾ ਹੀ ਉਹ ਆਪਣੇ ਵੱਲ ਤੇ ਸਮਾਜ ਵੱਲ ਕਿਸੇ ਹਿੰਸਕ ਤਰੀਕੇ ਨਾਲ ਵਿਵਹਾਰ ਕਰਦਾ ਹੈ। ਉਹ ਕੇਵਲ ਨਾਖੁਸ਼, ਗਮਗੀਨ, ਚਿੰਤਾਦਾਇਕ, ਅਯੋਗ ਅਤੇ ਪ੍ਰਭਾਵਹੀਣ ਹੁੰਦਾ ਹੈ। ਉਸ ਵਿੱਚ ਅਚੇਤ ਜਾਂ ਸੁਚੇਤ ਸੰਘਰਸ਼ਾਂ ਕਾਰਨ ਆਪਣੀ ਯੋਗਤਾ ਤੇ ਪ੍ਰਤਿਭਾ ਦਾ ਠੀਕ ਢੰਗ ਨਾਲ ਵਰਤੋਂ ਕਰਨ ਵਿੱਚ ਅਤੇ ਸਮਾਜਿਕ ਸੰਬੰਧਾਂ ਦੇ ਵਿਕਾਸ ਵਿੱਚ ਰੋਕ ਪੈਦਾ ਹੋ ਜਾਂਦੀ ਹੈ।

ਡਾ. ਆਗਿਆਜੀਤ ਸਿੰਘ

ਮਨੋਤੰਤੂ ਰੋਗ ਦੇ ਚਿੰਨ੍ਹ ਭਿੰਨ-ਭਿੰਨ ਹੁੰਦੇ ਹਨ। ਆਮ ਮਨੋਵਿਗਿਆਨਕ ਸ਼ਿਕਾਇਤਾਂ ਜਿਵੇਂ ਚਿੰਤਾ, ਦਿਲ-ਢਾਹੂ ਖ਼ਿਆਲ, ਉਤਸ਼ਾਹੀਣਤਾ ਮਨੋਭਾਵ, ਇਕਾਗਤਾ ਜਾਂ ਫ਼ੈਸਲਾ ਕਰਨ ਦੀ ਅਯੋਗਤਾ, ਯਾਦਦਾਸ਼ਤ ਦਾ ਵਿਗਾੜ, ਤੀਬਰ ਚਿੜਚਿੜਾਪਨ, ਰੋਗ-ਗ੍ਰਸਤਤਾ, ਦੂਸ਼ਿਤ ਸ਼ਕ, ਮਨੋਗ੍ਰਸਤਤਾ ਜਾਂ ਮਾਨਸਿਕ ਬੋਝ, ਅਨੁਚਿਤ ਡਰ, ਉਨੀਂਦਰਾ ਰੋਗ, ਬੰਧਨ ਅਤੇ ਸਮਾਜਿਕ ਸੰਬੰਧਾਂ ਦਾ ਆਨੰਦ ਮਾਣਨ ਦੀ ਅਯੋਗਤਾ ਅਦਿ ਕੁਝ ਕੁ ਮਨੋਤੰਤੂ ਰੋਗ ਦੇ ਚਿੰਨ੍ਹ ਹਨ।ਇਸ ਰੋਗ ਦੇ ਕੁਝ ਭੌਤਿਕ ਅਤੇ ਸਰੀਰਕ ਚਿੰਨ੍ਹ ਵੀ ਹਨ, ਜਿਹੜੇ ਆਮ ਤੌਰ ’ਤੇ ਤੀਬਰ ਸੰਵੇਗ ਅਤੇ ਸੰਘਰਸ਼ ਦੇ ਸਰੀਰਕ ਪੱਖ ਨਾਲ ਸਬੰਧਿਤ ਹਨ: ਜਿਵੇਂ ਗਤੀਆਤਮਕ ਤੇ ਸੰਵੇਦਾਤਮਕ ਕਾਰਜਾਂ ਵਿੱਚ ਮਨਮਾਨੀ ਤੇ ਨਿਯੰਤਰਨ ਦਾ ਖੋ ਜਾਣਾ, ਸਾਹ ਦਾ ਘੱਟ ਆਉਣਾ, ਵਾਰ-ਵਾਰ ਦਬਾਉ, ਥਕਾਵਟ, ਸਿਰਦਰਦ, ਪੇਟ ਵਿੱਚ ਗੈਸ ਦੀ ਤਕਲੀਫ਼, ਦਿਲ ਦੀ ਤੇਜ਼ ਧੜਕਨ, ਦਿਲ ਦੀਆਂ ਤਕਲੀਫ਼ਾਂ, ਸਰੀਰਕ ਤਾਪਮਾਨ ਦਾ ਵੱਧ ਜਾਂ ਘੱਟ ਹੋ ਜਾਣਾ ਅਤੇ ਬਹੁਤ ਜ਼ਿਆਦਾ ਦਰਦਾਂ ਦਾ ਹੋਣਾ ਆਦਿ। ਇਸ ਰੋਗ ਵਿੱਚ ਤੀਬਰ ਭਾਵਾਤਮਕ ਪ੍ਰਤੀਕ੍ਰਿਆ ਹੁੰਦੀ ਹੈ। ਰੋਗੀ ਆਮ ਤੌਰ ’ਤੇ ਬਹੁਤ ਜ਼ਿਆਦਾ ਭਰਿਆ ਹੋਇਆ ਅਤੇ ਤਣਿਆ ਹੋਇਆ ਹੁੰਦਾ ਹੈ। ਉਹ ਅਣਸੁਰੱਖਿਅਤ ਮਹਿਸੂਸ ਕਰਦਾ ਹੈ ਅਤੇ ਬੇਚੈਨ ਰਹਿੰਦਾ ਹੈ। ਉਸ ਨੂੰ ਇਹ ਡਰ ਹੁੰਦਾ ਹੈ ਕਿ ਕੋਈ ਭਿਆਨਕ ਗੱਲ ਵਾਪਰਨ ਵਾਲੀ ਹੈ। ਉਹ ਕੰਬਦਾ ਹੈ, ਸਿਰਦਰਦ ਮਹਿਸੂਸ ਹੁੰਦਾ ਹੈ। ਕਈ ਵਾਰ ਉਸ ਨੂੰ ਨੀਂਦ ਨਹੀਂ ਆਉਂਦੀ, ਹਾਜ਼ਮਾ ਖ਼ਰਾਬ ਹੋ ਜਾਂਦਾ ਹੈ, ਸਾਹ ਰੁੱਕ ਕੇ ਆਉਂਦਾ ਹੈ ਜਾਂ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ। ਇਸ ਦੇ ਕਈ ਹੋਰ ਚਿੰਨ੍ਹ ਤਣਾਉ, ਆਮ ਭੈ, ਅਣਸੁਰੱਖਿਅਤਾ ਦੀਆਂ ਭਾਵਨਾਵਾਂ, ਬੇਚੈਨੀ, ਉਨੀਦਰਾਂ ਰੋਗ, ਮਿਹਦੇ ਵਿੱਚ ਗੜਬੜ ਜਾਂ ਕਿਸੇ ਮੁਸੀਬਤ ਦਾ ਫਜ਼ੂਲ ਡਰ ਹੁੰਦਾ ਹੈ। ਚਿੰਤਾ ਦਰਅਸਲ ਜ਼ਿੰਦਗੀ ਵਿੱਚ ਹੋਣ ਵਾਲੇ ਮਾਨਸਿਕ ਦਬਾਉ ਅਤੇ ਤਣਾਉ ਤੋਂ ਪੈਦਾ ਹੁੰਦੀ ਹੈ ਅਤੇ ਕਈ ਵਾਰ ਮਾਨਸਿਕ ਸੰਘਰਸ਼ ਜਾਂ ਦੁਬਦਾ ਨੂੰ ਵੀ ਜਨਮ ਦਿੰਦੀ ਹੈ।
ਆਮ ਲੋਕ ਮਨੋਤੰਤੂ ਰੋਗ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਜਦ ਉਹ ਥਕਾਵਟ, ਸਿਰਦਰਦ ਜਾਂ ਕਿਸੇ ਅੰਗ ਦੇ ਅਧਰੰਗ ਦੀ ਸ਼ਿਕਾਇਤ ਕਰਦੇ ਹਨ ਤਾਂ ਦੂਜੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ ਅਤੇ ਉਨ੍ਹਾਂ ਨੂੰ ਬਹਾਨੇ ਬਣਾਉਣ ਵਾਲੇ ਜਾਂ ਕਲਪਨਾ ਕਰਨ ਵਾਲੇ ਸਮਝਦੇ ਹਨ। ਮਨੋਤੰਤੂ ਰੋਗੀਆਂ ’ਤੇ ਇਹ ਦੋਸ਼ ਲਾਇਆ ਜਾਂਦਾ ਹੈ ਕਿ ਉਹ ਬਿਮਾਰੀ ਕਲਪਿਤ ਕਰਦੇ ਹਨ। ਭਾਵੇਂ ਉਸ ਦੇ ਚਿੰਨ੍ਹ ਮਨੋਵਿਗਿਆਨਕ ਹੁੰਦੇ ਹਨ ਪਰ ਇਸ ਨਾਲ ਉਨ੍ਹਾਂ ਦੇ ਦੁੱਖ ਘੱਟ ਦਰਦ ਭਰਪੂਰ ਹੁੰਦੇ ਹਨ। ਕੁਝ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਮਨੋਵਿਗਿਆਨਕ ਤਕਲੀਫ਼ਾਂ ਸਾਡੀਆਂ ਆਪਣੀਆਂ ਹੀ ਬਣਾਈਆਂ ਹੋਈਆਂ ਹੁੰਦੀਆਂ ਹਨ, ਇਹ ਵਿਚਾਰ ਠੀਕ ਨਹੀਂ ਹੈ।ਮਨੋਤੰਤੂ ਰੋਗ ਦੇ ਚਿੰਨ੍ਹ ਕਲਪਿਤ ਨਹੀਂ ਹੁੰਦੇ ਪਰ ਅਸਲੀ ਹੁੰਦੇ ਹਨ। ਜਦੋਂ ਇਕ ਆਦਮੀ ਕਹਿੰਦਾ ਹੈ ਕਿ ਉਹ ਥੱਕਿਆ ਹੋਇਆ ਹੈ ਤਾਂ ਉਹ ਕਲਪਨਾ ਨਹੀਂ ਕਰ ਰਿਹਾ ਹੁੰਦਾ ਕਿ ਉਹ ਸੱਚ ਮੁੱਚ ਹੀ ਥੱਕਿਆ ਹੋਇਆ ਹੁੰਦਾ ਹੈ। ਹਿਸਟੀਰੀਆ ਦਾ ਮਰੀਜ਼ ਵਾਸਤਵਿਕ ਤੌਰ ’ਤੇ ਅਧਰੰਗੀ ਹੁੰਦਾ ਹੈ। ਇਕ ਆਦਮੀ ਜਿਹੜਾ ਲੋਕਾਂ ਦੇ ਸਾਹਮਣੇ ਭਾਸ਼ਨ ਕਰਨ ਲੱਗਿਆ ਘਬਰਾ ਜਾਂਦਾ ਹੈ, ਜ਼ੁਬਾਨਹੀਣ ਹੋ ਜਾਂਦਾ ਹੈ, ਜਿਸ ਨੂੰ ਪਸੀਨਾ ਆ ਜਾਂਦਾ ਹੈ ਅਤੇ ਉਹ ਕੰਬਣ ਲੱਗ ਪੈਂਦਾ ਹੈ ਜਾਂ ਅਸਹਿ ਸਥਿਤੀ ਦਾ ਸਾਹਮਣਾ ਕਰਨ ’ਤੇ ਉਤੇਜਿਤ ਹੋ ਜਾਂਦਾ ਹੈ ਤਾਂ ਉਹ ਕੋਈ ਬਣਾਉਟੀ ਗੱਲਾਂ ਨਹੀਂ ਬਣਾ ਰਿਹਾ ਹੁੰਦਾ। ਉਸ ਦੀ ਮਨੋਵਿਗਿਆਨਕ ਹਾਲਤ ਨੇ ਇਹ ਸਰੀਰਕ ਚਿੰਨ੍ਹ ਪ੍ਰਗਟ ਕੀਤੇ ਹੁੰਦੇ ਹਨ ਅਤੇ ਇਹ ਸਥਿਤੀ ਅਨੁਸਾਰ ਬਦਲ ਵੀ ਜਾਂਦੇ ਹਨ। ਇਸ ਤੋਂ ਸਿੱਧ ਹੁੰਦਾ ਹੈ ਕਿ ਮਨੋਤੰਤੂ ਰੋਗੀ ਵਿਅਕਤੀ ਦੀ ਵਿਅਕਤਿਤਵ ਅਤੇ ਉਸ ਦੀ ਤਣਾਉ ਵਾਲੀ ਸਥਿਤੀ ਵਿਚਕਾਰ ਅੰਤਰ-ਕ੍ਰਿਆ ਕਰ ਕੇ ਹੁੰਦਾ ਹੈ।
ਮਨੋਤੰਤੂ ਰੋਗ ਭਾਵਾਤਮਕ ਦਬਾਉ, ਸੰਘਰਸ਼ ਤੇ ਵਿਸ਼ਾਦ ਰਾਹੀਂ ਵਧਦਾ ਹੈ ਅਤੇ ਇਸ ਦਾ ਪ੍ਰਭਾਵਸ਼ਾਲੀ ਇਲਾਜ ਮਨੋਵਿਗਿਆਨਕ ਵਿਧੀਆਂ ਰਾਹੀਂ ਹੁੰਦਾ ਹੈ। ਇਹ ਸਰੀਰਕ ਵਿਕਾਰਾਂ ਨਾਲ ਪੈਦਾ ਨਹੀਂ ਹੁੰਦੇ ਅਤੇ ਸਾਧਾਰਣ ਚਿਕਿਤਸਾ ਦਾ ਇਸ ’ਤੇ ਕੋਈ ਪ੍ਰਭਾਵ ਨਹੀਂ ਹੁੰਦਾ। ਭਾਵੇਂ ਇਹ ਰੋਗ ਵਿਅਕਤੀ ਦੇ ਆਪਣੇ ਮਿੱਤਰਾਂ ਤੇ ਸਾਥੀਆਂ ਲਈ ਗੰਭੀਰ ਤਕਲੀਫ ਦਾ ਸੋਮਾ ਹੈ ਕਿਉਂਕਿ ਇਹ ਰੋਗ ਉਸ ਨੂੰ ਕਈ ਕੰਮਾਂ ਲਈ ਅਸਮਰੱਥ ਕਰ ਦਿੰਦੇ ਹਨ ਅਤੇ ਕਈ ਕੰਮਾਂ ਲਈ ਅਯੋਗ ਬਣਾ ਦਿੰਦੇ ਹਨ ਪਰ ਇਸ ਦੇ ਚਿੰਨ੍ਹ ਅਜਿਹੇ ਹੁੰਦੇ ਹਨ ਕਿ ਰੋਗੀ ਨੂੰ ਹਸਪਤਾਲ ਦਾਖ਼ਲ ਕਰਾਉਣ ਦੀ ਅਤੇ ਦੂਸਰਿਆਂ ਤੋਂ ਵੱਖ ਕਰਨ ਦੀ ਲੋੜ ਨਹੀਂ ਹੁੰਦੀ। ਕੁਝ ਰੋਗੀ ਮਨਮਰਜ਼ੀ ਨਾਲ ਹੀ ਹਸਪਤਾਲ ਵਿੱਚ ਇਲਾਜ ਕਰਵਾਉਣਾ ਚਾਹੁੰਦੇ ਹਨ ਪਰ ਬਹੁ ਗਿਣਤੀ ਦੇ ਐਸੇ ਰੋਗੀ ਘਰ ਵਿੱਚ ਹੀ ਰਹਿੰਦੇ ਹਨ ਅਤੇ ਉਹ ਆਮ ਤੌਰ ’ਤੇ ਆਪਣੇ ਵਿਹਾਰ ਤੇ ਸਮਾਜਿਕ ਕ੍ਰਿਆਵਾਂ ਵਿੱਚ ਰੁੱਝੇ ਰਹਿੰਦੇ ਹਨ ਅਤੇ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਦਾ ਯਤਨ ਕਰਦੇ ਰਹਿੰਦੇ ਹਨ। ਉਸ ਨੂੰ ਮਾਨਸਿਕ ਹਸਪਤਾਲ ਵਿੱਚ ਦਾਖ਼ਲ ਹੋ ਕੇ ਇਲਾਜ ਕਰਾਉਣ ਦੀ ਲੋੜ ਨਹੀਂ ਹੁੰਦੀ, ਉਸ ਨੂੰ ਕੇਵਲ ਮਨੋਰੋਗ ਵਿਗਿਆਨੀ ਨਾਲ ਸਲਾਹ ਕਰ ਕੇ ਸਹਾਇਤਾ ਲੈਣ ਦੀ ਲੋੜ ਹੁੰਦੀ ਹੈ।

ਸਾਬਕਾ ਮੁਖੀ ਮਨੋਵਿਗਿਆਨ (ਸੇਵਾ ਮੁਕਤ) ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ- 94781-69464


Comments Off on ਮਨੋਤੰਤੂ ਰੋਗ ਕੀ ਹੈ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.