ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਭੱਠ ਪਵੇ ਟ੍ਰਿਲੀਅਨ ਅਰਥਚਾਰਾ ਜਿਹੜਾ ਨੌਜਵਾਨਾਂ ਨੂੰ ਖਾਵੇ

Posted On August - 1 - 2019

ਡਾ. ਗਿਆਨ ਸਿੰਘ*

ਬੀਤੀ 21 ਜੁਲਾਈ ਨੂੰ ਅਜਿਹੀ ਘਟਨਾ ਵਾਪਰੀ ਜਿਸ ਨੇ ਪੰਜਾਬ ਹੀ ਨਹੀਂ ਸਗੋਂ ਪੂਰੇ ਮੁਲਕ ਤੇ ਪੂਰੀ ਦੁਨੀਆਂ ਦੇ ਸੰਵੇਦਨਸ਼ੀਲ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਦਿਨ ਪੰਜਾਬ ਦੇ ਪਿੰਡ ਚੱਕ ਭਾਈਕਾ (ਜ਼ਿਲ੍ਹਾ ਮਾਨਸਾ) ਦਾ ਦਲਿਤ ਨੌਜਵਾਨ ਜਗਸੀਰ ਸਿੰਘ, ਜੱਗ ਵਿਚੋਂ ਸੀਰ ਮੁਕਾ ਗਿਆ। ਜਗਸੀਰ ਸਿੰਘ ਦੀਆਂ ਤਿੰਨ ਭੈਣਾਂ ਅਤੇ ਦੋ ਭਰਾ ਹਨ। ਉਸ ਨੇ ਪੋਸਟ-ਗਰੈਜੂਏਸ਼ਨ, ਬੀਐੱਡ, ਅਧਿਆਪਕ ਯੋਗਤਾ ਪ੍ਰੀਖਿਆ (ਟੈੱਟ) ਅਤੇ ਯੂਜੀਸੀ ਨੈੱਟ ਪਾਸ ਕੀਤਾ ਹੋਇਆ ਸੀ, ਪਰ ਇੰਨੀਆਂ ਯੋਗਤਾਵਾਂ ਦੇ ਬਾਵਜੂਦ ਉਹ ਕੋਈ ਢੁਕਵੀਂ ਨੌਕਰੀ ਪ੍ਰਾਪਤ ਨਹੀਂ ਕਰ ਸਕਿਆ। ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਬਾਕੀ ਜੀਆਂ ਨਾਲ ਉਹ ਵੀ ਦਿਹਾੜੀ-ਦੱਪਾ ਕਰਦਾ ਰਿਹਾ। ਜਦੋਂ ਸਰਕਾਰ ਅਤੇ ਸਮਾਜ ਨੇ ਉਸ ਦੀਆਂ ਜ਼ਿੰਦਗੀ ਪ੍ਰਤੀ ਸਾਰੀਆਂ ਆਸਾਂ ਮੁਕਾ ਦਿੱਤੀਆਂ ਤਾਂ ਉਸ ਨੇ ਆਪਣੇ ਘਰ ਵਿਚ ਖ਼ੁਦਕੁਸ਼ੀ ਕਰ ਲਈ।
ਕਿਸੇ ਵੀ ਮਨੁੱਖ ਦਾ ਖ਼ੁਦਕੁਸ਼ੀ ਕਰਨਾ ਬਹੁਤ ਹੀ ਦੁਖਦਾਈ ਵਰਤਾਰਾ ਹੈ। ਮੁਲਕ ਦੇ ਪੜ੍ਹੇ-ਲਿਖੇ ਨੌਜਵਾਨਾਂ ਦੁਆਰਾ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਲਈ ਆਰਥਿਕ, ਸਮਾਜਿਕ-ਸਭਿਆਚਾਰਕ, ਰਾਜਸੀ ਅਤੇ ਬੌਧਿਕ ਪ੍ਰਦੂਸ਼ਣ ਮੁੱਖ ਤੌਰ ਉੱਤੇ ਜ਼ਿੰਮੇਵਾਰ ਹਨ। ਪ੍ਰਦੂਸ਼ਣ ਕਿਸੇ ਵੀ ਕਿਸਮ ਦਾ ਹੋਵੇ, ਮਨੁੱਖੀ ਜ਼ਿੰਦਗੀ ਲਈ ਚੰਗਾ ਹੋ ਹੀ ਨਹੀਂ ਸਕਦਾ। ਬੀਤੀ 21 ਜਨਵਰੀ ਨੂੰ ਔਕਸਫੈਮ ਵੱਲੋਂ ਜਾਰੀ ਰਿਪੋਰਟ ‘ਪਬਲਿਕ ਗੁੱਡਜ਼ ਐਂਡ ਪਰਾਈਵੇਟ ਵੈਲਥ’ ਭਾਰਤ ਵਿਚ ਵਧ ਰਹੀ ਆਰਥਿਕ ਨਾਬਰਾਬਰੀ ਉੱਪਰ ਚਾਨਣਾ ਪਾਉਂਦੀ ਹੈ। ਮੁਲਕ ਦੇ ਸਿਰਫ਼ 9 ਅਤਿ ਅਮੀਰ ਬੰਦਿਆਂ ਕੋਲ ਇੱਥੋਂ ਦੇ ਥੱਲੇ ਵਾਲੇ 50 ਫ਼ੀਸਦ ਲੋਕਾਂ ਜਿੰਨੀ ਦੌਲਤ ਹੈ। ਭਾਰਤ ਦੀ ਦੌਲਤ ਦਾ ਵੱਡਾ ਅਤੇ ਵਧਦਾ ਹਿੱਸਾ ਮੁਲਕ ਦੇ ਚੰਦ ਕੁ ਬੰਦਿਆਂ ਕੋਲ ਜਾ ਰਿਹਾ ਹੈ, ਜਦੋਂ ਕਿ ਗ਼ਰੀਬ ਦੂਜੇ ਡੰਗ ਦੀ ਰੋਟੀ ਜਾਂ ਬਿਮਾਰ ਬੱਚੇ ਦੀ ਦਵਾਈ ਲਈ ਜੱਦੋਜਹਿਦ ਕਰ ਰਹੇ ਹਨ। ਜੇ ਭਾਰਤ ਦੀ ਉੱਪਰਲੀ 1 ਫ਼ੀਸਦ ਅਤੇ ਬਾਕੀ 99 ਫ਼ੀਸਦ ਆਬਾਦੀ ਵਿਚਕਾਰ ਅਜਿਹੀ ਨੈਤਿਕ ਤੌਰ ’ਤੇ ਅਪਮਾਨਜਨਕ ਆਰਥਿਕ ਅਸਮਾਨਤਾ ਜਾਰੀ ਰਹੀ ਤਾਂ ਇੱਥੋਂ ਦੇ ਸਮਾਜਿਕ-ਆਰਥਿਕ ਅਤੇ ਲੋਕਤੰਤਰੀ ਢਾਂਚੇ ਦਾ ਭੱਠਾ ਬੈਠ ਜਾਵੇਗਾ। ਇਸ ਰਿਪੋਰਟ ਨੇ ਮੁਲਕ ਵਿਚ ਆਰਥਿਕ ਅਸਮਾਨਤਾਵਾਂ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਦਾ ਜਨਤਕ ਲੋੜਾਂ ਪੂਰੀਆਂ ਨਾ ਕਰਨ ਬਾਰੇ ਨਿਰਾਸ਼ਾਜਨਕ ਪਹਿਲੂ ਵੀ ਸਾਹਮਣੇ ਲਿਆਂਦਾ ਹੈ। ਇਸ ਰਿਪੋਰਟ ਅਨੁਸਾਰ ਕੇਂਦਰ ਤੇ ਸੂਬਾ ਸਰਕਾਰਾਂ ਦਾ ਮੈਡੀਕਲ, ਜਨ ਸਿਹਤ-ਸੰਭਾਲ, ਸਫ਼ਾਈ ਤੇ ਪਾਣੀ ਦੀਆਂ ਪੂਰਤੀ ਸੇਵਾਵਾਂ ਉੱਪਰ ਕੁੱਲ ਮਾਲੀਆ ਅਤੇ ਪੂੰਜੀ ਖ਼ਰਚ 2.08 ਲੱਖ ਕਰੋੜ ਰੁਪਏ ਹੈ, ਜਦੋਂ ਕਿ ਮੁਲਕ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀ ਦੌਲਤ 2.80 ਲੱਖ ਕਰੋੜ ਰੁਪਏ ਹੈ। 6 ਮਾਰਚ, 2019 ਨੂੰ ਨਾਈਟ ਫਰੈਂਕ ਵੱਲੋਂ ਜਾਰੀ ‘ਦਿ ਵੈੱਲਥ ਰਿਪੋਰਟ 2019’ ਤੋਂ ਭਾਰਤ ਵਿਚ ਤੇਜ਼ੀ ਨਾਲ ਵਧ ਰਹੀ ਅਰਬਪਤੀਆਂ ਦੀ ਗਿਣਤੀ ਬਾਰੇ ਤੱਥ ਸਾਹਮਣੇ ਆਏ। ਰਿਪੋਰਟ ਅਨੁਸਾਰ 2017 ਦੌਰਾਨ ਭਾਰਤ ਵਿਚ ਅਰਬਪਤੀਆਂ ਦੀ ਗਿਣਤੀ 101 ਸੀ ਜਿਹੜੀ 2018 ਵਿਚ 17.82 ਫ਼ੀਸਦੀ ਵਧ ਕੇ 119 ਹੋ ਗਈ। ਰਿਪੋਰਟ ਅਨੁਸਾਰ 2023 ਤੱਕ ਭਾਰਤ ਵਿਚ ਅਰਬਪਤੀਆਂ ਦੀ ਗਿਣਤੀ 163 ਹੋਣ ਦਾ ਅੰਦਾਜ਼ਾ ਹੈ, ਜੋ 2018 ਤੋਂ 36.97 ਫ਼ੀਸਦ ਵਾਧਾ ਹੋਵੇਗਾ। ਭਾਰਤ ਵਿਚ ਅਰਬਪਤੀਆਂ ਦੀ ਤੇਜ਼ੀ ਨਾਲ ਵਧਦੀ ਗਿਣਤੀ ਆਰਥਿਕ ਪ੍ਰਬੰਧ ਦੀ ਅਸਫਲਤਾ ਹੈ, ਜੋ ਮੁਲਕ ਵਿਚ ਲਗਾਤਾਰ ਵਧ ਰਹੀਆਂ ਅਸਮਾਨਤਾਵਾਂ ਨੂੰ ਜ਼ਾਹਰ ਕਰਦੀ ਹੈ। ਮੁਲਕ ਦੇ ਕਿਰਤੀ ਲੋਕ, ਜੋ ਬਹੁਤ ਮਿਹਨਤ ਕਰਦੇ, ਬੁਨਿਆਦੀ ਢਾਂਚਾ ਬਣਾਉਂਦੇ ਅਤੇ ਸਨਅਤੀ ਤੇ ਸੇਵਾ ਖੇਤਰਾਂ ’ਚ ਜਿਸਮਾਨੀ ਕੰਮ ਕਰਦੇ ਹਨ, ਉਹ ਪਰਿਵਾਰ ਦੇ ਜੀਆਂ ਲਈ ਦੋ-ਡੰਗ ਦੀ ਰੋਟੀ, ਦਵਾਈਆਂ ਅਤੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਸੰਘਰਸ਼ ਕਰ ਰਹੇ ਹਨ। ਅਰਬਪਤੀਆਂ ਦੀ ਤੇਜ਼ੀ ਨਾਲ ਵਧਦੀ ਗਿਣਤੀ ਅਤੇ ਨਤੀਜੇ ਵਜੋਂ ਤੇਜ਼ੀ ਨਾਲ ਵਧ ਰਹੀਆਂ ਆਰਥਿਕ ਅਸਮਾਨਤਾਵਾਂ ਲੋਕਤੰਤਰ ਦੀਆਂ ਜੜ੍ਹਾਂ ਵੱਢਦੀਆਂ ਹੋਈਆਂ ਜਿੱਥੇ ਕਾਰਪੋਰੇਟ/ਸਰਮਾਏਦਾਰ ਜਗਤ, ਉਨ੍ਹਾਂ ਦੇ ਲੰਗੋਟੀਏ ਯਾਰਾਂ ਅਤੇ ਭ੍ਰਿਸ਼ਟ ਲੋਕਾਂ ਦੀਆਂ ਪੌਂ-ਬਾਰਾਂ ਕਰ ਰਹੀਆਂ ਹਨ, ਉੱਥੇ ਇਨ੍ਹਾਂ ਨੇ ਕਿਰਤੀ ਵਰਗ ਦਾ ਜਿਉਣਾ ਹਰਾਮ ਕਰ ਦਿੱਤਾ ਹੈ।

ਡਾ. ਗਿਆਨ ਸਿੰਘ*

ਭਾਰਤ ਵਿਚ ਮੁੱਢ ਕਦੀਮ ਤੋਂ ਆਰਥਿਕ ਨਾਬਰਾਬਰੀ ਰਹੀ ਹੈ। ਆਜ਼ਾਦੀ ਤੋਂ ਬਾਅਦ 1951 ਵਿਚ ਯੋਜਨਾਬੰਦੀ ਦੀ ਸ਼ੁਰੂਆਤ ਕੀਤੀ ਗਈ ਤੇ ਮੁਲਕ ਦੀਆਂ ਪੰਜ ਸਾਲਾ ਯੋਜਨਾਵਾਂ ਵਿਚ ਜਨਤਕ ਖੇਤਰ ਦੇ ਵਿਸਤਾਰ ਤੇ ਵਿਕਾਸ ਨੂੰ ਮੁੱਖ ਤਰਜੀਹ ਦਿੱਤੀ ਜਾਂਦੀ ਰਹੀ, ਜਿਸ ਸਦਕਾ ਮਿਸ਼ਰਤ ਅਰਥਵਿਵਸਥਾ ਹੋਂਦ ਵਿਚ ਆਈ। ਕੁਝ ਊਣਤਾਈਆਂ ਦੇ ਬਾਵਜੂਦ ਇਸ ਦੇ ਸਾਰਥਿਕ ਨਤੀਜੇ ਨਿਕਲੇ, ਜਿਨ੍ਹਾਂ ਨੂੰ ਵੱਖ ਵੱਖ ਖੋਜ ਅਧਿਐਨਾਂ ਨੇ ਸਾਹਮਣੇ ਲਿਆਂਦਾ। ਇਹ ਅਧਿਐਨ ਇਹ ਤੱਥ ਸਾਹਮਣੇ ਲਿਆਏ ਕਿ 1951-80 ਦੌਰਾਨ ਮੁਲਕ ਵਿਚ ਆਰਥਿਕ ਅਸਮਾਨਤਾਵਾਂ ਘਟੀਆਂ, ਪਰ 1980 ਤੋਂ ਬਾਅਦ ਮੁਲਕ ਵਿਚ ਯੋਜਨਾਬੰਦੀ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ ਗਿਆ। ਸਾਲ 1991 ਦੌਰਾਨ ਨਵੀਆਂ ਆਰਥਿਕ ਨੀਤੀਆਂ ਨਾਲ ਕੁਝ ਸਮੇਂ ਲਈ ਆਰਥਿਕ ਵਿਕਾਸ ਤੇਜ਼ ਹੋਇਆ ਪਰ ਵਿਕਾਸ ਦੇ ਫ਼ਾਇਦਿਆਂ ਦੀ ਵੰਡ ਪੱਖੋਂ ਸਾਰਥਕ ਨਤੀਜੇ ਨਹੀਂ ਨਿਕਲੇ। ਕਾਰਪੋਰੇਟ/ਸਰਮਾਏਦਾਰ ਜਗਤ ਨੇ ਉੱਚੀ ਆਰਥਿਕ ਵਿਕਾਸ ਦਰ ਦੇ ਲਾਭਾਂ ਨੂੰ ਆਪਣੇ ਤੱਕ ਸੀਮਤ ਕਰਨ ਲਈ ਵੱਖ-ਵੱਖ ਹੱਥਕੰਡੇ ਅਪਣਾਏ ਅਤੇ ਕਿਰਤੀ ਵਰਗਾਂ ਦੀ ਅਣਦੇਖੀ ਕੀਤੀ। ਭਵਿੱਖੀ ਪੀੜ੍ਹੀਆਂ ਦੀਆਂ ਲੋੜਾਂ ਦਾ ਖਿਆਲ ਤਾਂ ਦੂਰ, ਕਾਰਪੋਰੇਟ-ਸਰਮਾਏਦਾਰ ਜਗਤ ਤਾਂ ਵਰਤਮਾਨ ਪੀੜ੍ਹੀ, ਖ਼ਾਸਕਰ ਨੌਜਵਾਨਾਂ ਦੀਆਂ ਬੁਨਿਆਦੀ ਲੋੜਾਂ ਦੀ ਵੀ ਅਣਦੇਖੀ ਕਰ ਰਿਹਾ ਹੈ। ‘ਨਵੀਆਂ ਆਰਥਿਕ ਨੀਤੀਆਂ’ ਕਾਰਨ ਮੁਲਕ ਦੋ ਮੁਲਕਾਂ- ਇੰਡੀਆ ਅਤੇ ਭਾਰਤ ਵਿਚ ਵੰਡਿਆ ਗਿਆ ਹੈ। ਇੰਡੀਆ ਉਨ੍ਹਾਂ ਅਤਿ ਅਮੀਰਾਂ ਦਾ ਜਿਨ੍ਹਾਂ ਕੋਲ ਜ਼ਿੰਦਗੀ ਦੇ ਸਾਰੇ ਸੁਖ-ਸਾਧਨ ਹਨ ਤੇ ਭਾਰਤ ਬਹੁਤ ਵੱਡੀ ਗਿਣਤੀ ਕਿਰਤੀਆਂ ਦਾ ਜਿਹੜੇ ਜ਼ਿੰਦਗੀ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਤੋਂ ਵੀ ਅਸਮਰੱਥ ਬਣਾ ਦਿੱਤੇ ਗਏ। ਇਸ ਦੀਆਂ ਜਿਉਂਦੀਆਂ-ਜਾਗਦੀਆਂ ਉਦਾਹਰਣਾਂ ਅੰਤਰਰਾਸ਼ਟਰੀ ਪੱਧਰ ਮਨੁੱਖੀ ਵਿਕਾਸ, ਸਮਾਜਿਕ ਪ੍ਰਗਤੀ, ਭੁੱਖਮਰੀ ਅਤੇ ਇਸ ਤਰ੍ਹਾਂ ਦੀਆਂ ਹੋਰ ਰਿਪੋਰਟਾਂ ਹਨ। ਇਨ੍ਹਾਂ ਤੱਥਾਂ ਦੇ ਬਾਵਜੂਦ ਸਾਡੇ ਹੁਕਮਰਾਨ ਮੁਲਕ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਪੂਰਾ ਪ੍ਰਚਾਰ ਕਰਦੇ ਫਿਰਦੇ ਹਨ।
ਭਾਰਤ ਵਿਚ ਕਾਰਪੋਰੇਟ/ਸਰਮਾਏਦਾਰ ਜਗਤ-ਪੱਖੀ ‘ਨਵੀਆਂ ਆਰਥਿਕ ਨੀਤੀਆਂ’ ਨੇ ਆਰਥਿਕ ਪ੍ਰਦੂਸ਼ਣ ਦੇ ਨਾਲ ਸਮਾਜਿਕ-ਸਭਿਆਚਾਰ ਪ੍ਰਦੂਸ਼ਣ ਵੀ ਫੈਲਾਇਆ ਹੈ। ਕਾਰਪੋਰੇਟ/ਸਰਮਾਏਦਾਰ ਜਗਤ ਨੂੰ ਪ੍ਰਫੁੱਲਤ ਕਰਨ ਲਈ ਬਣਾਈਆਂ ਇਨ੍ਹਾਂ ਨੀਤੀਆਂ ਨੇ ਆਮ ਲੋਕਾਂ ਵਿਚ ਵੀ ਵਪਾਰਕ ਸੋਚ ਪੈਦਾ ਕੀਤੀ ਹੈ। ਅਜਿਹੀ ਸੋਚ ਤੋਂ ਪਹਿਲਾਂ ਕਿਰਤੀਆਂ ਦੇ ਸਮਾਜਿਕ ਸਬੰਧ ਬਹੁਤ ਨਿੱਘੇ ਸਨ ਤੇ ਉਹ ਇਕ ਦੂਜੇ ਦੇ ਦੁੱਖ-ਸੁੱਖ ਵਿਚ ਸ਼ਾਮਲ ਹੁੰਦੇ ਸਨ ਪਰ ਹੁਣ ਉਨ੍ਹਾਂ ਨੂੰ ਵੀ ਬੇਲੋੜੇ ਨਿੱਜਵਾਦ ਦਾ ਸ਼ਿਕਾਰ ਬਣਾ ਦਿੱਤਾ ਗਿਆ ਹੈ। ਭਾਰਤ ਦੇ ਲੋਕ ਸਭਿਆਚਾਰਕ ਪੱਖੋਂ ਸੰਘਰਸ਼ ਦੀ ਪ੍ਰਵਿਰਤੀ ਵਾਲੇ ਸਨ, ਪਰ ਵੱਖ ਵੱਖ ਕਾਰਨਾਂ ਕਰਕੇ ਉਨ੍ਹਾਂ ਵਿਚੋਂ ਕਾਫ਼ੀ ਗਿਣਤੀ ਲੋਕ ਡੰਗ-ਟਪਾਊ ਜਾਂ ਬਚਾਉ ਦੀ ਪ੍ਰਵਿਰਤੀ ਵੱਲ ਆਏ ਹਨ। ‘ਨਵੀਆਂ ਆਰਥਿਕ ਨੀਤੀਆਂ’ ਨੇ ਇੱਥੋਂ ਦੇ ਕਿਰਤੀਆਂ ਨੂੰ ਰੁਜ਼ਗਾਰ-ਵਿਹੂਣੇ ਅਤੇ ਸਾਧਨ-ਵਿਹੂਣੇ ਕੀਤਾ ਹੈ। ਮੁਲਕ ਵਿਚ ਤੇਜ਼ੀ ਨਾਲ ਵਧ ਰਹੀ ਬੇਰੁਜ਼ਗਾਰੀ ਕਾਰਨ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ ਜਿਸ ਨਾਲ ‘ਬਰੇਨ ਡਰੇਨ’ ਅਤੇ ‘ਕੈਪੀਟਲ ਡਰੇਨ’ ਹੋ ਰਿਹਾ ਹੈ। ਵਿਦੇਸ਼ੀਂ ਗਏ ਨੌਜਵਾਨਾਂ ਵਿਚੋਂ ਬਹੁਤਿਆਂ ਕੁਝ ਕਾਰੋਬਾਰੀ ਐੱਨਆਰਆਈਜ਼ ਵੱਲੋਂ ਕੰਮ ਸਿਖਾਉਣ ਦੇ ਨਾਂ ਉੱਤੇ ਘੱਟ ਤਨਖਾਹ ਦੇ ਕੇ ਅਤੇ ਹੋਰ ਠੱਗੀਆਂ ਰਾਹੀਂ ਖੂਨ ਚੂਸਿਆ ਜਾ ਰਿਹਾ ਹੈ। ਮੁਲਕ ਦੇ ਆਜ਼ਾਦੀ ਸੰਘਰਸ਼ ਵਿਚ ਆਮ ਕਿਰਤੀਆਂ ਨੇ ਬਹੁਤ ਯੋਗਦਾਨ ਪਾਇਆ ਅਤੇ ਕੁਰਬਾਨੀਆਂ ਕੀਤੀਆਂ ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਉਨ੍ਹਾਂ ਦੀ ਆਪਣੀ ਸਰਕਾਰ ਉਨ੍ਹਾਂ ਨਾਲ ਇਨਸਾਫ਼ ਕਰੇਗੀ ਤੇ ਉਨ੍ਹਾਂ ਦੀ ਜ਼ਿੰਦਗੀ ਬਿਹਤਰ ਬਣਾਵੇਗੀ। ਪਿਛਲੇ ਕਾਫ਼ੀ ਸਮੇਂ ਦਾ ਇਤਿਹਾਸ ਇਹ ਦੱਸਦਾ ਹੈ ਕਿ ਮੁਲਕ ਵਿਚ ਰਾਜਸੀ ਪ੍ਰਦੂਸ਼ਣ ਇਸ ਹੱਦ ਤੱਥ ਵਧ ਗਿਆ ਹੈ ਕਿ ਲੋਕਾਂ ਦੇ ਚੁਣੇ ਰਾਜਸੀ ਨੁਮਾਇੰਦੇ ਆਪਣੇ ਵਾਅਦਿਆਂ ਤੋਂ ਮੁੱਕਰਦੇ ਹੀ ਨਹੀਂ, ਸਗੋਂ ਕਿਰਤੀ-ਵਿਰੋਧੀ ਨੀਤੀਆਂ ਬਣਾਉਣ ਤੇ ਲਾਗੂ ਕਰਨ ਵਿਚ ਪੂਰਾ ਜ਼ੋਰ ਲਾ ਦਿੰਦੇ ਹਨ। ਚੋਣਾਂ ਤੋਂ ਪਹਿਲਾਂ ਚੰਗੇ ਰੁਜ਼ਗਾਰ ਦਾ ਵਾਅਦਾ ਕਰਨ ਵਾਲੇ, ਹੁਕਮਰਾਨ ਬਾਅਦ ’ਚ ਰੁਜ਼ਗਾਰ ਮੰਗਣ ’ਤੇ ਕਿਰਤੀਆਂ ਉੱਪਰ ਡੰਡਾ ਚਲਾਉਂਦੇ ਅਤੇ ਮੁਕੱਦਮੇ ਬਣਾਉਂਦੇ ਹਨ। ਕਿਰਤੀ ਜੱਥੇਬੰਦੀਆਂ ਦੇ ਕੁਝ ਲੀਡਰ ਵੀ ਸੁਆਰਥਾਂ ਲਈ ਕਿਰਤੀਆਂ ਨੂੰ ਧੋਖਾ ਦਿੰਦੇ ਹਨ।
ਸਮਝਦਾਰ ਉਹ ਲੋਕ ਹੁੰਦੇ ਹਨ ਜੋ ਆਪਣੇ ਆਲੇ-ਦੁਆਲੇ ਬਾਰੇ ਆਮ ਲੋਕਾਂ ਨਾਲੋਂ ਵੱਧ ਜਾਣਦੇ ਹੋਏ ਉਸ ਦੀ ਬਿਹਤਰੀ ਲਈ ਕੰਮ ਕਰਦੇ ਹਨ। ਅਜਿਹੇ ਲੋਕ ਸਿਰਫ਼ ਤੇਜ਼ ਅਤੇ ਰੋਸ਼ਨ ਦਿਮਾਗ ਵਾਲੇ ਲੋਕ ਹੀ ਹੋ ਸਕਦੇ ਹਨ। ਇਸ ਦੇ ਉਲਟ ਕੁਝ ਤੇਜ਼ ਦਿਮਾਗ ਵਾਲੇ ਲੋਕ (ਅਖੌਤੀ ਬੁੱਧੀਜੀਵੀ) ਆਪਣੇ ਸੁਆਰਥਾਂ ਦੀ ਪੂਰਤੀ ਜਾਂ ਉਸ ਦੀ ਆਸ ਵਿਚ ਬੌਧਿਕ ਪ੍ਰਦੂਸ਼ਣ ਫੈਲਾਉਣ ਵਿਚ ਪੂਰੀ ਤਾਕਤ ਲਾ ਦਿੰਦੇ ਹਨ। ਇਸ ਦੀ ਉਦਾਹਰਣ ਅਜਿਹੇ ਲੋਕਾਂ ਦਾ ਇਹ ਪ੍ਰਚਾਰ ਕਰਨਾ ਹੈ ਕਿ ਹਾਸ਼ੀਏ ਉੱਪਰਲੇ ਲੋਕਾਂ ਦਾ ਉਜੜਨਾ ਉਨ੍ਹਾਂ ਦੇ ਆਪਣੇ ਹੱਕ ਵਿਚ ਹੁੰਦਾ ਹੈ।
ਕਿਸੇ ਵੀ ਮੁਲਕ ਦਾ ਅਸਲ ਸਰਮਾਇਆ ਉੱਥੋਂ ਦੇ ਨੌਜਵਾਨ ਹੁੰਦੇ ਹਨ। ਇਸ ਲਈ ਮੁਲਕ ਦੇ ਨੌਜਵਾਨਾਂ ਦੇ ਹਿੱਤਾਂ ਦੀ ਰਾਖੀ ਮੁਲਕ ਦੇ ਹੁਕਮਰਾਨਾਂ ਦਾ ਪਹਿਲਾ ਫ਼ਰਜ਼ ਹੈ। ਨੌਜਵਾਨਾਂ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਖ਼ੁਦਕੁਸ਼ੀ ਕਰਨ ਨਾਲ ਉਨ੍ਹਾਂ ਦੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੋਵੇਗਾ, ਸਗੋਂ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦੇ ਪਰਿਵਾਰ ਦੇ ਬਾਕੀ ਜੀਆਂ ਨੂੰ ਅਕਿਹ ਅਤੇ ਅਸਹਿ ਸਮੱਸਿਅਵਾਂ ਪੇਸ਼ ਆਉਣਗੀਆਂ। ਨੌਜਵਾਨਾਂ ਨੂੰ ਆਪਣੀਆਂ ਅਤੇ ਹੋਰ ਕਿਰਤੀਆਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਅਤੇ ਉਨ੍ਹਾਂ ਦੇ ਹੱਲ ਲਈ ਲੋਕਤੰਤਰੀ ਅਤੇ ਸ਼ਾਂਤਮਈ ਸੰਘਰਸ਼ ਲਈ ਅੱਗੇ ਆਉਣਾ ਪਵੇਗਾ।

*ਸਾਬਕਾ ਪ੍ਰੋਫ਼ੈਸਰ, ਅਰਥ-ਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 001-408-493-9776


Comments Off on ਭੱਠ ਪਵੇ ਟ੍ਰਿਲੀਅਨ ਅਰਥਚਾਰਾ ਜਿਹੜਾ ਨੌਜਵਾਨਾਂ ਨੂੰ ਖਾਵੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.