ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਬੇਰੁਜ਼ਗਾਰ ਲਾਈਨਮੈਨਾਂ ਦੇ ਮਰਨ ਵਰਤ ਦੀ ਗੂੰਜ ਮੋਤੀ ਮਹਿਲ ਤਕ ਅੱਪੜੀ

Posted On August - 13 - 2019

ਡਾਕਟਰੀ ਟੀਮ ਮਰਨ ਵਰਤੀ ਦੀ ਸਿਹਤ ਦਾ ਮੁਆਇਨਾ ਕਰਦੀ ਹੋਈ।

ਰਵੇਲ ਸਿੰਘ ਭਿੰਡਰ
ਪਟਿਆਲਾ, 12 ਅਗਸਤ
ਇੱਥੇ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਪੰਜਾਬ ਵੱਲੋਂ ਸ਼ੁਰੂ ਕੀਤੇ ਮਰਨ ਵਰਤ ਦੀ ਗੂੰਜ ਅੱਜ ‘ਨਿਊ ਮੋਤੀ ਮਹਿਲ’ ਵੀ ਅੱਪੜ ਗਈ ਹੈ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨੇ ਸੰਘਰਸ਼ੀ ਧਿਰ ਦੇ ਵਫ਼ਦ ਨੂੰ ਸੱਦ ਕੇ ਗੱਲਬਾਤ ਕੀਤੀ ਤੇ ਮਸਲੇ ਦਾ ਹੱਲ ਕਰਨ ਦਾ ਯਕੀਨ ਦਿਵਾਇਆ। ਉਨ੍ਹਾਂ ਪਾਵਰਕੌਮ ਦੇ ਡਾਇਰੈਕਟਰ (ਪ੍ਰਬੰਧਕੀ) ਆਰਪੀ ਪਾਂਡਵ ਨਾਲ ਬੇਰੁਜ਼ਗਾਰ ਲਾਈਨਮੈਨਾਂ ਦੇ ਮਸਲਿਆਂ ਬਾਰੇ ਫੋਨ ’ਤੇ ਗੱਲਬਾਤ ਕੀਤੀ। ਇਹ ਸੰਘਰਸ਼ੀ ਕਾਰਕੁਨ ਬੇਰੁਜ਼ਗਾਰ ਲਾਈਨਮੈਨਾਂ ਲਈ ਰੁਜ਼ਗਾਰ ਦੀ ਮੰਗ ਕਰ ਰਹੇ ਹਨ।
ਉਧਰ, ਮਰਨ ਵਰਤੀ ਤੇ ਯੂਨੀਅਨ ਦੇ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਦੀ ਹਾਲਤ ਅੱਜ ਕਾਫ਼ੀ ਢਿੱਲੀ ਰਹੀ। ਡਾਕਟਰਾਂ ਦੀ ਵਿਸ਼ੇਸ਼ ਟੀਮ ਨੇ ਉਸ ਦੀ ਸਿਹਤ ਦਾ ਨਿਰੀਖਣ ਕੀਤਾ। ਡਾਕਟਰਾਂ ਦੀ ਟੀਮ ਵਿਚ ਡਾ. ਸੰਜੇ ਬਾਂਸਲ, ਡਾ. ਸੰਜੀਵ ਤੇ ਡਾ. ਵਿਕਰਾਂਤ ਸਿੰਘ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਮਰਨ ਵਰਤ ’ਤੇ ਬੈਠੇ ਬਲਕੌਰ ਸਿੰਘ ਮਾਨ ਦਾ ਸ਼ੂਗਰ ਪੱਧਰ ਹੇਠਾਂ ਡਿੱਗ ਗਿਆ ਹੈ ਤੇ ਵਜ਼ਨ ਘਟ ਗਿਆ ਹੈ। ਡਾਕਟਰੀ ਟੀਮ ਨੇ ਉਸ ਦੀ ਚਿੰਤਾਜਨਕ ਹਾਲਤ ਕਾਰਨ ਨੂੰ ਡਾਕਟਰੀ ਇਲਾਜ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਜਥੇਬੰਦੀ ਨੇ ਨਾਮਨਜ਼ੂਰ ਕਰ ਦਿੱਤਾ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੀਐੱਸਪੀ ਯੋਗੇਸ਼ ਸ਼ਰਮਾ, ਨਾਇਬ ਤਹਿਸੀਲਦਾਰ ਪਰਮਜੀਤ ਜਿੰਦਲ ਨੇ ਵੀ ਬਲਕੌਰ ਸਿੰਘ ਮਾਨ ਦਾ ਹਾਲ ਪੁੱਛਿਆ। ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਵਿਨੈ ਧਰਵਾਲ ਨੇ ਦੱਸਿਆ ਕਿ ਕੁਝ ਏਲਚੀਆਂ ਦੇ ਸਹਿਯੋਗ ਨਾਲ ਸਵੇਰੇ ਜਥੇਬੰਦੀ ਦਾ ਵਫ਼ਦ ਪ੍ਰਨੀਤ ਕੌਰ ਨੂੰ ਨਿਊ ਮੋੋਤੀ ਮਹਿਲ ਮਿਲਣ ਗਿਆ ਸੀ। ਮੋਤੀ ਮਹਿਲ ਦੇ ਚੰਗੇ ਹੁੰਗਾਰੇ ਮਗਰੋਂ ਪਾਵਰਕੌਮ ਮੈਨੇਜਮੈਂਟ ਦੇ ਕੁਝ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਜਥੇਬੰਦੀ ਦੇ ਵਫ਼ਦ ਨਾਲ ਗੱਲਬਾਤ ਕਰ ਕੇ ਮੰਗਾਂ ਸਬੰਧੀ ਭਲਕ ਤਕ ਇੰਤਜ਼ਾਰ ਕਰਨ ਲਈ ਕਿਹਾ ਹੈ।
ਉਧਰ, ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਿਤੇਸ਼ ਕੁਮਾਰ ਫਿਰੋਜ਼ਪੁਰ, ਸੂਬਾ ਵਰਕਿੰਗ ਕਮੇਟੀ ਮੈਂਬਰ ਰਮਨਦੀਪ ਸਿੰਘ ਫਰਵਾਹੀ ਅਤੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਰਮਨਦੀਪ ਸਿੰਘ ਲਾਲੀ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਮੈਨੇਜਮੈਂਟ ਨੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਭਲਕੇ 13 ਅਗਸਤ ਨੂੰ ਪਾਵਰਕੌਮ ਦੇ ਮੁੱਖ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਮੈਨੇਜਮੈਂਟ ਦੀ ਹੋਵੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਟਿਆਲਾ ਸ਼ਕੀਲ ਅਹਿਮਦ, ਗੁਰਪ੍ਰੀਤ ਸਿੰਘ ਦਾਨਗੜ੍ਹ, ਸ਼ਸ਼ੀਕਾਂਤ ਸ਼ਰਮਾ, ਸ਼ਮਿੰਦਰ ਬਠਿੰਡਾ, ਪ੍ਰਗਟ ਸਿੰਘ, ਗੁਰਦੇਵ ਸਿੰਘ, ਦਵਿੰੰਦਰ ਸਿੰਘ, ਨਿਰਭੈ ਸਿੰਘ, ਸੁਰਿੰਦਰ ਰੰਗੀਲਾ ਆਦਿ ਨੇ ਵਿਚਾਰ ਪ੍ਰਗਟਾਏ।

ਮਰਨ ਵਰਤ ’ਤੇ ਬੈਠੇ ਕਿਸਾਨਾਂ ਦੀ ਸਿਹਤ ਦਾ ਮੁਆਇਨਾ ਕਰਦੀ ਹੋਈ ਡਾਕਟਰੀ ਟੀਮ।

ਕਿਸਾਨਾਂ ਦੀ ਸਿਹਤ ਦਾ ਮੁਆਇਨਾ ਕਰਨ ਪਹੁੰਚੀ ਮੈਡੀਕਲ ਟੀਮ

ਮਾਨਸਾ (ਜੋਗਿੰਦਰ ਸਿੰਘ ਮਾਨ): ਸੱਤ ਪਿੰਡਾਂ ਦੇ ਜਿਹੜੇ ਚਾਰ ਕਿਸਾਨ ਨਹਿਰੀ ਪਾਣੀ ਦੀ ਤੋਟ ਨੂੰ ਲੈ ਕੇ ਲਗਾਤਾਰ ਚਾਰ ਦਿਨਾਂ ਤੋਂ ਮਰਨ ਵਰਤ ਉਤੇ ਬੈਠੇ ਹਨ, ਉਨ੍ਹਾਂ ਦੀ ਹੁਣ ਸਰਕਾਰੀ ਅਧਿਕਾਰੀਆਂ ਨੇ ਸਾਰ ਲੈਣੀ ਆਰੰਭ ਕਰ ਦਿੱਤੀ ਹੈ। ਸਿਵਲ ਹਸਪਤਾਲ ਮਾਨਸਾ ਦੀ ਡਾਕਟਰੀ ਟੀਮ ਵੱਲੋਂ ਅੱਜ ਮਰਨ ਵਰਤ ’ਤੇ ਬੈਠੇ ਇਨ੍ਹਾਂ ਚਾਰੇ ਕਿਸਾਨਾਂ ਦੀ ਸ਼ੂਗਰ, ਬਲੱਡ ਪ੍ਰੈਸ਼ਰ ਸਮੇਤ ਹੋਰ ਸਰੀਰਕ ਮੁਆਇਨਾ ਕੀਤਾ ਗਿਆ। ਭਾਵੇਂ ਪ੍ਰਸ਼ਾਸਨ ਨੇ ਮਰਨ ਵਰਤ ’ਤੇ ਬੈਠੇ ਚਾਰ ਪਿੰਡਾਂ ਦੇ ਕਿਸਾਨਾਂ ਰੇਸ਼ਮ ਸਿੰਘ ਯਾਤਰੀ, ਮਹਿੰਦਰ ਸਿੰਘ ਮਾਈਸਰਖਾਨਾ, ਰੇਸ਼ਮ ਸਿੰਘ ਭਾਈ ਬਖਤੌਰ, ਬੂਟਾ ਸਿੰਘ ਜੋਧਪੁਰ ਦੀ ਧਰਨੇ ਉਪਰ ਜਾ ਕੇ ਸਾਰ ਲਈ ਗਈ ਹੈ, ਪਰ ਸਮਝੌਤਾ ਅਜੇ ਵੀ ਪਾਰ ਨਹੀਂ ਲੱਗ ਸਕਿਆ ਹੈ। ਭਲਕੇ ਸਰਕਾਰੀ ਦਫ਼ਤਰ ਖੁੱਲ੍ਹਣ ਤੋਂ ਬਾਅਦ ਨਵੇਂ ਸਿਰੇ ਤੋਂ ਧਰਨਾ ਚੁਕਵਾਉਣ ਲਈ ਗੱਲਬਾਤ ਆਰੰਭ ਹੋਣ ਦੀ ਉਮੀਦ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਬੋਘ ਸਿੰਘ ਮਾਨਸਾ, ਬਲਦੇਵ ਸਿੰਘ ਸੰਦੋਹਾ, ਗੁਰਚਰਨ ਸਿੰਘ ਭੀਖੀ ਨੇ ਦੱਸਿਆ ਕਿ ਨਹਿਰੀ ਵਿਭਾਗ, ਮਾਨਸਾ ਦੇ ਐਕਸੀਅਨ ਦੀ ਸੁਸਤੀ ਕਾਰਨ ਅੱਜ ਤੱਕ ਮਸਲਾ ਸੁਲਝਣ ਦੀ ਥਾਂ ਉਲਝਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਰਨ ਵਰਤ ਉੱਤੇ ਬੈਠੇ ਕਿਸਾਨ ਆਪਣੀ ਇਹ ਮੰਗ ਮੰਨਵਾਉਣ ਲਈ ਜਾਨ ਦੀ ਬਾਜ਼ੀ ਲਾਉਣ ਲਈ ਬਜ਼ਿੱਦ ਹਨ। ਕਿਸਾਨ ਆਗੂ ਨੇ ਦੱਸਿਆ ਕਿ ਅੱਜ ਚੌਥਾ ਦਿਨ ਹੋਣ ਕਰਕੇ ਅਤੇ ਮੌਸਮ ਤੇ ਮੱਛਰ ਦੀ ਭਰਮਾਰ ਕਾਰਨ ਕਿਸਾਨ ਆਗੂਆਂ ਦੀ ਹਾਲਤ ਵਿਗੜਨ ਲੱਗੀ ਹੈ, ਪਰ ਨਹਿਰੀ ਵਿਭਾਗ ਦਾ ਅਮਲਾ ਛੁੱਟੀਆਂ ਦਾ ਬਹਾਨਾ ਬਣਾ ਕੇ ਲਗਾਤਾਰ ਗੈਰਹਾਜ਼ਰ ਹੈ। ਕਿਸਾਨ ਜਥੇਬੰਦੀ ਨੇ ਅੱਜ ਇੱਕ ਮੀਟਿੰਗ ਤੋਂ ਬਾਅਦ ਪਾਸ ਕੀਤੇ ਗਏ ਮਤੇ ਵਿੱਚ ਸਰਕਾਰ ਤੋਂ ਮੁੜ ਮੰਗ ਕੀਤੀ ਕਿ ਤੁਰੰਤ 51.61 ਲੱਖ ਰੁਪਏ ਮਨਜ਼ੂਰ ਕਰਕੇ ਚੈਨਲ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾਵੇ ਅਤੇ ਉਹ ਕੰਮ ਚਾਲੂ ਹੋਏ ਬਿਨਾਂ ਮਰਨ ਵਰਤ ਤੋਂ ਨਹੀਂ ਉਠਣਗੇ। ਇਸ ਮੌਕੇ ਉੱਗਰ ਸਿੰਘ ਮਾਨਸਾ, ਮਲੂਕ ਸਿੰਘ ਹੀਰਕੇ, ਸੁਖਦੇਵ ਸਿੰਘ ਕੋਟਲੀ ਕਲਾਂ, ਸਿਕੰਦਰ ਸਿੰਘ ਕੁੱਬੇ, ਬਲਵਿੰਦਰ ਸਿੰਘ ਜੋਧਪੁਰ, ਗੇਜਾ ਸਿੰਘ ਕੋਟਲੀ ਖੁਰਦ, ਅਮਰਜੀਤ ਸਿੰਘ ਯਾਤਰੀ, ਮਹਿੰਦਰ ਸਿੰਘ ਭਾਈ ਬਖਤੌਰ ਨੇ ਵੀ ਸੰਬੋਧਨ ਕੀਤਾ।


Comments Off on ਬੇਰੁਜ਼ਗਾਰ ਲਾਈਨਮੈਨਾਂ ਦੇ ਮਰਨ ਵਰਤ ਦੀ ਗੂੰਜ ਮੋਤੀ ਮਹਿਲ ਤਕ ਅੱਪੜੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.