ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼ !    ਕੀ ਅਸੀਂ ਕਦੇ ਜਾਗਾਂਗੇ ? !    ਨਿਵਾਣਾਂ ਵੱਲ ਜਾਂਦੀ ਰਾਜਨੀਤੀ !    ਜਪਾਨ ਤੋਂ ਸਬਕ ਸਿੱਖੇ ਪੰਜਾਬ !    ਤੁਸ਼ਾਮ ਦੀ ਬਾਰਾਂਦਰੀ !    ਠੰਢਾ ਲੋਹਾ !    ਇੱਛਾਵਾਂ ਦੇ ਦਮਨ ਦਾ ਦੁਖਾਂਤ !    ਪੰਜਾਬੀ ਸਿਨੇਮਾ ਦਾ ਇਤਿਹਾਸ !    ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ !    ਗ਼ਜ਼ਲ !    

ਭੀੜ ਦਾ ਸ਼ੋਰ ਤੇ ਜਮਹੂਰੀਅਤ

Posted On August - 14 - 2019

ਸਰਬਜੀਤ

ਭਾਰਤ ਦੁਨੀਆ ਅੰਦਰ ਕਈ ਕਾਰਨਾਂ ਕਰਕੇ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਅੱਜ ਚਾਹੇ ਭਾਰਤ ਨੂੰ ਪਰਵਾਸ, ਬੇਰੁਜ਼ਗਾਰੀ, ਗੰਦਗੀ, ਫ਼ਿਰਕਾਪ੍ਰਸਤੀ, ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼, ਭੀੜ ਦੀ ਹਿੰਸਾ, ਕੁਤਰਕੀ ਤੇ ਅਨਪੜ੍ਹ ਨੇਤਾਵਾਂ ਜਾਂ ਹਾਸ਼ੀਆਗਤ ਧਿਰਾਂ ਵਿਰੋਧੀ ਮਾਨਸਿਕਤਾ ਵਾਲੇ ਦੇਸ਼ ਵਜੋਂ ਜਾਣਿਆ ਜਾਂਦਾ ਹੈ ਲੇਕਿਨ ਹਾਲਾਤ ਸਦਾ ਅਜਿਹੇ ਨਹੀਂ ਸਨ। ਕੋਈ ਸਮਾਂ ਅਜਿਹਾ ਵੀ ਸੀ ਜਦੋਂ ਭਾਰਤ ਨੂੰ ਆਪਣੀਆਂ ਤਮਾਮ ਬੁਰਾਈਆਂ ਸਮੇਤ ਮਹਾਨ ਦੇਸ਼/ਧਰਤੀ ਹੋਣ ਦਾ ਮਾਣ ਪ੍ਰਾਪਤ ਸੀ। ਉਦੋਂ ਅੱਜ ਦੀਆਂ ‘ਸੰਸਾਰ ਸ਼ਕਤੀਆਂ’ ਭਾਰਤ ਦੀ ਧਾਕ ਮੰਨਦੀਆਂ ਸਨ। ਹੁਣ ਵੀ ਪੂਰੀ ਦੁਨੀਆ ਦੇ ਵਿਦਵਾਨ, ਖੋਜੀ ਅਤੇ ਚਿੰਤਕ ਮੰਨਦੇ ਹਨ ਕਿ ਭਾਰਤ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਵਿਕਸਿਤ ਸੱਭਿਆਤਾਵਾਂ ਵਿਚੋਂ ਇਕ ਪੁਰਾਤਨ ਸੱਭਿਅਤਾ ਦੀ ਧਰਤੀ ਹੈ ਜਿਹੜੀ ਦਰਸ਼ਨ, ਗਿਆਨ, ਚਿੰਤਨ ਅਤੇ ਕਲਾ ਨਾਲ ਮਾਲਾਮਾਲ ਹੈ।
ਉਂਜ, ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਵਿਕਸਿਤ ਸੱਭਿਆਤਾਵਾਂ ਵਿਚੋਂ ਗਿਣੀ ਜਾਂਦੀ ਭਾਰਤੀ ਸੱਭਿਅਤਾ ਦੇ ‘ਅਖੌਤੀ ਉੱਤਰਾਧਿਕਾਰੀਆਂ’ ਦੀ ਭੀੜ ਨੇ ਪਿਛਲੇ ਦਿਨਾਂ ਵਿਚ ਬੇਹੱਦ ਬਰਬਰਤਾ ਅਤੇ ਉਜੱਡਪੁਣੇ ਦਾ ਸਬੂਤ ਦਿੱਤਾ ਹੈ। ਜੋ ਕਸ਼ਮੀਰ ਵਿਚ ਹੋਇਆ ਹੈ, ਇਸ ਭੀੜ ਨੇ ਉਸ ਉੱਪਰ ਰੱਜ ਕੇ ਖੁਸ਼ੀ ਮਨਾਈ ਹੈ। ਅਜਿਹਾ ਕੁਝ ਵਾਪਰਦਾ ਦੇਖ ਕੇ ਹਰ ਸੰਵੇਦਨਸ਼ੀਲ ਸ਼ਖ਼ਸ ਉਤੇਜਿਤ ਹੋਵੇਗਾ ਲੇਕਿਨ ਇਹ ਸਭ ਪਹਿਲੀ ਵਾਰ ਨਹੀਂ ਹੋਇਆ। ‘ਆਜ਼ਾਦੀਆਂ ਦੇ ਘਾਣ ਦੇ ਜਸ਼ਨ’ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਇਤਿਹਾਸ ਨੇ ਅੱਜ ਭੀੜ ਨੂੰ ਇੰਨੀ ਤਾਕਤ ਅਤੇ ਹੌਸਲਾ ਦਿੱਤਾ ਹੈ ਕਿ ਅੱਜ ਹਰ ਸਿਆਣਾ, ਸੰਵੇਦਨਸ਼ੀਲ ਅਤੇ ਚਿੰਤਨਸ਼ੀਲ ਸ਼ਖ਼ਸ ਚੁੱਪ ਰਹਿਣ ਲਈ ਮਜਬੂਰ ਹੈ। ਇਹ ਭੀੜ ਹੁਣ ਇੰਨੀ ਸਿਆਣੀ ਅਤੇ ਪ੍ਰਭਾਵਸ਼ਾਲੀ ਹੋ ਗਈ ਹੈ ਕਿ ਇਸ ਨੇ ਆਪਣੇ ਤੋਂ ਵੱਖਰੇ ਵਿਚਾਰ ਰੱਖਣ ਵਾਲਿਆਂ ਅਤੇ ਧਿਰਾਂ ਦੀ ਪਹਿਲਾਂ ਹੀ ਘੇਰਾਬੰਦੀ ਕਰ ਲਈ ਹੈ। ਇਸ ਘੇਰਾਬੰਦੀ ਰਾਹੀਂ ਭੀੜ ਲੋਕਾਂ ਦੇ ਕੰਮ ਕਰਨ ਦੀਆਂ ਥਾਵਾਂ ਤੋਂ ਲੈ ਕੇ ਘਰ-ਪਰਿਵਾਰ ਅਤੇ ਸੌਣ ਕਮਰਿਆਂ ਤੱਕ ਲਗਾਤਾਰ ਪਿੱਛਾ ਕਰਦੀ ਹੈ। ਇਸ ਭੀੜ ਦੀ ਲੜਾਈ ਦਾ ਇਕੋ-ਇਕ ਢੰਗ ਸਭ ਤੋਂ ਪਹਿਲਾਂ ‘ਜੂਝ ਰਹੇ ਸ਼ਖ਼ਸ’ ਨੂੰ ਘੇਰ ਕੇ ‘ਇਕੱਲਾ ਕਰ ਦੇਣਾ’ ਹੈ; ਇਸ ਤੋਂ ਬਾਅਦ ਉਹ ਇਕੱਲੇ ਸ਼ਖ਼ਸ ਨੂੰ ‘ਮਾਨਸਿਕ ਤੌਰ ‘ਤੇ ਥਕਾ ਕੇ’ ਜਾਂ ‘ਕੁੱਟ ਕੁੱਟ ਕੇ’ ਖ਼ਤਮ ਕਰ ਦਿੰਦੀ ਹੈ।
ਮੰਨਿਆ ਜਾ ਰਿਹਾ ਹੈ ਕਿ ਭੀੜ ਦਾ ਅਜਿਹਾ ਕਰੂਪ ਚਿਹਰਾ ਪਹਿਲੀ ਵਾਰ ਸਾਹਮਣੇ ਆ ਰਿਹਾ ਹੈ ਲੇਕਿਨ ਇਹ ਸੱਚ ਨਹੀਂ ਹੈ ਕਿਉਂਕਿ 1947 ਵਿਚ ਹੋਈ ਦੇਸ਼ ਦੀ ਵੰਡ ਵੇਲੇ ਵੀ ‘ਭੀੜ’ ਨੇ ਭਰਵੀਂ ਹਾਜ਼ਰੀ ਲਵਾਈ ਸੀ। ਇਤਿਹਾਸ ਗਵਾਹ ਹੈ ਕਿ ਵੰਡ ਤੋਂ ਬਾਅਦ ਵੀ ਸਾਧਾਰਨ ਲੋਕ ਆਪਣੇ ਘਰਾਂ ਨੂੰ ਛੱਡਣਾ ਨਹੀਂ ਚਾਹੁੰਦੇ ਸਨ। ਉਨ੍ਹਾਂ ਲਈ ਆਪਣੇ ਘਰ, ਸ਼ਰੀਕੇ, ਭਾਈਚਾਰੇ ਅਤੇ ਧਰਤੀ ਨਵੇਂ ਬਣੇ ਦੇਸ਼ਾਂ ਤੋਂ ਵੱਧ ਮਹੱਤਵਪੂਰਨ ਸਨ। ਅਜਿਹੇ ਸਮੇਂ ਇਨ੍ਹਾਂ ‘ਹਿੰਸਕ ਅਤੇ ਜਸ਼ਨ ਮਨਾ ਰਹੀਆਂ ਭੀੜਾਂ’ ਨੇ ਹੀ ਲੋਕਾਂ ਨੂੰ ਬੇਘਰ ਅਤੇ ਰਿਫ਼ਿਊਜੀ ਹੋਣ ਲਈ ਮਜਬੂਰ ਕੀਤਾ ਸੀ। ਕਸ਼ਮੀਰ ਦੇ ਸਬੰਧ ਵਿਚ ਮਨਾਏ ਜਸ਼ਨਾਂ ਦੀ ਤੰਦ ਇਸ ਤੱਥ ਨਾਲ ਵੀ ਜੁੜਦੀ ਹੈ ਕਿ ਕਿਵੇਂ 1947 ਵਿਚ ਨਵੇਂ ਮੁਲਕ ਦੀ ਉਸਾਰੀ ਦੇ ਪਹਿਲੇ ਪੜਾਅ ਉੱਪਰ ਹੀ ‘ਜਸ਼ਨ ਮਨਾ ਰਹੀ/ਹਿੰਸਕ ਭੀੜ’ ਨੂੰ ਕਾਬੂ ਨਹੀਂ ਸੀ ਕੀਤਾ ਗਿਆ। ਉਸ ਸਮੇਂ ਭੀੜ ਨੂੰ ਕਾਬੂ ਕਰਨ ਦੀ ਗੱਲ ਤਾਂ ਛੱਡੋ, ਇਸ ਸਮੁੱਚੇ ਘਟਨਾਕ੍ਰਮ ਬਾਬਤ ਸਾਡੇ ਰਹਿਬਰਾਂ ਨੇ ਆਮ ਕਰਕੇ ਕਦੇ ਕੋਈ ਸੰਵੇਦਨਸ਼ੀਲ ਅਤੇ ਜ਼ਿੰਮੇਵਾਰਾਨਾ ਬਿਆਨ ਤੱਕ ਨਹੀਂ ਦਿੱਤਾ। ਅੱਜ ਵੀ ਪੰਦਰਾਂ ਅਗਸਤ ਜਾਂ ਛੱਬੀ ਜਨਵਰੀ ਦੇ ਉਤਸਵਾਂ ਵਿਚ ਆਜ਼ਾਦੀ ਮਿਲਣ ਸਮੇਂ 1947 ਦੀਆਂ ‘ਹਿੰਸਕ/ਜਸ਼ਨ ਵਾਲੀਆਂ ਭੀੜਾਂ’ ਦੇ ਤਸ਼ੱਦਦ ਦਾ ਸ਼ਿਕਾਰ ਲੋਕਾਂ ਦਾ ਜ਼ਿਕਰ ਤੱਕ ਨਹੀਂ ਹੁੰਦਾ, ਉਨ੍ਹਾਂ ਤੋਂ ਮੁਆਫ਼ੀ ਮੰਗਣੀ ਤਾਂ ਬਹੁਤ ਦੂਰ ਦੀ ਗੱਲ ਰਹੀ। ਅਜਿਹੀਆਂ ਸੰਵੇਦਨਸ਼ੀਲ ਪਹਿਲਕਦਮੀਆਂ ਤੋਂ ਨਵੇਂ ਬਣੇ ਮੁਲਕ ਵਿਚ ਆਉਣ ਵਾਲੀਆਂ ਪੀੜ੍ਹੀਆਂ ਨੇ ਸੰਵੇਦਨਸ਼ੀਲਤਾ, ਦਿਆਨਤਦਾਰੀ ਅਤੇ ਸਹਿਹੋਂਦ ਵਰਗੇ ਲੋਕਤੰਤਰ ਦੇ ਆਧਾਰੀ ਨਿਯਮਾਂ ਦਾ ਸਬਕ ਸਿੱਖਣਾ ਸੀ ਲੇਕਿਨ ਸਪੱਸ਼ਟ ਤੌਰ ਤੇ ਅਸੀਂ ਇਸ ਵਿਚ ਬੁਰੀ ਤਰ੍ਹਾਂ ਫੇਲ੍ਹ ਰਹੇ ਹਾਂ।
ਸੰਖੇਪ ਵਿਚ ਜਿਸ ਦੇਸ਼ ਦੀ ਆਜ਼ਾਦੀ ਦਾ ਫ਼ੈਸਲਾ ਹਿੰਸਕ ਤੇ ਬੇਕਾਬੂ ਭੀੜਾਂ ਰਾਹੀਂ ਮਚਾਈ ਬਰਬਰਤਾ ਦੇ ਸਿਰ ਉੱਪਰ ਹੋਇਆ ਹੋਵੇ, ਉਸ ਦੇਸ਼ ਤੋਂ ਅੱਜ ਤੁਸੀਂ ਕਸ਼ਮੀਰ ਜਾਂ ਅਜਿਹੇ ਕਿਸੇ ਵੀ ਮਸਲੇ ਉੱਪਰ ‘ਸੰਵੇਦਨਸ਼ੀਲਤਾ’ ਦੀ ਉਮੀਦ ਕਿਵੇਂ ਕਰ ਸਕਦੇ ਹੋ? ਇਸ ਤਰ੍ਹਾਂ ਅੱਜ ਹਰ ਜਗ੍ਹਾ ਦਿਖਾਈ ਦੇਣ ਵਾਲੀ ‘ਹਿੰਸਕ/ਜਸ਼ਨਾਂ ਵਾਲੀ ਭੀੜ’ ਦਾ ‘ਬੀਜ’ 1947 ਵਿਚ ਹੀ ਬੀਜਿਆ ਜਾ ਚੁੱਕਾ ਸੀ ਜਿਸ ਨੇ ‘ਆਜ਼ਾਦੀ ਦੇ ਜਸ਼ਨ ਮੌਕੇ ਹੀ ਲੋਕਾਂ ਤੋਂ ਆਪਣੇ ਘਰਾਂ, ਮੁਹੱਲਿਆਂ, ਭਾਈਚਾਰਿਆਂ ਅਤੇ ਦੇਸ਼ਾਂ ਅੰਦਰ ਰਹਿਣ ਦੀ ‘ਆਜ਼ਾਦੀ ਧੱਕੇ ਨਾਲ ਖੋਹ ਲਈ’ ਸੀ। ਉਸ ਸਮੇਂ ਤੋਂ ਹੀ ‘ਧੱਕਾ ਅਤੇ ਧੱਕੇ ਦਾ ਜਸ਼ਨ’ ਆਧੁਨਿਕ ਭਾਰਤ ਦਾ ਬਿਨਾ ਲਿਖਿਆ ‘ਮੁਕੱਦਸ ਕਾਨੂੰਨ’ ਬਣ ਗਿਆ।
ਇਸ ਸਬੰਧ ਵਿਚ ਸਭ ਤੋਂ ਮਹੱਤਵਪੂਰਨ ਹੈ ਕਿ ਜਸ਼ਨਾਂ ਵਾਲੀ/ਹਿੰਸਕ ਭੀੜ ਦਾ ਕੋਈ ਇਕ ਚਿਹਰਾ, ਇਕ ਪਛਾਣ ਜਾਂ ਇਕ ਉਦੇਸ਼ ਨਹੀਂ ਹੈ। ਇਹ ਅਲੱਗ ਅਲੱਗ ਰੂਪਾਂ ਵਿਚ, ਅਲੱਗ ਅਲੱਗ ਥਾਵਾਂ ਉੱਪਰ, ਅਲੱਗ ਅਲੱਗ ਕਾਰਨਾਂ ਕਰਕੇ ਜਸ਼ਨ ਮਨਾਉਂਦੀਆਂ ਹਨ। ਕਈ ਵਾਰ ਇਹ ਭੀੜਾਂ ਵਿਚਾਰਧਾਰਕ ਤੌਰ ਤੇ ਵਿਰੋਧੀ ਵੀ ਹੁੰਦੀਆਂ ਹਨ। ਇਸ ਸਭ ਕੁਝ ਦੇ ਬਾਵਜੂਦ ਇਨ੍ਹਾਂ ਵਿਚ ਇਕ ਪ੍ਰਤੱਖ ਅਤੇ ਗਹਿਰੀ ਸਾਂਝ ਹੈ ਜਿਸ ਦਾ ਆਧਾਰ ਕੇਵਲ ‘ਦੂਜਿਆਂ ਦੀ ਆਜ਼ਾਦੀ ਦੇ ਘਾਣ’ ਦਾ ਜਸ਼ਨ ਹੈ। ਇਹ ਫਿਰ ਹਰਿਮੰਦਰ ਸਾਹਿਬ ਉੱਪਰ ਹਮਲਾ ਹੋਵੇ ਜਾਂ ਬਾਬਰੀ ਮਸਜਿਦ ਦਾ ਗਿਰਾਇਆ ਜਾਣਾ, ‘ਭੀੜ’ ਹਮੇਸ਼ਾ ਜਸ਼ਨ ਮਨਾਉਂਦੀ ਦਿਖਾਈ ਦਿੰਦੀ ਹੈ। ਇੰਨਾ ਹੀ ਨਹੀਂ, ਜਦ ਦਿੱਲੀ ਵਿਚ ਸਿੱਖ ਕਤਲੇਆਮ ਹੋਇਆ ਤਾਂ ਇਸੇ ਭੀੜ ਨੇ ਜਸ਼ਨ ਮਨਾਇਆ।
ਦੂਜੇ ਪਾਸੇ ਪੰਜਾਬ ਵਿਚ ਹਿੰਦੂਆਂ ਦੇ ਕਤਲ ਸਮੇਂ ਵੀ ‘ਭੀੜ’ ਖੁਸ਼ੀ ਵਿਚ ਫੁੱਲੀ ਨਹੀਂ ਸਮਾਈ। ਇਸੇ ਤਰ੍ਹਾਂ ਜਦ ਗੁਜਰਾਤ ਵਿਚ ਕਤਲ ਹੋਏ, ਔਰਤਾਂ ਨਾਲ ਬਲਾਤਕਾਰ ਹੋਏ, ਅੱਗਜ਼ਨੀ ਹੋਈ, ਉਦੋਂ ਵੀ ‘ਭੀੜ’ ਜਸ਼ਨ ਮਨਾ ਰਹੀ ਸੀ। ਕਿਸੇ ਆਜ਼ਾਦ ਦੇਸ਼ ਅੰਦਰ ਜਦੋਂ ਇਕ ਸ਼ਖ਼ਸ ਨੂੰ ਅਤਿਵਾਦੀ ਕਹਿ ਕੇ ਬਿਨਾ ਕਿਸੇ ਠੋਸ ਸਬੂਤ ਦੇ ਬਹੁਗਿਣਤੀ/ਭੀੜ ਦੀ ਸੰਤੁਸ਼ਟੀ ਲਈ ਫਾਂਸੀ ਲਾ ਦਿੱਤਾ ਜਾਂਦਾ ਹੈ ਤਾਂ ਤੁਸੀਂ ਦੱਸੋ ਭੀੜ ਜਸ਼ਨ ਕਿਉਂ ਨਾ ਮਨਾਏ? ਯੂਨੀਵਰਸਿਟੀਆਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਜਦ ‘ਭੀੜ’ ਕਾਨੂੰਨੀ ਰੂਪ ਵਿਚ ਦੋਸ਼ੀ ਸਾਬਿਤ ਨਾ ਹੋਣ ਦੇ ਬਾਵਜੂਦ ਟੀਵੀ ਤੇ ਇੰਟਰਨੈੱਟ ਰਾਹੀਂ ਦੋਸ਼ੀ ਸਾਬਿਤ ਕਰ ਦਿੰਦੀ ਹੈ ਤਾਂ ਆਧੁਨਿਕਤਾ, ਲੋਕਤੰਤਰ, ਨਿਆਂ-ਵਿਵਸਥਾ ਸਭ ਬੇਮਾਅਨੇ ਹੋ ਜਾਂਦੇ ਹਨ।
ਪਿਛਲੇ ਸਮਿਆਂ ਵਿਚ ਜਦ ਖ਼ੁਦਕੁਸ਼ੀਆਂ ਦੇ ਮੂੰਹ ਜਾਣ ਤੋਂ ਇਨਕਾਰੀ ਹੋਏ ਲੱਖਾਂ ਅੰਨਦਾਤੇ/ਕਿਸਾਨ ਕਿਸੇ ਆਸ ਨਾਲ ਭੁੱਖੇ ਢਿੱਡ ਤੇ ਨੰਗੇ ਪੈਰੀਂ ਰਾਜਧਾਨੀਆਂ ਵੱਲ ਵਧੇ ਪਰ ਖਾਲੀ ਹੱਥ ਨਿਰਾਸ਼ੇ ਪਰਤੇ, ਉਦੋਂ ਵੀ ਭੀੜ ‘ਹਿੰਦੂ ਸਰਕਾਰ/ਰਾਸ਼ਟਰ’ ਬਣਨ/ਬਣਾਉਣ ਦੇ ਜਸ਼ਨਾਂ ਵਿਚ ਮਸਤ ਸੀ। ਇਹ ਇਤਿਹਾਸਕ ਤੌਰ ਤੇ ‘ਨੀਰੋ ਦੇ ਬੰਸਰੀ ਬਜਾਉਣ’ ਜਿੰਨੀ ਕੋਫ਼ਤ ਭਰੀ ਗੱਲ ਹੈ। ਇਸੇ ਤਰ੍ਹਾਂ ਭਾਰਤੀ ਫ਼ੌਜ/ਪੁਲੀਸ ਖ਼ਿਲਾਫ਼ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚੋਂ ਆਵਾਜ਼ਾਂ ਉੱਠ ਰਹੀਆਂ ਸਨ ਪਰ ਅੰਨ੍ਹੀ-ਗੁੰਗੀ-ਬੋਲੀ ਭੀੜ ਫੌਜ/ਪੁਲੀਸ ਦੀ ਤਾਕਤ ਦਾ ਜਸ਼ਨ ਮਨਾਉਣ ਵਿਚ ਮਸ਼ਗੂਲ ਸੀ।
ਕਸ਼ਮੀਰ ਵਿਚ ਫ਼ੌਜੀ ਅਫ਼ਸਰ ਸਥਾਨਕ ਸ਼ਖ਼ਸ ਨੂੰ ਗੱਡੀ ਅੱਗੇ ਬੰਨ੍ਹ ਕੇ ਉਸ ਦਾ ‘ਜਲੂਸ’ ਕੱਢਦਾ ਹੈ ਅਤੇ ਭੀੜ ਸ਼ਾਬਾਸ਼ੀ ਦੇ ਰਹੀ ਹੈ। ਇਹੀ ਮਾਨਸਿਕਤਾ ਪੰਚਕੂਲਾ ਵਿਚ ਮਰਨ ਵਾਲਿਆਂ ਤੋਂ ਸ਼ਖ਼ਸ ਹੋਣ ਦਾ ਹੱਕ ਖੋਹ ਕੇ ਉਨ੍ਹਾਂ ਨੂੰ ਕੇਵਲ ‘ਪ੍ਰੇਮੀ’ ਤੱਕ ਸੀਮਤ ਕਰ ਦਿੰਦੀ ਹੈ। ਇਸ ਭੀੜ ਨੇ ਸਾਹਿਤਕਾਰਾਂ, ਪੱਤਰਕਾਰਾਂ, ਸਮਾਜਿਕ ਕਾਰਕੁਨਾਂ ਦੇ ਕਤਲ ਤੇ ਸ਼ਰੇਆਮ ਜਸ਼ਨ ਮਨਾਏ, ਬਲਾਤਕਾਰੀਆਂ ਨੂੰ ਸਨਮਾਨਿਤ ਕੀਤਾ, ਕਿਸੇ ਕਲਾਕਾਰ ਔਰਤ ਦਾ ਨੱਕ ਵੱਢ ਕੇ ਲਿਆਉਣ ਉੱਪਰ ਇਨਾਮ ਰੱਖਿਆ ਅਤੇ ਹਰ ਵਿਰੋਧੀ ਨੂੰ ਦੇਸ਼ ਛੱਡ ਕੇ ਜਾਣ ਦੇ ਫਰਮਾਨ ਜਾਰੀ ਕੀਤਾ ਲੇਕਿਨ ਕਿਸੇ ਕਾਨੂੰਨ-ਵਿਵਸਥਾ ਨੇ ਕੋਈ ਕਾਰਵਾਈ ਨਹੀਂ ਕੀਤੀ।
ਕੀ ਤੁਸੀਂ ਇਸ ਸਭ ਤੋਂ ਭੀੜ ਦੀ ਤਾਕਤ ਅਤੇ ਮਾਨਸਿਕਤਾ ਦਾ ਅੰਦਾਜ਼ਾ ਲਾ ਸਕਦੇ ਹੋ? ਸ਼ਾਇਦ ਹਾਂ, ਕਿਉਂਕਿ ਇਹ ਭੀੜ ਕਿਤੇ ਹੋਰ ਨਹੀਂ ਹੈ। ਇਹ ਮੈਂ ਤੇ ਤੁਸੀਂ ਹੋ। ਅਸੀਂ ਭੀੜ ਹਾਂ। ਸਾਡੇ ਵਡੇਰਿਆਂ ਨੇ ਪਹਿਲਾਂ ਭੀੜ ਦੀ ਤਾਕਤ ਦਾ ਅੰਦਾਜ਼ਾ ਨਹੀਂ ਲਾਇਆ ਅਤੇ ਸਾਥੋਂ ਹੁਣ ਸਾਡੇ ਅੰਦਰ ਅਤੇ ਨੇੜੇ-ਤੇੜੇ ਪਸਰੀ ਭੀੜ ਦੀ ਪਛਾਣ ਨਹੀਂ ਹੋ ਰਹੀ। ਜੇਕਰ ਧਿਆਨ ਨਾਲ ਸੁਣੀਏ ਤਾਂ ਸਾਡੇ ਸਭ ਦੇ ਅੰਦਰ ਸਾਡੀ ਸੂਝਵਾਨ ਨਿਵੇਕਲੀ ਸੋਚ ਨਾਲੋਂ ਵਧੇਰੇ ‘ਭੀੜ ਦਾ ਸ਼ੋਰ’ ਹੈ। ਇਸ ਲਈ ਅੱਜ ਦੀ ਮੁੱਖ ਲੋੜ ‘ਆਪਣੀ ਸਮਝ’ ਅਤੇ ‘ਭੀੜ ਦੇ ਸ਼ੋਰ’ ਵਿਚਾਲੇ ਅੰਤਰ ਕਰਨ ਦੀ ਸਮਰੱਥਾ ਨੂੰ ਪੈਦਾ ਕਰਨਾ ਹੈ।
ਅੱਜ ਜੋ ਹਾਲਾਤ ਭਾਰਤ ਅੰਦਰ ਬਣੇ ਹੋਏ ਹਨ, ਉਸ ਦਰਮਿਆਨ ਸਾਡੇ ਸਾਹਮਣੇ ਕੇਵਲ ਦੋ ਰਾਹ ਹਨ। ਅੱਜ ਜੇਕਰ ਅਸੀਂ ਭੀੜ ਦੇ ਖ਼ਿਲਾਫ਼ ਨਹੀਂ ਹਾਂ ਤਾਂ ਸਪੱਸ਼ਟ ਤੌਰ ‘ਤੇ ਅਸੀਂ ਇਸ ਦਾ ਹਿੱਸਾ ਹਾਂ। ਸਾਡੇ ਸਮਾਜ ਨੂੰ ਚੋਣ ਕਰਨ ਦੀ ਅਜਿਹੀ ਘਟੀਆ ਹਾਲਤ ਤੱਕ ਲੈ ਕੇ ਆਉਣ ਲਈ ਸਾਡੇ ਵਡੇਰਿਆਂ ਸਮੇਤ ਸਾਨੂੰ ਸਭ ਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ। ਭਾਰਤ ਦੀ ਆਜ਼ਾਦੀ ਨੂੰ ਅਜੇ ਸੌ ਸਾਲ ਵੀ ਪੂਰੇ ਨਹੀਂ ਹੋਏ। ਇਸ ਸੂਰਤ ਵਿਚ ਆਪਣੇ ਹੀ ਲੋਕਾਂ ਦੀਆਂ ਸ਼ਹਿਰੀ ਆਜ਼ਾਦੀਆਂ ਦਾ ਵਾਰ ਵਾਰ ਘਾਣ ਕਰਨਾ ਸ਼ਰਮਸਾਰ ਕਰਨ ਵਾਲਾ ਹੈ। ਲੋਕਤੰਤਰ ਅੰਦਰ ਅਧਿਕਾਰਾਂ ਦੀ ਅਸੀਮਤਾ ਅਤੇ ਫ਼ਰਜ਼ਾਂ ਦੀ ਬੇਮੁਖਤਾ ਭੀੜਤੰਤਰ ਅਤੇ ਅਰਾਜਕਤਾ ਨੂੰ ਜਨਮ ਦਿੰਦੀ ਹੈ।
ਮੌਜੂਦਾ ਹਾਲਾਤ ਦੇ ਮੱਦੇਨਜ਼ਰ ਅਸੀਂ ਅਜਿਹੇ ਹਾਲਾਤ ਵੱਲ ਤੇਜ਼ੀ ਨਾਲ ਵਧ ਰਹੇ ਹਾਂ, ਜਦ ਕਾਨੂੰਨ ਅਤੇ ਵਿਵਸਥਾ ਦੇ ਅਸੰਤੁਲਨ ਨਾਲ ਜਮਹੂਰੀਅਤ ਨੂੰ ਵੱਡਾ ਖੋਰਾ ਲੱਗੇਗਾ। ਅਜਿਹਾ ਕਰਨ ਲਈ ਲੋਕਾਂ ਦੀ ਚੇਤਨਾ ਨੂੰ ਲਗਾਤਾਰ ‘ਖੁੰਢੀ’ ਕਰਕੇ ‘ਸਿਸਟਮ ਬਨਾਮ ਚੇਤਨ ਲੋਕਾਂ ਦੀ ਲੜਾਈ’ ਨੂੰ ‘ਚੇਤਨ ਲੋਕਾਂ ਬਨਾਮ ਭੀੜ ਦੀ ਲੜਾਈ’ ਵਿਚ ਤਬਦੀਲ ਕਰ ਦਿੱਤਾ ਗਿਆ ਹੈ।


Comments Off on ਭੀੜ ਦਾ ਸ਼ੋਰ ਤੇ ਜਮਹੂਰੀਅਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.