ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’ !    ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ !    ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ !    ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ !    ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ !    ਗ਼ਲਤੀ ਦਾ ਅਹਿਸਾਸ !    ਪੰਜਾਬੀ ਅਭਿਨੇਤਰੀਆਂ ਦੀ ਮੜਕ !    ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ? !    ਸਿਆਣਪ ਦਾ ਮੁੱਲ !    ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ !    

ਭੂ-ਮਾਫ਼ੀਆ ਨੇ ਹੜੱਪੀ ਮਰਹੂਮ ਵਿਧਾਇਕ ਦੀ ਕਰੋੜਾਂ ਰੁਪਏ ਦੀ ਕੋਠੀ

Posted On August - 12 - 2019

ਮਹਿੰਦਰ ਸਿੰਘ ਰੱਤੀਆਂ
ਮੋਗਾ, 11 ਅਗਸਤ
ਇੱਥੇ ਭੂ-ਮਾਫ਼ੀਆ ਨੇ ਜਾਅਲੀ ਦਸਤਾਵੇਜ਼ਾਂ ਨਾਲ ਇੱਕ ਮਰਹੂਮ ਵਿਧਾਇਕ ਦੀ ਕਰੋੜਾਂ ਰੁਪਏ ਮੁੱਲ ਦੀ ਕੋਠੀ ਹੜੱਪੜ ਬਾਅਦ ਅੱਗੇ ਇੱਕ ਡਾਕਟਰ ਨੂੰ ਵੀ ਵੇਚ ਦਿੱਤੀ। ਮੋਗਾ ’ਚ ਭੂ-ਮਾਫ਼ੀਆ ਦਾ ਅੱਡਾ ਬਣਨ ਤੇ ਇਸ ਨੂੰ ਸਿਆਸਤਦਾਨਾਂ ਤੇ ਅਫ਼ਸਰਸ਼ਾਹੀ ਦੀ ਸ਼ਹਿ ਕਾਰਨ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ। ਇੱਥੋਂ ਦੇ ਮਰਹੂਮ ਵਿਧਾਇਕ ਮਾਸਟਰ ਸੋਹਣ ਸਿੰਘ ਦੀਆਂ ਸੱਤ ਧੀਆਂ ’ਚੋਂ ਦੋ ਦੀ ਮੌਤ ਹੋ ਚੁੱਕੀ ਹੈ ਅਤੇ ਕੁਝ ਵਿਦੇਸ਼ ’ਚ ਰਹਿੰਦੀਆਂ ਹਨ। ਮਰਹੂਮ ਵਿਧਾਇਕ ਦੀ ਮੌਤ ਬਾਅਦ ਉਨ੍ਹਾਂ ਦੀ ਕਰੋੜਾਂ ਰੁਪਏ ਮੁੱਲ ਦੀ ਕੋਠੀ ਦਾ ਵਿਰਾਸਤ ਇੰਤਕਾਲ ਉਨ੍ਹਾਂ ਦੀਆਂ ਧੀਆਂ ਤੇ ਚੰਡੀਗੜ੍ਹ ’ਚ ਵਕਾਲਤ ਕਰਦੇ ਉਨ੍ਹਾਂ ਦੇ ਦੋਹਤੇ ਵਿਕਰਮਜੀਤ ਸਿੰਘ ਤੇ ਵਿਸ਼ਵਜੀਤ ਸਿੰਘ ਰਿਸ਼ੀ ਦੇ ਨਾਂ ਹੋ ਗਿਆ ਸੀ। ਭੂ-ਮਾਫ਼ੀਆ ਨੇ ਇਨ੍ਹਾਂ ਦੋਵਾਂ ਵਕੀਲਾਂ ਸਮੇਤ ਸਾਰੇ ਵਾਰਸਾਂ ਦੇ ਜਾਅਲੀ ਆਧਾਰ ਕਾਰਡ ਤਿਆਰ ਕਰਕੇ ਤੇ ਤਹਿਸੀਲਦਾਰ ਅੱਗੇ ਜਾਅਲੀ ਵਿਅਕਤੀ ਪੇਸ਼ ਕਰਕੇ 2 ਅਗਸਤ 2017 ਨੂੰ ਕੋਠੀ ਦੀ ਰਜਿਸਟਰੀ ਕਰਵਾ ਲਈ ਤੇ ਅੱਗੇ ਇੱਕ ਡਾਕਟਰ ਨੂੰ ਵੀ ਵੇਚ ਦਿੱਤੀ ਹੈ। ਇਨ੍ਹਾਂ ਦੋਵਾਂ ਵਕੀਲਾਂ ਦੀ ਸ਼ਿਕਾਇਤ ਉੱਤੇ ਜ਼ਿਲ੍ਹਾ ਪੁਲੀਸ ਮੁਖੀ ਨੇ ਵਿਭਾਗੀ ਜ਼ਿਲ੍ਹਾ ਆਰਥਿਕ ਅਪਰਾਧ ਸ਼ਾਖਾ (ਈਓ ਵਿੰਗ) ਨੂੰ ਜਾਂਚ ਦਾ ਆਦੇਸ਼ ਦਿੱਤਾ ਹੈ। ਦੂਜੇ ਪਾਸੇ ਮਾਲ ਵਿਭਾਗ ਨੇ ਇਸ ਬਹੁਕਰੋੜੀ ਕੋਠੀ ਦੇ ਮਨਜ਼ੂਰ ਕੀਤੇ ਇੰਤਕਾਲ 29 ਜੁਲਾਈ ਨੂੰ ਰੱਦ ਕਰ ਦਿੱਤੇ ਹਨ। ਈਓ ਵਿੰਗ ਦੇ ਮੁਖੀ ਤੇਜਿੰਦਰ ਸਿੰਘ ਨੇ ਇਸ ਘਪਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਪਹਿਲਾਂ ਕੁਝ ਵੀ ਕਹਿਣਾ ਜ਼ਲਦਬਾਜ਼ੀ ਹੋਵੇਗੀ।
ਇੱਥੇ ਭੂ-ਮਾਫ਼ੀਆ ਵੱਲੋਂ ਸ਼ਹਿਰ ’ਚ ਗਿਰਜਾਘਰ ਦੀ ਕਰੀਬ 100 ਕਰੋੜ ਤੋਂ ਵੱਧ ਦੀ ਵਪਾਰਕ ਜਾਇਦਾਦ ਹੜੱਪਣ ਦੇ ਮਾਮਲੇ ’ਚ ਸਿਆਸਤਦਾਨਾਂ ਤੇ ਪੁਲੀਸ ਅਫ਼ਸਰਾਂ ਦੇ ਨਾਂ ਉਛਲ ਰਹੇ ਹਨ। ਇਸ ਮੁੱਦੇ ਉੱਤੇ ‘ਆਪ’ ਜ਼ਿਲ੍ਹਾ ਪ੍ਰਧਾਨ ਤੇ ਕੌਂਸਲਰ ਐਡਵੋਕੇਟ ਨਸੀਬ ਬਾਵਾ ਨੇ ਨਗਰ ਨਿਗਮ ਹਾਊਸ ’ਚ ਹਾਕਮ ਧਿਰ ਦੇ ਵਿਧਾਇਕ ਨੂੰ ਸਿੱਧੇ ਤੌਰ ਉੱਤੇ ਘੇਰਿਆ। ਇਸ ਮੌਕੇ ਵਿਧਾਇਕ ਡਾ. ਹਰਜੋਤ ਕਮਲ ਸਿੰਘ ਨੇ ਸਫ਼ਾਈ ਦਿੰਦੇ ਕਿਹਾ ਕਿ ਐੱਫ਼ਆਈਆਰ ਹੋ ਚੁੱਕੀ ਹੈ, ਡੀਸੀ ਨੇ ਇੰਤਕਾਲ ਰੱਦ ਕਰਨ ਤੋਂ ਇਲਾਵਾ ਜਾਂਚ ਦੇ ਆਦੇਸ਼ ਦਿੱਤੇ ਹਨ। ਕੌਂਸਲਰ ਗੁਰਪ੍ਰੀਤ ਸਿੰਘ ਸਚਦੇਵਾ ਨੇ ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਰੋੜਾਂ ਰੁਪਏ ਮੁੱਲ ਦੀ ਹੋਰ ਸਰਕਾਰੀ ਪ੍ਰਾਪਰਟੀ ਉੱਤੇ ਕਬਜ਼ੇ ਦਾ ਵਿਰੋਧ ਕੀਤਾ ਤਾਂ ਉਸ ਨੂੰ ਧਮਕਾਇਆ ਗਿਆ। ਇਥੇ ਬਾਗ ਗਲੀ ’ਚ ਅਤੇ ਪੁਰਾਣਾ ਸਿਟੀ ਰੋਡ ਕੋਲ ਕਿਰਾਏਦਾਰਾਂ ਦਾ ਸਾਮਾਨ ਬਾਹਰ ਸੁੱਟ ਕੇ ਦੁਕਾਨਾਂ ਉੱਤੇ ਕਬਜ਼ਾ ਕਰਨ ’ਚ ਲੋਕ ਦੱਬੀ ਸੁਰ ’ਚ ਸਿਆਸੀ ਤੇ ਪੁਲੀਸ ਅਫ਼ਸਰਾਂ ਦੀ ਭੂ-ਮਾਫੀਆ ਨੂੰ ਸਰਪ੍ਰਸਤੀ ਦਾ ਸ਼ੱਕ ਪ੍ਰਗਟਾ ਰਹੇ ਹਨ। ਇਨ੍ਹਾਂ ਕਾਰਵਾਈਆਂ ਨਾਲ ਹਾਕਮ ਧਿਰ ਦੇ ਆਗੂਆਂ ਉੱਤੇ ਵੀ ਸੁਆਲ ਉੱਠ ਰਹੇ ਹਨ।
ਅਕਾਲੀ-ਭਾਜਪਾ ਗੱਠਜੋੜ ਸਰਕਾਰ ਸਮੇਂ ਭੂ ਮਾਫ਼ੀਆ ਨੇ ਪਿੰਡ ਚੁਗਾਵਾਂ ’ਚ ਪਰਵਾਸੀ ਪੰਜਾਬੀ ਬਜ਼ੁਰਗ ਦਿਆ ਸਿੰਘ ਤੋਂ ਤਕਰੀਬਨ 10 ਏਕੜ ਜ਼ਮੀਨ ਦੀ ਰਜਿਸਟਰੀ ਧੋਖੇ ਨਾਲ ਕਰਵਾ ਕੇ ਕੁਝ ਦਿਨ ਬਾਅਦ ਹੀ ਅੱਗੇ ਵੇਚ ਦਿੱਤੀ। ਇਸ ਤਰ੍ਹਾਂ ਇੱਕ ਹੋਰ ਪਰਵਾਸੀ ਨਿਰਮਲ ਸਿੰਘ ਦੀ ਪਿੰਡ ਰਣੀਆਂ ’ਚ ਕਰੀਬ 14 ਏਕੜ ਜ਼ਮੀਨ ਦੀਆਂ ਜਾਅਲੀ ਰਜਿਸਟਰੀਆਂ ਕਰਵਾ ਲਈਆਂ। ਪੁਲੀਸ ਨੇ ਭਾਵੇਂ ਕਈ ਮਾਮਲਿਆਂ ’ਚ ਐੱਫ਼ਆਈਆਰ ਦਰਜ ਕਰ ਲਈਆਂ ਹਨ ਪਰ ਪੀੜਤ ਪਰਵਾਸੀ ਪੰਜਾਬੀ ਪਰਿਵਾਰ ਆਪਣੀ ਹੀ ਮਾਲਕੀ ਦੀ ਜ਼ਮੀਨ ਨੂੰ ਸਹੀ ਠਹਿਰਾਉਣ ਲਈ ਕਈ ਵਰ੍ਹਿਆਂ ਤੋਂ ਖੱਜਲ ਖੁਆਰ ਹੋ ਰਹੇ ਹਨ।


Comments Off on ਭੂ-ਮਾਫ਼ੀਆ ਨੇ ਹੜੱਪੀ ਮਰਹੂਮ ਵਿਧਾਇਕ ਦੀ ਕਰੋੜਾਂ ਰੁਪਏ ਦੀ ਕੋਠੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.