ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਬੁਲਬੁਲ-ਏ-ਪੰਜਾਬ ਮੁਖ਼ਤਾਰ ਬੇਗ਼ਮ

Posted On August - 3 - 2019

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ

ਮਨਦੀਪ ਸਿੰਘ ਸਿੱਧੂ

1930 ਦੇ ਅਸ਼ਰੇ ਦੀ ਨੁਮਾਇਆ ਗੁਲੂਕਾਰਾ ਅਤੇ ਅਦਾਕਾਰਾ ਮੁਖ਼ਤਾਰ ਬੇਗ਼ਮ ਦੀ ਪੈਦਾਇਸ਼ ਅੰਮ੍ਰਿਤਸਰ ਦੇ ਮੁਹੱਲੇ ਕੱਟੜਾ ਘਨੱਈਆ ਵਿਖੇ 1911 ਨੂੰ ਹੋਈ। ਵਾਲਿਦ ਗ਼ੁਲਾਮ ਮੁਹੰਮਦ ਦੀ ਧੀ ਮੁਖ਼ਤਾਰ ਬੇਗ਼ਮ ਦਾ ਲਾਡਲਾ ਨਾਮ ‘ਦਾਰੀ’ ਸੀ ਜੋ ਫ਼ਿਲਮ ਪੋਸਟਰਾਂ ’ਤੇ ਵੀ ਦਰਜ ਹੈ। ਉਸਦੇ ਵਾਲਿਦ ਸਾਹਬ ਮਸ਼ਹੂਰ ਤਬਲਾਨਵਾਜ਼ ਸਨ। ਲਿਹਾਜ਼ਾ ਘਰ ਦੇ ਸੰਗੀਤਕ ਮਾਹੌਲ ਦਾ ਅਸਰ ਬਾਲੜੀ ’ਤੇ ਪੈਣਾ ਸੁਭਾਵਿਕ ਸੀ। 8 ਸਾਲ ਦੀ ਉਮਰ ਵਿਚ ਮੌਸੀਕੀ ਦੀ ਸ਼ੁਰੂਆਤੀ ਤਾਲੀਮ ਅੱਲਾ ਦੀਨ ਮਿਹਰਬਾਨ ਖ਼ਾਨ, ਅੰਮ੍ਰਿਤਸਰ ਤੋਂ ਹਾਸਲ ਕੀਤੀ। ਉਸ ਤੋਂ ਬਾਅਦ ਮੁਖ਼ਤਾਰ ਬੇਗ਼ਮ ਨੇ ਉਸਤਾਦ ਆਸ਼ਕ ਅਲੀ ਖ਼ਾਂ, ਪਟਿਆਲਾ ਦੀ ਸ਼ਾਗਿਰਦੀ ਅਖ਼ਤਿਆਰ ਕਰਦਿਆਂ ਮੌਸੀਕੀ ਦਾ ਇਲਮ ਹਾਸਲ ਕੀਤਾ। ਫਿਰ ਉਸਨੇ ਕੱਥਕ ਦੇ ਮਾਹਿਰ ਉਸਤਾਦਾਂ ਸ਼ੰਭੂ ਮਹਾਰਾਜ ਅਤੇ ਲੱਛੂ ਮਹਾਰਾਜ ਕੋਲੋਂ ਫ਼ਨ-ਏ-ਅਦਾਕਾਰੀ ਦੀ ਤਾਲੀਮ ਲਈ। ਮਾਰੂਫ਼ ਉਸਤਾਦਾਂ ਦੀ ਨਿਗਰਾਨੀ ਵਿਚ ਕੰਮ ਕਰਦਿਆਂ ਉਸ ਨੇ ਗ਼ਜ਼ਲ ਗਾਇਕੀ, ਕਲਾਸੀਕਲ, ਠੁਮਰੀ, ਦਾਦਰਾ ਅਤੇ ਲੋਕ ਮੌਸੀਕੀ ਵਿਚ ਆਲ੍ਹਾ ਮੁਕਾਮ ਹਾਸਲ ਕੀਤਾ। ਉਸ ਦੀ ਸੁਰੀਲੀ ਆਵਾਜ਼ ਸਦਕਾ ਉਸ ਨੂੰ ‘ਬੁਲਬੁਲ-ਏ-ਪੰਜਾਬ’ ਕਿਹਾ ਜਾਂਦਾ ਸੀ।
ਫ਼ਿਲਮਾਂ ਵਿਚ ਜਾਣ ਤੋਂ ਪਹਿਲਾਂ ਉਸਨੇ ਨਾਟਕਾਂ ਵਿਚ ਕਈ ਯਾਦਗਾਰੀ ਕਿਰਦਾਰ ਅਦਾ ਕੀਤੇ ਜੋ ਆਗ਼ਾ ਹਸ਼ਰ ਵੱਲੋਂ ਲਿਖੇ ਹੋਏ ਸਨ, ਜਿਨ੍ਹਾਂ ਕਾਰਨ ਉਸਦੀ ਮਕਬੂਲੀਅਤ ਦੂਰ-ਦੂਰ ਤੀਕ ਪਹੁੰਚ ਗਈ। 1928 ਵਿਚ ਕਲਕੱਤੇ ਦੀ ਵੱਡੀ ਫ਼ਿਲਮ ਕੰਪਨੀ ਮਾਦਨ ਥੀਏਟਰ ਵਾਲੇ ਅੰਮ੍ਰਿਤਸਰ ਆਏ ਤਾਂ ਉਹ ਮੁਖ਼ਤਾਰ ਬੇਗ਼ਮ ਦੀ ਗੁਲੂਕਾਰੀ ਅਤੇ ਸਟੇਜ ਅਦਾਕਾਰੀ ਤੋਂ ਪ੍ਰਭਾਵਿਤ ਹੋਏ। ਜਾਂਦੇ ਹੋਏ ਉਹ ਉਸਨੂੰ ਕਲਕੱਤਾ ਆਉਣ ਦਾ ਸੱਦਾ ਵੀ ਦੇ ਗਏ। ਇਸ ਤੋਂ ਬਾਅਦ ਉਹ ਫ਼ਿਲਮਾਂ ਦੇ ਦੂਜੇ ਵੱਡੇ ਮਰਕਜ਼ ਕਲਕੱਤੇ ਟੁਰ ਗਈ। ਫ਼ਿਲਮਾਂ ਵਿਚ ਅਦਾਕਾਰੀ ਕਰਦਿਆਂ ਉਸਨੇ ਜਵਾਨੀ ਦਾ ਜ਼ਿਆਦਾ ਸਮਾਂ ਕਲਕੱਤਾ ਵਿਚ ਗੁਜ਼ਾਰਿਆ।
ਮੁਖ਼ਤਾਰ ਬੇਗ਼ਮ ਦੀ ਪਹਿਲੀ ਹਿੰਦੀ ਫ਼ਿਲਮ ਮਾਦਨ ਥੀਏਟਰ, ਕਲਕੱਤਾ ਦੀ ‘ਚਤਰਾ ਬਕਾਵਲੀ’ (1932) ਸੀ। ਇਸ ਵਿਚ ਪਹਿਲੀ ਵਾਰ ਹਿਦਾਇਤਕਾਰ ਜੇ. ਜੇ. ਮਾਦਨ ਨੇ ਗੁਲੂਕਾਰਾ ਮੁਖ਼ਤਾਰ ਬੇਗ਼ਮ ਨੂੰ ਹੀਰੋਇਨ ਵਜੋਂ ਮੁਤਆਰਿਫ਼ ਕਰਵਾਇਆ। ਉਸਦੀ ਦੂਜੀ ਹਿੰਦੀ ਫ਼ਿਲਮ ਵੀ ਮਾਦਨ ਥੀਏਟਰ, ਕਲਕੱਤਾ ਦੀ ਅਬਦੁੱਲ ਰਹਿਮਾਨ ਕਾਬੁਲੀ ਨਿਰਦੇਸ਼ਿਤ ‘ਸ਼ਰਵਨ ਕੁਮਾਰ’ (1932) ਸੀ। ਮਾਦਨ ਥੀਏਟਰ ਦੀ ਜੇ. ਜੇ. ਮਾਦਨ ਨਿਰਦੇਸ਼ਿਤ ਸਟੰਟ ਫ਼ਿਲਮ ‘ਮੁਫ਼ਲਿਸ ਆਸ਼ਿਕ’ (1932) ’ਚ ਉਸਨੇ ਵਿੱਠਲ ਦਾਸ ਪੰਚੋਟੀਆ ਦੇ ਰੂਬਰੂ ਹੀਰੋਇਨ ਦਾ ਪਾਰਟ ਅਦਾ ਕੀਤਾ। ਮਾਦਨ ਥੀਏਟਰ ਦੀ ਹੀ ਫ਼ਿਲਮ ‘ਹਿੰਦੋਸਤਾਨ’ (1932) ’ਚ ਅਦਾਕਾਰ ਨਰਬਦਾ ਸ਼ੰਕਰ ਨਾਲ ਹੀਰੋਇਨ ਦਾ ਪਾਰਟ ਕੀਤਾ। ਮਾਦਨ ਥੀਏਟਰ ਦੀ ਜੇ. ਜੇ. ਮਾਦਨ ਨਿਰਦੇਸ਼ਿਤ ਫ਼ਿਲਮ ‘ਹਠੀਲੀ ਦੁਲਹਨ’ (1932) ’ਚ ਮੁਖ਼ਤਾਰ ਬੇਗ਼ਮ ਨੇ, ਅਬਾਸ, ਲੱਛਮੀ, ਪੇਸ਼ੰਸ ਕਪੂਰ ਆਦਿ ਨਾਲ ਅਦਾਕਾਰੀ ਕੀਤੀ। ਮਾਦਨ ਦੀ ਹੀ ਜੇ. ਜੇ. ਮਾਦਨ ਨਿਰਦੇਸ਼ਿਤ ਕਾਲਪਨਿਕ ਫ਼ਿਲਮ ‘ਅਲੀਬਾਬਾ ਐਂਡ 40 ਥੀਵਜ਼’ (1932) ’ਚ ਉਸਨੇ ਦੂਜੀ ਹੀਰੋਇਨ ਵਜੋਂ ਜਹਾਂਆਰਾ ਕੱਜਣ ਤੇ ਮੁਹੰਮਦ ਨਵਾਬ ਨਾਲ ਅਦਾਕਾਰੀ ਕੀਤੀ। ਮਾਦਨ ਥੀਏਟਰ ਦੀ ਪੌਰਾਣਿਕ ਫ਼ਿਲਮ ‘ਰਾਮਾਯਣ’ (1933) ’ਚ ਉਹ ਲੀਲਾ, ਪਿਆਰੇ ਸਾਹਬ ਤੇ ਨਰਮਦਾ ਸ਼ੰਕਰ ਨਾਲ ਹੀਰੋਇਨ ਵਜੋਂ ਮੌਜੂਦ ਸੀ। ਮਾਸਟਰ ਫ਼ਿਦਾ ਹੁਸੈਨ ਅਨੁਸਾਰ ਫ਼ਿਲਮ ਦੇ ਹਿਦਾਇਤਕਾਰ ਜੇ. ਐੱਫ਼. ਮਾਦਨ ਅਤੇ ਮੌਸੀਕਾਰ ਮਾਸਟਰ ਝੰਡੇ ਖ਼ਾਨ ਸਨ। ਫ਼ਿਲਮ ਦੇ ਗੀਤ ਗਵਾਉਣ ਲਈ ਪਿਆਰੇ ਸਾਹਬ ਨੂੰ ਵਿਸ਼ੇਸ਼ ਤੌਰ ’ਤੇ ਲਿਆਂਦਾ ਗਿਆ ਸੀ। ਫ਼ਿਲਮ ਦਾ ਇਕ ਗੀਤ ‘ਜਾਗ ਜਾਗ ਕਯੋਂ ਮੂਰਖ ਬੰਦੇ ਸੋਯਾ ਚਾਦਰ ਤਾਨ ਕੇ’ ਪਿਆਰੇ ਸਾਹਬ ਦੀ ਆਵਾਜ਼ ’ਚ ਸੀ।

ਮਨਦੀਪ ਸਿੰਘ ਸਿੱਧੂ

ਈਸਟ ਇੰਡੀਆ ਕੰਪਨੀ, ਕਲਕੱਤਾ ਦੀ ਆਪਣੇ ਜ਼ਾਤੀ ਬੈਨਰ ਹੇਠ ਤਿਆਰ ਪਹਿਲੀ ਹਿੰਦੀ ਫ਼ਿਲਮ ਏ. ਆਰ. ਕਾਰਦਾਰ ਨਿਰਦੇਸ਼ਿਤ ‘ਔਰਤ ਕਾ ਪਯਾਰ’ (1933) ਸੀ। ਆਗਾ ਹਸ਼ਰ ਕਸ਼ਮੀਰੀ ਦੀ ਲਿਖੀ ਕਹਾਣੀ ’ਤੇ ਆਧਾਰਿਤ ਇਸ ਫ਼ਿਲਮ ’ਚ ਮੁਖ਼ਤਾਰ ਬੇਗ਼ਮ ਨੇ ਬਚਨ ਨਾਲ ਹੀਰੋਇਨ ਦਾ ਕਿਰਦਾਰ ਅਦਾ ਕੀਤਾ। ਫ਼ਿਲਮ ’ਚ ਉਸਨੇ ਇੰਨੀ ਵਧੀਆ ਅਦਾਕਾਰੀ ਕੀਤੀ ਕਿ ਦੂਜੀਆਂ ਹੀਰੋਇਨਾਂ ਵੀ ਹੈਰਤਜ਼ਦਾ ਹੋ ਗਈਆਂ। ਈਸਟ ਇੰਡੀਆ ਕੰਪਨੀ, ਕਲਕੱਤਾ ਦੀ ਹੀ ਪੌਰਾਣਿਕ ਫ਼ਿਲਮ ‘ਨਲ ਦਮਯੰਤੀ’ (1933) ’ਚ ਉਸਨੇ ਨਰਮਦਾ ਸ਼ੰਕਰ ਨਾਲ ਹੀਰੋਇਨ ਦਾ ਕਿਰਦਾਰ ਨਿਭਾਇਆ। ਮਾਸਟਰ ਫ਼ਿਦਾ ਹੁਸੈਨ ਮੂਜਬ ਇਹ ਫ਼ਿਲਮ ਤੁਲਸੀ ਦਾਸ ‘ਸੈਦਾ’ ਦੇ ਲਿਖੇ ਨਾਟਕ ’ਤੇ ਬਣੀ ਸੀ। ਫ਼ਿਲਮਸਾਜ਼ ਬੀ. ਐੱਲ. ਖੇਮਕਾ ਅਤੇ ਸੰਗੀਤਕਾਰ ਮੁਸ਼ਤਾਕ ਅਹਿਮਦ ਸਨ। ਈਸਟ ਇੰਡੀਆ ਕੰਪਨੀ ਦੀ ਦੇਬਕੀ ਬੋਸ ਨਿਰਦੇਸ਼ਿਤ ਪੌਰਾਣਿਕ ਫ਼ਿਲਮ ‘ਸੀਤਾ’ (1934) ’ਚ ਮੁਖ਼ਤਾਰ ਬੇਗ਼ਮ ਨੇ ‘ਧਰਤੀਮਾਤਾ’ ਦਾ ਕਿਰਦਾਰ ਨਿਭਾਇਆ। ਭਾਰਤ ਲਕਸ਼ਮੀ ਪਿਕਚਰਜ਼, ਕਲਕੱਤਾ ਦੀ ਜੇ. ਜੇ. ਮਾਦਨ ਤੇ ਸੋਰਾਬਜੀ ਕੇਰਾਵਾਲਾ ਨਿਰਦੇਸ਼ਿਤ ਫ਼ਿਲਮ ‘ਦਿਲ ਕੀ ਪਯਾਸ’ (1935) ’ਚ ਉਸਨੇ ਸਹਾਇਕ ਅਦਾਕਾਰਾ ਦਾ ਪਾਤਰ ਨਿਭਾਇਆ। ਕਮਲਾ ਮੂਵੀਟੋਨ, ਲਾਹੌਰ ਦੀ ਰੂਪ ਕੇ. ਸ਼ੋਰੀ ਨਿਰਦੇਸ਼ਿਤ ਫ਼ਿਲਮ ‘ਮਜਨੂੰ 1935’ (1935) ’ਚ ਉਸਨੇ ਸੁਲਤਾਨ ਬੇਗ਼ ਦੇ ਰੂਬਰੂ ਹੀਰੋਇਨ ਦਾ ਪਾਰਟ ਅਦਾ ਕੀਤਾ। ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ’ ਦੇ ਸੰਗੀਤ ’ਚ ਵਲੀ ਸਾਹਬ ਦੇ ਲਿਖੇ 10 ਗੀਤਾਂ ’ਚੋਂ 2 ਗੀਤ ਮੁਖ਼ਤਾਰ ਬੇਗਮ ਨੇ ਗਾਏ ਤੇ ਉਸੇ ’ਤੇ ਫ਼ਿਲਮਾਏ ਗਏ ‘ਰਜ ਆਜ ਮਯ ਰੂਬਾ ਦੇ ਸਾਕੀ’ ਤੇ ‘ਏਕ ਦਿਨ ਹਮਨੇ ਭੀ ਮਜਨੂੰ ਕੋ ਕਹੀਂ ਦੇਖਾ ਥਾ।’
ਉਸਨੇ ਆਪਣੇ ਜ਼ਾਤੀ ਬੈਨਰ ਮੁਖ਼ਤਾਰ ਫ਼ਿਲਮ ਕੰਪਨੀ, ਬੰਬਈ ਦੀ ਐੱਮ. ਐੱਲ. ਕਪੂਰ ਨਿਰਦੇਸ਼ਿਤ ਫ਼ਿਲਮ ‘ਪ੍ਰੇਮ ਕੀ ਆਗ’ (1936) ਖ਼ੁਦ ਪ੍ਰੋਡਿਊਸ ਕੀਤੀ। ਉਸਦੇ ਮੁਕਾਬਿਲ ਹੀਰੋ ਦਾ ਪਾਰਟ ਭਾਈ ਦੇਸਾ ‘ਅੰਮ੍ਰਿਤਸਰੀ’ (ਐੱਚ. ਐੱਮ. ਵੀ. ਕੰਪਨੀ ਦਾ ਲੋਕ ਗਵੱਈਆ) ਨਿਭਾ ਰਿਹਾ ਸੀ। ਕਹਾਣੀ, ਮੁਕਾਲਮੇ ਤੇ ਗੀਤ ਆਗ਼ਾ ਜ਼ਬਾਰ ਸ਼ੇਰ ਹਸ਼ਰੀ (ਪਹਿਲੀ ਫ਼ਿਲਮ) ਤੇ ਸੰਗੀਤ ਮੁਖ਼ਤਾਰ ਬੇਗ਼ਮ ਨੇ ਤਾਮੀਰ ਕੀਤਾ। ਫ਼ਿਲਮ ਦੇ 10 ਗੀਤਾਂ ’ਚੋਂ ਮੁਖ਼ਤਾਰ ਬੇਗ਼ਮ ਦੇ ਗਾਏ ਤੇ ਉਸੇ ’ਤੇ ਫ਼ਿਲਮਾਏ 2 ਗੀਤਾਂ ਦਾ ਹਵਾਲਾ ਮਿਲਿਆ ਹੈ ‘ਨ ਤੋ ਵਸਤਰ ਮੇਂ ਨ ਤੋ ਧਨ ਮੇਂ ਹੈ’ ਤੇ ‘ਮਰਦੋਂ ਕਾ ਕਭੀ ਵਿਸ਼ਵਾਸ ਨਾ ਕਰ’ ਤੋਂ ਇਲਾਵਾ ਇਕ ਪੰਜਾਬੀ ਗੀਤ ‘ਬੱਧੀਆਂ ਇਸ਼ਕ ਤੇਰੇ ਨੇ ਮੁਸ਼ਕਾਂ ਪੁੰਨਣਾ ਕੱਸ-ਕੱਸ ਕੇ’ ਵੀ ਬੜਾ ਹਿੱਟ ਹੋਇਆ। ਇਹ ਮੁਖ਼ਤਾਰ ਬੇਗ਼ਮ ਦੇ ਬੈਨਰ ਦੀ ਪਹਿਲੀ ਤੇ ਆਖ਼ਰੀ ਹਿੰਦੀ ਫ਼ਿਲਮ ਸੀ। ਇਹ ਫ਼ਿਲਮ 8 ਜੁਲਾਈ 1936 ਨੂੰ ਰਾਇਲ ਟਾਕੀਜ਼, ਲਾਹੌਰ ਵਿਖੇ ਪਰਦਾਪੇਸ਼ ਹੋਈ।
ਮੁਖ਼ਤਾਰ ਬੇਗ਼ਮ ਨੇ ਮੁੱਖ ਅਦਾਕਾਰਾ ਵਜੋਂ ਸਿਰਫ਼ 2 ਪੰਜਾਬੀ ਫ਼ਿਲਮਾਂ ਕੀਤੀਆਂ ਅਤੇ ਗੀਤ ਗਾਏ। ਪਹਿਲੀ ਸ੍ਰੀ ਭਾਰਤ ਲਕਸ਼ਮੀ ਪਿਕਚਰਜ਼, ਕਲਕੱਤਾ ਦੀ ਪਰਫੂਲਾ ਰੌਏ ਨਿਰਦੇਸ਼ਿਤ ਫ਼ਿਲਮ ‘ਮਤਵਾਲੀ ਮੀਰਾ’ (1940) ਸੀ। ਇਸ ਫ਼ਿਲਮ ਵਿਚ ਉਸਨੇ ਸ੍ਰੀ ਕ੍ਰਿਸ਼ਨ ਭਗਤਣੀ ‘ਮੀਰਾ’ ਦਾ ਸੋਹਣਾ ਪਾਰਟ ਨਿਭਾਇਆ, ਜਿਸ ਦੇ ਰੂਬਰੂ ਮਾਸਟਰ ਨਿਸਾਰ ‘ਮਹਾਰਾਣਾ ਕੁਮਾਰ ਭੋਜਰਾਜ’ ਦਾ ਕਿਰਦਾਰ ਅਦਾ ਕਰ ਰਿਹਾ ਸੀ। ਮੌਸੀਕਾਰ ਮਾਸਟਰ ਬ੍ਰਿਜਲਾਲ ਵਰਮਾ ਅਤੇ ਨਗ਼ਮਾਨਿਗਾਰ ਪੰਡਤ ਭੂਸ਼ਨ ਸਨ। ਫ਼ਿਲਮ ਦੇ 18 ਗੀਤਾਂ ਵਿਚੋਂ ਮੁਖ਼ਤਾਰ ਬੇਗ਼ਮ ਦੇ ਗਾਏ ਤੇ ਉਸੇ ’ਤੇ ਫ਼ਿਲਮਾਏ ਗਏ ਚੰਦ ਗੀਤ ਹਨ ‘ਮੈਂ ਨਾਚੂੰਗੀ ਆਪਣੇ ਗਿਰਧਰ ਦੇ ਨਾਲ’, ‘ਮੈਨੂੰ ਵਿਆਹੇ ਗਏ ਗਿਰਧਾਰੀ ਨਿੱਕੀ ਜਿਹੀ ਨੂੰ’, ‘ਕੋਈ ਮੋਹਨ ਨੂੰ ਜਾ ਕੇ ਸਾਡਾ ਦੁੱਖ ਸੁਣਾਏ’, ‘ਮੈਂ ਤਾਂ ਪੂਜਾ ਕਰਾਂ ਹੱਥ ਜੋੜ’ ਅਤੇ ‘ਮੈਨੂੰ ਚਾਕਰ ਰੱਖ ਲੋ ਜੀ’ ਬੇਹੱਦ ਮਕਬੂਲ ਹੋਏ। 12 ਅਪਰੈਲ 1940 ਨੂੰ ਪ੍ਰਭਾਤ ਟਾਕੀਜ਼ ਲਾਹੌਰ ਵਿਖੇ ਨੁਮਾਇਸ਼ ਹੋਈ ਇਹ ਭਗਤੀ ਪ੍ਰਧਾਨ ਫ਼ਿਲਮ ਹਿੰਦੀ ਵਿਚ ਵੀ ਇਸੇ ਸਿਰਲੇਖ ਹੇਠ ਡੱਬ ਹੋਈ। ਉਸਦੀ ਦੂਜੀ ਤੇ ਆਖਰੀ ਪੰਜਾਬੀ ਫ਼ਿਲਮ ਕਪੂਰ ਫ਼ਿਲਮ ਕਾਰਪੋਰੇਸ਼ਨ ਦੀ ਪੇਸ਼ਕਸ਼ ਤੇ ਸਿਸਟੋਫੋਨ ਪਿਕਚਰਜ਼ ਦੀ ‘ਚਤਰਾ ਬਕਾਵਲੀ’ (1941) ਸੀ। ਪਰੀਆਂ ਦੀ ਕਹਾਣੀ ’ਤੇ ਆਧਾਰਿਤ ਇਸ ਫ਼ਿਲਮ ’ਚ ਉਸਨੇ ‘ਚਤਰਾ ਬਕਾਵਲੀ’ ਦਾ ਕਿਰਦਾਰ ਅਦਾ ਕੀਤਾ ਜਦਕਿ ਹੀਰੋ ਦਾ ਕਿਰਦਾਰ ਪੀ. ਐੱਨ. ਬਾਲੀ ਅਦਾ ਕਰ ਰਿਹਾ ਸੀ। ਲਾਲ ਚੰਦ ਫ਼ਲਕ ਦੇ ਲਿਖੇ 12 ਗੀਤਾਂ ’ਚੋਂ 6 ਗੀਤਾਂ ਦੀ ਜਾਣਕਾਰੀ ਮਿਲੀ ਹੈ ਜੋ ਮੁਖ਼ਤਾਰ ਬੇਗ਼ਮ ਨੇ ਗਾਏ ਤੇ ਉਸੇ ਉੱਪਰ ਫ਼ਿਲਮਾਏ ਗਏ ‘ਖਿੜ ਖਿੜ ਨੀ ਚੰਬੇ ਦੀ ਕਲੀਏ’, ‘ਖ਼ਬਰੇ ਏਹ ਪ੍ਰੀਤ ਬਲਾ ਕੀ ਏ’, ‘ਆਈ ਹੈ ਰੁੱਤ ਬਹਾਰ ਦੀ’, ‘ਨਾ ਬੋਲੂ ਤਾਰਾ ਤਾਰਾ’, ‘ਖ਼ੋਰੇ ਪ੍ਰੀਤ ਏ ਬਲਾ ਕੀ ਏ’, ‘ਚਿੱਠੀਏ ਦਰਦ ਫ਼ਿਰਾਕ ਵਾਲੀਏ’ ਗੀਤ ਬੜੇ ਮਸ਼ਹੂਰ ਹੋਏ। ਇਹ ਫ਼ਿਲਮ ਕਰਾਊਨ ਟਾਕੀਜ਼, ਲਾਹੌਰ ਵਿਖੇ ਸ਼ੁੱਕਰਵਾਰ 2 ਮਈ 1941 ਨੂੰ ਨੁਮਾਇਸ਼ ਹੋਈ।
1930ਵੇਂ ਦਹਾਕੇ ’ਚ ਉਸਦਾ ਪਹਿਲਾ ਵਿਆਹ ਬਰ-ਏ-ਸਗੀਰ ਦੇ ਮਸ਼ਹੂਰ ਡਰਾਮਾਨਿਗ਼ਾਰ ਆਗਾ ਹਸ਼ਰ ਕਸ਼ਮੀਰੀ ਨਾਲ ਹੋਇਆ ਅਤੇ ਦੂਸਰਾ ਵਿਆਹ ਪਹਿਲੋਂ ਵਿਆਹੇ ਹੋਏ ਕਮਰ ਜ਼ਮਾਨ ਨਾਲ ਕਰਾਇਆ। ਉਹ ਕਰਾਚੀ ਵਿਚ ਅੰਤਲੇ ਸਮੇਂ ਤਕ ਆਪਣੇ ਸ਼ੌਹਰ ਕਮਰ ਜ਼ਮਾਨ ਨਾਲ ਰਹੀ ਅਤੇ 25 ਫਰਵਰੀ 1982 ਨੂੰ 71 ਸਾਲ ਦੀ ਉਮਰ ਵਿਚ ਵਫ਼ਾਤ ਪਾ ਗਈ। ਉਨ੍ਹਾਂ ਦੇ ਸਤੌਲੇ ਪੁੱਤਰ ਇਜ਼ਾਜ਼ ਜ਼ਮਾਨ (ਕਮਰ ਜ਼ਮਾਨ ਦੇ ਪਹਿਲੇ ਵਿਆਹ ਤੋਂ) ਨੇ ਆਪਣੀ ਮਾਸੀ ਫ਼ਰੀਦਾ ਖ਼ਾਨੁਮ ਦੀ ਤੀਜੀ ਧੀ ਫ਼ਰਜ਼ਾਨਾ ਨਾਲ ਵਿਆਹ ਕੀਤਾ ਜੋ ਇਸ ਵੇਲੇ ਨਿਊਜਰਸੀ ਐੱਨਵਾਈ ’ਚ ਆਪਣੇ ਬੱਚਿਆਂ ਨਾਲ ਰਹਿ ਰਹੇ ਹਨ।

ਸੰਪਰਕ: 97805-09545

ਨੂਰਜਹਾਂ ਦਾ ਆਦਰਸ਼

ਮੁਖ਼ਤਾਰ ਬੇਗ਼ਮ ਦੀ ਸੰਗੀਤ ਵਿਰਾਸਤ ਦਾ ਹਿੱਸਾ ਉਸਦੇ ਸ਼ਾਗਿਰਦ ਹਨ, ਜਿਨ੍ਹਾਂ ਨੇ ਉਸ ਕੋਲੋਂ ਸੰਗੀਤਕ ਤਾਲੀਮ ਦੇ ਨਾਲ ਨੁਮਾਇਸ਼ ਕਲਾ ਵੀ ਸਿੱਖੀ। ਇਨ੍ਹਾਂ ਵਿਚ ਉਸ ਦੀ ਵੱਡੀ ਭੈਣ ਫ਼ਰੀਦਾ ਖ਼ਾਨੁਮ, ਗੁਲਕਾਰਾ ਨਸੀਮ ਬੇਗ਼ਮ ਅਤੇ ਫ਼ਿਲਮੀ ਅਦਾਕਾਰਾ ਰਾਣੀ ਸ਼ਾਮਲ ਹਨ। ਮਲਿਕਾ-ਏ- ਤਰੰਨੁਮ ਨੂਰਜਹਾਂ ਵੀ ਮੁਖ਼ਤਾਰ ਬੇਗ਼ਮ ਨੂੰ ਆਪਣਾ ਆਦਰਸ਼ ਮੰਨਦੀ ਸੀ।


Comments Off on ਬੁਲਬੁਲ-ਏ-ਪੰਜਾਬ ਮੁਖ਼ਤਾਰ ਬੇਗ਼ਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.