ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼ !    ਕੀ ਅਸੀਂ ਕਦੇ ਜਾਗਾਂਗੇ ? !    ਨਿਵਾਣਾਂ ਵੱਲ ਜਾਂਦੀ ਰਾਜਨੀਤੀ !    ਜਪਾਨ ਤੋਂ ਸਬਕ ਸਿੱਖੇ ਪੰਜਾਬ !    ਤੁਸ਼ਾਮ ਦੀ ਬਾਰਾਂਦਰੀ !    ਠੰਢਾ ਲੋਹਾ !    ਇੱਛਾਵਾਂ ਦੇ ਦਮਨ ਦਾ ਦੁਖਾਂਤ !    ਪੰਜਾਬੀ ਸਿਨੇਮਾ ਦਾ ਇਤਿਹਾਸ !    ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ !    ਗ਼ਜ਼ਲ !    

ਬਚਪਨ ਦੀਆਂ ਯਾਦਾਂ ਦਾ ਸੰਕਲਨ

Posted On August - 11 - 2019

ਡਾ. ਸ਼ਰਨਜੀਤ ਕੌਰ
ਪੁਸਤਕ ‘ਚੇਤਿਆਂ ਦੀ ਚਿਤਵਨ’ (ਕੀਮਤ: 300 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਜਰਨੈਲ ਸਿੰਘ ਸੇਖਾ ਦੀ ਸਵੈ-ਜੀਵਨੀ ਭਾਗ ਦੂਜਾ ਹੈ। ਸਵੈ-ਜੀਵਨੀ ਭਾਗ ਪਹਿਲਾ ‘ਚੇਤਿਆਂ ਦੀ ਚਿਲਮਨ’ ਹੈ ਜਿਸ ਨੂੰ ਪਾਠਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ। ਸਵੈ-ਜੀਵਨੀ ਭਾਗ ਦੂਜਾ ‘ਚੇਤਿਆਂ ਦੀ ਚਿਤਵਨ’ ਵਿਚ ਲੇਖਕ ਨੇ ਅਧਿਆਪਨ ਕਿੱਤਾ, ਸਿਖਲਾਈ ਅਤੇ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਾਉਣ ਦੇ ਸਮੇਂ ਨੂੰ ਅੰਕਿਤ ਕੀਤਾ ਹੈ। ਲੇਖਕ ਨੇ ਉਸੇ ਸਮੇਂ ਵਿਚਲੀਆਂ ਕਾਰਵਾਈਆਂ ਨੂੰ ਪਾਠਕਾਂ ਸਾਹਮਣੇ ਕੀਤਾ ਹੈ। ਲੇਖਕ ਨੇ ਹਥਲੀ ਸਵੈ-ਜੀਵਨੀ ਦੇ ਚੌਵੀ ਭਾਗ ਕੀਤੇ ਹਨ। ਹਰ ਭਾਗ, ਜਿਵੇਂ ਕਿਸੇ ਕਹਾਣੀ ਦਾ ਹਿੱਸਾ ਲੱਗਦਾ ਹੈ। ਭਾਸ਼ਾ ਸਿੱਧੀ-ਸਾਦੀ ਸਪਸ਼ਟ ਹੈ। ਉਸ ਸਮੇਂ ਪੜ੍ਹਾਈ ਨੂੰ ਇਕ ਖ਼ਾਸ ਕਾਰਜ ਸਮਝਿਆ ਜਾਂਦਾ ਸੀ, ਅੰਧ-ਵਿਸ਼ਵਾਸ ਹਰ ਘਰ ਚਲਦਾ ਸੀ। ਪਹਿਲੇ ਹਿੱਸੇ ਵਿਚ ‘ਬੇਬੇ ਮੈਂ ਪਾਸ ਹੋ ਗਿਆ’ ਵਿਚ ਹੀ ਮੁਖਤਿਆਰ ‘ਬਾਲੋ ਮਾਹੀਆ’ ਗਾ ਰਿਹਾ ਸੀ। ਉਹ ਮੈਂ ਪਾਤਰ ਨੂੰ ਕੁੜੀਆਂ-ਮੁੰਡਿਆਂ ਦੇ ਇਕੱਠੇ ਪੜ੍ਹਨ ਦੀ ਗੱਲ ਕਰਦਾ ਹੈ। ਮੁੜ ਉਹ ‘ਬਖੂਹੇ’ ਦੀ ਗੱਲ ਕਰਦਾ ਹੈ- ਮੜ੍ਹੀਆਂ ਮਸਾਣਾਂ ਨੂੰ ਮੰਨਣਾ ਪਿੰਡਾਂ ਵਿਚ ਜਿਵੇਂ ਆਮ ਜਿਹੀ ਗੱਲ ਨਜ਼ਰੀਂ ਪੈਂਦੀ ਹੈ। ਫਿਰ ਜਰਨੈਲ ਸਿੰਘ ਸੇਖਾ ਨੇ ਬਹੁਤ ਹੀ ਵਿਸਥਾਰਤ ਵੇਰਵਿਆਂ ਸੰਗ ਆਪਣੇ ਦਿੱਲੀ ਜਾਣ ਦੀ ਗੱਲ ਲਿਖੀ ਹੈ, ਫਿਰ ਨੌਕਰੀ ਕਿਵੇਂ ਮਿਲੀ?, ਕੱਚੇ ਅਧਿਆਪਕ ਦੀ ਨੌਕਰੀ, ਪਹਿਲੀ ਨਿਯੁਕਤੀ ਅਜ਼ੀਮਗੜ੍ਹ ਵਿਚ ਹੋਈ। ਕਈ ਲੇਖਾਂ ਵਿਚ ਅਤਿ ਸਾਧਾਰਨ ਨਿੱਕੀਆਂ ਗੱਲਾਂ ਵੀ ਲਿਖੀਆਂ ਹਨ ਜੋ ਕੋਈ ਮਾਅਨੇ ਨਹੀਂ ਰੱਖਦੀਆਂ। ਉਂਜ, ਭਾਸ਼ਾ ਵਿਚਲੇ ਕਈ ਮਲਵਈ ਸ਼ਬਦ ਤੁਹਾਡੀ ਸ਼ਬਦਾਵਲੀ ਵਿਚ ਵਾਧਾ ਕਰਦੇ ਹਨ। ਪਿੰਡ ਵਿਚ ਬੋਹੜ, ਜਿਸ ਨੂੰ ‘ਮੁੱਛਲਾਂ ਦਾ ਬੋਹੜ’ ਆਖਦੇ ਹਨ, ਦਾ ਜ਼ਿਕਰ ਲੇਖਕ ਨੇ ਬਾਖ਼ੂਬੀ ਕੀਤਾ ਹੈ। ਇਸ ਲੇਖ ਵਿਚ ਦੱਸਿਆ ਹੈ ਕਿ ਪਿੰਡ ਦੇ ਨਕਸ਼ ਸਮੇਂ ਨਾਲ ਬਦਲ ਚੁੱਕੇ ਸਨ। ਰੂੜੀਆਂ ਤੇ ਗਹੀਰੇ ਖ਼ਤਮ ਹੋ ਚੁੱਕੇ ਸਨ। ਪਾਥੀਆਂ ਪੱਥਣ ਵਾਲੀਆਂ ਥਾਵਾਂ ’ਤੇ ਵੱਡੇ ਵੱਡੇ ਘਰ ਬਣ ਚੁੱਕੇ ਸਨ। ਸਮੇਂ ਦੇ ਬਦਲਾਅ ਦੀ ਗੱਲ ਲੇਖਕ ਨੇ ਬਹੁਤ ਹੀ ਰੌਚਿਕਤਾ ਨਾਲ ਲਿਖੀ ਹੈ।
ਪਿੰਡਾਂ ਵਿਚਲੀਆਂ ਨਿੱਜੀ ਦੁਸ਼ਮਣੀਆਂ, ਆਪਸੀ ਖਿੱਚੋਤਾਣ, ਪਿੰਡਾਂ ਵਿਚਲੀਆਂ ਧੜੇਬਾਜ਼ੀਆਂ ਕਈ ਵਾਰ ਪਿੰਡਾਂ ਵਿਚ ਨੁਕਸਾਨ ਕਰਦੀਆਂ ਹਨ, ਪੁਲੀਸ ਤਕ ਦਖਲਅੰਦਾਜ਼ੀ ਚਲਦੀ ਹੈ ਤੇ ਪੁਲੀਸ ਦੋਵਾਂ ਪਾਰਟੀਆਂ ਤੋਂ ਆਪਣਾ ਫ਼ਾਇਦਾ ਉਠਾਉਂਦੀ ਹੈ। ‘ਚੀਨ ਭਾਰਤ ਜੰਗ’ ਲੇਖ ਵਿਚ ਵਧੀਆ ਜਾਣਕਾਰੀ ਮੁਹੱਈਆ ਕੀਤੀ ਹੈ। ਇਸੇ ਲੇਖ ਵਿਚ ਪੰਚਸ਼ੀਲ ਸਮਝੌਤੇ ਦੀ ਗੱਲ ਵੀ ਕੀਤੀ ਗਈ ਹੈ ਤੇ ਫਿਰ ‘ਭਾਰਤ ਚੀਨ’ ਦੀ ਲੜਾਈ ਦੀ ਗੱਲ ਵੀ ਹੈ ਜਿਸ ਵਿਚ ਚੀਨੀ ਫ਼ੌਜ ਨੇ ਭਾਰਤੀ ਫ਼ੌਜ ਦਾ ਬਹੁਤ ਨੁਕਸਾਨ ਕੀਤਾ। ਅਖੀਰ ਵਿਚ ਲੇਖਕ ਨੇ ‘ਭਾਰਤ-ਪਾਕਿਸਤਾਨ’ ਜੰਗ ਦਾ ਜ਼ਿਕਰ ਵੀ ਕੀਤਾ ਹੈ। ਲੇਖਕ ਦੀ ਇਹ ਜੀਵਨੀ ਪ੍ਰਾਇਮਰੀ ਸਕੂਲਾਂ ਤਕ ਹੀ ਸੀਮਤ ਰਹਿੰਦੀ ਹੈ। ਆਸ ਹੈ ਕਿ ਬਾਕੀ ਵੇਰਵਾ ਉਹ ਸਵੈ-ਜੀਵਨੀ ਦੇ ਅਗਲੇ ਹਿੱਸੇ ਵਿਚ ਲਿਖੇਗਾ।


Comments Off on ਬਚਪਨ ਦੀਆਂ ਯਾਦਾਂ ਦਾ ਸੰਕਲਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.