ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਭਾਰਤੀ ਫ਼ਿਲਮਾਂ ਦਾ ਸੁਨੱਖਾ ਗੱਭਰੂ ਅਰੁਣ ਅਹੂਜਾ

Posted On August - 17 - 2019

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ

ਮਨਦੀਪ ਸਿੰਘ ਸਿੱਧੂ

ਭਾਰਤੀ ਫ਼ਿਲਮਾਂ ਦੇ ਸੁਨੱਖੇ ਤੇ ਸਟਾਇਲਿਸ਼ ਅਦਾਕਾਰ ਅਰੁਣ ਅਹੂਜਾ ਉਰਫ਼ ਗੁਲਸ਼ਨ ਸਿੰਘ ਅਹੂਜਾ ਦੀ ਪੈਦਾਇਸ਼ ਗੁੱਜਰਾਂਵਾਲਾ ਦੇ ਪੰਜਾਬੀ ਸਿੱਖ ਪਰਿਵਾਰ ਵਿਚ 26 ਜਨਵਰੀ 1918 ਨੂੰ ਹੋਈ। ਉਨ੍ਹਾਂ ਨੇ 1937 ਵਿਚ ਮੁਗ਼ਲਪੁਰਾ ਇੰਜਨੀਅਰਿੰਗ ਕਾਲਜ, ਲਾਹੌਰ ਤੋਂ ਬੀ. ਐੱਸ. ਸੀ. ਦੀ ਡਿਗਰੀ ਮੁਕੰਮਲ ਕੀਤੀ। ਉਸ ਵੇਲੇ ਉਨ੍ਹਾਂ ਦੇ ਖ਼ਾਨਦਾਨ ਦੇ ਬਹੁਤੇ ਮੈਂਬਰ ਰੇਲਵੇ ਦੇ ਆਲ੍ਹਾ ਅਹੁਦਿਆਂ ’ਤੇ ਬਿਰਾਜਮਾਨ ਸਨ।
18 ਅਗਸਤ 1938 ਵਿਚ ਫ਼ਿਲਮਸਾਜ਼ ਅਤੇ ਹਿਦਾਇਤਕਾਰ ਮਹਿਬੂਬ ਖ਼ਾਨ ਨਵੇਂ ਚਿਹਰਿਆਂ ਦੀ ਤਲਾਸ਼ ’ਚ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਆਏ। 100 ਤੋਂ ਜ਼ਿਆਦਾ ਉਮੀਦਵਾਰਾਂ ਦੀ ਕਾਬਲੀਅਤ ਪਰਖ ਮੁਕਾਬਲੇ ਵਿਚੋਂ ਮਹਿਬੂਬ ਖਾਂ ਨੂੰ ਸਿਰਫ਼ ਗੁੱਜਰਾਂਵਾਲਾ ਦਾ ਗੱਭਰੂ ਗੁਲਸ਼ਨ ਸਿੰਘ ਪਸੰਦ ਆਇਆ ਤੇ ਉਸਨੂੰ ਬੰਬਈ ਆਉਣ ਦਾ ਸੱਦਾ ਦਿੱਤਾ। ਉਸ ਵੇਲੇ ਮਹਿਬੂਬ ਖ਼ਾਨ ਆਪਣੀ ਹਿਦਾਇਤਕਾਰੀ ’ਚ ਸਾਗਰ ਮੂਵੀਟੋਨ, ਬੰਬਈ ਦੇ ਬੈਨਰ ਹੇਠ ਹਿੰਦੀ ਫ਼ਿਲਮ ‘ਏਕ ਹੀ ਰਾਸਤਾ’ ਉਰਫ਼ ‘ਦਿ ਓਨਲੀ ਵੇ’ (1939) ਬਣਾ ਰਿਹਾ ਸੀ। ਇਸ ਫ਼ਿਲਮ ਵਿਚ ਮਹਿਬੂਬ ਨੇ ਗੁਲਸ਼ਨ ਸਿੰਘ ਨੂੰ ਨਵੇਂ ਹੀਰੋ ਵਜੋਂ ‘ਅਰੁਣ ਅਹੂਜਾ’ ਦੇ ਨਾਮ ਨਾਲ ਪੇਸ਼ ਕੀਤਾ। ਫ਼ਿਲਮ ’ਚ ਉਸਨੇ ‘ਰਾਜਾ’ ਨਾਮੀ ਪਾਰਟ ਅਦਾ ਕੀਤਾ, ਜਿਸਦੇ ਰੂਬਰੂ ਹੀਰੋਇਨ ਅਨੂਰਾਧਾ ‘ਮਾਲਾ’ ਦੇ ਕਿਰਦਾਰ ਵਿਚ ਆਪਣੇ ਫ਼ਨ ਦੀ ਪੇਸ਼ਕਾਰੀ ਕਰ ਰਹੀ ਸੀ। ਇਸਦੀ ਕਹਾਣੀ ਬਾਬੂਭਾਈ ਏ. ਮਹਿਤਾ ਅਤੇ ਮੁਕਾਲਮੇ ਵਜ਼ਾਹਤ ਮਿਰਜ਼ਾ ਨੇ ਤਹਿਰੀਰ ਕੀਤੇ। ਅਨਿਲ ਬਿਸਵਾਸ ਦੀ ਸੰਗੀਤ-ਨਿਰਦੇਸ਼ਨਾ ’ਚ ਫ਼ਿਲਮ ਦੇ 11 ਨਗ਼ਮੇ ਪੰਡਿਤ ਇੰਦਰ ਨੇ ਲਿਖੇ ਸਨ। ਫ਼ਿਲਮ ਵਿਚ ਪਹਿਲੀ ਵਾਰ ਅਰੁਣ ਨੇ ਮਾਯਾ ਬੈਨਰਜੀ ਨਾਲ ਆਪਣਾ ਪਹਿਲਾ ਦੋਗਾਣਾ ਗਾਇਆ ‘ਕਬ ਚਲ ਦੀਆ ਲੜਕਪਨ ਕਬ ਆ ਗਈ ਜਵਾਨੀ’। ਫ਼ਿਲਮ ਦੀ ਜਬਰਦਸਤ ਕਾਮਯਾਬੀ ਨੇ ਅਰੁਣ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। ਹੁਣ ਫ਼ਿਲਮਸਾਜ਼ਾਂ ਦੀ ਰੋਜ਼ਾਨਾ ਉਸਦੇ ਘਰ ਦੀ ਸਰਦਲ ’ਤੇ ਦਸਤਕ ਹੋਣ ਲੱਗੀ।

ਅਰੁਣ ਅਹੂਜਾ ਦੀ ਪੰਜਾਬੀ ਫ਼ਿਲਮ ‘ਪਟੋਲਾ‘ ਦਾ ਪੋਸਟਰ।

ਉਸਦੀ ਦੂਜੀ ਫ਼ਿਲਮ ਵੀ ਸਾਗਰ ਮੂਵੀਟੋਨ ਦੀ ‘ਭੋਲੇ ਭਾਲੇ’ ਉਰਫ਼ ‘ਪੂਅਰ ਸਵੀਟਹਾਰਟਸ’ (1939) ਸੀ। ਇਸ ਤੋਂ ਬਾਅਦ ਸਾਗਰ ਮੂਵੀਟੋਨ, ਬੰਬਈ ਦੀ ਰਾਮਚੰਦਰ ਠਾਕੁਰ ਨਿਰਦੇਸ਼ਿਤ ‘ਸਿਵਿਲ ਮੈਰਿਜ’ (1940) ਸੀ। ਨੈਸ਼ਨਲ ਸਟੂਡੀਓ, ਬੰਬਈ ਦੀ ਮਹਿਬੂਬ ਖਾਂ ਨਿਰਦੇਸ਼ਿਤ ਫ਼ਿਲਮ ‘ਔਰਤ’ ਉਰਫ਼ ‘ਵੁਮਨ’ (1940) ’ਚ ਅਰੁਣ ਨੇ ਅਦਾਕਾਰਾ ਵਤਸਲਾ ਕੂਮਠੇਕਰ ਨਾਲ ਹੀਰੋ ਦਾ ਕਿਰਦਾਰ ਨਿਭਾਇਆ। ਇਸੇ ਕਹਾਣੀ ’ਤੇ ਆਧਾਰਿਤ ਮਹਿਬੂਬ ਨੇ ਆਪਣੇ ਜ਼ਾਤੀ ਬੈਨਰ ਮਹਿਬੂਬ ਪ੍ਰੋਡਕਸ਼ਨਜ਼ ਹੇਠ ‘ਮਦਰ ਇੰਡੀਆ’ (1957) ਬਣਾਈ। ਚਿੱਤਰਾ ਪ੍ਰੋਡਕਸ਼ਨਜ਼, ਬੰਬਈ ਦੀ ਮਣੀਭਾਈ ਵਿਆਸ ਨਿਰਦੇਸ਼ਿਤ ਫ਼ਿਲਮ ‘ਕੰਚਨ’ (1941) ’ਚ ਲੀਲਾ ਚਿਟਨਿਸ ਨਾਲ ਹੀਰੋ ਦਾ ਰੋਲ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਰਣਜੀਤ ਮੂਵੀਟੋਨ, ਬੰਬਈ ਦੀਆਂ ਕਈ ਫ਼ਿਲਮਾਂ ਵਿਚ ਹੀਰੋ ਦੇ ਰੂਪ ਵਿਚ ਅਦਾਕਾਰੀ ਕਰਦਿਆਂ ਭਰਪੂਰ ਸ਼ੋਹਰਤ ਖੱਟੀ, ਜਿਨ੍ਹਾਂ ਵਿਚ ਸ਼ਾਮਲ ਹਨ ਫ਼ਿਲਮ ‘ਬੇਟੀ’ (1941) ਅਦਾਕਾਰਾ ਖੁਰਸ਼ੀਦ ਬਾਨੋ ਨਾਲ, ਸਟੰਟ ਫ਼ਿਲਮ ‘ਰਿਟਰਨ ਆਫ ਤੂਫ਼ਾਨ ਮੇਲ’ (1942) ਸ਼ਮੀਮ ਨਾਲ, ਫ਼ਿਲਮ ‘ਨਰਸ’ (1941) ਖ਼ੁਰਸ਼ੀਦ ਨਾਲ, ਪੌਰਾਣਿਕ ਫ਼ਿਲਮ ‘ਸ਼ੰਕਰ ਪਾਰਵਤੀ’ (1943) ਸਾਧਨਾ ਬੋਸ ਨਾਲ, ਮਜ਼ਾਹੀਆ ਫ਼ਿਲਮ ‘ਭੰਵਰਾ’ (1944) ਤੇ ਸਟੰਟ ਫ਼ਿਲਮ ‘ਕਾਰਵਾਂ’ (1944) ਕਮਲਾ ਚੈਟਰਜੀ ਨਾਲ ਅਤੇ ਸਿਤਾਰਾ ਦੇਵੀ ਨਾਲ ਫ਼ਿਲਮ ‘ਅੰਧੇਰਾ’ (1943) ਵਿਚ ਉਮਦਾ ਅਦਾਕਾਰੀ ਕੀਤੀ।
1942 ਵਿਚ ਅਰੁਣ ਨੇ ਬੰਬੇ ਸਿਨੇਟੋਨ ਲਿਮਟਿਡ, ਬੰਬਈ ਦੀ ਵਰਿੰਦਰ ਸੀ. ਦੇਸਾਈ ਨਿਰਦੇਸ਼ਿਤ ਫ਼ਿਲਮ ‘ਸਵੇਰਾ’ ਉਰਫ਼ ‘ਡਾਨ ਦੀ’ ’ਚ ਅਦਾਕਾਰਾ ਸ਼ੋਭਨਾ ਸਮਰੱਥ ਨਾਲ ਹੀਰੋ ਦਾ ਪਾਰਟ ਕੀਤਾ, ਜਿਸ ਵਿਚ ਗੁਲੂਕਾਰਾ-ਅਦਾਕਾਰਾ ਨਿਰਮਲਾ ਦੇਵੀ ਨੇ ਫ਼ਿਲਮੀ ਦੁਨੀਆਂ ਵਿਚ ਪ੍ਰਵੇਸ਼ ਕਰਦਿਆਂ ਪਹਿਲੀ ਵਾਰ ਅਦਾਕਾਰੀ ਕੀਤੀ ਸੀ। 1945 ਵਿਚ ਜਦੋਂ ਨਿਰਮਲਾ ਦੇਵੀ ਫ਼ਿਲਮ ਜਗਤ ਵਿਚ ਖ਼ਾਸੀ ਮਕਬੂਲੀਅਤ ਹਾਸਲ ਕਰ ਚੁੱਕੀ ਸੀ, ਜਿਸ ਨਾਲ ਅਰੁਣ ਨੇ ਫ਼ਿਲਮ ‘ਚਾਲੀਸ ਕਰੋੜ’ ਉਰਫ਼ ‘ਫੌਰਟੀ ਕਰੋੜਜ਼’ (1945) ਵਿਚ ਹੀਰੋ ਦੇ ਰੂਪ ਵਿਚ ਕੰਮ ਕੀਤਾ। ਬਾਅਦ ਵਿਚ ਇਹੀ ਅਰੁਣ ਉਸਦਾ ਅਸਲ ਜ਼ਿੰਦਗੀ ਦਾ ਨਾਇਕ ਬਣ ਗਿਆ। 5 ਮਈ 1945 ਨੂੰ ਆਪਣੇ ਵਿਆਹ ਤੋਂ ਬਾਅਦ ਨਿਰਮਲਾ ਅਤੇ ਅਰੁਣ ਨੇ ਪ੍ਰਕਾਸ਼ ਪਿਕਚਰਜ਼, ਬੰਬਈ ਦੀ ਫ਼ਿਲਮ ‘ਘੂੰਘਟ’ (1946) ਵਿਚ ਇਕੱਠਿਆਂ ਕੰਮ ਕੀਤਾ ਅਤੇ ਗੀਤ ਵੀ ਗਾਏ। ਪ੍ਰਕਾਸ਼ ਪਿਕਚਰਜ਼, ਬੰਬਈ ਦੀ ਵਿਜੈ ਭੱਟ ਨਿਰਦੇਸ਼ਿਤ ਫ਼ਿਲਮ ‘ਸਮਾਜ ਕੋ ਬਦਲ ਡਾਲੋ’ (1947) ਵਿਚ ਅਰੁਣ ਨੇ ਅਦਾਕਾਰਾ ਮ੍ਰਿਦੂਲਾ ਨਾਲ ਹੀਰੋ ਦਾ ਪਾਰਟ ਅਦਾ ਕੀਤਾ। ਫੇਮਸ ਪਿਕਚਰਜ਼, ਬੰਬਈ ਦੀ ਅਮੀਆ ਚੱਕਰਵਰਤੀ ਨਿਰਦੇਸ਼ਿਤ ਫ਼ਿਲਮ ‘ਮੇਰਾ ਸੁਹਾਗ’ (1947) ’ਚ ਵਕਤ ਦੀਆਂ ਦੋ ਮਸ਼ਹੂਰ ਅਦਾਕਾਰਾਵਾਂ ਕਮਲਾ ਕੋਟਨਿਸ ਤੇ ਸੁਲੋਚਨਾ ਚੈਟਰਜੀ ਨਾਲ ਹੀਰੋ ਦਾ ਕਿਰਦਾਰ ਨਿਭਾਇਆ। ਪ੍ਰਕਾਸ਼ ਪਿਕਚਰਜ਼, ਬੰਬਈ ਦੀ ਸ਼ਾਂਤੀ ਕੁਮਾਰ ਨਿਰਦੇਸ਼ਿਤ ਪੌਰਾਣਿਕ ਫ਼ਿਲਮ ‘ਊਸ਼ਾ ਹਰਨ’ (1949) ’ਚ ਰਤਨਮਾਲਾ ਨਾਲ ਅਦਾਕਾਰੀ ਕੀਤੀ।

ਮਨਦੀਪ ਸਿੰਘ ਸਿੱਧੂ

ਸਾਲ 1947 ਵਿਚ ਉਨ੍ਹਾਂ ਨੇ ਆਪਣੇ ਜ਼ਾਤੀ ਬੈਨਰ ਅਰੁਣ ਪ੍ਰੋਡਕਸ਼ਨ, ਬੰਬਈ ਦੀ ਸਥਾਪਨਾ ਕੀਤੀ, ਜਿਸਦੇ ਹੇਠ ਉਨ੍ਹਾਂ ਨੇ ਪਹਿਲੀ ਹਿੰਦੀ ਫ਼ਿਲਮ ‘ਸੇਹਰਾ’ (1948) ਬਣਾਈ। ਇਹ ਫ਼ਿਲਮ ਅਰੁਣ ਨਾਲ ਮੌਸੀਕਾਰ ਐੱਸ. ਮੋਹਿੰਦਰ ਦੀ ਵੀ ਪਹਿਲੀ ਫ਼ਿਲਮ ਸੀ। ਫ਼ਿਲਮ ’ਚ ਅਰੁਣ ਨੇ 3 ਗੀਤ ਵੀ ਗਾਏ। ਇਹ ਫ਼ਿਲਮ ਅਸਫਲ ਹੋਈ। ਇਸੇ ਬੈਨਰ ਥੱਲੇ ਦੂਜੀ ਫ਼ਿਲਮ ‘ਜੋ ਹੈ ਸਾਜਨ ਵਹੀ ਹੈ ਦੁਸ਼ਮਨ’ (1948) ਦਾ ਨਿਰਮਾਣ ਕੀਤਾ, ਜਿਸਦੇ ਕਦੇ ਵੀ ਰਿਲੀਜ਼ ਨਾ ਹੋ ਸਕਣ ਕਾਰਨ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਝੱਲਣਾ ਪਿਆ। ਆਰਥਿਕ ਰੂਪ ’ਚ ਕਮਜ਼ੋਰ ਹੋਣ ਕਾਰਨ ਅਰੁਣ ਨੂੰ ਬੰਬਈ ਸਥਿਤ ਆਪਣਾ ਬੰਗਲਾ ਵੀ ਵੇਚਣਾ ਪਿਆ। ਉਪਰੰਤ ਬੰਬਈ ਦੇ ਉਪਨਗਰ ਵਿਰਾਰ ਜਾ ਵਸੇਬਾ ਕੀਤਾ। ਇਸ ਦੇ ਨਾਲ ਹੀ ਉਸਦੇ ਫ਼ਿਲਮੀ ਸਫ਼ਰ ਨੂੰ ਵੱਡਾ ਧੱਕਾ ਲੱਗਾ। ਫਿਰ ਵੀ ਪੰਜਾਬੀ ਪੁੱਤ ਨੇ ਆਪਣੇ-ਆਪ ਨੂੰ ਡੋਲਣ ਨਹੀਂ ਦਿੱਤਾ।
ਅਰੁਣ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲ ਵੀ ਬੇਹੱਦ ਉਲਫ਼ਤ ਸੀ। ਜਦੋਂ ਭਾਟੀ ਗੇਟ, ਲਾਹੌਰ ਦੇ ਲਾਲਾ ਯਕੂਬ ਨੇ ਆਪਣੀ ਅਦਾਕਾਰਾ ਪਤਨੀ ਖ਼ੁਰਸ਼ੀਦ ਬਾਨੋ ਨਾਲ ਮਿਲਕੇ ਆਪਣੇ ਜ਼ਾਤੀ ਬੈਨਰ ਮਾਡਰਨ ਪਿਕਚਰਜ਼, ਬੰਬੇ ਦੀ ਪਹਿਲੀ ਪੰਜਾਬੀ ਫ਼ਿਲਮ ‘ਪਟੋਲਾ’ (1942) ਬਣਾਈ ਤਾਂ ਉਨ੍ਹਾਂ ਖ਼ੁਰਸ਼ੀਦ ਬਾਨੋ ਨਾਲ ਹੀਰੋ ਵਜੋਂ ਅਰੁਣ ਨੂੰ ਮੌਕਾ ਦਿੱਤਾ। ਫ਼ਿਲਮ ਵਿਚ ਪਹਿਲੀ ਵਾਰ ਪੰਡਤ ਖੇਮਚੰਦ ਪ੍ਰਕਾਸ਼ ਦੇ ਤਾਮੀਰ ਸੰਗੀਤ ਵਿਚ ਦੋ ਗੀਤ ਅਰੁਣ ਤੇ ਖ਼ੁਰਸ਼ੀਦ ਬਾਨੋ ਨੇ ਗਾਏ ਤੇ ਉਨ੍ਹਾਂ ’ਤੇ ਹੀ ਫ਼ਿਲਮਾਏ ਗਏ ‘ਇਕ ਤੂੰ ਹੋਵੇਂ ਇਕ ਮੈਂ ਹੋਵਾਂ, ਚੱਲ ਚੱਲੀਏ ਉੱਠ ਬੱਲੀਏ’ ਤੇ ਦੂਸਰਾ ‘ਭਰ-ਭਰ ਦੇ ਮੈਂ ਪੀਂਦਾ ਜਾਂ’ ਬੜੇ ਮਕਬੂਲ ਹੋਏ। ਇਹ ਕਾਮਯਾਬ ਫ਼ਿਲਮ 8 ਅਕਤੂਬਰ 1942 ਨੂੰ ਜਸਵੰਤ ਟਾਕੀਜ਼, ਲਾਹੌਰ ਵਿਖੇ ਪਰਦਾਪੇਸ਼ ਹੋਈ।
1950ਵੇਂ ਦਹਾਕੇ ਵਿਚ ਅਰੁਣ ਨੇ ਫ਼ਿਲਮਾਂ ’ਚ ਸਹਾਇਕ ਹੀਰੋ ਦੇ ਕਿਰਦਾਰ ਨਿਭਾਏ। ਪ੍ਰਕਾਸ਼ ਪਿਕਚਰਜ਼, ਬੰਬਈ ਦੀ ਯਸ਼ਵੰਤ ਪੇਠਕਰ ਨਿਰਦੇਸ਼ਿਤ ਫ਼ਿਲਮ ‘ਸ਼ਾਦੀ ਕੀ ਰਾਤ’ (1950) ਵਿਚ ਉਹ ਗੀਤਾ ਬਾਲੀ ਤੇ ਰਹਿਮਾਨ ਨਾਲ ਦੂਜੇ ਹੀਰੋ ਵਜੋਂ ਮੌਜੂਦ ਸੀ। ਰਾਜਦੀਪ ਪਿਕਚਰਜ਼, ਬੰਬਈ ਦੀ ਰਾਜਿੰਦਰ ਨਾਥ ਜੌਲੀ ਨਿਰਦੇਸ਼ਿਤ ਫ਼ਿਲਮ ‘ਕਸ਼ਮੀਰ’ (1951) ’ਚ ਵੀਨਾ ਤੇ ਅਲ ਨਾਸਿਰ ਨਾਲ ਸਹਾਇਕ ਹੀਰੋ ਦੀ ਭੂਮਿਕਾ ’ਚ ਸੀ। ਨਿਊ ਲੱਛਮੀ ਫ਼ਿਲਮਜ਼, ਬੰਬਈ ਦੀ ਨਾਨੂੰ ਭਾਈ ਵਕੀਲ ਨਿਰਦੇਸ਼ਿਤ ਪੌਰਾਣਿਕ ਫ਼ਿਲਮ ‘ਜਯ ਮਹਾਂਲਕਸ਼ਮੀ’ (1951) ’ਚ ਉਸਨੇ ਆਪਣੀ ਪਤਨੀ ਨਿਰਮਲਾ ਅਰੁਣ ਨਾਲ ਅਦਾਕਾਰੀ ਕੀਤੀ। ਕੁਲਦੀਪ ਪਿਕਚਰਜ਼ ਲਿਮਟਿਡ, ਬੰਬਈ ਦੀ ਮੋਹਨ ਸਹਿਗਲ ਨਿਰਦੇਸ਼ਿਤ ਫ਼ਿਲਮ ‘ਔਲਾਦ’ (1954) ’ਚ ਅਰੁਣ ਨੇ ਬਲਰਾਜ ਸਾਹਨੀ, ਨਿਰੂਪਾ ਰਾਏ ਤੇ ਊਸ਼ਾ ਕਿਰਨ ਨਾਲ ਕੰਮ ਕੀਤਾ। ਦਿਨੇਸ਼ ਫ਼ਿਲਮਜ਼, ਬੰਬਈ ਦੀ ਜਸਵੰਤ ਝਵੇਰੀ ਨਿਰਦੇਸ਼ਿਤ ਫ਼ਿਲਮ ‘ਰਾਜ ਪ੍ਰਤਿੱਗਿਆ’ (1958) ’ਚ ਨਿਰੂਪਾ ਰਾਏ ਤੇ ਜਯਰਾਜ ਨਾਲ ਅਦਾਕਾਰੀ ਕੀਤੀ।
1960ਵਿਆਂ ਦੇ ਦਹਾਕੇ ’ਚ ਅਰੁਣ ਨੇ ਕੁਝ ਫ਼ਿਲਮਾਂ ’ਚ ਯਾਦਗਾਰੀ ਚਰਿੱਤਰ ਕਿਰਦਾਰ ਨਿਭਾਏ। ਸ੍ਰੀ ਪ੍ਰਕਾਸ਼ ਪਿਕਚਰਜ਼, ਬੰਬਈ ਦੀ ਫ਼ਿਲਮ ‘ਹਰਿਆਲੀ ਔਰ ਰਾਸਤਾ’ (1962) ’ਚ ਅਦਾਕਾਰਾ ਸ਼ਸ਼ੀ ਕਲਾ ਦੇ ਪਿਓ ‘ਹਤੇਂਦਰ’ ਦਾ ਕਿਰਦਾਰ ਅਦਾ ਕੀਤਾ। ਰੂਪਬਾਣੀ ਫ਼ਿਲਮਜ਼, ਬੰਬਈ ਦੀ ਬਸੰਤ ਪੇਂਟਰ ਨਿਰਦੇਸ਼ਿਤ ਫ਼ਿਲਮ ‘ਪਿਆਰ ਕੀ ਜੀਤ’ (1962) ’ਚ ਵੀ ਉਸਨੇ ਅਹਿਮ ਪਾਰਟ ਅਦਾ ਕੀਤਾ। ਪੀਕਾਕ ਫ਼ਿਲਮਜ਼ ਕਲਕੱਤਾ ਦੀ ਕਨਕ ਮੁਖਰਜੀ ਨਿਰਦੇਸ਼ਿਤ ਫ਼ਿਲਮ ‘ਲਾਲ ਕੋਠੀ’ (1978) ਉਸਦੀ ਆਖ਼ਰੀ ਫ਼ਿਲਮ ਸੀ।
2 ਜੁਲਾਈ 1998 ਨੂੰ ਇਹ ਮਸ਼ਹੂਰ ਅਦਾਕਾਰ, ਫ਼ਿਲਮਸਾਜ਼ ਅਤੇ 1980 ਦੇ ਮਸ਼ਹੂਰ ਅਦਾਕਾਰ ਗੋਵਿੰਦਾ ਦਾ ਪਿਤਾ ਅਰੁਣ ਅਹੂਜਾ ਬੰਬਈ ਵਿਚ 81 ਸਾਲ ਦੀ ਉਮਰ ਵਿਚ ਵਫ਼ਾਤ ਪਾ ਗਿਆ। ਉਨ੍ਹਾਂ ਦੀ ਗੁਲੂਕਾਰਾ-ਅਦਾਕਾਰਾ ਪਤਨੀ ਨਿਰਮਲਾ ਅਰੁਣ ਵੀ 15 ਜੂਨ 1996 ਨੂੰ ਬੰਬਈ ’ਚ ਫ਼ੌਤ ਹੋ ਗਈ ਸੀ। ਉਨ੍ਹਾਂ ਦੇ ਦੋ ਪੁੱਤਰ ਅਦਾਕਾਰ ਗੋਵਿੰਦਾ ਅਤੇ ਨਿਰਮਾਤਾ-ਨਿਰਦੇਸ਼ਕ ਕੀਰਤੀ ਕੁਮਾਰ ਅਤੇ ਤਿੰਨ ਧੀਆਂ ਪੂਰਨਿਮਾ, ਪੁਸ਼ਪਾ ਅਤੇ ਪਦਮਾ ਹਨ। ਅੱਜ ਅਰੁਣ ਅਹੂਜਾ ਦੀ ਪੋਤੀ ਅਤੇ ਗੋਵਿੰਦਾ ਦੀ ਧੀ ਟੀਨਾ ਫ਼ਿਲਮਾਂ ’ਚ ਆਪਣਾ ਕਰੀਅਰ ਬਣਾਉਣ ਲਈ ਬੇਤਾਬ ਹੈ।

ਸੰਪਰਕ: 97805-09545


Comments Off on ਭਾਰਤੀ ਫ਼ਿਲਮਾਂ ਦਾ ਸੁਨੱਖਾ ਗੱਭਰੂ ਅਰੁਣ ਅਹੂਜਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.