ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਬਰਸਾਤ ਦੇ ਮੌਸਮ ’ਚ ਫਲਦਾਰ ਬੂਟਿਆਂ ਦੀ ਸੰਭਾਲ

Posted On August - 3 - 2019

ਜਸਵਿੰਦਰ ਸਿੰਘ ਬਰਾੜ, ਕਿਰਨਦੀਪ ਕੌਰ ਅਤੇ ਕਰਨਬੀਰ ਸਿੰਘ ਗਿੱਲ*
ਪੰਜਾਬ ਵਿੱਚ ਬਰਸਾਤਾਂ ਦਾ ਮੌਸਮ ਜੁਲਾਈ ਤੋਂ ਸਤੰਬਰ ਤੱਕ ਹੁੰਦਾ ਹੈ। ਬਰਸਾਤਾਂ ਦਾ ਮੌਸਮ ਫ਼ਲਦਾਰ ਬੂਟਿਆਂ ’ਤੇ ਬਹੁਤ ਪ੍ਰਭਾਵ ਪਾਉਂਦਾ ਹੈ। ਇਹ ਸਮਾਂ ਸਦਾਬਹਾਰ ਫ਼ਲਦਾਰ ਬੂਟੇ ਲਾਉਣ ਲਈ ਢੁਕਵਾਂ ਹੈ, ਪਰ ਜ਼ਿਆਦਾ ਬਾਰਸ਼ ਨਾਲ ਫ਼ਲਦਾਰ ਬੂਟਿਆਂ ’ਤੇ ਮਾਰੂ ਅਸਰ ਵੀ ਪੈਂਦਾ ਹੈ। ਇਸ ਲਈ ਨਵੇਂ ਫ਼ਲਦਾਰ ਬੂਟਿਆਂ ਨੂੰ ਲਾਉਣ ਲਈ ਬੂਟੇ ਦੀ ਚੋਣ, ਵਿਉਂਤਬੰਦੀ ਅਤੇ ਪਹਿਲਾਂ ਤੋਂ ਲੱਗੇ ਫ਼ਲਦਾਰ ਬੂਟਿਆਂ ਦੀ ਸੰਭਾਲ ਪੂਰੀ ਵਿਗਿਆਨਕ ਵਿਧੀ ਨਾਲ ਕਰਨੀ ਚਾਹੀਦੀ ਹੈ। ਬਰਸਾਤਾਂ ਦੇ ਮੌਸਮ ਵਿਚ ਬਾਗਾਂ ਦਾ ਰੱਖ-ਰਖਾਅ-
ਬਾਗ਼ ਲਈ ਜ਼ਮੀਨ ਪੱਧਰ ਕਰਦੇ ਸਮੇਂ ਹਲਕੀ ਜਿਹੀ ਢਲਾਣ ਰੱਖ ਲੈਣੀ ਚਾਹੀਦੀ ਹੈ। ਜਿੰਨੀ ਜਲਦੀ ਹੋ ਸਕੇ ਬਾਗ਼ਾਂ ਵਿੱਚੋਂ ਪਾਣੀ ਦਾ ਨਿਕਾਸ ਕਰ ਦੇਣਾ ਚਾਹੀਦਾ ਹੈ ਅਤੇ ਵੱਤਰ ਆਉਣ ਤੇ ਹਲਕੀ ਜਿਹੀ ਵਹਾਈ ਵੀ ਕਰ ਦੇਣੀ ਚਾਹੀਦੀ ਹੈ। ਜ਼ਿਆਦਾ ਬਾਰਸ਼ ਨਾਲ ਕਈ ਵਾਰ ਨਵੇਂ ਲਾਏ ਪੌਦੇ ਟੇਢੇ-ਮੇਢੇ ਹੋ ਜਾਂਦੇ ਹਨ, ਇਨ੍ਹਾਂ ਪੌਦਿਆਂ ਨੂੰ ਸੋਟੀਆਂ ਜਾਂ ਕਿਸੇ ਹੋਰ ਸਹਾਰੇ ਨਾਲ ਸਿੱਧੇ ਕਰ ਦੇਣਾ ਚਾਹੀਦਾ ਹੈ ਅ ਵਾਧੂ ਫੁਟਾਰਾ ਤੋੜ ਦੇਣਾ ਚਾਹੀਦਾ ਹੈ। ਵੱਡੇ ਬੂਟਿਆਂ ਦੀ ਟੁੱਟੀਆਂ, ਨੁਕਸਾਨੀਆਂ ਟਹਿਣੀਆਂ ਕੱਟ ਕੇ ਬੋਰਡੋ ਮਿਸ਼ਰਨ ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ।
ਬਾਗ਼ਾਂ ਵਿਚ ਬਰਸਾਤ ਦੇ ਪਾਣੀ ਨਾਲ ਫ਼ਲਦਾਰ ਪੌਦਿਆਂ ਦਾ ਨੁਕਸਾਨ ਹੋ ਸਕਦਾ ਹੈ। ਬੂਟਿਆਂ ਦੀਆਂ ਜੜ੍ਹਾਂ ਵਿਚ ਲਗਾਤਾਰ ਜ਼ਿਆਦਾ ਸਿੱਲ੍ਹ ਰਹਿਣ ਕਰ ਕੇ ਹਵਾ ਦਾ ਪ੍ਰਵਾਹ ਘਟ ਜਾਂਦਾ ਹੈ ਅਤੇ ਬੂਟਿਆਂ ਵਿਚ ਖ਼ੁਰਾਕੀ ਤੱਤਾਂ ਦੀ ਘਾਟ ਦਿਖਾਈ ਦਿੰਦੀ ਹੈ। ਅਜਿਹੇ ਹਾਲਾਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਕੀੜਿਆਂ ਦੇ ਵਾਧੇ ਲਈ ਵੀ ਅਨੁਕੂਲ ਹੁੰਦੇ ਹਨ। ਕਈ ਫ਼ਲਦਾਰ ਬੂਟੇ ਜਿਵੇਂ ਕਿ ਅੰਬ, ਪਪੀਤਾ, ਕਿੰਨੂ ਆਦਿ ਅਜਿਹੇ ਹਲਾਤਾਂ ਨੂੰ ਜ਼ਿਆਦਾ ਨਾਜ਼ੁਕ ਹੁੰਦੇ ਹਨ ਤੇ ਉਨ੍ਹਾਂ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ।
ਕਿੰਨੂ ਵਿੱਚ ਫ਼ਲਾਂ ਦਾ ਕੇਰਾ ਗੰਭੀਰ ਸਮੱਸਿਆ ਹੈ, ਇਸ ਨਾਲ ਫਲਾਂ ਦੇ ਝਾੜ ਵਿਚ ਗਿਰਾਵਟ ਆ ਸਕਦੀ ਹੈ। ਇਹ ਬਿਮਾਰੀ ਜ਼ਿਆਦਾਤਰ ਸੁੱਕੀਆਂ ਅਤੇ ਰੋਗੀ ਟਾਹਣੀਆਂ ਤੋਂ ਸ਼ੁਰੂ ਹੁੰਦੀ ਹੈ। ਇਨ੍ਹਾਂ ਦਵਾਈਆਂ ਦੇ ਤਿੰਨ ਹੋਰ ਛਿੜਕਾਅ ਮਾਰਚ, ਜੁਲਾਈ ਅਤੇ ਸਤੰਬਰ ਵਿਚ ਕਰ ਦਿਓ। 10 ਗ੍ਰਾਮ ਪ੍ਰਤੀ ਏਕੜ ਜਿਬਰੈਲਿਕ ਐਸਿਡ ਦਾ ਛਿੜਕਾਅ ਅੱਧ ਅਪੈ੍ਰਲ, ਅਗਸਤ ਅਤੇ ਸਤੰਬਰ ਵਿਚ ਕਰੋ। ਇਸ ਸਮੇਂ ਕੀਤਾ ਛਿੜਕਾਅ ਬਰਸਾਤਾਂ ਬਾਅਦ ਹੋਣ ਵਾਲੇ ਕੇਰੇ ਨੂੰ ਠੱਲ੍ਹ ਪਾ ਸਕਦਾ ਹੈ।
ਨਿੰਬੂ ਜਾਤੀ ਦੇ ਬੂਟਿਆਂ ਦੇ ਪੈਰ ਦਾ ਗਾਲ੍ਹਾ/ ਗੂੰਦੀਆ ਰੋਗ/ ਫਾਈਟੋਫਥੋਰਾ ਦਾ ਵੀ ਜ਼ਮੀਨ ਵਿਚ ਪਾਣੀ ਦੇ ਸੁਚੱਜੇ ਪ੍ਰਬੰਧ ਨਾਲ ਸਿੱਧਾ ਸਬੰਧ ਹੁੰਦਾ ਹੈ। ਜੇ ਵਾਧੂ ਪਾਣੀ ਦੇ ਨਿਕਾਸ ਦਾ ਢੁਕਵਾਂ ਪ੍ਰਬੰਧ ਨਾ ਹੋਵੇ ਤਾਂ ਇਹ ਬਿਮਾਰੀ ਭਿਆਨਕ ਰੂਪ ਧਾਰ ਸਕਦੀ ਹੈ। ਇਸ ਬਿਮਾਰੀ ਦੇ ਪ੍ਰਕੋਪ ਨੂੰ ਘਟਾਉਣ ਲਈ ਜੁਲਾਈ-ਅਗਸਤ ਮਹੀਨੇ ਸੋਡੀਅਮ ਹਾਈਪੋਕਲੋਰਾਈਟ 5% ਨੂੰ 50 ਮਿਲੀਲੀਟਰ ਪ੍ਰਤੀ ਬੂਟੇ ਦੇ ਹਿਸਾਬ ਨਾਲ 10 ਲਿਟਰ ਪਾਣੀ ਵਿਚ ਘੋਲ ਕੇ ਬੂਟਿਆਂ ਦੀ ਛਤਰੀ ਹੇਠ ਅਤੇ ਮੁੱਖ ਤਣਿਆਂ ਉੱਪਰ ਛਿੜਕਾਅ ਕਰੋ। ਯਾਦ ਰਹੇ ਕਿ ਇਸ ਨੂੰ ਪਾਉਣ ਤੋਂ ਪਹਿਲਾਂ ਬੂਟਿਆਂ ਦੇ ਦੌਰ ਸਾਫ਼ ਹੋਣ ਅਤੇ ਜ਼ਮੀਨ ਵੀ ਵੱਤਰ ਵਿਚ ਹੋਵੇ।
ਕਈ ਤਰ੍ਹਾਂ ਦੇ ਫ਼ਲ ਜਿਵੇਂ ਕੀ ਬਾਰਾਮਾਸੀ ਨਿੰਬੂ ਤੇ ਅਨਾਰ ਆਦਿ ਵਿੱਚ ਫ਼ਲ ਫਟਣ ਦੀ ਸਮੱਸਿਆ ਵੀ ਬਰਸਾਤ ਨਾਲ ਸਬੰਧ ਰੱਖਦੀ ਹੈ। ਉਪਰੋਕਤ ਸਮੱਸਿਆ ਦੀ ਰੋਕਥਾਮ ਲਈ ਸੁਚੱਜਾ ਪਾਣੀ ਪ੍ਰਬੰਧ, ਵਾਧੂ ਪਾਣੀ ਦਾ ਨਿਕਾਸ ਅਤੇ ਸਿਫ਼ਾਰਸ਼ ਕੀਤੇ ਰਸਾਇਣਾਂ ਦਾ ਛਿੜਕਾਅ ਕਰਨਾ ਚਾਹੀਦਾ ਹੈ। ਗਰਮੀ ਦੇ ਮਹੀਨਿਆਂ ਵਿਚ ਬੂਟਿਆਂ ਥੱਲੇ ਪਰਾਲੀ ਜਾਂ ਖੋਰੀ ਵਿਛਾਅ ਕੇ ਅਤੇ ਘਰੇਲੂ ਪੱਧਰ ਤੇ ਬੂਟਿਆਂ ਉਪਰ ਪਾਣੀ ਦਾ ਛਿੜਕਾਅ ਕਰ ਕੇ ਵੀ ਇਸ ਸਮੱਸਿਆ ਨੂੰ ਘਟਾਇਆ ਜਾ ਸਕਦਾ ਹੈ ।
ਅੰਗੂਰਾਂ ਵਿੱਚ ਟਹਿਣੀਆਂ ਸੁੱਕਣ ਦਾ ਰੋਗ ਵੀ ਬਰਸਾਤਾਂ ਤੋਂ ਬਾਅਦ ਵਧ ਜਾਂਦਾ ਹੈ। ਇਸ ਦੀ ਰੋਕਥਾਮ ਲਈ ਬੋਰਡੋ ਮਿਸ਼ਰਨ (2:2:250) ਦਾ ਛਿੜਕਾਅ ਕਾਂਟ-ਛਾਂਟ ਤੋਂ ਬਾਅਦ ਜਨਵਰੀ-ਫਰਵਰੀ ਵਿਚ ਅਤੇ ਫਿਰ ਮਾਰਚ, ਮਈ, ਜੁਲਾਈ, ਅਗਸਤ ਅਤੇ ਸਤੰਬਰ ਮਹੀਨਿਆਂ ਦੇ ਅਖੀਰ ਵਿਚ ਕਰੋ। ਇਸ ਤੋਂ ਇਲਾਵਾ ਸਕੋਰ 25 ਤਾਕਤ 500 ਮਿਲੀਲਿਟਰ ਪ੍ਰਤੀ ਏਕੜ ਦਾ ਛਿੜਕਾਅ 500 ਲਿਟਰ ਪਾਣੀ ਵਿਚ ਘੋਲ ਕੇ ਜੁਲਾਈ, ਅਗਸਤ ਅਤੇ ਸਤੰਬਰ ਮਹੀਨਿਆਂ ਦੇ ਅੱਧ ਵਿੱਚ ਕਰੋ।
ਅਮਰੂਦ ਵਿੱਚ ਬਰਸਾਤ ਦੀ ਰੁੱਤ ਦੀ ਫ਼ਸਲ ਵਿੱਚ ਫਲ ਦੀ ਮੱਖੀ ਦਾ ਹਮਲਾ ਕਈ ਵਾਰ ਪੂਰੀ ਫ਼ਸਲ ਬਰਬਾਦ ਕਰ ਦਿੰਦਾ ਹੈ। ਇਸ ਕੀੜੇ ਦੇ ਪ੍ਰਕੋਪ ਨੂੰ ਘਟਾਉਣ ਲਈ ਬਰਸਾਤਾਂ ਤੋਂ ਪਹਿਲਾਂ ਬਾਗ਼ਾਂ ਦੀ ਸਫ਼ਾਈ ਕਰ ਦੇਣੀ ਚਾਹੀਦੀ ਹੈ। ਇਸ ਮਹੀਨੇ ਮੱਖੀ ਤੋਂ ਪ੍ਰਭਾਵਿਤ ਅਮਰੂਦਾਂ ਨੂੰ ਇਕੱਠਾ ਕਰ ਕੇ ਲਗਾਤਾਰ ਜ਼ਮੀਨ ਵਿਚ ਦਬਾਉਂਦੇ ਰਹੋ। ਪੀ.ਏ.ਯੂ. ਫਰੂਟ ਫਲਾਈ ਟਰੈਪ ਲਗਾ ਕੇ ਵੀ ਫਲ ਦੀ ਮੱਖੀ ਕਾਰਨ ਹੋਣ ਵਾਲਾ ਨੁਕਸਾਨ ਘਟਾਇਆ ਜਾ ਸਕਦਾ ਹੈ ਜਿਸ ਲਈ 16 ਟਰੈਪ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾਏ ਜਾਂਦੇ ਹਨ।
ਇਸ ਤੋਂ ਇਲਾਵਾ ਨਿੰਬੂ ਜਾਤੀ ਦੇ ਫਲਾਂ ਵਿੱਚ ਸਿਟਰਸ ਸਿਲ੍ਹਾ ਅਤੇ ਸੁਰੰਗੀ ਕੀੜੇ ਦਾ ਹਮਲਾ ਵੀ ਇਸ ਮੌਸਮ ਦੌਰਾਨ ਨੁਕਸਾਨ ਕਰਦਾ ਹੈ। ਸਿਟਰਸ ਸਿਲ੍ਹਾ ਲਈ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੇ ਗਏ ਕੀਟਨਾਸ਼ਕਾਂ ਜਿਵੇਂ ਕਿ 1250 ਮਿਲੀਲਿਟਰ ਰੋਗੋਰ 30 ਤਾਕਤ ਜਾਂ 200 ਮਿਲੀਲਿਟਰ ਕਨਫੀਡੋਰ 17.8 ਤਾਕਤ ਜਾਂ 160 ਗ੍ਰਾਮ ਅਕਟਾਰਾ 25 ਤਾਕਤ ਦਾ 500 ਲਿਟਰ ਪਾਣੀ ਵਿਚ ਘੋਲ ਕੇ ਸਮੇਂ ਸਿਰ ਛਿੜਕਾਅ ਕਰਨਾ ਜ਼ਰੂਰੀ ਹੈ। ਸੁਰੰਗੀ ਕੀੜੇ ਦੀ ਰੋਕਥਾਮ ਲਈ ਉਪਰੋਕਤ ਕੀਟਨਾਸ਼ਕਾਂ ਦਾ ਛਿੜਕਾਅ ਕਰੋ।
ਨਿੰਬੂ ਜਾਤੀ ਦੇ ਫ਼ਲਾਂ ਵਿਚ ਜ਼ਿੰਕ ਦੀ ਘਾਟ ਨਾਲ ਨਵੇਂ ਪੂਰੇ ਵਧੇ ਹੋਏ ਪੱਤਿਆਂ ਉਤੇ ਰੰਗ-ਬਰੰਗੇ ਧੱਬੇ ਪੈ ਜਾਂਦੇ ਹਨ। ਸਿਰੇ ਦੇ ਪੱਤੇ ਛੋਟੇ ਅਤੇ ਨੇੜੇ-ਨੇੜੇ ਰਹਿ ਜਾਂਦੇ ਹਨ ਅਤੇ ਫਲਾਂ ਵਾਲੀਆਂ ਅੱਖਾਂ ਬਹੁਤ ਘੱਟ ਜਾਂਦੀਆਂ ਹਨ। ਫ਼ਲਾਂ ਦੇ ਝਾੜ ਅਤੇ ਗੁਣਵੱਤਾ ਵੀ ਘਟ ਜਾਂਦੀ ਹੈ। ਇਸ ਤੱਤ ਦੀ ਘਾਟ ਪੂਰੀ ਕਰਨ ਲਈ ਰੋਗੀ ਦਰੱਖਤਾਂ ਉੱਤੇ 4.70 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਜ਼ਿੰਕ ਸਲਫ਼ੇਟ ਦੇ ਘੋਲ ਦਾ ਛਿੜਕਾਅ ਅੱਧ ਅਗਸਤ ਵਿੱਚ ਕਰੋ। ਇਹ ਛਿੜਕਾਅ ਉਦੋਂ ਕਰਨਾ ਚਾਹੀਦਾ ਹੈ ਜਦੋਂ ਭਰਪੂਰ ਪੱਤੇ ਨਿੱਕਲੇ ਹੋਣ। ਜ਼ਿੰਕ ਅਤੇ ਮੈਗਨੀਜ਼ ਦੀ ਘਾਟ ਦੀ ਪੂਰਤੀ ਲਈ ਜ਼ਿੰਕ ਸਲਫੇਟ (4.70 ਗ੍ਰਾਮ ਪ੍ਰਤੀ ਲਿਟਰ ਪਾਣੀ) ਅਤੇ ਮੈਂਗਨੀਜ਼ ਸਲਫੇਟ (3.30 ਗ੍ਰਾਮ ਪ੍ਰਤੀ ਲਿਟਰ ਪਾਣੀ) ਨੂੰ ਰਲਾ ਕੇ ਅਖੀਰ ਅਪਰੈਲ ਅਤੇ ਅੱਧ ਅਗਸਤ ਦੌਰਾਨ ਸਪਰੇਅ ਕਰੋ।
*ਫਲ ਵਿਗਿਆਨ ਵਿਭਾਗ, ਪੀਏਯੂ।
ਸੰਪਰਕ: 99158-33793


Comments Off on ਬਰਸਾਤ ਦੇ ਮੌਸਮ ’ਚ ਫਲਦਾਰ ਬੂਟਿਆਂ ਦੀ ਸੰਭਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.