ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਭਾਸ਼ਾ ਪ੍ਰਵਿਰਤੀ: ਮਨ ਭਾਸ਼ਾ ਕਿਵੇਂ ਸਿਰਜਦਾ ਹੈ?

Posted On August - 18 - 2019

ਮਨਮੋਹਨ

ਸਟੀਵਨ ਪਿੰਕਰ

ਮਨੋਭਾਸ਼ਾਵਿਗਿਆਨੀ, ਵਿਕਾਸਵਾਦੀ ਮਨੋਵਿਗਿਆਨੀ ਤੇ ਸੰਗਿਆਨ ਵਿਗਿਆਨੀ ਸਟੀਵਨ ਪਿੰਕਰ ਨੇ ਆਪਣੀ ਕਿਤਾਬ ‘ਦਿ ਲੈਂਗੂਏਜ ਇੰਸਟਿੰਕਟ’ (2015) ’ਚ ਮਨੁੱਖ ਦੀ ਭਾਸ਼ਾ ਪ੍ਰਵਿਰਤੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਹੈ। ਇਸ ਨਾਲ ਭਾਸ਼ਾ ਵਿਗਿਆਨ ਦੀ ਹੁਣ ਤਕ ਦੀ ਇਤਿਹਾਸਕ, ਤੁਲਨਾਤਮਕ ਅਤੇ ਸੰਰਚਨਾਤਮਕ ਸਮਝ ਨੂੰ ਨਵੀਂ ਤੇ ਨਿਵੇਕਲੀ ਦਿਸ਼ਾ ਮਿਲੀ ਹੈ। ਇਸ ਅਧਿਐਨ ਰਾਹੀਂ ਭਾਸ਼ਾ ਬਾਰੇ ਕਈ ਜਿਗਿਆਸਾਵਾਂ ਨੂੰ ਨਵੇਂ ਸਿਰਿਓਂ ਸਮਝਣ ਦਾ ਯਤਨ ਕੀਤਾ ਗਿਆ ਹੈ ਜਿਵੇਂ: ਬੱਚਾ ਕਿਵੇਂ ਬੋਲਣਾ ਸਿੱਖਦਾ ਹੈ? ਮਨੁੱਖੀ ਜਗਤ ’ਚ ਏਨੀਆਂ ਸਾਰੀਆਂ ਭਾਸ਼ਾਵਾਂ ਕਿਉਂ ਹਨ? ਜੇ ਭਾਸ਼ਾਵਾਂ ਦਾ ਅਮੂਰਤ ਜਾਂ ਵਿਆਕਰਣ ਇਕ ਹੈ ਤਾਂ ਫਿਰ ਵੱਖ ਵੱਖ ਭਾਸ਼ਾਵਾਂ ਦੀ ਕੀ ਲੋੜ? ਕੀ ਅਸੀਂ ਆਪਣੀ ਮਾਂ ਬੋਲੀ ’ਚ ਸੋਚਦੇ ਹਾਂ? ਮਾਂ ਬੋਲੀ ਤੇ ਦੂਜੀ ਬੋਲੀ ’ਚ ਫ਼ਰਕ ਕਿਉਂ? ਕੌਣ ਫ਼ੈਸਲਾ ਕਰਦਾ ਹੈ ਕਿ ਸਹੀ ਭਾਸ਼ਾ ਤੇ ਉਚਿਤ ਉਚਾਰਣ ਕੀ ਹੈ? ਭਾਸ਼ਾ ਤੇ ਵਿਆਕਰਣ ਦਾ ਵਿਗਾਸ ਕਿਵੇਂ ਹੋਇਆ? ਕੀ ਭਾਸ਼ਾ, ਲਿਪੀ, ਮਨ, ਵਿਚਾਰ ਤੇ ਦ੍ਰਿਸ਼ਟੀ ’ਚ ਕੋਈ ਇਕਸਾਰਤਾ ਜਾਂ ਸਾਂਝ ਹੈ?

ਉਸ ਦੀ ਪੁਸਤਕ ਦਾ ਟਾਈਟਲ।

ਸਟੀਵਨ ਪਿੰਕਰ ਨੇ ਅਹਿਮ ਸਾਬਿਤ ਹੋਈ ਇਸ ਖੋਜ ’ਚ ਭਾਸ਼ਾ ਨਾਲ ਜੁੜੇ ਰਹੱਸਾਂ ਦੀ ਇਕਜੁੱਟ ਤੇ ਇਕਸਾਰ ਸਿਧਾਂਤਕਤਾ ਰਾਹੀਂ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ: ਭਾਵੇਂ ਭਾਸ਼ਾ ਸੰਚਾਰ ਲਈ ਅਪਣਾਇਆ ਇਕ ਮਾਧਿਅਮ ਤਾਂ ਹੈ ਹੀ, ਪਰ ਭਾਸ਼ਾ ਮਨੁੱਖ ਲਈ ਉਵੇਂ ਹੀ ਸਹਿਜ ਸੁਭਾਅ ਹੈ ਜਿਵੇਂ ਪੰਛੀਆਂ ਲਈ ਪਰਵਾਜ਼ ਅਤੇ ਰੇਸ਼ਮ ਦੇ ਕੀੜੇ ਦਾ ਰੇਸ਼ਮ ਬੁਣਨਾ। ਮਨੁੱਖ ਭਾਸ਼ਾ ਨਾਲ ਇਉਂ ਸਹਿਜ ਰੂਪ ’ਚ ਜੁੜਿਆ ਹੈ ਕਿ ਉਹ ਆਪਣੀ ਭਾਸ਼ਾ ਸਿੱਖਣ ਤੇ ਪ੍ਰਯੋਗ ਕਰਨ ਦੀ ਯੋਗਤਾ/ਬਿਰਤੀ ਨੂੰ ਨਹੀਂ ਰੋਕ ਸਕਦਾ।
ਭਾਸ਼ਾ ਦੇ ਸਹਿਜ ਵਰਤਾਰੇ ਦਾ ਸਬੂਤ ਦਿੰਦਿਆਂ ਪਿੰਕਰ ਦੱਸਦਾ ਹੈ ਕਿ ਕਿਵੇਂ ਪਿਜਨ (ਵਿਹਾਰਕ-ਕਾਰੋਬਾਰੀ) ਭਾਸ਼ਾਵਾਂ ਤੋਂ ਕ੍ਰਿਓਲ (ਮਿਸ਼ਰਤ) ਬੋਲੀਆਂ ਬਣਦੀਆਂ ਹਨ, ਕਿਵੇਂ ਸੰਕੇਤ ਭਾਸ਼ਾਵਾਂ ਵਜੂਦ ’ਚ ਆਉਂਦੀਆਂ ਹਨ, ਭਾਸ਼ਾ ਯੋਗਤਾ ਦੀ ਸੰਤੁਲਿਤ ਵੰਡ ਕਿਵੇਂ ਹੁੰਦੀ ਹੈ ਅਤੇ ਦਿਮਾਗ਼ੀ ਰੋਗਾਂ ਕਾਰਨ ਬੋਲਣ ਵਾਲੇ ਨੂੰ ਕਿਵੇਂ ਸੰਚਾਰ ਕਰਨ ਵਿਚ ਮੁਸ਼ਕਿਲ (ਅਫੇਜ਼ੀਆ) ਹੁੰਦੀ ਹੈ? ਭਾਸ਼ਾ ਤੇ ਵਿਚਾਰ ਦੇ ਸਬੰਧਾਂ ਦੀ ਗੱਲ ਕਰਦਿਆਂ ਪਿੰਕਰ ਇਹ ਵੀ ਕਹਿੰਦਾ ਹੈ ਕਿ ਭਾਸ਼ਾ ਵਿਚਾਰ ਨਹੀਂ ਘੜਦੀ ਸਗੋਂ ਵਿਚਾਰ ਭਾਸ਼ਾ ਘੜਦੇ ਹਨ। ਮੂਲ ਰੂਪ ’ਚ ਮਨੁੱਖੀ ਮਨ ਵੀ ਉਵੇਂ ਹੀ ਕਾਰਜ ਕਰਦਾ ਹੈ ਜਿਵੇਂ ਅਸੀਂ ਬੋਲਦੇ ਹਾਂ ਅਤੇ ਇਹ ਕਾਰਜ ਸਹਿਜ ਹੁੰਦਾ ਹੈ ਕਿਉਂਕਿ ਬੋਲਣਾ ਸਿੱਖਣ ਤੋਂ ਬਿਨਾਂ ਅਸੀਂ ਰਹਿ ਹੀ ਨਹੀਂ ਸਕਦੇ। ਇਕ ਗਹਿਨ ਵਿਆਕਰਣ ਸਾਰੀਆਂ ਭਾਸ਼ਾਵਾਂ ਪਿੱਛੇ ਅਦਿੱਖ ਰੂਪ ’ਚ ਕੰਮ ਕਰਦਾ ਹੈ ਚਾਹੇ ਸਤਹੀ ਸੰਰਚਨਾਵਾਂ ’ਚ ਭਾਸ਼ਾਵਾਂ ਭਿੰਨ ਭਿੰਨ ਹਨ। ਉਹ ਭਾਸ਼ਾ ਦੇ ਵਿਆਕਰਣ, ਸ਼ਬਦ ਜੋੜਾਂ ਦੀ ਬਣਤਰ, ਰੂਪ ਤੇ ਧੁਨੀ ਵਿਗਿਆਨਕ ਪੱਖਾਂ ਦੀ ਵੀ ਗੱਲ ਕਰਦਾ ਹੈ।
ਪਿੰਕਰ ਦਾ ਇਹ ਵੀ ਕਹਿਣਾ ਹੈ ਕਿ ਮਨੁੱਖ ਭਾਸ਼ਾ ਦੀ ਸਹਿਜ ਯੋਗਤਾ ਲੈ ਕੇ ਹੀ ਜੰਮਦਾ ਹੈ। ਉਹ ਨੋਮ ਚੌਮਸਕੀ ਦੇ ਇਸ ਦਾਅਵੇ ਨਾਲ ਸਹਿਮਤ ਹੈ ਕਿ ਸਾਰੀਆਂ ਮਾਨਵੀ ਭਾਸ਼ਾਵਾਂ ’ਚ ਸਰਵਵਿਆਪਕ ਰੂਪ ’ਚ ਵਿਆਕਰਣ ਦੇ ਸਬੂਤ ਦਿਖਾਈ ਦਿੰਦੇ ਹਨ, ਪਰ ਪਿੰਕਰ ਚੌਮਸਕੀ ਦੀ ਇਸ ਮਨੌਤ ਨਾਲ ਅਸਹਿਮਤ ਹੈ ਕਿ ਡਾਰਵਿਨ ਦਾ ਵਿਕਾਸਵਾਦੀ ਦ੍ਰਿਸ਼ਟੀਕੋਣ ਮਨੁੱਖ ਦੀ ਭਾਸ਼ਕ ਪ੍ਰਵਿਰਤੀ ਦੀ ਵਿਆਖਿਆ ਕਰ ਸਕਦਾ ਹੈ। ਉਹ ਭਾਸ਼ਾ ਦੀ ਸਹਿਜ ਪ੍ਰਕਿਰਤੀ ਦੀ ਗੱਲ ਕਰਦਿਆਂ ਇਸ ਨੂੰ ਪ੍ਰਵਿਰਤੀ ਤੇ ਸਿੱਖਿਅਕ ਵਿਹਾਰ ਅਤੇ ਪ੍ਰਕਿਰਤੀ ਤੇ ਸੰਸਕ੍ਰਿਤੀ ਦਰਮਿਆਨ ਸੰਕ੍ਰਾਂਤੀ ਦੇ ਖੇਤਰ ਵਜੋਂ ਦੇਖਦਾ ਹੈ।
ਉਹ ਦੱਸਦਾ ਹੈ ਕਿ ਕਿਵੇਂ ਆਦਿ-ਮਾਨਵ, ਬੱਚੇ ਅਤੇ ਇੱਥੋਂ ਤੱਕ ਕਿ ਗੂੰਗੇ ਬੋਲ਼ੇ ਵੀ ਸੰਚਾਰ ਦੀ ਸਰਵਵਿਆਪਕ ਲੋੜ ਨੂੰ ਪੂਰੀ ਕਰਨ ਲਈ ਸੁਭਾਵਿਕ ਭਾਸ਼ਾ ਘੜ ਲੈਂਦੇ ਹਨ। ਉਹ ਉਦਾਹਰਣਾਂ ਦੇ ਕੇ ਭਾਸ਼ਾ ਦੀ ਨਿਸ਼ਚਿਤਤਾ ਦਾ ਵਿਰੋਧ ਕਰਦਾ ਹੈ ਕਿ ਭਾਸ਼ਾ ਵਿਚਾਰਾਂ ਨੂੰ ਸਰੂਪ ਬਖ਼ਸ਼ਦੀ ਹੈ। ਸ਼ਬਦਾਵਲੀ ਦੇ ਨਿਰਮਾਣ ਬਾਰੇ ਅਤੇ ਸ਼ਬਦ ਕਿਵੇਂ ਅਪਣਾਏ, ਘੜੇ ਤੇ ਪ੍ਰਯੋਗ ਕੀਤੇ ਜਾਂਦੇ ਹਨ, ਨੂੰ ਉਹ ਮਨ ਅਤੇ ਯਥਾਰਥ ਦੀ ਬੁਣਤਰ ਦੀ ਸੰਗਤਿ ਕਹਿੰਦਾ ਹੈ ਅਤੇ ਮਨ ਦੀ ਬਣਤਰ ਨੂੰ ਅਪਣਾਏ ਕੰਪਿਊਟਰ ਮਾਡਲ ਵਜੋਂ ਦੇਖਦਾ ਹੈ।
ਪਿੰਕਰ ਭਾਸ਼ਾ ਬਾਰੇ ਬਹੁਤ ਸਾਰੇ ਵਿਚਾਰਾਂ ਦੀ ਆਲੋਚਨਾ ਕਰਦਾ ਹੈ ਜਿਵੇਂ ਬੱਚਿਆਂ ਨੂੰ ਭਾਸ਼ਾ ਜ਼ਰੂਰ ਸਿਖਾਉਣੀ ਚਾਹੀਦੀ ਹੈ, ਬਹੁਤੇ ਲੋਕਾਂ ਦੀ ਵਿਆਕਰਣ ਕਮਜ਼ੋਰ ਹੁੰਦੀ ਹੈ, ਭਾਸ਼ਾ ਦੀ ਗੁਣਵੱਤਾ ਹੌਲੀ ਹੌਲੀ ਘਟ ਰਹੀ ਹੈ, ਭਾਸ਼ਾ ਜੋ ਭਾਸ਼ਕ ਸੁਵਿਧਾਵਾਂ ਪ੍ਰਦਾਨ ਕਰਦੀ ਹੈ ਉਸ ਨਾਲ ਮਨੁੱਖ ਦੇ ਵਿਚਾਰਾਂ ਦੀ ਫੈਲਾਅ ’ਤੇ ਭਾਰੀ ਪ੍ਰਭਾਵ ਪੈਂਦਾ ਹੈ ਅਤੇ ਗ਼ੈਰਮਨੁੱਖੀ ਜੀਵਾਂ ਜਿਵੇਂ ਵਣਮਾਨਸਾਂ ਨੂੰ ਭਾਸ਼ਾ ਸਿਖਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਪਿੰਕਰ ਮਨੁੱਖਾਂ ਦੀ ਭਾਸ਼ਕ ਯੋਗਤਾ ਨੂੰ ਵਿਲੱਖਣ ਮੰਨਦਾ ਹੈ ਜੋ ਆਦਿਕਾਲੀ ਸੰਚਾਰ ਦੀਆਂ ਵਿਸ਼ੇਸ਼ ਸਮੱਸਿਆਵਾਂ ਦੇ ਸੰਘਰਸ਼ ’ਚੋਂ ਨਿਕਲੇ ਹੱਲਾਂ ਨਾਲ ਵਿਕਸਿਤ ਹੋਈ ਹੈ। ਉਹ ਮਨੁੱਖੀ ਭਾਸ਼ਾ ਦੇ ਸਹਿਜ ਨੂੰ ਹੋਰਾਂ ਜੀਵਾਂ ਦੇ ਵਿਸ਼ੇਸ਼ ਅਨੁਕੂਲਨ ਜਿਵੇਂ ਮੱਕੜੀ ਦੀ ਜਾਲ਼ਾ ਬੁਣਨ ਅਤੇ ਊਦਬਿਲਾਵ ਦੀ ਬੰਨ੍ਹ ਬੰਨ੍ਹਣ ਦੀ ਪ੍ਰਵਿਰਤੀ ਨਾਲ ਤੁਲਨਾ ਕਰਦਾ ਹੈ।
ਪਿੰਕਰ ਦਾ ਭਾਸ਼ਾ ਨੂੰ ਇਕ ਪ੍ਰਵਿਰਤੀ ਵਜੋਂ ਦੇਖਣ ਦਾ ਭਾਵ ਇਹ ਹੈ ਕਿ ਇਹ ਮਨੁੱਖੀ ਕਾਢ ਨਹੀਂ ਜਾਂ ਕਿਸੇ ਲਿਪੀ ’ਚ ਲਿਖੀ ਗਈ ਲਿਖਤ ਵਾਂਗ ਕੋਈ ਤਕਨੀਕੀ ਖੋਜ ਨਹੀਂ। ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਕੁਝ ਕੁ ਮਾਨਵੀ ਸਮਾਜਾਂ ਸਭਿਆਚਾਰਾਂ ’ਚ ਹੀ ਲਿੱਪੀ ਦੀ ਤਕਨੀਕ ਪਾਈ ਜਾਂਦੀ ਹੈ ਜਦੋਂਕਿ ਹਰ ਸਮਾਜ ਸਭਿਆਚਾਰ ਕੋਲ ਭਾਸ਼ਾ ਤਾਂ ਹੁੰਦੀ ਹੀ ਹੈ। ਉਹ ਇਹ ਵੀ ਮੰਨਦਾ ਹੈ ਕਿ ਭਾਵੇਂ ਪੜ੍ਹਦਿਆਂ ਜਾਂ ਲਿਖਦਿਆਂ ਇਹ ਨਹੀਂ ਪਤਾ ਲੱਗਦਾ ਕਿ ਮਨੁੱਖ ਨੇ ਮਨ ’ਚ ਕੀ ਵਾਪਰ ਰਿਹਾ ਹੈ, ਪਰ ਉਹ ਇਸ ਗੱਲ ਬਾਰੇ ਸਪੱਸ਼ਟ ਹੈ ਕਿ ਦ੍ਰਿਸ਼ਟੀ, ਭਾਸ਼ਾ ਅਤੇ ਵਿਚਾਰ ਅੰਤਰ-ਸਬੰਧਿਤ ਹਨ ਅਤੇ ਲਿੱਪੀ ਰਾਹੀਂ ਲਿਖੀ ਗਈ ਲਿਖਤ, ਦ੍ਰਿਸ਼ਟੀ ਤੇ ਭਾਸ਼ਾ ਨੂੰ ਜੋੜਦੀ ਇਕ ਬਣਾਵਟੀ ਮੱਕੜਜਾਲ ਹੈ।

ਮਨਮੋਹਨ

ਭਾਸ਼ਾ ਸਿੱਖਣ ਤੇ ਬੋਲਣ ਦੇ ਸਹਿਜ ਬਾਰੇ ਪਿੰਕਰ ਦਾ ਕਹਿਣਾ ਹੈ ਕਿ ਬੱਚੇ ਇੱਛਾ ਮੁਤਾਬਿਕ ਇਕਸਾਰ ਵਿਆਕਰਣਕ ਬੋਲ (ਕ੍ਰਿਓਲ) ਘੜ ਲੈਂਦੇ ਨੇ ਭਾਵੇਂ ਉਹ ਵੱਖੋ-ਵੱਖਰੇ ਨਿਯਮਾਂ ਵਾਲੀ ਪਿਜਨ ਭਾਸ਼ਾ ਬੋਲਦੇ ਮਿਸ਼ਰਤ ਸਭਿਆਚਾਰਾਂ ’ਚ ਹੀ ਵੱਡੇ ਹੋ ਰਹੇ ਹੋਣ। ਬੋਲ਼ੇ ਬੱਚੇ ਵੀ ਇੱਛਾ ਮੁਤਾਬਿਕ ਸੰਕੇਤਾਂ ਦੀ ਭਾਸ਼ਾ ਘੜ ਲੈਂਦੇ ਹਨ ਜਿਸ ਦਾ ਵਿਆਕਰਣ ਸਾਧਾਰਨ ਬੱਚਿਆਂ ਦੀ ਭਾਸ਼ਾ ਵਰਗਾ ਹੀ ਹੁੰਦਾ ਹੈ। ਇਹ ਸੰਕੇਤ ਸੁਝਾਉਂਦੇ ਹਨ ਕਿ ਮਾਨਵੀ ਕਾਢ ਦੀ ਬਜਾਏ ਭਾਸ਼ਾ ਮਨੁੱਖ ਦੀ ਸਹਿਜ ਯੋਗਤਾ ਹੈ। ਪਿੰਕਰ ਭਾਸ਼ਾ ਨੂੰ ਆਮ ਮਨੁੱਖੀ ਤਾਰਕਿਕ ਯੋਗਤਾ ਤੋਂ ਵੱਖਰਾ ਕਰਕੇ ਦੇਖਦਿਆਂ ਇਸ ਵਿਚਾਰ ’ਤੇ ਜ਼ੋਰ ਦਿੰਦਾ ਹੈ ਕਿ ਇਹ ਵਿਕਸਿਤ ਬੁੱਧੀ ਦੀ ਨਿਸ਼ਾਨੀ ਨਹੀਂ ਸਗੋਂ ਇਕ ਵਿਸ਼ੇਸ਼ ਦਿਮਾਗ਼ੀ ਢਾਂਚਾ ਹੈ।
ਪਿੰਕਰ ਭਾਸ਼ਾ ਦੀ ਪ੍ਰਵਿਰਤੀ ਨੂੰ ਸਮਝਉਣ ਲਈ ਆਪਣੇ ਕੀਤੇ ਬਹੁਸਭਿਆਚਾਰਾਂ ਦੇ ਮਨੋਭਾਸ਼ਾਵਿਗਿਆਨਕ ਅਧਿਐਨਾਂ ਦੀ ਚਰਚਾ ਕਰਦਾ ਹੈ। ਇਸ ਵਿਚ ਉਹ ਉਨ੍ਹਾਂ ਬੱਚਿਆਂ ਬਾਰੇ ਦੱਸਦਾ ਹੈ ਜੋ ਕਿਸੇ ਕਾਰਨ ਭਾਸ਼ਾ ਪੱਖੋਂ ਊਣੇ ਹਨ ਜਾਂ ਭਾਸ਼ਾ ਭੁੱਲਣ (ਅਫੇਜ਼ੀਆ) ਦਾ ਸ਼ਿਕਾਰ ਨੇ। ਉਹ ਚੌਮਸਕੀ ਦੇ ਸਰਵਵਿਆਪਕ ਵਿਆਕਰਣ ਦੀ ਗੱਲ ਵੀ ਕਰਦਾ ਹੈ ਜਿਸ ’ਚ ਸਾਰੀਆਂ ਭਾਸ਼ਾਵਾਂ ਸਮਾਅ ਜਾਂਦੀਆਂ ਹਨ। ਹਰ ਮਨੁੱੱਖੀ ਦਿਮਾਗ਼ ’ਚ ਇਹ ਖ਼ਾਸ ਬਣਤਰਾਂ ਦੀ ਪ੍ਰਤੀਨਿਧਤਾ ਕਰਦੀ ਹੈ ਜੋ ਮਨੁੱਖੀ ਬੋਲਾਂ ਦੇ ਆਮ ਨਿਯਮਾਂ ਨੂੰ ਪਛਾਣਦੀ ਹੈ। ਇਸੇ ਲਈ ਇਹ ਕਿਹਾ ਜਾ ਸਕਦਾ ਹੈ ਕਿ ਭਾਸ਼ਾ ਦੀ ਸ਼ੁੱਧ ਤਰਕ ਨਾਲ ਵਿਆਖਿਆ ਨਹੀਂ ਹੋ ਸਕਦੀ। ਇਸੇ ਕਾਰਨ ਸਿੱਖਣ/ਬੋਲਣ ਦੀ ਮਸ਼ੀਨਰੀ ਬਚਪਨ ਦੇ ਇਕ ਵਿਸ਼ੇਸ਼ ਸਮੇਂ ’ਚ ਹੀ ਵਾਪਰ ਕੇ ਫਿਰ ਊਰਜਾ ਦੇ ਭੁੱਖੇ ਦਿਮਾਗ਼ ਅੰਦਰ ਸਾਰੀਆਂ ਸਰੋਤ ਸੀਮਾਵਾਂ ਤੋਂ ਮੁਕਤ ਹੋਣ ਲਈ ਸਹਿਜ ਭਾਅ ਆਪਣੇ ਵਹਾਅ ’ਚ ਵਹਿ ਤੁਰਦੀ ਹੈ।
ਪਿੰਕਰ ਦਾ ਇਹ ਵੀ ਮੰਨਣਾ ਹੈ ਕਿ ਬੋਲਣ ਦੀ ਯੋਗਤਾ ਦਾ ਮੂਲ ਦੇਖਣ ਦੀ ਯੋਗਤਾ ਤੋਂ ਭਿੰਨ ਨਹੀਂ ਹੈ। ਬੋਲਣ ਤੇ ਦੇਖਣ ਅੰਗਾਂ ਦਾ ਵਿਕਾਸ ਡਾਰਵਿਨ ਦੀ ਭਾਸ਼ਾ ’ਚ ਕੁਦਰਤੀ ਚੋਣ ਦੁਆਰਾ ਹੀ ਹੋਇਆ ਹੈ। ਉਹ ਇਹ ਵੀ ਮੰਨਦਾ ਹੈ ਕਿ ਭਾਸ਼ਾ ਮਨੁੱਖਾਂ ਲਈ ਅਪੂਰਵ ਹੈ ਤੇ ਅੱਖਾਂ ਦਾ ਦੇਖਣਾ ਨਹੀਂ ਕਿਉਂਕਿ ਅੱਖਾਂ ਤਾਂ ਸਭ ਜੀਵਾਂ ਕੋਲ ਹਨ, ਪਰ ਭਾਸ਼ਾ ਨਹੀਂ ਹੈ। ਭਾਸ਼ਾ ਦਾ ਸਹਿਜ ਆਧੁਨਿਕ ਮਨੁੱਖਾਂ ਲਈ ਅਨੂਠਾ ਹੈ ਅਤੇ ਇਹ ਕਿਸੇ ਵਿਰੋਧਾਭਾਸ ਦਾ ਵਿਸ਼ਾ ਨਹੀਂ ਜਿਵੇਂ ਸੁੰਡ ਆਧੁਨਿਕ ਹਾਥੀਆਂ ਲਈ ਅਨੋਖਾ ਅੰਗ ਨਹੀਂ।
ਉਹ ਇਹ ਵੀ ਦਾਅਵਾ ਕਰਦਾ ਹੈ ਭਾਸ਼ਾ ਦਾ ਸਹਿਜ ਉਸ ਲਈ ਉਵੇਂ ਹੀ ਹੈ ਜਿਵੇਂ ਸਮੁੰਦਰ ’ਚ ਮੂੰਗਿਆਂ ਦੁਆਰਾ ਟਾਪੂ ਨਿਰਮਾਣ ਕਰਨਾ। ਇਸ ਬ੍ਰਹਿਮੰਡ ’ਚ ਕਈ ਸ਼ੈਆਂ ਜਿਵੇਂ ਨਦੀਆਂ, ਝੀਲਾਂ, ਚੱਟਾਨਾਂ, ਰੁੱਖ, ਕੀੜੇ ਅਤੇ ਗਾਵਾਂ ਬੋਲ ਨਹੀਂ ਸਕਦੀਆਂ, ਪਰ ਮਨੁੱਖ ਨਾਲ ਇਹ ਕ੍ਰਿਸ਼ਮਾ ਕਿਵੇਂ ਵਾਪਰ ਗਿਆ, ਕੀ ਇਹ ਸੋਚਣ ਦਾ ਵਿਸ਼ਾ ਨਹੀਂ? ਇਸ ਦਾ ਜਵਾਬ ਸ਼ਾਇਦ ਇਹ ਹੈ ਕਿ ਮਨੁੱਖ ਦੀ ਭਾਸ਼ਾ ਤੇ ਬੋਲ ਅੰਗ ਇਸ ਲਈ ਵਿਕਸਿਤ ਹੋ ਗਏ ਕਿਉਂਕਿ ਮਨੁੱਖਾਂ ਦੇ ਪੂਰਵਜ ਬੋਲ ਕੇ ਸੰਚਾਰ ਕਰ ਸਕਦੇ ਸਨ ਤੇ ਇਸੇ ਲਈ ਬਚੇ ਰਹਿ ਗਏ ਜਦੋਂਕਿ ਬੋਲਣ ਤੋਂ ਅਸਮਰੱਥ ਬਾਕੀ ਪ੍ਰਾਣੀ ਮਨੁੱਖ ਦੇ ਮੁਕਾਬਲੇ ਸਮਿਆਂ ਦੇ ਅੰਤਰਾਲ ’ਚ ਲੋਪ ਹੋ ਗਏ। ਉਂਜ, ਇਸ ਦਾ ਕੋਈ ਅਸਲ ਪੁਰਾਤੱਤਵੀ ਸਬੂਤ ਹਾਲ ਦੀ ਘੜੀ ਪ੍ਰਾਪਤ ਨਹੀਂ ਹੈ। ਪਿੰਕਰ ਦੇ ਇਸ ਮੱਤ ਨੂੰ ਚੌਮਸਕੀ ਨੇ 1988 ’ਚ ਪੇਸ਼ ਕੀਤੇ ਆਪਣੇ ਪਰਚੇ ‘ਭਾਸ਼ਾ ਵਿਗਿਆਨ ਤੇ ਸੰਗਿਆਨਕ ਵਿਗਿਆਨਾਂ ਦੀਆਂ ਸਮੱਸਿਆਵਾਂ ਤੇ ਰਹੱਸ’ ਵਿਚ ਲਿਖਿਆ ਹੈ: ‘‘ਵਿਕਾਸਵਾਦੀ ਸਿਧਾਂਤ ਕੋਲ ਕਈ ਸ਼ੈਆਂ ਬਾਰੇ ਸੂਚਨਾ ਹੈ, ਪਰ ਅਜੇ ਤੱਕ ਇਸ ਪ੍ਰਕਿਰਤੀ ਦੇ ਪ੍ਰਸ਼ਨਾਂ ਬਾਰੇ ਕਹਿਣ ਲਈ ਹਾਲ ਦੀ ਘੜੀ ਬਹੁਤਾ ਕੁਝ ਨਹੀਂ।’’
ਪਿੰਕਰ ਦੀਆਂ ਦਲੀਲਾਂ ਦੀਆਂ ਕੁਝ ਸੀਮਾਵਾਂ ਵੀ ਨੇ। ਉਸ ਨੇ ਪੂਰੀ ਕਿਤਾਬ ’ਚ ਭਾਸ਼ਾ ਨਾਲ ਜੁੜਿਆ ਸ਼ਬਦ ‘ਚੇਤਨਾ’ ਇਕ ਵਾਰ ਵੀ ਨਹੀਂ ਵਰਤਿਆ। ਸ਼ਾਇਦ ਉਸ ਵੱਲੋਂ ਭਾਸ਼ਾ ਤੇ ਮਨ ਨੂੰ ਅਲੱਗ ਅਲੱਗ ਖੇਤਰਾਂ ਵਜੋਂ ਸੋਚਣ ਕਾਰਨ ਜਾਂ ਭਾਸ਼ਾ ਨੂੰ ਵਿਚਾਰ ਤੋਂ ਅਲੱਗ ਕਰਕੇ ਦੇਖਣ ਕਾਰਨ ਉਹ ਭਾਸ਼ਾ ਨੂੰ ਓਨੇ ਸਾਧਾਰਨ ਰੂਪ ’ਚ ਸਮਝਣ ਲੱਗਦਾ ਹੈ ਜਿੰਨਾ ਸਹਿਜ ਰੂਪ ’ਚ ਸੋਚਿਆ ਵੀ ਨਹੀਂ ਜਾ ਸਕਦਾ। ਇਹ ਜਾਣਨ ਦੇ ਬਾਵਜੂਦ ਕਿ ਕੰਪਿਊਟਰ ਸਾਧਾਰਨ ਵਾਕ ਦੇ ਅਰਥ ਵੀ ਪੂਰੀ ਤਰ੍ਹਾਂ ਸਮਝਣ ’ਚ ਨਾਕਾਮ ਹੈ, ਫਿਰ ਵੀ ਉਹ ਕੰਪਿਊਟਰ ਨੂੰ ਮਨੁੱਖੀ ਦਿਮਾਗ਼ ਦੇ ਮਾਡਲ ਵਜੋਂ ਦੇਖਣ ਲਈ ਤਤਪਰ ਹੈ। ਭਾਸ਼ਾ ਦੇ ਪ੍ਰਕਾਰਜਾਂ ਲਈ ਉਹ ਵਾਰ ਵਾਰ ਮਕਾਨਕੀ ਤੇ ਤਕਨੀਕੀ ਪਦ ਵਰਤਦਾ ਹੈ ਜਿਵੇਂ ਇੰਜਣ, ਵਾਇਰਿੰਗ, ਮਸ਼ੀਨਰੀ ਆਦਿ ਅਤੇ ਵਿਆਕਰਣ ਨੂੰ ਕੰਪਿਊਟਰ ਦੇ ਸੌਫਟਵੇਅਰ ਵਜੋਂ ਦੇਖਦਾ ਹੈ। ਉਸ ਮੁਤਾਬਿਕ ਭਵਿੱਖ ਦਾ ਵਿਗਿਆਨ ਇਹ ਵੀ ਪਛਾਨਣ ਦੇ ਸਮਰੱਥ ਹੋਵੇਗਾ ਕਿ ਮਨੁੱਖੀ ਦਿਮਾਗ਼ ਦਾ ਕਿਹੜਾ ਹਿੱਸਾ ਭਾਸ਼ਾ ਦਾ ਇਕ ਵਿਸ਼ੇਸ਼ ਭਾਗ ਸਿਰਜਣ ਲਈ ਜ਼ਿੰਮੇਵਾਰ ਹੈ ਤੇ ਸ਼ਾਇਦ ਵਿਸ਼ੇਸ਼ ਵਿਆਕਰਣਕ ਤੰਤੂਆਂ/ਜੀਨਜ਼ ਦੀ ਪਛਾਣ ਵੀ ਹੋ ਸਕੇਗੀ।
ਰਿਚਰਡ ਵੈਬਸਟਰ ਆਪਣੀ ਲਿਖਤ ‘ਵਾਏ ਫਰਾਇਡ ਵਾਜ਼ ਰੌਂਗ’ (1995) ’ਚ ਇਸ ਬਾਰੇ ਇਹ ਸਿੱਟਾ ਕੱਢਦਾ ਹੈ ਕਿ ਪਿੰਕਰ ਭਾਵੇਂ ਬੜੇ ਯਕੀਨ ਨਾਲ ਵਿਚਾਰਦਾ ਹੈ ਕਿ ਮਨੁੱਖ ਦੀ ਭਾਸ਼ਕ ਸਮਰੱਥਾ ਮਨੁੱਖੀ ਦਿਮਾਗ਼ ਦੇ ਵਿਸ਼ੇਸ਼ ਤੰਤੂਆਂ ਦੇ ਤਾਣੇ-ਬਾਣੇ ਦੀ ਕੁਦਰਤੀ ਚੋਣ ਰਾਹੀਂ ਵਿਕਸਿਤ ਹੋਈ ਹੈ, ਪਰ ਇਹ ਸਭਿਆਚਾਰਕ ਤੇ ਸਮਾਜਿਕ ਰਹਿਤਲ ਦੇ ਆਧਾਰਾਂ ’ਤੇ ਵਿਕਸਤ ਹੋਏ ਭਾਸ਼ਾ ਵਿਗਿਆਨ ਦੇ ‘ਸਟੈਂਡਰਡ ਸੋਸ਼ਲ ਸਾਇੰਸ ਮਾਡਲ’ ਦੇ ਐਨ ਉਲਟ ਹੈ ਅਤੇ ਇਹ ਰੁਝਾਨ ਭਵਿੱਖ ’ਚ ਮਾਨਵੀ ਅਨੁਸ਼ਾਸਨਾਂ ’ਤੇ ਜਣਨ-ਵਿਗਿਆਨਾਂ ਦੀ ਸਮਝ ਦੇ ਜਬਰੀ ਠੋਸੇ ਜਾਣ ਨੂੰ ਹੋਰ ਬਲ ਦੇਵੇਗਾ।
ਦੂਜੇ ਪਾਸੇ ਦੁਨੀਆਂ ਦੇ ਮਸ਼ਹੂਰ ਨਾਸਤਿਕ ਚਿੰਤਕ ਤੇ ‘ਦਿ ਗੌਡ ਡਿਲੂਜਨ’ ਦੇ ਲੇਖਕ ਰਿਚਰਡ ਡੌਕਿਨਜ਼ ਨੇ ਪਿੰਕਰ ਦੀ ਕਿਤਾਬ ਬਾਰੇ ਲਿਖਿਆ ਕਿ ਇਹ ਸਿਆਣਪ ਤੇ ਆਨੰਦ ਭਰਪੂਰ ਕਿਤਾਬ ਪੜ੍ਹ ਕੇ ਮੈਂ ਆਪਣੇ ਦਿਮਾਗ਼ ਲਈ ਵੱਡਾ ਉਪਕਾਰ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਪਿੰਕਰ ਦੀ ਭਾਸ਼ਾ ਬਾਰੇ ਅਹਿਮ ਖੋਜ ਦੀ ਵਧੀਆ ਤੋਂ ਵਧੀਆ ਸ਼ਬਦਾਂ ’ਚ ਵੀ ਪ੍ਰਸੰਸਾ ਨਹੀਂ ਕੀਤੀ ਜਾ ਸਕਦੀ। ਚੌਮਸਕੀ ਨੇ ਕਿਹਾ ਕਿ ‘ਦਿ ਲੈਂਗੂਏਜ ਇੰਸਟਿੰਕਟ’ ਭਾਸ਼ਾ ਦੀਆਂ ਸੂਖ਼ਮਤਾਵਾਂ ਨੂੰ ਸਮਝਣ ਦੀ ਕੋਸ਼ਿਸ ਕਰਦੀ ਬੇਸ਼ਕੀਮਤੀ ਕਿਤਾਬ ਹੈ। ਡੈਨੀ ਯੀ ਦਾ ਕਹਿਣਾ ਹੈ ਕਿ ਇਹ ਕਿਤਾਬ ਭਾਸ਼ਾ ਵਿਗਿਆਨ ਨੂੰ ਨਵੇਂ ਰੂਪ ’ਚ ਸਮਝਣ ਬਾਰੇ ਵਧੀਆ ਲਿਖਤ ਹੈ ਅਤੇ ਆਮ ਪਾਠਕ ਨੂੰ ਭਾਸ਼ਾ ਸਬੰਧੀ ਕਈ ਜਿਗਿਆਸਾਵਾਂ ਦੇ ਜਵਾਬ ਇਸ ਵਿਚੋਂ ਮਿਲ ਸਕਦੇ ਹਨ।
ਭਾਸ਼ਾ, ਮਨ ਤੇ ਮਾਨਵੀ ਵਿਕਾਸ ਦੀਆਂ ਗੁੰਝਲਾਂ ਸਮਝਣ ਵਾਲੇ ਬੁੱਧੀਜੀਵੀ ਤੇ ਕਈ ਪ੍ਰਸਿੱਧ ਇਨਾਮ ਜੇਤੂ ਸਟੀਵਨ ਪਿੰਕਰ ਦੀਆਂ ਹੋਰ ਕਿਤਾਬਾਂ ਜਿਵੇਂ ‘ਹਊ ਦਿ ਮਾਈਂਡ ਵਰਕਸ’, ‘ਦਿ ਬੈਟਰ ਏਂਜਲ ਔਫ ਅਵਰ ਨੇਚਰ’ ਅਤੇ ‘ਦਿ ਸੈਂਸ ਔਫ ਸਟਾਈਲ’ ਵੀ ਬਹੁਤ ਅਹਿਮ ਲਿਖਤਾਂ ਹਨ। ਪਿੰਕਰ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ’ਚ ਜੌਹਨਸਟੋਨ ਫੈਮਿਲੀ ਪ੍ਰੋਫ਼ੈਸਰ ਹੈ ਅਤੇ ਅੱਜ ਕੱਲ ਬੋਸਟਨ ’ਚ ਰਹਿੰਦਾ ਹੈ। ਭਾਸ਼ਾ ਤੇ ਭਾਸ਼ਾ ਵਿਗਿਆਨ ਦੇ ਵਿਦਿਆਰਥੀਆਂ ਲਈ ਭਾਸ਼ਾ ਦੇ ਹੋਰ ਸੂਖ਼ਮ ਪਾਸਾਰਾਂ ਨੂੰ ਸਮਝਣ ਲਈ ਸਟੀਵਨ ਪਿੰਕਰ ਦੀ ਇਹ ਖੋਜ ਬੜੀ ਲਾਹੇਵੰਦ ਹੈ।

ਸੰਪਰਕ: 82839-48811


Comments Off on ਭਾਸ਼ਾ ਪ੍ਰਵਿਰਤੀ: ਮਨ ਭਾਸ਼ਾ ਕਿਵੇਂ ਸਿਰਜਦਾ ਹੈ?
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.