‘ਗਿਆਨ ਉਤਸਵ’ ਤਹਿਤ ਵਿਦਿਅਕ ਮੁਕਾਬਲੇ ਕਰਵਾਏ !    ਐੱਸਐੱਮਓ ਵੱਲੋਂ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਨਿਰਦੇਸ਼ !    ਨਾਟਕ ‘ਦਮ ਤੋੜਦੇ ਰਿਸ਼ਤੇ’ ਨੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ !    ਸਟੋਕਸ ਨੇ ਫਿਰ ਨਿਊਜ਼ੀਲੈਂਡ ਨੂੰ ਵਖ਼ਤ ਪਾਇਆ !    ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਚਾਨਣ ਦੇ ਰਾਹੀ !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    

ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ

Posted On August - 20 - 2019

ਸੰਜੀਵ ਪਾਂਡੇ

ਪਾਕਿਸਤਾਨ ਅਤੇ ਭਾਰਤ ਵਿਚਕਾਰ ਇਕ ਵਾਰ ਸਬੰਧਾਂ ਵਿਚ ਖਾਸਾ ਤਣਾਅ ਨਜ਼ਰ ਆ ਰਿਹਾ ਹੈ। ਜੰਮੂ-ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਰਾਜ ਦਾ ਦਰਜਾ ਵਾਪਸ ਲੈਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਵਪਾਰਕ ਸਬੰਧਾਂ ਨੂੰ ਖ਼ਤਮ ਕਰਨ ਦਾ ਫੈ਼ਸਲਾ ਕੀਤਾ ਹੈ। ਜੰਮੂ-ਕਸ਼ਮੀਰ ਵਿਚੋਂ ਧਾਰਾ 370 ਖ਼ਤਮ ਕਰਨ ਤੋਂ ਬਾਅਦ ਪਾਕਿਸਤਾਨੀ ਸੰਸਦ ਦਾ ਸਾਂਝਾ ਸੈਸ਼ਨ ਬੁਲਾਇਆ ਗਿਆ। ਸਾਂਝੇ ਸੈਸ਼ਨ ਵਿਚ ਵਿਰੋਧ ਨਾਲ ਘਿਰੇ ਇਮਰਾਨ ਖ਼ਾਨ ਦੀ ਸਰਕਾਰ ਨੇ ਭਾਰਤ ਨਾਲ ਆਪਣੇ ਰਾਜਨੀਤਕ ਸਬੰਧ ਘਟਾਉਣ ਦਾ ਫੈ਼ਸਲਾ ਲਿਆ। ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈੱਸ ਟਰੇਨ ਸੇਵਾ ਨੂੰ ਵੀ ਬੰਦ ਕਰਨ ਦਾ ਫੈ਼ਸਲਾ ਕੀਤਾ ਹੈ, ਪਰ ਇਨ੍ਹਾਂ ਵਿਚ ਸਭ ਤੋਂ ਮਹੱਤਵਪੂਰਨ ਭਾਰਤ ਪਾਕਿਸਤਾਨ ਵਿਚਕਾਰ ਹੋਣ ਵਾਲੇ ਦੁਵੱਲੇ ਵਪਾਰ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਪਾਕਿਸਤਾਨੀ ਫੈ਼ਸਲਾ ਹੈ। ਹਾਲਾਂਕਿ ਪਹਿਲਾਂ ਵੀ ਦੋਵੇਂ ਮੁਲਕਾਂ ਦੇ ਤਣਾਅ ਵਧਣ ਦੀ ਸਥਿਤੀ ਵਿਚ ਦੋਵੇਂ ਮੁਲਕਾਂ ਦੇ ਵਪਾਰ ’ਤੇ ਪ੍ਰਭਾਵ ਪਿਆ। 70 ਸਾਲਾਂ ਵਿਚ ਦੋਵੇਂ ਮੁਲਕਾਂ ਵਿਚਕਾਰ ਕਈ ਵਾਰ ਤਣਾਅ ਚਰਮ ’ਤੇ ਪਹੁੰਚਿਆ। ਇਸਦਾ ਨਤੀਜਾ ਇਹ ਹੋਇਆ ਕਿ ਚੰਗੇ ਸਬੰਧਾਂ ਵਿਚਕਾਰ ਦੋਵੇਂ ਮੁਲਕ ਵਿਕਾਸ ਦੀ ਜੋ ਗਤੀ ਪਾ ਸਕਦੇ ਸਨ, ਉਸ ਵਿਚ ਪਿੱਛੇ ਰਹਿ ਗਏ। ਪਾਕਿਸਤਾਨ ਵਿਚ ਮੌਜੂਦ ਅਤਿ ਰਾਸ਼ਟਰਵਾਦੀਆਂ ਨੇ ਭਾਰਤ ਨਾਲ ਸਬੰਧਾਂ ਨੂੰ ਠੀਕ ਕਰਨ ਤੋਂ ਬਾਅਦ ਪਾਕਿਸਤਾਨ ਨੂੰ ਹੋਣ ਵਾਲੇ ਲਾਭ ਦੀ ਸੰਭਾਵਨਾ ਵੱਲ ਨਹੀਂ ਦੇਖਿਆ। ਭਾਰਤ ਵਿਚ ਵੀ ਮੌਜੂਦ ਅਤਿ ਰਾਸ਼ਟਰਵਾਦੀਆਂ ਨੇ ਖੇਤਰੀ ਸਹਿਯੋਗ ਅਤੇ ਪਾਕਿਸਤਾਨ ਦੇ ਭੂਗੋਲ ਦੀ ਅਹਿਮੀਅਤ ਨੂੰ ਨਹੀਂ ਸਮਝਿਆ। ਭਾਰਤ ਨੇ ਪਾਕਿਸਤਾਨ ਨੂੰ 1996 ਵਿਚ ਸਭ ਤੋਂ ਵੱਧ ਤਰਜੀਹੀ ਮੁਲਕ ਦਾ ਦਰਜਾ ਦਿੱਤਾ ਸੀ ਤਾਂ ਕਿ ਦੋਵੇਂ ਮੁਲਕਾਂ ਵਿਚਕਾਰ ਵਪਾਰ ਦੀ ਗਤੀ ਤੇਜ਼ੀ ਫੜੇ, ਪਰ ਪਾਕਿਸਤਾਨ ਨੇ ਭਾਰਤ ਨੂੰ ਇਹ ਦਰਜਾ ਅੱਜ ਤਕ ਨਹੀਂ ਦਿੱਤਾ।
ਅਤਿ ਰਾਸ਼ਟਰਵਾਦੀ ਨਜ਼ਰੀਏ ਨਾਲ ਤੁਸੀਂ ਕਹਿ ਸਕਦੇ ਹੋ ਕਿ ਪਾਕਿਸਤਾਨ ਨੇ ਭਾਰਤ ਨਾਲ ਦੁਵੱਲੇ ਵਪਾਰ ਨੂੰ ਬੰਦ ਕਰਕੇ ਆਪਣਾ ਹੀ ਨੁਕਸਾਨ ਕੀਤਾ ਹੈ। ਭਾਰਤੀ ਨਜ਼ਰੀਆ ਹੈ ਕਿ ਪਾਕਿਤਸਾਨ ਵੱਲੋਂ ਦੁਵੱਲਾ ਵਪਾਰ ਬੰਦ ਕਰਨ ਨਾਲ ਨੁਕਸਾਨ ਪਾਕਿਸਤਾਨ ਨੂੰ ਹੀ ਹੋਵੇਗਾ,ਪਰ ਦੁਵੱਲਾ ਵਪਾਰ ਖ਼ਤਮ ਹੋਣ ਦੀ ਸਥਿਤੀ ਵਿਚ ਨੁਕਸਾਨ ਕਿਸੇ ਇਕ ਪੱਖ ਦਾ ਨਹੀਂ, ਦੋਵੇਂ ਪੱਖਾਂ ਦਾ ਹੁੰਦਾ ਹੈ। ਦੁਵੱਲੇ ਵਪਾਰ ਦਾ ਮੁੱਖ ਉਦੇਸ਼ ਦੋਵੇਂ ਪੱਖਾਂ ਨੂੰ ਲਾਭ ਪਹੁੰਚਾਉਣਾ ਹੁੰਦਾ ਹੈ। ਜੇਕਰ ਦੋ ਮੁਲਕਾਂ ਵਿਚਕਾਰ ਵਪਾਰ ਹੈ ਤਾਂ ਉਸ ਨਾਲ ਹੋਣ ਵਾਲੇ ਲਾਭ ਦਾ ਹਿੱਸਾ ਜਨਤਾ, ਵਪਾਰੀ ਅਤੇ ਸਰਕਾਰ ਸਾਰਿਆਂ ਨੂੰ ਜਾਂਦਾ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਦੁਨੀਆਂ ਦੇ ਤਮਾਮ ਦੇਸ਼ ਇਸ ਸਮੇਂ ਵਪਾਰ ਸੰਤੁਲਨ ਨੂੰ ਆਪਣੇ ਪੱਖ ਵਿਚ ਲੜਨ ਦੀ ਲੜਾਈ ਲੜ ਰਹੇ ਹਨ। ਮੌਜੂਦਾ ਅਰਥਤੰਤਰ ਵਿਚ ਕਿਸੇ ਵੀ ਮੁਲਕ ਦੀ ਅਰਥਵਿਵਸਥਾ ਦੀ ਮਜ਼ਬੂਤੀ ਉਸਦੀ ਉਤਪਾਦਨ ਸਮਰੱਥਾ ਅਤੇ ਨਿਰਯਾਤ ਨਾਲ ਦੇਖੀ ਜਾਂਦੀ ਹੈ। ਅੱਜ ਚੀਨ ਆਰਥਿਕ ਤਾਕਤ ਇਸ ਲਈ ਬਣਿਆ ਕਿ ਉੱਥੇ ਬਣੇ ਹੋਏ ਉਤਪਾਦਾਂ ਨੇ ਪੂਰੀ ਦੁਨੀਆਂ ਦੇ ਬਾਜ਼ਾਰਾਂ ’ਤੇ ਆਪਣਾ ਪ੍ਰਭਾਵ ਜਮਾ ਲਿਆ ਹੈ। ਚੀਨ ਦੀ ਮਜ਼ਬੂਤ ਹੁੰਦੀ ਅਰਥਵਿਵਸਥਾ ਤੋਂ ਅਮਰੀਕਾ ਪਰੇਸ਼ਾਨ ਹੈ। ਅਮਰੀਕਾ ਚੀਨ ਤੋਂ ਆਯਾਤ ਵਸਤੂਆਂ ’ਤੇ ਆਯਾਤ ਕਰ ਵਿਚ ਵਾਧਾ ਇਸ ਲਈ ਕਰ ਰਿਹਾ ਹੈ ਕਿ ਚੀਨ ਦੇ ਪੱਖ ਵਿਚ ਬਣਿਆ ਵਪਾਰ ਸੰਤੁਲਨ ਹੌਲੀ ਹੌਲੀ ਖ਼ਤਮ ਹੋਵੇ। ਹਾਲਾਂਕਿ ਅਮਰੀਕਾ ਵੱਲੋਂ ਚੀਨੀ ਆਯਾਤਾਂ ’ਤੇ ਕਈ ਤਰ੍ਹਾਂ ਦੇ ਕਰ ਲਗਾਏ ਜਾਣ ਦੇ ਬਾਅਦ ਅਮਰੀਕਾ-ਚੀਨ ਵਿਚਕਾਰ ਵਪਾਰ ਸੰਤੁਲਨ ਚੀਨ ਦੇ ਪੱਖ ਵਿਚ 323 ਅਰਬ ਡਾਲਰ ਹੈ। ਅਮਰੀਕਾ ਚੀਨ ਦੇ ਮਜ਼ਬੂਤ ਹੁੰਦੇ ਨਿਰਯਾਤ ਤੋਂ ਨਾਰਾਜ਼ ਹੈ ਕਿਉਂਕਿ ਭਵਿੱਖ ਵਿਚ ਚੀਨ ਇਸੀ ਅਰਥਵਿਵਸਥਾ ਦੇ ਬਲ ’ਤੇ ਅਮਰੀਕਾ ਨੂੰ ਚੁਣੌਤੀ ਦੇਵੇਗਾ।
ਜੇਕਰ ਦੱਖਣ ਏਸ਼ੀਆ ਵਿਚ ਵਪਾਰ ਸੰਤੁਲਨ ਦੀ ਗੱਲ ਕਰੀਏ ਤਾਂ ਭਾਰਤ ਦਾ ਬੰਗਲਾਦੇਸ਼ ਅਤੇ ਪਾਕਿਸਤਾਨ ਨਾਲ ਹੋਣ ਵਾਲੇ ਵਪਾਰ ਵਿਚ ਵਪਾਰ ਸੰਤੁਲਨ ਭਾਰਤ ਦੇ ਪੱਖ ਵਿਚ ਹੈ। ਇਸਦਾ ਸਿੱਧਾ ਲਾਭ ਭਾਰਤ ਦੀ ਮੈਨੂਫੈਕਚਰਿੰਗ ਇੰਡਸਟਰੀ ਨੂੰ ਹੈ। ਇਸ ਨਾਲ ਭਾਰਤ ਵਿਚ ਰੁਜ਼ਗਾਰ ਵੀ ਪੈਦਾ ਹੋ ਰਿਹਾ ਹੈ। ਉਂਜ ਇਹ ਤਰਕ ਦੇਣਾ ਕਿ ਪਾਕਿਸਤਾਨ ਅਤੇ ਭਾਰਤ ਵਿਚਕਾਰ ਵਪਾਰਕ ਸਬੰਧ ਖ਼ਤਮ ਹੋਵੇਗਾ ਤਾਂ ਸਿਰਫ਼ ਨੁਕਸਾਨ ਪਾਕਿਸਤਾਨ ਦਾ ਹੋਵੇਗਾ, ਬੇਫਕੂਫੀ ਹੈ। ਇਸ ਸਮੇਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਾਲਾਨਾ ਦੁਵੱਲਾ ਵਪਾਰ 2.5 ਅਰਬ ਡਾਲਰ ਦੇ ਕਰੀਬ ਹੈ। ਭਾਰਤ-ਪਾਕਿਸਤਾਨ ਦੇ ਕੁੱਲ ਦੁਵੱਲੇ ਵਪਾਰ ਵਿਚ ਭਾਰਤੀ ਨਿਰਯਾਤ ਦੀ ਭਾਗੀਦਾਰੀ 80 ਪ੍ਰਤੀਸ਼ਤ ਹੈ, ਜਦੋਂਕਿ ਪਾਕਿਸਤਾਨੀ ਆਯਾਤ ਦੀ ਭਾਗੀਦਾਰੀ 20 ਪ੍ਰਤੀਸ਼ਤ ਦੇ ਕਰੀਬ ਹੈ। 2018-19 ਵਿਚ ਭਾਰਤ ਨੇ ਪਾਕਿਸਤਾਨ ਨੂੰ 2.09 ਅਰਬ ਡਾਲਰ ਦਾ ਨਿਰਯਾਤ ਕੀਤਾ, ਜਦੋਂਕਿ ਪਾਕਿਸਤਾਨ ਨੇ ਭਾਰਤ ਨੂੰ 0.49 ਬਿਲੀਅਨ ਡਾਲਰ ਦਾ ਨਿਰਯਾਤ ਕੀਤਾ। ਭਾਰਤ ਪਾਕਿਸਤਾਨ ਨੂੰ ਕਪਾਹ, ਆਰਗੈਨਿਕ ਕੈਮੀਕਲ, ਮਸ਼ੀਨਰੀ ਆਦਿ ਮੁੱਖ ਰੂਪ ਨਾਲ ਨਿਰਯਾਤ ਕਰਦਾ ਹੈ। ਜਦੋਂਕਿ ਪਾਕਿਤਸਾਨ ਭਾਰਤ ਨੂੰ ਸੀਮਿੰਟ, ਪਹਾੜੀ ਲੂਣ, ਡਰਾਈ ਫਰੂਟ ਆਦਿ ਦਾ ਨਿਰਯਾਤ ਕਰਦਾ ਹੈ। ਭਾਰਤ ਨੂੰ ਹੋਣ ਵਾਲਾ ਪਾਕਿਸਤਾਨੀ ਨਿਰਯਾਤ ਪਹਿਲਾਂ ਹੀ ਪ੍ਰਭਾਵਿਤ ਹੋ ਚੁੱਕਾ ਹੈ। ਪੁਲਵਾਮਾ ਹਮਲੇ ਦੇ ਬਾਅਦ ਭਾਰਤ ਨੇ ਪਾਕਿਸਤਾਨੀ ਆਯਾਤ ’ਤੇ 200 ਪ੍ਰਤੀਸ਼ਤ ਆਯਾਤ ਦਰ ਲਗਾ ਦਿੱਤੀ ਸੀ। ਇਸ ਨਾਲ ਭਾਰਤ ਨੂੰ ਆਉਣ ਵਾਲੇ ਪਾਕਿਸਤਾਨੀ ਸੀਮਿੰਟ ਦੀਆਂ ਕੀਮਤਾਂ ਵਧ ਗਈਆਂ।
ਭਾਰਤ ਤੋਂ ਆਉਣ ਵਾਲੇ ਕੱਚੇ ਮਾਲ ਦੇ ਆਯਾਤ ਨੂੰ ਰੋਕਣ ਲਈ ਪਾਕਿਸਤਾਨੀ ਉਦਯੋਗ ਜਗਤ ਨੂੰ ਨੁਕਸਾਨ ਜ਼ਰੂਰ ਹੋਵੇਗਾ, ਪਰ ਇਸ ਨਾਲ ਭਾਰਤੀ ਉਦਯੋਗ ਜਗਤ ਅਤੇ ਕਪਾਹ ਉਤਪਾਦਕਾਂ ਨੂੰ ਵੀ ਨੁਕਸਾਨ ਹੋਵੇਗਾ। ਭਾਰਤ ਪਾਕਿਸਤਾਨ ਨੂੰ ਮੁੱਖ ਰੂਪ ਨਾਲ ਕਪਾਹ, ਆਰਗੈਨਿਕ ਕੈਮੀਕਲ, ਪਲਾਸਟਿਕ ਨਿਰਯਾਤ ਕਰਦਾ ਹੈ। ਵੱਡਾ ਨਿਰਯਾਤ ਕਪਾਹ, ਆਰਗੈਨਿਕ ਕੈਮੀਕਲ ਦਾ ਹੈ। ਭਾਰਤ ਨੇ 2018-19 ਵਿਚ ਪਾਕਿਤਸਾਨ ਨੂੰ 550 ਮਿਲੀਅਨ ਡਾਲਰ ਦੀ ਕਪਾਹ ਅਤੇ 457 ਮਿਲੀਅਨ ਡਾਲਰ ਦਾ ਆਰਗੈਨਿਕ ਕੈਮੀਕਲ ਨਿਰਯਾਤ ਕੀਤਾ ਸੀ। ਜ਼ਿਕਰਯੋਗ ਹੈ ਕਿ ਭਾਰਤ ਲਗਾਤਾਰ ਕਪਾਹ ਅਤੇ ਆਰਗੈਨਿਕ ਕੈਮੀਕਲ ਦੇ ਨਿਰਯਾਤ ਵਿਚ ਪਾਕਿਸਤਾਨ ਤੋਂ ਲਾਭ ਕਮਾਉਂਦਾ ਰਿਹਾ ਹੈ। 2011 ਵਿਚ ਭਾਰਤ ਨੇ 87 ਮਿਲੀਅਨ ਡਾਲਰ ਦੀ ਕਪਾਹ ਪਾਕਿਸਤਾਨ ਨੂੰ ਨਿਰਯਾਤ ਕੀਤੀ ਸੀ। ਹੁਣ ਕਪਾਹ ਦਾ ਨਿਰਯਾਤ ਵਧ ਕੇ 550 ਮਿਲੀਅਨ ਡਾਲਰ ਹੋ ਗਿਆ ਹੈ। 2011-12 ਵਿਚ ਭਾਰਤ ਨੇ 290 ਮਿਲੀਅਨ ਡਾਲਰ ਦਾ ਆਰਗੈਨਿਕ ਕੈਮੀਕਲ ਦਾ ਨਿਰਯਾਤ ਪਾਕਿਸਤਾਨ ਨੂੰ ਕੀਤਾ ਸੀ। ਅੱਜ ਇਹ ਨਿਰਯਾਤ ਵਧ ਕੇ 457 ਮਿਲੀਅਨ ਡਾਲਰ ਹੋ ਗਿਆ ਹੈ। 2012-13 ਤਕ ਭਾਰਤ ਪਾਕਿਸਤਾਨ ਨੂੰ ਨਿਊਕਲੀਅਰ ਰਿਐਕਟਰ, ਬਾਇਲਰਜ਼, ਮਸ਼ੀਨਰੀ ਅਤੇ ਮਕੈਨੀਕਲ ਅਪਲਾਇੰਸ ਨਾ ਦੇ ਬਰਾਬਰ ਨਿਰਯਾਤ ਕਰਦਾ ਸੀ, ਪਰ ਹੁਣ ਭਾਰਤ ਇਸਦਾ ਵੀ ਨਿਰਯਾਤ ਕਰ ਰਿਹਾ ਹੈ। 2018-19 ਵਿਚ ਇਸ ਖੇਤਰ ਵਿਚ ਭਾਰਤ ਨੇ ਪਾਕਿਸਤਾਨ ਨੂੰ 95 ਮਿਲੀਅਨ ਡਾਲਰ ਦਾ ਨਿਰਯਾਤ ਕੀਤਾ ਹੈ। ਪਾਕਿਸਤਾਨ ਨਾਲ ਵਪਾਰ ਬੰਦ ਹੋਣ ਦੇ ਬਾਅਦ ਕਪਾਹ ਅਤੇ ਆਰਗੈਨਿਕ ਕੈਮੀਕਲ ਦਾ ਨਿਰਯਾਤ ਰੁਕ ਜਾਵੇਗਾ। ਕਪਾਹ ਅਤੇ ਆਰਗੈਨਿਕ ਕੈਮੀਕਲ ਦੀ ਪਾਕਿਸਤਾਨ ਨੂੰ ਹੋਣ ਵਾਲੇ ਨਿਰਯਾਤ ਵਿਚ ਲਗਪਗ 50 ਪ੍ਰਤੀਸ਼ਤ ਹਿੱਸੇਦਾਰੀ ਹੈ। ਹਾਲਾਂਕਿ ਇਸਦਾ ਨਿਰਯਾਤ ਰੁਕਣ ਨਾਲ ਪਾਕਿਸਤਾਨ ਦੀ ਟੈਕਸਟਾਈਲਜ਼ ਅਤੇ ਫਾਰਮਾ ਇੰਡਸਟਰੀ ਨੂੰ ਨੁਕਸਾਨ ਹੋਵੇਗਾ ਕਿਉਂਕਿ ਭਾਰਤ ਦੇ ਨਜ਼ਦੀਕ ਹੋਣ ਕਾਰਨ ਪਾਕਿਸਤਾਨ ਦੇ ਪੰਜਾਬ ਰਾਜ ਦੇ ਫਾਰਮਾ ਅਤੇ ਟੈਕਸਟਾਈਲ ਉਦਯੋਗ ਨੂੰ ਕਪਾਹ ਅਤੇ ਆਰਗੈਨਿਕ ਕੈਮੀਕਲ ਦਾ ਆਯਾਤ ਸਸਤਾ ਪੈਂਦਾ ਹੈ। ਵਪਾਰ ਬੰਦ ਹੋਣ ਨਾਲ ਭਾਰਤ ਦੇ ਕਪਾਹ ਉਤਪਾਦਕਾਂ ਨੂੰ ਵੀ ਨੁਕਸਾਨ ਹੋਵੇਗਾ ਕਿਉਂਕਿ ਪਾਕਿਸਤਾਨ ਕਪਾਹ ਦਾ ਵੱਡਾ ਖ਼ਰੀਦਦਾਰ ਹੈ। ਪਾਕਿਸਤਾਨ ਨੂੰ ਨਿਰਯਾਤ ਬੰਦ ਹੋਣ ਦੇ ਬਾਅਦ ਪੰਜਾਬ, ਰਾਜਸਥਾਨ ਅਤੇ ਗੁਜਰਾਤ ਦੇ ਕਿਸਾਨਾਂ ਨੂੰ ਨੁਕਸਾਨ ਦੀ ਸੰਭਾਵਨਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਬਾਜ਼ਾਰ ਵਿਚ ਕਪਾਹ ਦਾ ਉਚਿਤ ਮੁੱਲ ਨਹੀਂ ਮਿਲ ਸਕਦਾ। ਆਰਗੈਨਿਕ ਕੈਮੀਕਲ ਦੇ ਨਿਰਯਾਤਕਾਂ ਨੂੰ ਵੀ ਵਪਾਰ ਬੰਦ ਹੋਣ ਨਾਲ ਇਸਦਾ ਨੁਕਸਾਨ ਹੋਵੇਗਾ ਕਿਉਂਕਿ ਦੁਨੀਆਂ ਭਰ ਵਿਚ ਇਸ ਸਮੇਂ ਨਿਰਯਾਤ ਬਾਜ਼ਾਰ ਲੱਭਣ ਵਿਚ ਉਦਯੋਗਾਂ ਨੂੰ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ। ਉਨ੍ਹਾਂ ਨੂੰ ਭਾਰੀ ਪ੍ਰਤੀਯੋਗਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨਜ਼ਦੀਕੀ ਦੇਸ਼ਾਂ ਵਿਚਕਾਰ ਆਯਾਤ-ਨਿਰਯਾਤ ਆਮ ਹੋਣ ਦਾ ਵੱਡਾ ਲਾਭ ਆਵਾਜਾਈ ਖ਼ਰਚ ਵਿਚ ਬੱਚਤ ਹੈ। ਇਸੀ ਕਾਰਨ ਇਸ ਸਮੇਂ ਪੂਰੇ ਵਿਸ਼ਵ ਵਿਚ ਖੇਤਰੀ ਸਹਿਯੋਗ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਭਾਰਤ ਅਤੇ ਪਾਕਿਸਤਾਨ ਆਪਣੇ ਖ਼ਰਾਬ ਸਬੰਧਾਂ ਕਾਰਨ ਦੁਵੱਲੇ ਵਪਾਰ ਦਾ ਲਾਭ ਨਹੀਂ ਉਠਾ ਸਕੇ। ਇਸਦਾ ਸਿੱਧਾ ਨੁਕਸਾਨ ਦੋਵੇਂ ਮੁਲਕਾਂ ਦੇ ਨਾਗਰਿਕਾਂ, ਉਦਯੋਗ ਜਗਤ ਅਤੇ ਸਰਕਾਰਾਂ ਨੂੰ ਹੋਇਆ ਹੈ। ਦੋਵੇਂ ਮੁਲਕਾਂ ਵਿਚਕਾਰ ਇਸ ਸਮੇਂ ਸਾਲਾਨਾ ਕੁੱਲ ਅਨੁਮਾਨਤ ਵਪਾਰ ਸਮਰੱਥਾ 40 ਅਰਬ ਡਾਲਰ ਦੇ ਕਰੀਬ ਹੈ, ਪਰ ਦੋਵੇਂ ਮੁਲਕਾਂ ਵਿਚਕਾਰ ਸਾਲਾਨਾ ਅਸਲ ਵਪਾਰ 2.5 ਅਰਬ ਡਾਲਰ ਦੇ ਕਰੀਬ ਹੈ। ਆਜ਼ਾਦੀ ਦੇ ਬਾਅਦ ਤੋਂ ਹੀ ਦੋਵੇਂ ਮੁਲਕਾਂ ਵਿਚਕਾਰ ਖ਼ਰਾਬ ਸਬੰਧ ਰਹੇ ਹਨ। ਦੋ ਵੱਡੇ ਯੁੱਧ ਹੋਏ ਹਨ, ਇਕ ਛੋਟੀ ਲੜਾਈ ਹੋਈ। ਇਸੀ ਕਾਰਨ ਸਮੇਂ ਸਮੇਂ ’ਤੇ ਲੰਬੇ ਸਮੇਂ ਤਕ ਵਪਾਰ ਵੀ ਪ੍ਰਭਾਵਿਤ ਰਿਹਾ। ਦਿਲਚਸਪ ਗੱਲ ਹੈ ਕਿ ਪਾਕਿਸਤਾਨ ਤੋਂ ਟੁੱਟ ਕੇ ਅਲੱਗ ਬਣੇ ਦੇਸ਼ ਬੰਗਲਾਦੇਸ਼ ਨਾਲ ਭਾਰਤ ਦੇ ਸਬੰਧ ਚੰਗੇ ਹਨ। ਇਸ ਕਾਰਨ ਦੋਵੇਂ ਮੁਲਕਾਂ ਵਿਚਕਾਰ ਵਪਾਰ ਵਧਿਆ ਹੈ। ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਇਸ ਸਮੇਂ ਸਾਲਾਨਾ ਵਪਾਰ 10 ਅਰਬ ਡਾਲਰ ਦੇ ਕਰੀਬ ਹੈ। ਜ਼ਿਕਰਯੋਗ ਹੈ ਕਿ ਭਾਰਤ ਦਾ ਬੰਗਲਾਦੇਸ਼ ਨਾਲ ਵਪਾਰ ਸੰਤੁਲਨ ਭਾਰਤ ਦੇ ਪੱਖ ਵਿਚ ਲਗਪਗ 7.5 ਅਰਬ ਡਾਲਰ ਹੈ।
ਭਾਰਤ ਪਾਕਿ ਸਬੰਧਾਂ ਵਿਚਕਾਰ ਲਗਾਤਾਰ ਉਤਰਾਅ ਚੜ੍ਹਾਅ ਆਉਂਦੇ ਰਹੇ ਹਨ। ਇਹ ਪ੍ਰਤੀਕਿਰਿਆ ਵੀ ਤਤਕਾਲੀ ਗੁੱਸੇ ਦੀ ਪ੍ਰਤੀਕਿਰਿਆ ਹੋ ਸਕਦੀ ਹੈ। ਦੋਵੇਂ ਮੁਲਕਾਂ ਦੇ ਆਰਥਿਕ ਹਾਲਾਤ ਬਹੁਤ ਚੰਗੇ ਨਹੀਂ ਹਨ। ਪਾਕਿਸਤਾਨ ਦੇ ਆਰਥਿਕ ਹਾਲਾਤ ਤਾਂ ਖਾਸੇ ਖ਼ਰਾਬ ਹਨ, ਪਰ ਪਿਛਲੇ ਕੁਝ ਮਹੀਨਿਆਂ ਵਿਚ ਭਾਰਤੀ ਅਰਥਵਿਵਸਥਾ ਦੇ ਖ਼ਰਾਬ ਹੋਣ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ। ਰੁਜ਼ਗਾਰ ਘਟ ਰਹੇ ਹਨ, ਮੰਦੀ ਕਾਰਨ ਉਦਯੋਗਾਂ ਤੋਂ ਛਾਂਟੀ ਵੀ ਸ਼ੁਰੂ ਹੋ ਗਈ ਹੈ। ਸਭ ਤੋਂ ਜ਼ਿਆਦਾ ਆਟੋ ਸੈਕਟਰ ਪ੍ਰਭਾਵਿਤ ਹੋਇਆ ਹੈ। ਉਂਜ ਦੋਵੇਂ ਮੁਲਕਾਂ ਵਿਚਕਾਰ ਜਲਦੀ ਹੀ ਕੁਝ ਨਾ ਕੁਝ ਸ਼ਾਂਤੀ ਨੂੰ ਲੈ ਕੇ ਗੱਲਬਾਤ ਹੋਵੇਗੀ। ਭਾਰਤ ਨਾਲ ਰਾਜਨੀਤਕ ਸਬੰਧਾਂ ਨੂੰ ਘਟਾਉਣ ਅਤੇ ਵਪਾਰ ਬੰਦ ਕਰਨ ਦਾ ਫੈ਼ਸਲਾ ਪਾਕਿਸਤਾਨ ਦਾ ਲੰਬਾ ਫੈ਼ਸਲਾ ਨਹੀਂ ਹੋਵੇਗਾ, ਇਹੀ ਉਮੀਦ ਹੈ। ਇਹ ਫੈ਼ਸਲਾ ਸ਼ਾਇਦ ਇਮਰਾਨ ਖ਼ਾਨ ਦੀ ਰਾਜਨੀਤਕ ਮਜਬੂਰੀ ਰਹੀ ਹੋਵੇ। ਫਿਲਹਾਲ ਪਾਕਿਸਤਾਨ ਵਿਚ ਇਮਰਾਨ ਖ਼ਾਨ ਵਿਰੋਧੀ ਦਲਾਂ ਦੇ ਨਿਸ਼ਾਨੇ ’ਤੇ ਹੈ। ਧਾਰਾ 370 ਨੂੰ ਲੈ ਕੇ ਪਾਕਿਸਤਾਨੀ ਸੰਸਦ ਦੇ ਬੁਲਾਏ ਗਏ ਸਾਂਝੇ ਸੈਸ਼ਨ ਵਿਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਿਸ਼ਾਨੇ ’ਤੇ ਰਹੇ। ਵਿਰੋਧੀ ਦਲਾਂ ਦੇ ਸੰਸਦ ਮੈਂਬਰਾਂ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਇਮਰਾਨ ਖ਼ਾਨ ਲਗਾਤਾਰ ਨਰਿੰਦਰ ਮੋਦੀ ਦੀ ਤਾਰੀਫ਼ ਕਰ ਰਹੇ ਸਨ। ਉਹ ਤਰਕ ਦੇ ਰਹੇ ਸਨ ਕਿ ਮੋਦੀ ਜੇਕਰ ਦੁਬਾਰਾ ਸੱਤਾ ਵਿਚ ਆਏ ਤਾਂ ਕਸ਼ਮੀਰ ਦੀ ਸਮੱਸਿਆ ਦਾ ਹੱਲ ਨਿਕਲ ਜਾਏਗਾ। ਹੁਣ ਸਮੱਸਿਆ ਦਾ ਹੱਲ ਨਰਿੰਦਰ ਮੋਦੀ ਨੇ ਕੱਢ ਲਿਆ ਹੈ, ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਦਰਜਾ ਖ਼ਤਮ ਕਰ ਦਿੱਤਾ ਹੈ। ਕੱਟੜਪੰਥੀਆਂ ਦੀ ਜਮਾਤ ਵੀ ਮੌਕੇ ਦਾ ਲਾਭ ਲੈਣ ਦੀ ਕੋਸ਼ਿਸ਼ ਵਿਚ ਹੈ। ਹਾਲਾਂਕਿ ਕੱਟੜਪੰਥੀਆਂ ਦੀ ਜਮਾਤ ਨਾਲ ਇਮਰਾਨ ਖ਼ਾਨ ਦੇ ਚੰਗੇ ਸਬੰਧ ਰਹੇ ਹਨ। ਸੈਨਾ ਵੀ ਇਮਰਾਨ ਖ਼ਾਨ ਨਾਲ ਹੀ ਹੈ। ਫਿਲਹਾਲ ਪਾਕਿਸਤਾਨ ਸਰਕਾਰ ਅਤੇ ਸੈਨਾ ਨੇ ਮਜਬੂਰੀ ਵਿਚ ਭਾਰਤ ਨੂੰ ਲੈ ਕੇ ਕਈ ਫੈ਼ਸਲੇ ਕੀਤੇ ਹਨ। ਉੱਧਰ ਅਫ਼ਗਾਨਿਸਤਾਨ ਸ਼ਾਂਤੀ ਵਾਰਤਾ ਫਾਈਨਲ ਦੌਰ ਵਿਚ ਹੈ। ਪਾਕਿਸਤਾਨ ਕਸ਼ਮੀਰ ਦੇ ਬਹਾਨੇ ਅਫ਼ਗਾਨਿਸਤਾਨ ਵਿਚ ਕੁਝ ਵਿਸ਼ੇਸ਼ ਛੋਟ ਹਾਸਲ ਕਰਨ ਦੀ ਤਾਕ ਵਿਚ ਹੈ। ਭਾਰਤ ਨਾਲ ਕਸ਼ਮੀਰ ਨੂੰ ਲੈ ਕੇ ਤਣਾਅ ਵਧਣ ਦਾ ਲਾਭ ਪਾਕਿਸਤਾਨ ਨੂੰ ਅਫ਼ਗਾਨਿਸਤਾਨ ਵਿਚ ਮਿਲ ਸਕਦਾ ਹੈ।

ਸੰਪਰਕ: 94170-05113


Comments Off on ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.