ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਭਿਆਨਕ ਤਬਾਹੀ ਦੀ ਦਾਸਤਾਨ ਹੀਰੋਸ਼ੀਮਾ-ਨਾਗਾਸਾਕੀ

Posted On August - 6 - 2019

ਵਰ੍ਹੇਗੰਢ ਮੌਕੇ ਵਿਸ਼ੇਸ਼

ਅਵਤਾਰ ਸਿੰਘ ਆਨੰਦ

ਹੀਰੋਸ਼ੀਮਾ-ਨਾਗਾਸਾਕੀ ਦੇ ਦਿਲ-ਕੰਬਾਊ ਕਾਰੇ ਦੀਆਂ ਜੜਾਂ ਦੀ ਡੂੰਘਾਈ ਨਾਲ ਗੱਲ ਕਰਨੀ ਹੋਵੇ ਤਾਂ ਇਸ ਦੀਆਂ ਤਾਰਾਂ 1930ਵਿਆਂ ਦੇ ਸਰਮਾਏਦਾਰੀ ਦੇ ਵੱਡੇ ਆਰਥਿਕ ਸੰਕਟ ਨਾਲ ਜੁੜੀਆਂ ਹੋਈਆਂ ਹਨ। ਜਿਸਨੇ ਅਮਰੀਕਾ ਤੇ ਯੂਰੋਪ ਸਮੇਤ ਸੰਸਾਰ ਦੇ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ। ਇਸ ਸੰਕਟ ਵਿਚੋਂ ਨਿਕਲਣ ਲਈ ਸਰਮਾਏ ਨੂੰ ਨਿਵੇਸ਼ ਕਰਨ ਲਈ ਜਿਣਸਾਂ ਦੀ ਨਵੀਂ ਮੰਗ ਤੇ ਨਵੀਆਂ ਮੰਡੀਆਂ ਪੈਦਾ ਕਰਨ ਦੀ ਲੋੜ ਸੀ। ਇਹ ਮੰਗ ਭਿਆਨਕ ਤਬਾਹੀ ਨਾਲ ਪਹਿਲਾਂ ਸਭ ਕੁਝ ਤਬਾਹ ਕਰਕੇ ਫਿਰ ਉਸਨੂੰ ਮੁੜ ਉਸਾਰਨ ਲਈ ਸਰਮਾਏ ਦੇ ਨਿਵੇਸ਼ ਲਈ ਥਾਂ ਤੇ ਮੰਡੀ ਪੈਦਾ ਕਰਕੇ ਪੂਰੀ ਕੀਤੀ ਜਾਣੀ ਸੀ। ਇਸੇ ਉਦੇਸ਼ ਲਈ ਦੂਜੀ ਸੰਸਾਰ ਜੰਗ ਲੱਗੀ। ਇਸ ਜੰਗ ਵਿਚ ਇਕ ਪਾਸੇ ਜਰਮਨੀ, ਜਪਾਨ ਤੇ ਇਟਲੀ ਜਿਹੇ ਦੇਸ਼ ਸਨ ਜਿਨ੍ਹਾਂ ਨੂੰ ਧੁਰੀ ਸ਼ਕਤੀਆਂ ਆਖਿਆ ਗਿਆ ਤੇ ਦੂਜੇ ਪਾਸੇ ਸੋਵੀਅਤ ਯੂਨੀਅਨ, ਇੰਗਲੈਂਡ, ਅਮਰੀਕਾ, ਚੀਨ ਜਿਹੇ ਕਈ ਦੇਸ਼ ਸਨ ਜਿਨ੍ਹਾਂ ਨੂੰ ਮਿੱਤਰ ਦੇਸ਼ ਆਖਿਆ ਗਿਆ।
ਇਸ ਵਿਚ ਵੀ ਅਮਰੀਕਾ ਤੇ ਯੂਰੋਪੀ ਦੇਸ਼ਾਂ ਦੀ ਇੱਛਾ ਇਹੋ ਸੀ ਕਿ ਸੋਵੀਅਤ ਯੂਨੀਅਨ ਤੇ ਜਰਮਨੀ ਨੂੰ ਆਪਸ ਵਿਚ ਭਿੜਨ ਦਿੱਤਾ ਜਾਵੇ ਤੇ ਮੁੜ ਜੇਤੂ ਤੇ ਕਮਜ਼ੋਰ ਹੋ ਚੁੱਕੀ ਧਿਰ ’ਤੇ ਹਮਲਾ ਕਰਕੇ ਦੋਵਾਂ ਨੂੰ ਹੀ ਜਿੱਤਿਆ ਜਾ ਸਕੇ। ਇਸੇ ਲਈ ਅਮਰੀਕਾ ਨੇ ਪੂਰੀ ਤਰ੍ਹਾਂ ਇਸ ਜੰਗ ਤੋਂ ਟਾਲਾ ਵੱਟੀ ਰੱਖਿਆ। ਇੰਗਲੈਂਡ, ਫਰਾਂਸ ਜਿਹੇ ਦੇਸ਼ਾਂ ਨੂੰ ਵੀ ਜਰਮਨੀ ਵੱਲੋਂ ਹਮਲਾ ਕਰਨ ਦੀ ਮਜਬੂਰੀ ਕਾਰਨ ਲੜਨਾ ਪਿਆ, ਪਰ ਸਮਾਜਵਾਦੀ ਸੋਵੀਅਤ ਯੂਨੀਅਨ ਨੇ ਸਾਮਰਾਜੀ ਹਾਕਮਾਂ ਦੀਆਂ ਇੱਛਾਵਾਂ ਨੂੰ ਬੂਰ ਨਾ ਪੈਣ ਦਿੱਤਾ ਤੇ 1943 ਵਿਚ ਜਰਮਨ ਫ਼ੌਜਾਂ ਦੇ ਬਖੀਏ ਉਧੇੜਦੇ ਹੋਏ ਉਨ੍ਹਾਂ ਨੂੰ ਬਰਲਿਨ ਤਕ ਛੱਡਣ ਨਿਕਲੇ। ਇੱਥੇ ਆ ਕੇ ਅਮਰੀਕਾ ਨੇ ਆਪਣੀ ਤਾਕਤ ਦਾ ਮੁਜ਼ਾਹਰਾ ਕਰਨ ਤੇ ਆਪਣੀ ਧੌਂਸ ਜਮਾਉਣ ਲਈ ਹੀਰੋਸ਼ੀਮਾ ਅਤੇ ਨਾਗਾਸਾਕੀ ’ਤੇ ਬੰਬ ਸੁੱਟਣ ਦਾ ਫ਼ੈਸਲਾ ਲਿਆ। ਅਮਰੀਕੀ ਹਾਕਮ ਇਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਇਸ ਬੰਬ ਦੀ ਤਬਾਹੀ ਏਨੀ ਭਿਆਨਕ ਹੋਵੇਗੀ ਜਿੰਨੀ ਮਨੁੱਖਤਾ ਨੇ ਅੱਜ ਤਕ ਨਹੀਂ ਦੇਖੀ, ਕੁਝ ਪਲਾਂ ਵਿਚ ਹੀ ਲੱਖਾਂ ਬੇਦੋਸ਼ੇ ਲੋਕ ਸੁਆਹ ਹੋ ਜਾਣਗੇ, ਪਰ ਤਾਕਤ ਦੇ ਨਸ਼ੇ ਵਿਚ ਚੂਰ ਹਾਕਮਾਂ ਨੂੰ ਮਨੁੱਖੀ ਜਾਨਾਂ ਦੀ ਕਿੱਥੇ ਪਰਵਾਹ ਸੀ। ਇਸ ਲਈ ਉਨ੍ਹਾਂ ਇਸ ਖੋਜ ਕਾਰਜ ਵਿਚ ਲੱਗੇ ਵਿਗਿਆਨੀਆਂ ਦੀ ਇੱਛਾ ਦੇ ਉਲਟ ਜਾ ਕੇ ਜਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਤੇ ਨਾਗਾਸਾਕੀ ਉੱਪਰ ਇਹ ਬੰਬ ਸੁੱਟਣ ਦਾ ਤਜਰਬਾ ਕਰਨ ਦਾ ਮਾਰੂ ਫ਼ੈਸਲਾ ਲਿਆ।
ਦੂਜੇ ਵਿਸ਼ਵ ਯੁੱਧ ਸਮੇਂ ਅੱਜ ਦੇ ਦਿਨ 6 ਅਗਸਤ ਤੇ 9 ਅਗਸਤ ਨੂੰ ਅਮਰੀਕਾ ਨੇ ਜਪਾਨ ਦੇ ਦੋ ਵੱਡੇ ਸ਼ਹਿਰਾਂ ਹੀਰੋਸ਼ੀਮਾ ਤੇ ਨਾਗਾਸਾਕੀ ’ਤੇ ਐਟਮ ਬੰਬ ਸੁੱਟ ਕੇ ਜਿੱਥੇ ਲਗਪਗ ਡੇਢ ਲੱਖ ਜਪਾਨੀਆਂ ਨੂੰ ਮਾਰ ਮੁਕਾਇਆ, ਉੱਥੇ ਪੂਰੀ ਦੁਨੀਆਂ ਨੂੰ ਕੰਬਾ ਕੇ ਰੱਖ ਦਿੱਤਾ ਸੀ। ਵਿਸ਼ਵ ਯੁੱਧ ’ਚ ਜਦੋਂ ਵੱਖ-ਵੱਖ ਦੇਸ਼ ਵੱਖ-ਵੱਖ ਧੜਿਆਂ ’ਚ ਵੰਡ ਕੇ ਆਪੋ-ਆਪਣੇ ਧੜੇ ਦੀ ਸਰਦਾਰੀ ਲਈ ਇਕ-ਦੂਜੇ ਨਾਲ ਕਰੋ ਜਾਂ ਮਰੋ ਦੀ ਭਾਵਨਾ ਨਾਲ ਜੂਝ ਰਹੇ ਸਨ, ਉਸ ਸਮੇਂ ਵਰਤੇ ਗਏ ਐਟਮੀ ਬੰਬ ਨੂੰ ‘ਮਨੁੱਖਤਾ’ ਕਿਸੇ ਵੀ ਕੀਮਤ ’ਤੇ ਜਾਇਜ਼ ਠਹਿਰਾਉਣ ਲਈ ਤਿਆਰ ਨਹੀਂ। ਮਾਸੂਮਾਂ ਤੇ ਬੇਗੁਨਾਹਾਂ ਦਾ ਖੂਨ ਵਹਾਉਣਾ ਕੋਈ ਵੀ ਮਨੁੱਖਤਾਵਾਦੀ ਸੋਚ ਵਾਲਾ ਵਿਅਕਤੀ ਬਰਦਾਸ਼ਤ ਨਹੀਂ ਕਰਦਾ। ਇਹ 20ਵੀਂ ਸਦੀ ਦਾ ਸਭ ਤੋਂ ਭਿਆਨਕ ਕਾਂਡ ਸੀ, ਜਿਸਨੇ ਮਨੁੱਖਤਾ ਨੂੰ ਸ਼ਰਮਸ਼ਾਰ ਕੀਤਾ।

ਅਵਤਾਰ ਸਿੰਘ ਆਨੰਦ

ਹੀਰੋਸ਼ੀਮਾ ਸ਼ਹਿਰ ਵਿਚ 6 ਅਗਸਤ 1945 ਨੂੰ ਸਵੇਰ ਦੇ 8.50 ਵੱਜੇ ਸਨ। ਸੜਕਾਂ ’ਤੇ ਬੱਚੇ ਸਕੂਲ ਜਾ ਰਹੇ ਸਨ, ਲੋਕ ਕੰਮਾਂ ’ਤੇ ਨਿਕਲ ਚੁੱਕੇ ਸਨ ਤੇ ਔਰਤਾਂ ਘਰ ਦਾ ਕੰਮ ਮੁਕਾ ਰਹੀਆਂ ਸਨ। ਸੂਰਜ ਦੀ ਧੁੱਪ ਹਰੇ-ਭਰੇ ਰੁੱਖਾਂ ਨਾਲ ਟਕਰਾ ਕੇ ਧਰਤੀ ਦੇ ਮੱਥੇ ’ਤੇ ਕਾਲੇ ਧੱਬੇ ਛੱਡ ਰਹੀ ਸੀ। ਦੂਰ ਉੱਪਰ ਆਕਾਸ਼ ਵਿਚ ਇਕ ਮਸ਼ੀਨੀ ਗਿਰਝ ਉੱਡਦੀ ਦਿਸੀ ਤੇ ਇਹ ਲਗਾਤਾਰ ਵੱਡੀ ਹੁੰਦੀ ਗਈ। ਘਰਾਂ ਵਿਚੋਂ ਲੋਕ ਇਸਨੂੰ ਦੇਖਣ ਲਈ ਬਾਹਰ ਭੱਜੇ। ਸ਼ਹਿਰ ਵਿਚਕਾਰ ਆ ਕੇ ਇਸਨੇ ਆਪਣੇ ਖੰਭਾਂ ਵਿਚੋਂ ਇਕ ਕਾਲਾ ਅੰਡਾ ਹੇਠਾਂ ਸੁੱਟਿਆ ਜੋ ਅਚਾਨਕ ਹਵਾ ਵਿਚ ਫਟ ਗਿਆ ਤੇ ਇਸਨੇ ਸ਼ਹਿਰ ਵਿਚ ਅੱਗ ਖਲਾਰ ਦਿੱਤੀ। ਜਿਸ ਨਾਲ ਪੂਰੇ ਦਾ ਪੂਰਾ ਨਗਰ ਬਰਬਾਦ ਹੋ ਗਿਆ। ਇਸ ਦੇ ਖ਼ਤਰਨਾਕ ਨਤੀਜੇ ਅੱਜ ਵੀ ਇਸ ਨਗਰ ਦੇ ਲੋਕ ਭੁਗਤ ਰਹੇ ਹਨ। ਦੂਜਾ ਬੰਬ ਨਾਗਾਸਾਕੀ ’ਤੇ 9 ਅਗਸਤ ਨੂੰ ਸੁੱਟਿਆ ਗਿਆ।
ਦੂਜੀ ਸੰਸਾਰ ਜੰਗ ਸਮੇਂ ਜਪਾਨ ’ਤੇ ਕਈ ਮਹੀਨੇ ਭਾਰੀ ਬੰਬਾਰੀ ਕਰਨ ਪਿੱਛੋਂ ਸੰਯੁਕਤ ਰਾਜ ਅਮਰੀਕਾ ਨੇ 26 ਜੁਲਾਈ 1945 ਨੂੰ ਜਪਾਨ ਨੂੰ ਆਤਮ-ਸਮਰਪਣ ਕਰਨ ਲਈ ਤਾੜਨਾ ਕੀਤੀ, ਜਿਸ ਨੂੰ ਜਪਾਨ ਨੇ ਨਜ਼ਰਅੰਦਾਜ਼ ਕਰ ਦਿੱਤਾ। ਇਸ ਪਿੱਛੋਂ ਅਮਰੀਕੀ ਰਾਸ਼ਟਰਪਤੀ ਹੈਰੀ ਐੱਸ. ਟਰੂਮੈਨ ਦੇ ਹੁਕਮਾਂ ਨਾਲ ਅਮਰੀਕਾ ਨੇ ਜਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ’ਤੇ 6 ਅਗਸਤ ਨੂੰ ਐਟਮ ਬੰਬ ਸੁੱਟ ਦਿੱਤੇ ਸਨ। ਅਮਰੀਕਾ ਵੱਲੋਂ ਐਟਮ ਬੰਬਾਂ ਦਾ ਨਿਸ਼ਾਨਾ ਬਣਾਉਣ ਲਈ ਜਪਾਨ ਦੇ ਚਾਰ ਸ਼ਹਿਰਾਂ ਹੀਰੋਸ਼ੀਮਾ, ਕੋਕੂਰਾ, ਨਾਗਾਸਾਕੀ ਅਤੇ ਨਾਈਗਟਾ ਨੂੰ ਚੁਣਿਆ ਗਿਆ ਸੀ ਜਿਨ੍ਹਾਂ ਤਕ ਯੁੱਧ ਕਾਰਨ ਪਹੁੰਚ ਘੱਟ ਹੋ ਸਕੀ ਸੀ। ਨਿਸ਼ਾਨਾ ਬਣਾਉਣ ਲਈ ਉਨ੍ਹਾਂ ਦੀ ਪਹਿਲੀ ਤਰਜੀਹ ‘ਹੀਰੋਸ਼ੀਮਾ’ ਸੀ। ਇਹ ਉਦਯੋਗਿਕ ਅਤੇ ਸੈਨਿਕ ਦੋਵਾਂ ਪੱਖਾਂ ਤੋਂ ਮਹੱਤਵਪੂਰਨ ਸ਼ਹਿਰ ਸੀ।
6 ਅਗਸਤ 1945 ਨੂੰ ਹੀਰੋਸ਼ੀਮਾ ’ਤੇ ਬੰਬਾਰੀ ਕਰਨ ਵਾਲਾ ਅਮਰੀਕੀ ਜਹਾਜ਼ ਜਿਸ ਦਾ ਨਾਂ ‘ਇਨੋਲਾ ਗੇਅ’ ਸੀ, ਟਿਨੀਅਨ ਨਾਂ ਦੇ ਟਾਪੂ ਤੋਂ ਰਵਾਨਾ ਹੋਇਆ। ਇਸ ਲੜਾਕੂ ਜਹਾਜ਼ ਵਿਚ ਚਾਲਕਾਂ ਦੀ 12 ਮੈਂਬਰੀ ਟੀਮ ਸੀ ਅਤੇ ‘ਲਿਟਲ ਬੌਇ’ ਨਾਂ ਦਾ ਐਟਮ ਬੰਬ ਸੀ। ਅਮਰੀਕਾ ਨੇ ਇਸ ਬੰਬ ਦਾ ਨਾਂ ‘ਲਿਟਲ ਬੌਇ’ ਰੱਖਿਆ ਸੀ। ਪੂਰੇ ਮਨੁੱਖੀ ਇਤਿਹਾਸ ਵਿਚ ਇਹ ਪਰਮਾਣੂ ਬੰਬਾਂ ਦਾ ਪਹਿਲਾਂ ਤਜਰਬਾ ਸੀ। ਇਹ ਬੰਬ ਯੂਰੇਨੀਅਮ-235 ਤੋਂ ਬਣਿਆ ਹੋਇਆ ਸੀ।
‘ਲਿਟਲ ਬੌਇ’ ਯੁੱਧਾਂ ਦੇ ਇਤਿਹਾਸ ਵਿਚ ਇੰਗਲੈਂਡ ਵੱਲੋਂ ਵਰਤੇ ਗਏ ਹੁਣ ਤਕ ਦੇ ਸਭ ਤੋਂ ਖ਼ਤਰਨਾਕ ਬੰਬ ‘ਗਰੈਂਡ ਸਲਾਮ’ ਤੋਂ ਵੀ ਦੋ ਹਜ਼ਾਰ ਗੁਣਾ ਜ਼ਿਆਦਾ ਸ਼ਕਤੀ ਦਾ ਮਾਲਕ ਸੀ। ਅਮਰੀਕੀ ਪਾਇਲਟ ਕਰਨਲ ਪਾਲ ਟਿਬਟਸ ਨੇ ਜਪਾਨ ਦੇ ਲਗਪਗ ਸਾਢੇ ਤਿੰਨ ਲੱਖ ਵਸੋਂ ਵਾਲੇ ਸ਼ਹਿਰ ਹੀਰੋਸ਼ੀਮਾ ਉੱਪਰ ਜਹਾਜ਼ ਰਾਹੀਂ ਐਟਮ ਬੰਬ ਸਵੇਰੇ 8 ਵੱਜ ਕੇ 50 ਮਿੰਟ ’ਤੇ ਸੁੱਟਿਆ। ਇਹ ਜ਼ਮੀਨ ਤੋਂ ਲਗਪਗ 600 ਮੀਟਰ ਦੀ ਉੱਚਾਈ ’ਤੇ ਫਟਿਆ। ਪੂਰਾ ਸ਼ਹਿਰ ਧੂੰਏ ਅਤੇ ਅੱਗ ਦੀਆਂ ਲਪਟਾਂ ਨਾਲ ਘਿਰ ਗਿਆ। ਇਸ ਨਾਲ ਸ਼ਹਿਰ ਦੀਆਂ 60,000 ਤੋਂ 90,000 ਇਮਾਰਤਾਂ ਤਹਿਸ-ਨਹਿਸ ਹੋ ਗਈਆਂ। 1 ਮੀਲ ਤਕ ਦੇ ਘੇਰੇ ਨੂੰ ਅੱਗ ਦੇ ਗੋਲੇ ਵਿਚ ਬਦਲ ਦਿੱਤਾ। ਇਸ ਅੱਗ ਨੇ ਅੱਗੇ ਵਧ ਕੇ 13 ਵਰਗ ਕਿਲੋਮੀਟਰ ਤਕ ਦੀ ਹਰ ਚੀਜ਼ ਨੂੰ ਆਪਣੇ ਘੇਰੇ ਵਿਚ ਲੈ ਲਿਆ। 90 ਫ਼ੀਸਦੀ ਸ਼ਹਿਰ ਇਸ ਬੰਬ ਦੇ ਪ੍ਰਭਾਵ ਅਧੀਨ ਆਇਆ। ਪੂਰਾ ਸ਼ਹਿਰ ਧੂੰਏਂ, ਧੂੜ ਤੇ ਮਿੱਟੀ ਦੇ ਗਿਲਾਫ਼ ਵਿਚ ਲਪੇਟਿਆ ਗਿਆ। ਇਸਨੇ ਪਲਕ ਝਪਕਦਿਆਂ ਲੱਖਾਂ ਲੋਕਾਂ, ਜਾਨਵਰਾਂ, ਪਸ਼ੂ-ਪੰਛੀਆਂ, ਇਮਾਰਤਾਂ ਨੂੰ ਸੁਆਹ ਦੇ ਢੇਰ ਵਿਚ ਬਦਲ ਦਿੱਤਾ। ਤਾਪਮਾਨ ਇੰਨਾ ਵਧ ਗਿਆ ਕਿ ਮਿੱਟੀ, ਪੱਥਰ, ਧਾਤਾਂ ਸਭ ਕੁਝ ਪਿਘਲ ਗਿਆ। ਪਲ ਭਰ ਵਿਚ ਇਹ ਸ਼ਹਿਰ ਉੱਜੜ ਗਿਆ। ਉਸ ਸਮੇਂ ਹੀਰੋਸ਼ੀਮਾ ਦੀ ਅਬਾਦੀ ਕਰੀਬ ਸਾਢੇ ਤਿੰਨ ਲੱਖ ਸੀ, ਜਿਸ ਵਿਚੋਂ ਕਰੀਬ 70,000 ਲੋਕ ਮੌਕੇ ’ਤੇ ਮਾਰੇ ਗਏ ਅਤੇ ਇੰਨੇ ਹੀ ਬਾਅਦ ਵਿਚ ਰੇਡੀਏਸ਼ਨ ਦੇ ਦੁਰਪ੍ਰਭਾਵ ਨਾਲ ਮਾਰੇ ਜਾਣ ਦਾ ਅੰਦਾਜ਼ਾ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ ਇਕ ਲੱਖ ਚਾਲੀ ਹਜ਼ਾਰ ਤੋਂ ਵੱਧ ਜਾਨਾਂ ਚਲੀਆਂ ਗਈਆਂ। ਹੀਰੋਸ਼ੀਮਾ ਦੀ ਘਟਨਾ ਉਪਰੰਤ ਅਮਰੀਕੀ ਰਾਸ਼ਟਰਪਤੀ ਹੈਰੀ ਟਰੂਮੈਨ ਦਾ ਬਿਆਨ ਸੀ:
“ਜੰਗ ਤਾਂ ਅਸੀਂ ਪਹਿਲਾਂ ਹੀ ਜਿੱਤ ਚੁੱਕੇ ਸਾਂ। ਪਰਮਾਣੂ ਬੰਬਾਂ ਦੀ ਵਰਤੋਂ ਦਾ ਮਤਲਬ ਦੁਨੀਆਂ ਨੂੰ ਇਹ ਅਹਿਸਾਸ ਕਰਾਉਣਾ ਹੈ ਕਿ ਜਿਸ ਨੇ ਵੀ ਯੁੱਧ ਤੋਂ ਬਾਅਦ ਦੀ ਦੁਨੀਆਂ ਵਿਚ ਰਹਿਣਾ ਹੈ, ਸਾਡੇ ਕੋਲੋਂ ਡਰ ਕੇ ਰਹਿਣਾ ਹੋਵੇਗਾ।’’
9 ਅਗਸਤ 1945 ਨੂੰ ਨਾਗਾਸਾਕੀ ’ਤੇ ‘ਫੈਟ ਬੌਇ’ ਨੇ ਕਹਿਰ ਵਰਤਾਇਆ। 16 ਘੰਟੇ ਬਾਅਦ ਅਮਰੀਕੀ ਰਾਸ਼ਟਰਪਤੀ ਟਰੂਮੈਨ ਦੇ ਰੇਡੀਓ ’ਤੇ ਦਿੱਤੇ ਸੁਨੇਹੇ ਤੋਂ ਪਤਾ ਲੱਗਿਆ ਕਿ ਅਮਰੀਕਾ ਨੇ ਜਪਾਨ ’ਤੇ ਪਰਮਾਣੂ ਬੰਬ ਸੁੱਟਿਆ ਸੀ। ਜਪਾਨ ਨੂੰ ਆਤਮ-ਸਪਰਮਣ ਕਰਨ ਲਈ ਕਿਹਾ ਗਿਆ ਤੇ ਧਮਕੀ ਦਿੱਤੀ ਗਈ ਕਿ ਅਜਿਹਾ ਨਾ ਕਰਨ ਦੀ ਸੂਰਤ ਵਿਚ ਜਪਾਨ ’ਤੇ ਅਜਿਹੇ ਹੋਰ ਬੰਬ ਸੁੱਟੇ ਜਾਣਗੇ।
ਜਪਾਨ ਦੇ ਲੋਕ ਹਫੜਾ-ਦਫੜੀ ਵਿਚ ਸਨ ਤੇ ਹਾਕਮ ਦੁਚਿੱਤੀ ਵਿਚ। ਇਸੇ ਸਮੇਂ ਅਮਰੀਕਾ ਨੇ ਜਪਾਨ ’ਤੇ ਇਕ ਹੋਰ ਹਮਲਾ ਕਰਕੇ ਪਲੂਟੋਨੀਅਮ ਵਾਲੇ ਪਰਮਾਣੂ ਬੰਬ ਨੂੰ ਵੀ ਪਰਖਣ ਦਾ ਫ਼ੈਸਲਾ ਲਿਆ। 9 ਅਗਸਤ ਨੂੰ ਪਾਇਲਟ ਚਾਰਲਸ ਡਬਲਿਊ ਸਵੀਨੇ ਨੇ ਜਹਾਜ਼ ਉਡਾਇਆ ਅਤੇ ਜਪਾਨ ਦੇ ਸ਼ਹਿਰ ਨਾਗਾਸਾਕੀ ’ਤੇ ਸਵੇਰ 11 ਵਜੇ ਇਕ ਹੋਰ ਪਰਮਾਣੂ ਬੰਬ ‘ਫੈਟ ਬੌਇ’ ਸੁੱਟਿਆ, ਜਿਸਨੇ ਲਗਪਗ 5 ਵਰਗ ਕਿਲੋਮੀਟਰ ਦੇ ਘੇਰੇ ਤਕ ਸ਼ਹਿਰ ਵਿਚ ਮੌਤ ਵਿਛਾ ਦਿੱਤੀ। ਇਸ ਵਿਚ ਵੀ 80,000 ਦੇ ਕਰੀਬ ਲੋਕ ਮਾਰੇ ਗਏ। ਦੋਵਾਂ ਬੰਬ ਧਮਾਕਿਆਂ ਵਿਚ ਜ਼ਖ਼ਮੀਆਂ ਦੀ ਹਾਲਤ ਬਹੁਤ ਦਰਦਨਾਕ ਸੀ। ਲੋਕਾਂ ਦੀ ਚਮੜੀ ਪਿਘਲ ਰਹੀ ਸੀ, ਸਰੀਰ ਵਿਚ ਕੱਚ ਦੇ ਟੁਕੜੇ ਖੁਭ ਗਏ, ਅੰਗ ਜਲ ਗਏ ਤੇ ਅੱਖਾਂ, ਮੂੰਹ, ਨੱਕ ਆਦਿ ’ਚੋਂ ਖੂਨ ਵਹਿ ਰਿਹਾ ਸੀ। ਨਾਗਾਸਾਕੀ ਉੱਪਰ ਬੰਬ ਵਰਸਾਉਣ ਪਿੱਛੋਂ ਰਾਸ਼ਟਰਪਤੀ ਹੈਰੀ ਟਰੂਮੈਨ ਫਿਰ ਬੋਲਿਆ:
‘‘ਪਰਮਾਣੂ ਬੰਬਾਂ ਦੀ ਖੋਜ ਕਰ ਕੇ ਅਸੀਂ ਇਨ੍ਹਾਂ ਦੀ ਵਰਤੋਂ ਕਰ ਲਈ ਹੈ। ਅਸੀਂ ਇਨ੍ਹਾਂ ਦੀ ਵਰਤੋਂ ਉਨ੍ਹਾਂ ਖਿਲਾਫ਼ ਕੀਤੀ ਹੈ ਜਿਨ੍ਹਾਂ ਨੇ ਬਿਨਾਂ ਚਿਤਾਵਨੀ ਦਿੱਤਿਆਂ ਸਾਡੇ ’ਤੇ ਹਮਲਾ ਕੀਤਾ ਹੈ। ਇਹ ਹਮਲਾ ਉਨ੍ਹਾਂ ਖਿਲਾਫ਼ ਹੈ ਜਿਨ੍ਹਾਂ ਨੇ ਅਮਰੀਕੀ ਜੰਗੀ ਕੈਦੀਆਂ ਨੂੰ ਮਾਰਿਆ ਹੈ। ਇਹ ਹਮਲਾ ਉਨ੍ਹਾਂ ਉੱਪਰ ਕੀਤਾ ਗਿਆ ਹੈ ਜਿਨ੍ਹਾਂ ਨੇ ਯੁੱਧ ਦੇ ਅੰਤਰ-ਰਾਸ਼ਟਰੀ ਜੰਗੀ ਨਿਯਮਾਂ ਦੀ ਉਲੰਘਣਾ ਕੀਤੀ ਹੈ।’’
ਦੋਵਾਂ ਬੰਬ ਧਮਾਕਿਆਂ ਵਿਚੋਂ ਮੌਤ ਦੇ ਮੂੰਹੋਂ ਬਚ ਕੇ ਆਏ ਲੋਕਾਂ ਦੀ ਜ਼ਿੰਦਗੀ ਮੌਤ ਨਾਲੋਂ ਵੀ ਭੈੜੀ ਹੋ ਗਈ। ਕੁਝ ਲੋਕ ਦਿਨਾਂ ਵਿਚ ਤੇ ਕੁਝ ਮਹੀਨਿਆਂ ਵਿਚ ਤੜਫ-ਤੜਫ ਕੇ ਮਰ ਗਏ ਤੇ ਕਈ ਸਾਲਾਂਬੱਧੀ ਰੇਡੀਏਸ਼ਨਾਂ ਦੇ ਪ੍ਰਭਾਵ ਨਾਲ ਜੂਝਦੇ ਰਹੇ। ਲੋਕਾਂ ਦੇ ਸਰੀਰ ਵਿਚ ਖੁਭੇ ਕੱਚ ਦੇ ਟੁਕੜੇ ਕਈ ਸਾਲਾਂ ਤਕ ਨਿਕਲਦੇ ਰਹੇ। ਕਈਆਂ ਨੂੰ ਅਪਾਹਜਾਂ ਦੀ ਜ਼ਿੰਦਗੀ ਬਤੀਤ ਕਰਨੀ ਪਈ। ਚਮੜੀ ਰੋਗ, ਕੈਂਸਰ ਅਤੇ ਲਿਊਕੈਮੀਆ ਦੇ ਮਰੀਜ਼ਾਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋ ਗਿਆ। ਮਾਵਾਂ ਦੀਆਂ ਕੁੱਖਾਂ ਵਿਚ ਪਲ਼ ਰਹੇ ਬੱਚੇ ਰੇਡੀਏਸ਼ਨ ਦੇ ਅਸਰ ਨਾਲ ਜਾਂ ਤਾਂ ਸਰੀਰਿਕ ਤੌਰ ’ਤੇ ਅਵਿਕਸਿਤ ਪੈਦਾ ਹੋਏ ਜਾਂ ਜਮਾਂਦਰੂ ਦੋਸ਼ਪੂਰਨ ਸਰੀਰਿਕ ਬਣਤਰ ਨਾਲ ਜਨਮੇ ਤੇ ਜਾਂ ਦਿਮਾਗ਼ੀ ਤੌਰ ’ਤੇ ਅਵਿਕਸਤ ਰਹਿ ਗਏ। ਕਈਆਂ ਵਿਚ ਰੇਡੀਏਸ਼ਨ ਦੇ ਪ੍ਰਭਾਵ ਇਕ ਜਾਂ ਦੋ ਪੀੜ੍ਹੀਆਂ ਛੱਡ ਕੇ ਅਗਲੀਆਂ ਪੀੜ੍ਹੀਆਂ ਵਿਚ ਪ੍ਰਗਟ ਹੁੰਦੇ ਰਹੇ।
ਅੱਖ ਦੇ ਫੋਰ ’ਚ ਮੌਤ ਦੇ ਮੂੰਹ ਜਾ ਪਏ ਹੀਰੋਸ਼ੀਮਾ-ਨਾਗਾਸਾਕੀ ਦੇ ਉਨ੍ਹਾਂ ਲੋਕਾਂ ਨੇ ਅੰਤਰ-ਰਾਸ਼ਟਰੀ ਜੰਗੀ ਕਾਨੂੰਨਾਂ ਦੀ ਉਲੰਘਣ ਨਹੀਂ ਕੀਤੀ ਸੀ। ਉਹ ਤਾਂ ਬੇਕਸੂਰ ਸਨ। ਦੂਸਰੇ ਗੁੱਟ ਨੂੰ ਜੰਗੀ ਨੇਮਾਂ ਦੀ ਉਲੰਘਣਾ ਦਾ ਦੋਸ਼ ਦੇਣ ਵਾਲੇ ਅਮਰੀਕੀ ਸਾਮਰਾਜ ਨੇ ਹੋਰ ਵੀ ਵੱਡੀ ਤੇ ਭਿਆਨਕ ਉਲੰਘਣਾ ਕੀਤੀ ਸੀ। ਇੱਥੇ ਹੀ ਬਸ ਨਹੀਂ ਪਰਮਾਣੂ ਹਮਲਿਆਂ ਦੇ ਕੇਂਦਰ ਬਣੀਆਂ ਇਨ੍ਹਾਂ ਥਾਵਾਂ ’ਤੇ ਅੱਜ ਵੀ ਬੱਚੇ ਪੈਦਾ ਹੋਣ ਅਤੇ ਰਹਿਣ ਲਈ ਉੱਚਿਤ ਵਾਤਾਵਰਨ ਨਹੀਂ ਹੈ। ਕੈਂਸਰ, ਚਮੜੀ ਰੋਗ, ਸਾਹ ਰੋਗ ਅਤੇ ਅਪੰਗਤਾ ਜਿਹੀਆਂ ਮੁਸ਼ਕਲਾਂ ਹੀਰੋਸ਼ੀਮਾ-ਨਾਗਾਸਾਕੀ ਦੇ ਇਲਾਕਿਆਂ ਵਿਚ ਅੱਜ ਦੀ ਪੀੜ੍ਹੀ ਦਾ ਵੀ ਪਿੱਛਾ ਕਰ ਰਹੀਆਂ ਹਨ।
ਇਨ੍ਹਾਂ ਪਰਮਾਣੂ ਬੰਬ ਧਮਾਕਿਆਂ ਦਾ ਸ਼ਿਕਾਰ ਹੋਏ ਲੋਕਾਂ ਦੀ ਯਾਦ ਵਿਚ ਹੀਰੋਸ਼ੀਮਾ ਸ਼ਹਿਰ ਵਿਚ ‘ਅਮਨ ਅਜਾਇਬ ਘਰ’ ਸਥਾਪਿਤ ਕੀਤਾ ਗਿਆ ਹੈ ਜਿੱਥੇ ਇਨ੍ਹਾਂ ਬੰਬ ਧਮਾਕਿਆਂ ਦੀਆਂ ਭਿਆਨਕਤਾਵਾਂ ਨਾਲ ਜੁੜੀਆਂ ਯਾਦਾਂ ਮੌਜੂਦ ਹਨ। ਇਸ ਅਜਾਇਬ ਘਰ ਵਿਚ ਸਕੂਲੀ ਬੱਚਿਆਂ ਦੇ ਪਿਘਲੇ ਸਾਈਕਲ, ਟਿਫਨ, ਬੱਕਲ ਅਤੇ ਹੋਰ ਯਾਦਾਂ ਧਮਾਕਿਆਂ ਪ੍ਰਤੀ ਨਫ਼ਰਤ ਤੇ ਰੋਸ ਪੈਦਾ ਕਰਦੀਆਂ ਹਨ।
ਅੱਜ ਸੰਸਾਰ ਨੂੰ ਨਫ਼ਰਤ ਤੇ ਗੁੱਸੇ ਦੀ ਨਹੀਂ ਬਲਕਿ ਅਮਨ ਤੇ ਭਾਈਚਾਰੇ ਦੀ ਲੋੜ ਹੈ। ਲੋੜ ਹੈ ਮਨੁੱਖ ਦੇ ਭੇਸ ਵਿਚ ਲੁਕੇ ਅਜਿਹੇ ਆਮਦਖੋਰਾਂ ਦੀ ਨਿਸ਼ਾਨਦੇਹੀ ਕਰਨ ਦੀ ਤਾਂ ਕਿ ਸੱਚੇ ਅਰਥਾਂ ਵਿਚ ਅਮਨ ਤੇ ਭਾਈਚਾਰੇ ਦੀ ਬਹਾਲੀ ਕੀਤੀ ਜਾ ਸਕੇ। ਤੁਰਕੀ ਦੇ ਮਹਾਨ ਕਵੀ ਨਾਜ਼ਿਮ ਹਿਕਮਤ ਵੱਲੋਂ ਹੀਰੋਸ਼ੀਮਾ ਵਿਚ ਮਾਰੇ ਬੱਚੇ ’ਤੇ ਲਿਖੀ ਗਈ ਕਵਿਤਾ ਦੀਆਂ ਕੁਝ ਪੰਕਤੀਆਂ ਨਾਲ ਇਸਦਾ ਅੰਤ ਕਰਦੇ ਹਾਂ:
ਮੈਨੂੰ ਨਹੀਂ ਚਾਹੀਦੇ ਫਲ਼, ਨਹੀਂ ਚਾਹੀਦੇ ਚੌਲ਼
ਮੈਨੂੰ ਨਹੀਂ ਚਾਹੀਦੀ ਮਠਿਆਈ ਤੇ ਨਾ ਹੀ ਰੋਟੀ
ਮੈਂ ਆਪਣੇ ਲਈ ਕੁਝ ਨਹੀਂ ਮੰਗਦਾ
ਕਿਉਂਕਿ ਮੈਂ ਮਰ ਚੁੱਕਾ ਹਾਂ
ਕਿਉਂਕਿ ਮੈਂ ਮਰ ਚੁੱਕਾ ਹਾਂ
ਮੈਂ ਮੰਗਦਾ ਹਾਂ ਬਸ ਅਮਨ
ਅੱਜ ਤੁਹਾਨੂੰ ਲੜਨਾ ਪਵੇਗਾ
ਲੜਨਾ ਪਵੇਗਾ ਤਾਂ ਕਿ
ਇਸ ਸੰਸਾਰ ਦੇ ਸਾਰੇ ਬੱਚੇ
ਜਿਉਂਦੇ ਰਹਿਣ ਤੇ ਵਧਣ,
ਹੱਸਣ ਤੇ ਖੇਡਣ।

ਸੰਪਰਕ: 98551-20287


Comments Off on ਭਿਆਨਕ ਤਬਾਹੀ ਦੀ ਦਾਸਤਾਨ ਹੀਰੋਸ਼ੀਮਾ-ਨਾਗਾਸਾਕੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.