ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਬੇਬੇ ਚਿੰਤੀ ਨੇ ਕੰਮ ਸਿੱਖਿਆ

Posted On August - 4 - 2019

ਕਹਾਣੀਆਂ ਵਰਗੇ ਲੋਕ-8

ਪ੍ਰੇਮ ਗੋਰਖੀ

ਖੁਸ਼ੀਏ ਤੇ ਚਿੰਤੀ ਦੀ ਜੋੜੀ ਸੀ ਵੀ ਬੜੀ ਕਮਾਲ ਦੀ। ਇਸੇ ਲਈ ਤਾਂ ਲੋਕ ਮੁੜ-ਘਿੜ ਦੇਖਣ ਆਉਂਦੇ ਸੀ। ਜਿਹਨੇ ਵੀ ਇਹ ਸਾਕ ਕੀਤਾ ਸੀ, ਮੈਂ ਮਨ ਹੀ ਮਨ ਹਮੇਸ਼ਾਂ ਉਹਨੂੰ ਗਾਲ੍ਹਾਂ ਕੱਢਦਾ। ਕਈ ਚੀਜ਼ਾਂ ਹੁੰਦੀਆਂ ਉਹ ਦੇਖਣ ਨੂੰ ਚੰਗੀਆਂ ਲੱਗਦੀਆਂ ਹਨ। ਕਈ ਚੀਜ਼ਾਂ ਦੇ ਗੁਣਾਂ ਵੱਲ ਦੇਖੀਦਾ, ਫਿਰ ਕਈਆਂ ਦਾ ਸੁਭਾਅ ਇਹੋ ਜਿਹਾ ਹੁੰਦਾ ਗੁਣਾਂ ਦੀ ਗੁਥਲੀ। ਪਰ ਨਾ ਖੁਸ਼ੀਆ ਕੋਈ ਲੁਕੀ-ਛੁਪੀ ਸ਼ੈਅ ਸੀ, ਨਾ ਹੀ ਚਿੰਤੀ ਲੁਕਣ-ਛੁਪਣ ਵਾਲੀ ਚੀਜ਼ ਸੀ। ਖੁਸ਼ੀਆ ਤਾਂ ਲਾਡੋਵਾਲੀ ਦਾ ਮੰਨਿਆ ਹੋਇਆ ਭਲਵਾਨ, ਕਾਲਾਸ਼ਾਹ ਰੰਗ, ਪਰ ਕੱਦ-ਕਾਠ ਛੇ ਫੁੱਟ ਨੂੰ ਪਾਰ ਕਰਦਾ। ਇਨ੍ਹਾਂ ਦੋਹਾਂ ਨਿਸ਼ਾਨੀਆਂ ਕਰਕੇ ਖੁਸ਼ੀਏ ਦੀ ਪਛਾਣ ਤੇ ਘੁਲਣ ’ਚ ਫੁਰਤੀਲਾਪਣ ਹੋਣ ਕਰਕੇ ਉਹਦੀ ਬਾਰਾਂ ਕੋਹ ਤਕ ਤੂਤੀ ਬੋਲਦੀ ਸੀ।
ਉਧਰ ਚਿੰਤੀ ਦੀ ਗੱਲ ਕਰ ਲਓ। ਚਿੰਤੀ ਨੂੰ ਆਂਢ-ਗੁਆਂਢ ਦੀਆਂ ਤੀਵੀਆਂ ਠੱਠਾ ਕਰਦੀਆਂ ਰਹਿੰਦੀਆਂ, ‘‘ਨੀ ਭਲੀਏ ਤੀਵੀਏਂ ਤੂੰ ਭਲਾ ਦੇਖਿਆ ਕੀ? … ਮੈਂ ਹੁੰਦੀ ਮੈਂ ਤਾਂ ਤੋੜ ਕੇ ਜਵਾਬ ਦੇ ਦਿੰਦੀ… ਹਾਏ ਐਨਾ ਕਾਲਾ… ਤੌਬਾ ਤੌਬਾ… ਮੈਂ ਤਾਂ ਐਨੇ ਕਾਲੇ ਨੂੰ ਹੱਥ ਵੀ ਨਾ ਲਾਵਾਂ… ਦੇਖ ਕੇ ਈ ਮੈਨੂੰ ਤਾਂ ਕਚਿਆਣ ਆਉਂਦੀ ਆ… ਤਵੇ ਦਾ ਪੁੱਠਾ ਪਾਸਾ…।’’
‘‘ਚੁੱਪ ਕਰ ਨੀ ਵਹੁਟੀਏ… ਕਿਉਂ ਬੋਲੀ ਜਾਂਦੀ ਆਂ… ਉਦੋਂ ਨਈਂ ਸੀ ਹੁੰਦਾ ਹੁਣ ਵਾਂਗ ਦੇਖ-ਦੇਖਾਈ ਦਾ ਕੰਮ… ਉਦੋਂ ਮਾਂ-ਬਾਪ ਵੀ ਨਹੀਂ ਸੀ ਦੇਖਦੇ ਹੁੰਦੇ… ਬਸ ਬਚੋਲੇ ਨੇ ਜੋ ਕਰ’ਤਾ ਠੀਕ ਮੰਨ ਲੈਂਦੇ… ਦੂਜਾ ਨੰਨਾ ਨਈਂ ਸੀ ਧਰਦਾ…’’ ਚਿੰਤੀ ਗੱਲ ਮੁਕਾ ਦਿੰਦੀ ਤੇ ਫਿਰ ਗੱਲ ਨੂੰ ਪਲਟ ਕੇ ਕਹਿੰਦੀ, ‘‘ਗੱਲ ਸੁਣ ਕੁੜੇ… ਤੇਰਾ ਚਾਚਾ ਤਾਂ ਚਲੋ ਕਾਲਾ… ਫੇਰ ਮੇਰੇ ਤੋਂ ਦੋ ਫੁੱਟ ਉੱਚਾ, ਲੰਬਾ-ਲੰਝਾ… ਫੇ ਭਲਵਾਨ ਵੀ ਨਾਂ ਲੈਣ ਜੋਗਾ… ਮੈਂ ਦੱਸੋ ਕਿਧਰੋਂ ਸਹਿਬਾਂ ਪਰੀ ਆਂ… ਕਦੇ ਉਹਦੇ ਬਰੋਬਰ ਖੜ੍ਹੀ ਨੂੰ ਦੇਖਿਆ ਦਹਿੰਸਰ ਦੇ ਦਹਿੰਸਰ ਨੂੰ… ਮਸੀਂ ਉਹਦੀ ਕੱਛ ਤਕ ਆਵਾਂ ਪਿੱਦੀ ਜਿਹੀ… ਮੈਨੂੰ ਦੱਸੋ ਮੇਰੇ ਗੋਰੇ ਰੰਗ ਦੀ ਮਹਿੰਦੀ ਘੋਟ ਕੇ ਉਹਨੂੰ ਲਾ ਦਿਆਂ… ਕੁੜੀਏ ਕਿਹੜਾ ਪੁੱਛਦਾ ਗੋਰਿਆਂ-ਚਿੱਟਿਆਂ ਨੂੰ …।’’
ਚਿੰਤੀ ਦਾ ਪਿਛੋਕੜ ਦੂਰ ਕਿਤੇ ਝੰਗ ਸਿਆਲ ਨਾਲ ਜੁੜਦਾ ਸੀ। ਉਹਦੇ ਵਡੇਰੇ ਉਧਰ ਰਹਿੰਦੇ ਸਨ ਤੇ ਚਿੰਤੀ ਖ਼ੁਦ ਵਿਆਹ ਤੋਂ ਦੋ ਢਾਈ ਵਰ੍ਹੇ ਪਹਿਲਾਂ ਲਾਹੌਰ ਦੇ ਲਾਗੇ ਕਿਸੇ ਸਾਕ ਕੋਲ ਰਹਿਣ ਲੱਗੀ। ਉਦੋਂ ਹੀ ਖੁਸ਼ੀਆ ਹੋਰ ਭਲਵਾਨਾਂ ਨਾਲ ਉਧਰ ਨਿਕਲ ਗਿਆ ਤੇ ਦੋ ਮਹੀਨੇ ਉਨ੍ਹਾਂ ਦੇ ਗੱਡੇ ਉਧਰ ਘੁੰਮਦੇ ਰਹੇ। ਕਬੂਲਪੁਰੀਏ ਮਹਿਕੀ ਭਲਵਾਨ ਨੇ ਚਿੰਤੀ ਦੇ ਭਲਵਾਨ ਭਰਾਵਾਂ ਨਾਲ ਖੁਸ਼ੀਏ ਨੂੰ ਮਿਲਾਇਆ ਜਿਨ੍ਹੀਂ ਆਪਣੀ ਛੋਟੀ ਭੈਣ ਦਾ ਸਾਕ ਖੁਸ਼ੀਏ ਨਾਲ ਪੱਕਾ ਕਰ ਦਿੱਤਾ। ਫੇਰ ਉਹ ਭਰਾ ਜਦੋਂ ਜੰਡਿਆਲੇ ਵਾਲੀ ਛਿੰਝ ’ਤੇ ਆਏ ਸੀ ਤਾਂ ਨਾਲ ਹੀ ਭੈਣ ਨੂੰ ਲੈ ਆਏ ਤੇ ਖੁਸ਼ੀਏ ਨਾਲ ਵਿਆਹ ਕਰ ਕੇ ਮੁੜੇ ਸੀ।
ਪਹਿਲਾਂ ਛਿੰਝਾਂ ਦਾ ਬੜਾ ਰਿਵਾਜ ਹੁੰਦਾ ਸੀ। ਪੂਰੇ ਪੰਜਾਬ ਵਿਚ ਸੈਂਕੜੇ ਪਿੰਡਾਂ ਵਿਚ ਛਿੰਝਾਂ ਪੈਂਦੀਆਂ, ਲੋਕਾਂ ਦੇ ਮੇਲੇ ਜੁੜਦੇ ਤੇ ਉੱਥੇ ਮੁੱਖ ਤੌਰ ’ਤੇ ਘੋਲ ਹੀ ਘੁਲੇ ਜਾਂਦੇ। ਦੂਰੋਂ ਦੂਰੋਂ ਭਲਵਾਨ ਘੁਲਣ ਲਈ ਪਹੁੰਚਦੇ ਤੇ ਅੰਤ ਉੱਤੇ ਪਟਕੇ ਦਾ ਘੋਲ ਹੁੰਦਾ। ਜਿੱਤੇ ਭਲਵਾਨ ਉਪਰੋਂ ਲੋਕ ਰੁਪਈਏ ਵਾਰਦੇ ਤੇ ਉਹਨੂੰ ਚੁੱਕੀ ਫਿਰਨਾ। ਕਦੀ ਕਦੀ ਖੁਸ਼ੀਆ ਜਦੋਂ ਕਿਤੇ ਰੌਂਅ ’ਚ ਹੁੰਦਾ ਤਾਂ ਦੱਸਣ ਲੱਗਦਾ, ‘‘ਬਈ ਕਿਤੇ ਇਕ ਘੋਲ ਘੁਲਿਆ… ਸੈਂਕੜੇ ਭਲਵਾਨਾਂ ਨੂੰ ਘਾਇਆ… ਕਈ ਵਾਰੀ ਆਪ ਢਿੱਠੇ ਆਂ… ਹਾਰ ਜਿੱਤ ਤਾਂ ਨਾਲ ਨਾਲ ਚੱਲਦੀ ਆ। ਜਦੋਂ ਲਾਹੌਰ ਘੁਲਣ ਗਏ… ਅਸੀਂ ਛੇ ਭਲਵਾਨ ਠਾਰਾਂ ਘੜੇ ਘੇ ਦੇ ਈ ਲੈ ਕੇ ਮੁੜੇ ਸੀ… ਦੋ ਸੇਰ ਰੁਪਈਆਂ ਦਾ ਬੋਰਾ। ਉਦੋਂ ਈ ਮੁੜਦਿਆਂ ਨੂੰ ਚਗਾਵਾਂ ਪਿੰਡ ਲੰਘਦਿਆਂ ਸਾਨੂੰ ਡਾਕੂਆਂ ਨੇ ਘੇਰ ਲਿਆ। ਗੋਲੀਆਂ ਵਰ੍ਹਾਉਂਦੇ ਆ ਪਏ। ਦੋਹਾਂ ਗੱਡਿਆਂ ਤੋਂ ਸਾਮਾਨ ਕਾਬੂ ਕਰ ਲਿਆ… ਵਿਚੇ ਘੇ ਵਿਚੇ ਰੁਪਈਏ। ਫੇ ਜਦੋਂ ਦੇਖਿਆ ਇਹ ਤਾਂ ਸਾਰੇ ਭਲਵਾਨਾਂ ਦਾ ਲਾਣਾ ਤਾਂ ਫੇਰ ਸਾਰਾ ਕੁਸ਼ ਮੋੜ ਤਾ… ਉਲਟਾ ਕਹਿਣ ਤੁਸੀਂ ਪਹਿਲਾਂ ਸਾਨੂੰ ਦੱਸਿਆ ਕਿਉਂ ਨਈਂ ਪਈ ਅਸੀਂ ਭਲਵਾਨ ਆਂ। ਸਾਡਾ ਗੁਰੂ ਭਲਵਾਨ ਅਲੀ ਬਖ਼ਸ਼ ਉਨ੍ਹਾਂ ਨੂੰ ਪੈ ਨਿਕਲਿਆ, ‘ਓਏ ਤੁਸੀਂ ਸਾਨੂੰ ਕਿਤੇ ਪਛਾਣਦੇ ਨਈਂ… ਸਾਰਾ ਪੰਜਾਬ ਸਾਨੂੰ ਜਾਣਦਾ।’ ਉਨ੍ਹਾਂ ਦਾ ਮੋਹਰੀ ਛਿੱਥਾ ਜਿਹਾ ਪੈ ਕੇ ਕਹਿੰਦਾ, ‘ਭਲਵਾਨਾ, ਸਾਡੇ ਕੋਲ ਐਨਾ ਸਮਾਂ ਕਿੱਥੇ… ਅਸੀਂ ਕਿੱਥੇ ਘੋਲ ਦੇਖਦੇ ਆਂ… ਚਲੋ ਜਾਓ ਤੇ ਖਿਮਾ ਕਰੋ।’ ਲਓ ਹੁਣ ਸੁਣੋ… ਇਕ ਵਾਰੀ ਲਾਹੌਰੋਂ ਨਿਕਲਦਿਆਂ ਇਕ ਛਿੰਝ ਵਾਲੇ ਪਿੰਡ ਤਿੰਨ ਦਿਨ ਰਹੇ। ਉੱਥੇ ਘੁਲਦੇ ਨੂੰ ਮੈਨੂੰ ਚਿੰਤੀ ਦੇ ਭਰਾਵਾਂ ਨੇ ਪਸੰਦ ਕਰ ਲਿਆ। ਮੱਲੋ-ਮੱਲੀ ਮੇਰੇ ਹੱਥ ਰੁਪਈਆ ਰੱਖ’ਤਾ। ਮੇਰਾ ਗੁਰੂ ਕਹਿੰਦਾ… ਭਲਵਾਨ ਦੇ ਪੈਰੀਂ ਹੱਥ ਲਾ ਤੇ ਮੌਲਾ ਨੂੰ ਯਾਦ ਕਰ। ਫੇ ਤਿੰਨੀਂ ਮਹੀਨੀਂ ਆਪਾਂ ਨੂੰ ਤੇਰੀ ਬੇਬੇ ਮਿਲ ਗਈ। ਇਹ ਵੀ ਤੂੰ ਜਾਣ ਘੋਲਾਂ ਦੀ ਖੱਟੀ ਆ।’’ ਬਾਬਾ ਖੁਸ਼ੀਆ ਦੱਸ ਕੇ ਖੁੱਲ੍ਹ ਕੇ ਹੱਸਿਆ ਤੇ ਉੱਠ ਕੇ ਮੱਝਾਂ ਨੂੰ ਪੱਠੇ ਪਾਉਣ ਲੱਗ ਪਿਆ।

ਪ੍ਰੇਮ ਗੋਰਖੀ

ਚਿੰਤੀ ਹਵੇਲੀ ਵਿਚ ਧਾਰਾਂ ਚੋਣ ਆ ਗਈ। ਦੋਹਾਂ ਹੱਥਾਂ ਵਿਚ ਬਾਲਟੀਆਂ… ਇਕ ਵਿਚ ਪਾਣੀ ਤੇ ਦੂਜੀ ਵਿਚ ਸੁੱਕੀਆਂ ਰੋਟੀਆਂ। ਚਿੰਤੀ ਚੋਣ ਵਾਲੀ ਮਹਿੰ ਕੋਲ ਜਾਂਦੀ ਤੇ ਹੱਥ ਵਿਚ ਫੜੀ ਸੁੱਕੀ ਰੋਟੀ ਉਹਦੇ ਮੂੰਹ ’ਚ ਪਾਉਂਦੀ, ਉਹਨੂੰ ਥਾਪੀ ਦਿੰਦੀ ਤੇ ਹੇਠਾ ਬਹਿ ਕੇ ਥਣਾਂ ਨੂੰ ਛਿੱਟਾ ਮਾਰਦੀ ਤੇ ਮੂੰਹੋਂ ਬੋਲਦੀ, ‘‘ਲੈ ਬਈ ਪੁੱਤ ਭੂਰੀਏ’’ ਤੇ ਧਾਰ ਚੋਣ ਲੱਗ ਪੈਂਦੀ। ਮੈਂ ਬਥੇਰੀਆਂ ਭੂਆ, ਚਾਚੀਆਂ, ਤਾਈਆਂ, ਨਾਨੀਆਂ, ਮਾਸੀਆਂ ਤੇ ਆਪਣੀ ਮਾਂ ਨੂੰ ਧਾਰ ਚੋਂਦੀਆਂ ਨੂੰ ਦੇਖਿਆ ਹੈ, ਪਰ ਬੇਬੇ ਚਿੰਤੀ ਸਭ ਤੋਂ ਅੱਡ। ਇੰਨੀ ਫੁਰਤੀਲੀ, ਐਨਾ ਵੱਖਰਾ ਹੀ ਢੰਗ ਤੇ ਝੂਮ-ਝੂਮ ਕੇ ਥਣ ਛੂਹਣੇ ਕਿ ਦੋ ਘੜੀਆਂ ਵਿਚ ਵਿਹਲੀ ਤੇ ਦੁੱਧ ਨਾਲ ਭਰੀ ਬਾਲਟੀ ਟੱਬ ਵਿਚ ਉਲਟਾਉਣੀ। ਪਤਾ ਹੀ ਨਾ ਲੱਗਦਾ ਕਦੋਂ ਉਹਨੇ ਚਾਰੇ ਮੱਝਾਂ ਚੋ ਕੇ ਉਨ੍ਹਾਂ ਮੂਹਰੇ ਚਾਰਾ ਵੀ ਪਾ ਦਿੱਤਾ।
‘‘ਬੱਸ ਵੀ ਕਰਤੀ… ਚੋ ਲਈਆਂ ਕੁੜੀਏ?’’ ਸਹੁਰਾ ਤੂਤ ਹੇਠਾਂ ਹੈਰਾਨ ਹੋ ਕੇ ਪੁੱਛਦਾ।
ਚਿੰਤੀ ਹੱਥ ਭਰ ਲੰਮੇ ਕੱਢੇ ਘੁੰਡ ’ਚੋਂ ਈ ਜਵਾਬ ਦਿੰਦੀ, ‘‘ਆਹੋ ਬਾਪੂ ਚਾਰ ਤਾਂ ਸਾਰੀਆਂ ਮਹੀਆਂ ਈ… ਭਲਾ ਕੀ ਚਿਰ ਲੱਗਦਾ…। ਪਹੂ ਤਾਂ ਸਾਡੇ ਹੱਥਾਂ ਦੀ ਛੋਹ ਨੂੰ ਤਰਸਦਾ ਹੁੰਦਾ।’’ ‘‘ਇਹ ਤੂੰ ਹੌਲੀ ਕੰਮ ਕਰਿਆ ਕਰ, ਕਿਤੇ ਹੋਰ ਨਾ ਘਸ ਕੇ ਬਹਿ ਜਾਈਂ,’’ ਉਧਰੋਂ ਖੁਸ਼ੀਆ ਅੰਦਰ ਵੜਦਾ ਬੋਲਦਾ ਤਾਂ ਚਿੰਤੀ ਸ਼ਰਮਾ ਕੇ ਦੂਹਰੀ ਹੋ ਜਾਂਦੀ ਤੇ ਉਹਨੂੰ ਗੱਲ ਨਾ ਆਉਂਦੀ।
ਚਿੰਤੀ ਬੜੀ ਬਹਾਦਰ ਤੇ ਹਠੀ ਤੀਵੀਂ ਸੀ। ਉਸ ਨੇ ਪਹਿਲਾਂ ਦੋ ਕੁੜੀਆਂ ਜੰਮੀਆਂ, ਫਿਰ ਮੁੰਡਾ ਜਿਹਦਾ ਨਾਂ ਦੌਲਤੀ। ਮੁੰਡੇ ਤੋਂ ਮਗਰੋਂ ਦੋ ਕੁੜੀਆਂ ਹੋਰ ਹੋਈਆਂ।
ਖੁਸ਼ੀਆ ਦੋ ਹੀ ਕੰਮ ਕਰਦਾ… ਪਹਿਲਾ ਤਾਂ ਰੱਜਵੀਂ ਖੁਰਾਕ ਖਾਣੀ, ਜ਼ੋਰ ਮਾਰਨਾ ਤੇ ਘੁਲਣ ਤੁਰੇ ਰਹਿਣਾ। ਦੂਜਾ ਕੰਮ ਸੀ ਮੱਝਾਂ ਦਾ ਵਪਾਰ ਕਰਨਾ। ਵਿਚ-ਵਿਚਾਲੇ ਉਹ ਯੂਪੀ ਵੱਲ ਜਾ ਕੇ ਢੱਕ ਵੀ ਖਰੀਦ ਲੈਂਦਾ ਜਿਹਨੂੰ ਤੁੜਵਾ ਕੇ ਟਰੱਕ ਭਰਵਾ ਲਿਆਉਂਦਾ। ਹੁਣ ਤਾਂ ਚਿੰਤੀ ਵੀ ਡੂਨੇ ਲਾਉਣੇ ਸਿੱਖ ਗਈ ਸੀ। ਪੱਤਲਾਂ ਤਾਂ ਬਣਾ ਬਣਾ ਉਹ ਸੁੱਟੀ ਜਾਂਦੀ, ਪਰ ਡੂਨਿਆਂ ਦਾ ਕੰਮ ਔਖਾ ਸੀ। ਉਹ ਬੜੀ ਤਕਨੀਕ ਨਾਲ ਬਣਾਏ ਜਾਂਦੇ। ਪੱਤੇ ਤਾਂ ਤਿੰਨ ਹੀ ਹੁੰਦੇ, ਪਰ ਉਨ੍ਹਾਂ ਨੂੰ ਇਕ ਦੂਜੇ ’ਤੇ ਰੱਖਣਾ ਤੇ ਮੋੜਨਾ ਰਤਾ ਕੁ ਟੇਢਾ ਕੰਮ ਸੀ। ਇਕ ਦਿਨ ਮੇਰੀ ਮਾਂ ਨੇ ਚਿੰਤੀ ਨੂੰ ਕੋਲ ਬਿਠਾਇਆ ਤੇ ਘੂਰ ਕੇ ਬੋਲੀ, ‘‘ਇਹ ਭਲਾ ਕੀ ਕੰਮ ਆ, ਓਦਾਂ ਸਾਰੇ ਜਹਾਨ ਦੀਆਂ ਤੇਰੇ ਤੋਂ ਗੱਲਾਂ ਸੁਣ ਲਵੋ। ਚੁੱਕ ਪੱਤੇ ਤੇ ਫੜ ਤੀਲ੍ਹ… ਰੱਖ ਦੋ ਪੱਤੇ, ਮਾਰ ਮੋੜਾ ਦੋਹਾਂ ਨੂੰ ਤੇ ਲਾ ਤੀਲ੍ਹ ਦਾ ਤੋਪਾ… ਹੁਣ ਇਕ ਹੋਰ ਪੱਤਾ ਰੱਖ ਤੇ ਮਾਰ ਤੋਪਾ ਤੇ ਮਰੋੜਾ… ਐਦਾਂ ਹੀ ਇਕ ਹੋਰ ਮਰੋੜਾ ਤੇ ਤੋਪਾ। ਲੈ ਬਣ ਗਿਆ ਡੂਨਾ।’’
‘‘ਰੱਖੀਏ ਕੰਮ ਤਾਂ ਸੌਖਾ ਕੁੜੇ, ਪਰ ਹੈ ਤਾਂ ਢੰਗ ਦਾ ਕਸਬ। ਹੁਣ ਮੈਂ ਸਮਝ ਤਾਂ ਗਈ ਆਂ ਇਹਦੇ ਤਿੰਨਾਂ ਮਰੋੜਾਂ ਨੂੰ… ਪਰ ਕੱਲ੍ਹ ਨੂੰ ਪੂਰਾ ਡੂਨਾ ਬਣਾ ਕੇ ਦੇਊਂ… ਤੂੰ ਦੇਖੀ ਚੱਲ…’’ ਹੱਸਦੀ ਹੋਈ ਚਿੰਤੀ ਬੋਲੀ।
ਤੇ ਸੱਚੀਂ ਅਗਲੇ ਦਿਨ ਜਦੋਂ ਚਿੰਤੀ ਨੇ ਤਿੰਨ ਘੰਟਿਆਂ ਵਿਚ ਚਾਰ ਗੱਠਿਆਂ ਜੋਗੇ ਡੂਨੇ ਬਣਾ ਦਿੱਤੇ, ਫਿਰ ਤਾਂ ਉਹ ਛਾਲਾਂ ਮਾਰਦੀ ਫਿਰੇ।

ਸੰਪਰਕ: 98555-91762


Comments Off on ਬੇਬੇ ਚਿੰਤੀ ਨੇ ਕੰਮ ਸਿੱਖਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.