ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਫਿਕਰ ਤੌਂਸਵੀ ਨੂੰ ਗੁੜਗੁੜਵਾਦ ਸਮਝਾਉਂਦਿਆਂ

Posted On August - 4 - 2019

ਐੱਸ. ਗੁੜਗੁੜਾਵਾਦੀ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਵਿਅੰਗ ਲੇਖਕ ਐੱਸ. ਗੁੜਗੁੜਾਵਾਦੀ ਅਨੁਸਾਰ ਉਸ ਨੂੰ ਬਰਜ਼ਖ (ਸਵਰਗ ਤੇ ਨਰਕ ਵਿਚਕਾਰਲੀ ਥਾਂ/ਸਪੇਸ) ’ਤੇ ਰਹਿੰਦੇ ਵਿਅਕਤੀ/ਰੂਹਾਂ ਮਿਲਣ ਲਈ ਆਉਂਦੇ ਰਹਿੰਦੇ ਹਨ। ਉਸ ਨੇ ਪਹਿਲੇ ਲੇਖਾਂ ਵਿਚ ਦੱਸਿਆ ਕਿ ਪੰਜਾਬੀ ਕਵੀ ਪ੍ਰਮਿੰਦਰਜੀਤ, ਹਿੰਦੀ ਕਵੀ ਕੁਮਾਰ ਵਿਕਲ ਤੇ ਚਿੰਤਕ ਸਤਿਆਪਾਲ ਗੌਤਮ ਬਰਜ਼ਖ ਤੋਂ ਉਸ ਨੂੰ ਮਿਲਣ ਆਏ। ਪਿਛਲੇ ਦਿਨੀਂ ਉਰਦੂ ਦੇ ਮਸ਼ਹੂਰ ਵਿਅੰਗਕਾਰ ਫਿਕਰ ਤੌਂਸਵੀ ਸਾਹਿਬ ਉਸ ਨੂੰ ਮਿਲਣ ਆਏ। ਫਿਕਰ ਤੌਂਸਵੀ ਉਰਦੂ ਅਖ਼ਬਾਰਾਂ ‘ਨਇਆ ਜ਼ਮਾਨਾ’ ਤੇ ‘ਮਿਲਾਪ’ ਵਿਚ ਵਿਅੰਗ ਦਾ ਮਸ਼ਹੂਰ ਕਾਲਮ ‘ਪਿਆਜ਼ ਕੇ ਛਿਲਕੇ’ ਲਿਖਦੇ ਹੁੰਦੇ ਸਨ। ਉਹ 1987 ਵਿਚ ਬਰਜ਼ਖ ਵਿਚ ਜਾ ਬਿਰਾਜੇ। ਪਿਛਲੇ ਲੇਖ ਵਿਚ ਗੁੜਗੁੜਵਾਦ ਦੇ ਬੁਨਿਆਦੀ ਅਸੂਲ ਦੱਸੇ ਗਏ। ਪੇਸ਼ ਹੈ ਮੁਲਾਕਾਤ ਦਾ ਦੂਸਰਾ ਹਿੱਸਾ:

ਚਿੱਤਰ: ਸੰਦੀਪ ਜੋਸ਼ੀ

ਡਰਾਇੰਗ ਰੂਮ ਵਿਚ ਬਰਜ਼ਖ ਤੋਂ ਪਧਾਰੇ ਫਿਕਰ ਤੌਂਸਵੀ ਸਾਹਿਬ ਨੇ ਕੁਰਸੀ ’ਤੇ ਬੈਠਿਆਂ ਬੈਠਿਆਂ ਹੀ ਆਪਣਾ ਬਰਜ਼ਖੀ ਸਰੀਰ/ਰੂਹ ਹਿਲਾਇਆ ਤੇ ਪੁੱਛਿਆ, ‘‘ਕੋਈ ਉਰਦੂ ਦਾ ਮੈਗਜ਼ੀਨ ਨਿਕਲਦੈ ਪੰਜਾਬ ਵਿਚ?’’ ਮੈਂ ਕਿਹਾ, ‘‘ਰੱਬ ਰੱਬ ਕਰੋ ਜੀ, ਉਰਦੂ ਦਾ ਇਕ ਅੱਧਾ ਅਖ਼ਬਾਰ ਮਸਾਂ ਨਿਕਲਦੈ। ਰਸਾਲੇ ਤਾਂ ਸਾਰੇ ਬੰਦ ਨੇ।’’ ‘‘ਤੇ ਪੰਜਾਬੀ ਦੇ?’’ ਉਨ੍ਹਾਂ ਪੁੱਛਿਆ। ਮੈਂ ਕਿਹਾ, ‘‘ਪੰਜਾਬੀ ਦੇ ਤੇ ਬਹੁਤ ਜੀ… ਪੰਜਾਬੀ ਸਾਹਿਤ ਤੇ ਭਾਸ਼ਾ ਤੇ ਏਸ ਵੇਲੇ ਬੁਲੰਦੀਆਂ ’ਤੇ ਨੇ।’’ ‘‘ਉਹ ਕਿਵੇਂ?’’ ਫਿਕਰ ਨੇ ਸਵਾਲ ਕੀਤਾ। ਮੈਂ ਦੱਸਿਆ, ‘‘ਏਥੇ ਇਕ ਖ਼ਾਸ ਗੁੜਗੁੜਾਵਾਦੀ ਵਰਤਾਰਾ ਵਾਪਰ ਰਿਹੈ। ਹਰ ਪੰਜਾਬੀ ਨੂੰ ਫ਼ਿਕਰ ਐ ਉਹ ਕਿਵੇਂ ਨਾ ਕਿਵੇਂ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ, ਦੁਬਈ ਪਹੁੰਚ ਜਾਏ… ਬਹੁਤੇ ਕੈਨੇਡਾ ਪਹੁੰਚ ਗਏ ਆ… ਕੈਨੇਡਾ, ਅਮਰੀਕਾ ’ਚ ਉਹ ਮੌਜ-ਬਹਾਰਾਂ ਨੇ ਕਿ ਰਹੇ ਰੱਬ ਦਾ ਨਾਂ…। ਬਹੁਤੇ ਪੰਜਾਬੀ ਲੇਖਕ ਵੀ ਕੈਨੇਡਾ, ਅਮਰੀਕਾ ’ਚ ਨੇ। ਜਿਹੜਾ ਖ਼ੁਦ ਓਥੇ ਨਹੀਂ ਪਹੁੰਚ ਸਕਿਆ ਉਹਨੇ ਆਪਣੇ ਧੀਆਂ ਪੁੱਤਰ ਓਥੇ ਭੇਜ ਦਿੱਤੇ ਆ। ਏਸ ਕਰਕੇ ਗਰਮੀਆਂ ਵਿਚ ਤੇ ਪੰਜਾਬੀ ਲੇਖਕ ਪੰਜਾਬ ’ਚ ਦਿੱਸਦਾ ਈ ਨਹੀਂ। 90 ਫ਼ੀਸਦੀ ਕੈਨੇਡਾ, ਅਮਰੀਕਾ, ਆਸਟਰੇਲੀਆ ’ਚ ਹੁੰਦੇ ਆ ਧੀਆਂ ਪੁੱਤਰਾਂ ਕੋਲ।’’
‘‘ਪਰ ਇਹਦਾ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਤਰੱਕੀ ਨਾਲ ਕੀ ਤਾਅਲੁੱਕ ਐ?’’ ਫਿਕਰ ਸਾਹਿਬ ਬੁੜਬੁੜਾਏ। ‘‘ਬਹੁਤ ਗਹਿਰਾ ਤਾਅਲੁੱਕ ਐ ਜੀ,’’ ਮੈਂ ਦੱਸਿਆ। ‘‘ਜਦ ਕੋਈ ਪੰਜਾਬੀ ਕੈਨੇਡਾ, ਅਮਰੀਕਾ, ਇੰਗਲੈਂਡ ਪਹੁੰਚ ਜਾਂਦੈ ਤਾਂ ਉਸ ਨੂੰ ਉਸ ਵੇਲੇ ਅਹਿਸਾਸ ਹੁੰਦੈ ਕਿ ਸਾਡੀ ਭਾਸ਼ਾ, ਧਰਮ, ਸਾਹਿਤ, ਵਿਰਸਾ, ਸਭਿਆਚਾਰ ਖ਼ਤਰੇ ’ਚ ਹਨ… ਬਸ ਫਿਰ ਕੀ, ਉਹਦੇ ਸਿਰ ’ਤੇ ਗੁੜਗੁੜਾਵਾਦ ਸਵਾਰ ਹੋ ਜਾਂਦੈ। ਉਹ ਏਧਰ ਦੇ ਲੇਖਕਾਂ, ਧਰਮ ਪ੍ਰਚਾਰਕਾਂ, ਕਲਾਕਾਰਾਂ, ਸੰਪਾਦਕਾਂ ਨੂੰ ਦੇ ਡਾਲਰ ਤੇ ਡਾਲਰ ਭੇਜਦੈ। ਦੂਜੇ ਖੇਤਰਾਂ ਬਾਰੇ ਮੈਨੂੰ ਜ਼ਿਆਦਾ ਪਤਾ ਨਹੀਂ, ਪਰ ਲੇਖਕਾਂ ਦਾ ਪਤਾ। ਹਰ ਲੇਖਕ ਜਦ ਕੈਨੇਡਾ, ਆਸਟਰੇਲੀਆ ਪਹੁੰਚਦੈ ਤਾਂ ਉਸ ਦੇ ਅੰਦਰ ਪੰਜਾਬ ਲਈ ਗੁੜਗੁੜਾਵਾਦੀ ਮੋਹ ਜਾਗ ਉੱਠਦੈ। ਉਹ ਉੱਚੀ ਚੀਖਾਂ ਮਾਰਦੈ, ‘‘ਉਏ, ਪੰਜਾਬੀ ਭਾਸ਼ਾ ਖ਼ਤਰੇ ’ਚ ਹੈ, ਸਾਡਾ ਸਾਹਿਤ, ਸਭਿਆਚਾਰ ਖ਼ਤਰੇ ’ਚ ਐ! …ਹਾਏ, ਮੈਂ ਕੈਨੇਡਾ ਕਿਉਂ ਆ ਗਿਆ?’’ ਫਿਰ ਉਹ ਖਾਲਸ ਗੁੜਗੁੜਾਵਾਦੀ ਕਵਿਤਾ, ਕਹਾਣੀਆਂ, ਗ਼ਜ਼ਲਾਂ, ਲੇਖ ਲਿਖਦੈ।’’ ‘‘ਇਨ੍ਹਾਂ ਸ਼ਾਇਰਾਂ ਵਿਚੋਂ ਕਿਸੇ ਦੀ ਕੋਈ ਨਜ਼ਮ ਸੁਣਾ,’’ ਫਿਕਰ ਸਾਹਿਬ ਬੋਲੇ।
‘‘ਹੂੰ ਹੂੰ…’’ ਮੈਂ ਗਲਾ ਸਾਫ਼ ਕੀਤਾ ਤੇ ਇਕ ਪਰਵਾਸੀ ਕਵੀ ਦੀ ਕਵਿਤਾ ਸੁਣਾਉਣੀ ਸ਼ੁਰੂ ਕੀਤੀ:
ਕਿੱਥੇ ਇਹ ਠੰਢਾ ਦੇਸ਼, ਕਿੱਥੇ ਮੇਰਾ ਪੰਜਾਬ ਜੀ
ਕਲ ਕਲ ਵਗਦੇ ਦਰਿਆ, ਉਹ ਸੋਹਣੇ ਸੋਹਣੇ ਖ਼ਾਬ ਜੀ
ਬਜ਼ਾਰਾਂ, ਥਾਣਿਆਂ ’ਚ ਵੱਜਦੀਆਂ ਮੁਫ਼ਤ ਜੁੱਤੀਆਂ
ਜ਼ੋਰਾਵਰਾਂ ਤੇ ਪੁਲੀਸ ਦੀਆਂ ਗਾਲ੍ਹਾਂ ਮਿੱਠੀਆਂ
ਰਿਸ਼ਵਤਾਂ ਲੈਂਦੇ ਅਜ਼ੀਮ ਅਹਿਲਕਾਰ ਜੀ
ਸੁੱਤੀ ਸੁੱਤੀ ਰਹਿੰਦੀ ਜਿੱਥੇ ਸਰਕਾਰ ਜੀ
ਜਿੱਥੇ ਪਹੁੰਚਦਾ ਨਸ਼ਾ ਘਰ ਘਰ ਜੀ
ਹਰ ਕੋਈ ਜਿੱਥੇ ਜੀਵੇ ਡਰ ਡਰ ਜੀ
ਕਿੱਥੇ ਇਹ ਦੇਸ਼, ਕਿੱਥੇ ਉਹ ਮੇਰਾ ਰੰਗਲਾ ਪੰਜਾਬ ਜੀ

ਨਹੀਂ ਰਹਿਣਾ ਮੈਂ ਪਰਦੇਸੀਂ
ਵਾਪਸ ਪੰਜਾਬ ਜਾਵਣਾ
ਦਰ ਬੇਬੇ ਦਾ ਮੁੜ ਖੜਕਾਵਣਾ
ਵਾਪਸ ਪੰਜਾਬ ਜਾਵਣਾ…
ਵਾਪਸ ਪੰਜਾਬ ਜਾਵਣਾ…
‘‘ਤੇ ਫਿਰ ਕੀ ਇਹ ਕਵੀ, ਲੇਖਕ ਵਾਪਸ ਪੰਜਾਬ ਆ ਜਾਂਦੇ ਆ?’’ ਫਿਕਰ ਜੀ ਬੋਲੇ। ‘‘ਓ…ਹੋ…’’ ਮੈਨੂੰ ਗੁੱਸਾ ਆ ਗਿਆ, ਮੈਂ ਕਿਹਾ, ‘‘ਰਾਮ ਲਾਲ ਜੀ (ਫਿਕਰ ਤੌਂਸਵੀ ਦਾ ਅਸਲੀ ਨਾਮ ਰਾਮ ਲਾਲ ਸੀ। ਫਿਕਰ ਤੌਂਸਵੀ ਕਲਮੀ ਨਾਮ ਸੀ), ਤੁਸੀਂ ਸਮਝਦੇ ਕਿਉਂ ਨਹੀਂ… ਇਹ ਸਾਰੇ ਲੇਖਕ ਗੁੜਗੁੜਾਵਾਦੀ ਨੇ… ਗੁੜਗੁੜਾਵਾਦ ਦੀ ਸਿਖ਼ਰ, ਸਭ ਤੋਂ ਵਧੀਆ ਮਿਸਾਲ… ਉਹ ਗੁੜਗੁੜਾਵਾਦ ਦੇ ਅਸਲੇ ਨੂੰ ਸਮਝਦੇ ਨੇ: ਭਾਵ ਜੋ ਕਹੋ, ਉਹ ਕਦੇ ਨਾ ਕਰੋ… ਜੋ ਕਰੋ ਉਹ ਕਿਸੇ ਨੂੰ ਨਾ ਦੱਸੋ… ਝੂਠਾ ਫ਼ਿਕਰ ਕਰੋ, ਝੂਠਾ ਪਿਆਰ… ਪਿਆਰੇ ਫਿਕਰ ਜੀ, ਏਹੋ ਹੈ ਗੁੜਗੁੜਾਵਾਦ।’’
ਫਿਕਰ ਜੀ ਕੁਰਸੀ ’ਤੇ ਬੈਠੇ ਹੋਰ ਟੇਢੇ ਹੋ ਗਏ ਤੇ ਬੋਲੇ, ‘‘ਫਿਰ ਸਮਾਜ ਕਿਵੇਂ ਬਦਲੇਗਾ… ਤਰੱਕੀ ਕਿਵੇਂ ਹੋਵੇਗੀ?’’ ਫਿਕਰ ਸਾਹਿਬ ਸਾਰੀ ਉਮਰ ਕਮਿਊਨਿਸਟ ਰਹੇ। ਉਨ੍ਹਾਂ ਦੇ ਮਨ ਵਿਚ ਹਮੇਸ਼ਾ ਸਮਾਜ ਨੂੰ ਬਦਲਣ ਦੀਆਂ ਤਦਬੀਰਾਂ ਘੜਮੱਸ ਮਚਾਈ ਰੱਖਦੀਆਂ। ਮੈਂ ਉਨ੍ਹਾਂ ਨੂੰ ਦੱਸਿਆ, ‘‘ਵੇਖੋ ਫਿਕਰ ਸਾਹਿਬ, ਤੁਸੀਂ ਸੋਚਦੇ ਸੀ ਲਿਖਣ ਨਾਲ ਸਮਾਜ ਬਦਲੇਗਾ। ਗੁੜਗੁੜਾਵਾਦੀ ਲੇਖਕ ਸੋਚਦੇ ਨੇ ਕਿ ਸਮਾਜ ਬਦਲਣਾ ਈ ਨਹੀਂ ਚਾਹੀਦਾ; ਜਦ ਧਰਤੀ ਦੀ ਗਤੀ ਨਹੀਂ ਬਦਲਦੀ, ਸੂਰਜ ਦਾ ਧੁੱਪ ਦੇਣ ਦਾ ਮਿਜਾਜ਼ ਨਹੀਂ ਬਦਲਦਾ ਤਾਂ ਸਮਾਜ ਕਿਉਂ ਬਦਲੇ? ਗੁੜਗੁੜਾਵਾਦ ਅਨੁਸਾਰ ਗ਼ਰੀਬਾਂ ਨੂੰ ਗ਼ਰੀਬ ਤੇ ਅਮੀਰਾਂ ਨੂੰ ਅਮੀਰ ਰਹਿਣਾ ਚਾਹੀਦਾ ਹੈ। ਤਰੱਕੀ ਸਿਰਫ਼ ਉਸਦੀ ਹੋਵੇਗੀ ਜਿਹੜਾ ਗੁੜਗੁੜਾਵਾਦੀ ਅਸੂਲਾਂ ’ਤੇ ਚੱਲੇਗਾ।’’
ਫਿਕਰ ਹੋਰਾਂ ਪੁੱਛਿਆ, ‘‘ਪਰ ਅਸੀਂ ਤਰੱਕੀਪਸੰਦ ਲੇਖਕ ਤਾਂ ਸਮਝਦੇ ਸਾਂ ਕਿ ਸਮਾਜ ਬਦਲੇਗਾ… ਅੱਛਾ, ਪੰਜਾਬ ਦੇ ਤਰੱਕੀਪਸੰਦਾਂ ਦਾ ਕੀ ਹਾਲ ਹੈ?’’ ਮੈਂ ਦੱਸਿਆ, ‘‘ਜੀ ਬਹੁਤ ਵਧੀਆ ਐ; ਪੰਜਾਬੀ ਦੇ ਤਰੱਕੀਪਸੰਦਾਂ ਨੇ ਤਰੱਕੀਪਸੰਦ ਭਾਸ਼ਾ ਈਜਾਦ ਕਰ ਲਈ ਹੈ ਇਸ ਨੂੰ ‘ਨਵੀਂ ਪੰਜਾਬੀ’ ਕਿਹਾ ਜਾਂਦਾ ਹੈ; ਇਹ ਜਾਂ ਤੇ ਲਿਖਣ ਵਾਲੇ ਨੂੰ ਸਮਝ ਆਉਂਦੀ ਹੈ ਜਾਂ ਲਿਖਣ ਵਾਲੇ ਡਾਕਟਰ ਦੇ ਸ਼ਾਗਿਰਦਾਂ ਨੂੰ; ਆਮ ਲੋਕਾਂ ਨੂੰ ਬਿਲਕੁਲ ਨਹੀਂ।’’ ਫਿਕਰ ਨੇ ਕਿਹਾ, ‘‘ਇਹ ਕੀ ਗੱਲ ਹੋਈ, ਤਰੱਕੀਪਸੰਦ ਲੇਖਕਾਂ ਤੇ ਆਲੋਚਕਾਂ ਦੀ ਭਾਸ਼ਾ ਤਾਂ ਆਮ ਲੋਕਾਂ ਦੀ ਭਾਸ਼ਾ ਹੋਣੀ ਚਾਹੀਦੀ ਐ; ਇਹ ਆਮ ਲੋਕਾਂ ਨੂੰ ਸਮਝ ਆਉਣੀ ਚਾਹੀਦੀ ਹੈ।’’ ਮੈਂ ਉਨ੍ਹਾਂ ਨੂੰ ਦੱਸਿਆ, ‘‘ਪੰਜਾਬੀ ਦੇ ਤਰੱਕੀਪਸੰਦ ਇਹ ਸਮਝਦੇ ਹਨ ਕਿ ਉਹ ਬਹੁਤ ਤਰੱਕੀ ਕਰ ਚੁੱਕੇ ਹਨ ਇਸ ਲਈ ਉਨ੍ਹਾਂ ਦੀ ਭਾਸ਼ਾ ਵੀ ਤਰੱਕੀ ਕਰ ਚੁੱਕੀ ਹੈ… ਤੇ ਤਰੱਕੀਪਸੰਦ ਭਾਸ਼ਾ ਸਿਰਫ਼ ਤਰੱਕੀਪਸੰਦ ਲੋਕਾਂ ਨੂੰ ਹੀ ਸਮਝ ਆ ਸਕਦੀ ਐ; ਪੰਜਾਬ ਦੇ ਆਮ ਲੋਕ ਤਾਂ ਕਲਚਰ, ਸਭਿਆਚਾਰ, ਭਾਸ਼ਾ ਦੇ ਪੱਖ ਤੋਂ ਪਛੜੇ ਹੋਏ ਨੇ। ਉਨ੍ਹਾਂ ਨੂੰ ਇਹ ‘ਨਵੀਂ ਪੰਜਾਬੀ’ ਸਮਝ ਨਹੀਂ ਆਉਂਦੀ।’’ ‘‘ਅਜਿਹੇ ਲੋਕ ਤਰੱਕੀਪਸੰਦ ਨਹੀਂ ਹੋ ਸਕਦੇ!’’ ਫਿਕਰ ਸਾਹਿਬ ਚੀਖੇ। ‘‘ਇਹ ਲੋਕ ਤਰੱਕੀਪਸੰਦ ਹਨ!’’ ਮੈਂ ਵੀ ਓਨੀ ਹੀ ਉੱਚੀ ਦਹਾੜਿਆ, ‘‘ਇਨ੍ਹਾਂ ਤਰੱਕੀਪਸੰਦਾਂ ’ਤੇ ਵੱਖ ਵੱਖ ਪਾਰਟੀਆਂ ਦੀ ਮੁਹਰ ਲੱਗੀ ਹੋਈ ਹੈ; ਹਰ ਪਾਰਟੀ ਦੇ ਤਰੱਕੀਪਸੰਦ ਦੂਜਿਆਂ ਨੂੰ ਗ਼ਲਤ, ਪਿਛੜੇ ਹੋਏ, ਸੋਧਵਾਦੀ ਤੇ ਮੂਰਖ ਦੱਸਦੇ ਹਨ।’’
ਮੈਂ ਹੋਰ ਦੱਸਿਆ, ‘‘ਇਨ੍ਹਾਂ ਤਰੱਕੀਪਸੰਦਾਂ ’ਤੇ ਗੁੜਗੁੜਵਾਦ ਦਾ ਅਸਰ ਹੋ ਚੁੱਕੈ। ਉਨ੍ਹਾਂ ਦਾ ਸਮਾਜ ਦੀ ਤਰੱਕੀ ਨਾਲ ਕੋਈ ਤਾਅਲੁੱਕ ਨਹੀਂ; ਤਰੱਕੀਪਸੰਦ ਸੋਚ ਤੋਂ ਇਨ੍ਹਾਂ ਦਾ ਮਤਲਬ ਹੈ ਆਪਣੀ ਜਾਂ ਆਪਣੇ ਚੇਲਿਆਂ ਦੀ ਤਰੱਕੀ; ਗੱਲ ਵਿਚੋਂ ਕੈਨੇਡਾ, ਅਮਰੀਕਾ ਪਹੁੰਚਣ ਜਾਂ ਆਪਣੇ ਨਿਆਣਿਆਂ ਨੂੰ ਅਮਰੀਕਾ, ਕੈਨੇਡਾ ਪਹੁੰਚਾਉਣ ਦੀ ਹੈ, ਪਰ ਲਿਬਾਸ ਉਹਨੂੰ ਪ੍ਰਗਤੀਸ਼ੀਲ ਪਹਿਨਾਇਆ ਜਾਂਦੈ। ਅਮਰੀਕਾ, ਕੈਨੇਡਾ ਤੇ ਸਾਮਰਾਜਵਾਦ ਨੂੰ ਬਹੁਤ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ, ਪਰ ਚਾਲੇ ਵੀ ਇਨ੍ਹਾਂ ਦੇਸ਼ਾਂ ਨੂੰ ਪਾਏ ਜਾਂਦੇ ਹਨ। ਮਸ਼ਹੂਰ ਪੰਜਾਬੀ ਆਲੋਚਕ ਸੁਰਜੀਤ ਹਾਂਸ ਅਨੁਸਾਰ ਸਾਡੇ ਤਰੱਕੀਪਸੰਦ ਸਾਮਰਾਜ ਦੀ ਹਿੱਕ ’ਤੇ ਬਹਿ ਕੇ ਮੂੰਗ ਦਲਦੇ ਨੇ। ਤੁਸੀਂ ਤੇ ਫਿਕਰ ਸਾਹਿਬ ਐਵੇਂ ਦਿੱਲੀ ਵਿਚ ਖ਼ਾਕ ਛਾਣਦੇ ਰਹੇ, …ਤੁਹਾਨੂੰ ਤਾਂ ਤਰੱਕੀਪਸੰਦ ਸੋਚ ਦੇ ਭੇਤ ਵੀ ਪਤਾ ਈ ਨਹੀਂ ਲੱਗੇ।’’
‘‘ਬਕਵਾਸ ਬੰਦ ਕਰ!’’ ਫਿਕਰ ਹੋਰਾਂ ਨੂੰ ਤਰੱਕੀਪਸੰਦਾਂ ਵਿਰੁੱਧ ਗੱਲਾਂ ਸੁਣ ਕੇ ਗੁੱਸਾ ਆ ਗਿਆ। ‘‘ਟੁੱਟੇ ਛਿੱਤਰ ਵਰਗਾ ਤੇਰਾ ਮੂੰਹ ਐ ਤੇ ਗੱਲਾਂ ਵੇਖੋ… ਆਸਮਾਨ ਨੂੰ ਟਾਕੀ ਲਾਉਂਦੈ। … ਤੇਰੇ ਵਰਗੇ ਬੰਦੇ ਤਾਂ, ਕਾਕਾ, ਸਾਡੇ ਸਮਿਆਂ ’ਚ, ਸਕੂਲਾਂ ਅੱਗੇ ਮੁਰਮੁਰਾ ਵੇਚਦੇ ਹੁੰਦੇ ਸੀ! ਜੇ ਤਰੱਕੀਪਸੰਦ ਪੰਜਾਬ ਛੱਡ ਕੇ ਜਾ ਰਹੇ ਨੇ ਤਾਂ ਜ਼ਰੂੁਰ ਕੋਈ ਕਾਰਨ ਹੋਵੇਗਾ।’’ ਮੈਂ ਕਿਹਾ, ‘‘ਸਰ, ਕਾਰਨ ਤੇ ਬਹੁਤ ਨੇ… ਬੇਰੁਜ਼ਗਾਰੀ, ਨਸ਼ਿਆਂ ਦਾ ਫੈਲਾਓ, ਵੱਡੇ ਛੋਟੇ ਪੱਧਰ ’ਤੇ ਰਿਸ਼ਵਤਖੋਰੀ, ਨਿਕੰਮੀ ਸਿਆਸੀ ਜਮਾਤ, ਖੋਖਲਾ ਵਿਦਿਅਕ ਢਾਂਚਾ, ਪੁਲੀਸ ਦਾ ਮਾੜਾ ਵਰਤਾਉ… ਪੰਜਾਬ ’ਚ ਰੱਖਿਆ ਈ ਕੀ ਐ… ਜੇ ਮੇਰਾ ਮੂੰਹ ਟੁੱਟੇ ਛਿੱਤਰ ਵਰਗਾ ਜਾਂ ਫਿੱਸੇ ਹੋਏ ਟਮਾਟਰ ਵਰਗਾ ਜਾਂ ਗਲੇ ਸੜੇ ਬਤਾਊਂ ਵਰਗਾ ਐ ਤਾਂ ਤੁਸੀਂ ਆਪ ਸਮਝ ਲਉ, ਪੰਜਾਬ ਦਾ ਮੂੰਹ ਕਿੱਦਾਂ ਦਾ ਹੋਵੇਗਾ?’’ ‘‘ਹੱਛਾ’’ ਫਿਕਰ ਨੇ ਕਿਹਾ, ‘‘ਮੈਂ ਸੱਜਾਦ ਜ਼ਹੀਰ ਨੂੰ ਕਹਾਂਗਾ ਕਿ ਧਰਤੀ ’ਤੇ ਫੇਰਾ ਮਾਰੇ ਤੇ ਇਨ੍ਹਾਂ ਲੋਕਾਂ ਨੂੰ ਸਮਝਾਏ…।’’
ਗੱਲ ਅਧੂਰੀ ਰਹਿ ਗਈ। ਫਿਕਰ ਸਾਹਿਬ ਦੀ ਨਜ਼ਰ ਸਾਹਮਣੇ ਲੱਗੀ ਘੜੀ ’ਤੇ ਪੈ ਗਈ ਸੀ। ਉਨ੍ਹਾਂ ਕਿਹਾ, ‘‘ਓ ਹੋ… ਇੰਨਾ ਸਮਾਂ ਹੋ ਗਿਆ? …ਮੈਂ ਤੇ ਬਰਜ਼ਖੀ ਪੁਲੀਸ ਦੇ ਹਵਾਲਦਾਰ ਨੂੰ ਸ਼ਰਾਬ ਦੀ ਇਕ ਬੋਤਲ ਰਿਸ਼ਵਤ ਦੇ ਕੇ ਇਕ ਘੰਟੇ ਲਈ ਧਰਤੀ ’ਤੇ ਆਇਆ ਸੀ… ਤੂੰ ਦੋ ਘੰਟੇ ਮੇਰਾ ਸਿਰ ਖਾ ਲਿਆ।’’ ਮੈਂ ਸੋਚਿਆ ਚੱਲੋ ਚੰਗਾ ਐ ਕਿ ਉਹ ਚਲੇ ਜਾਣ (ਹਰ ਗੁੜਗੁੜਾਵਾਦੀ ਆਪਣੇ ਮਹਿਮਾਨਾਂ ਤੋਂ ਜਲਦੀ ਤੋਂ ਜਲਦੀ ਛੁਟਕਾਰਾ ਪਾਉਣਾ ਚਾਹੁੰਦਾ ਹੈ) ਪਰ ਫਿਰ ਵੀ ਗੱਲਾਂ ਕਰਨ ਦੀ ਚੇਟਕ ਕਾਰਨ ਮੈਂ ਕਹਿਣੋਂ ਰੁਕ ਨਾ ਸਕਿਆ, ‘‘ਕੀ ਕਿਹਾ ਜੇ… ਇਕ ਬੋਤਲ ਸ਼ਰਾਬ ਦੀ ਰਿਸ਼ਵਤ ਦੇ ਕੇ ਆਏ ਜੇ?’’ ‘‘ਹਾਂ ਭਾਈ, ਵਧੀਆ ਬਰਜ਼ਖੀ ਸ਼ਰਾਬ ਦੀ ਪੂਰੀ ਇਕ ਬੋਤਲ!’’ ਫਿਕਰ ਤੌਂਸਵੀ ਨੇ ਫਰਮਾਇਆ। ਮੈਂ ਕਿਹਾ, ‘‘ਮੈਂ ਸਮਝ ਗਿਆ ਜੀ, ਬਰਜ਼ਖ ਤੇ ਪੰਜਾਬ ਤੋਂ ਬਹੁਤ ਪਿਛੜਿਆ ਲੱਗਦੈ’’। ‘‘ਉਹ ਕਿਵੇਂ?’’ ਫਿਕਰ ਨੇ ਪੁੱਛਿਆ। ਮੈਂ ਕਿਹਾ, ‘‘ਫਿਕਰ ਸਾਹਿਬ, ਏਨੀ ਘੱਟ ਰਿਸ਼ਵਤ ਵੱਲ ਤੇ ਹਿੰਦੋਸਤਾਨ ਦੇ ਕਿਸੇ ਸੂਬੇ ਦਾ ਸਿਪਾਹੀ ਤਕ ਵੇਖਦਾ ਵੀ ਨਹੀਂ, ਪੰਜਾਬ ਪੁਲੀਸ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਏਥੇ ਤਾਂ ਗੱਲ ਹਜ਼ਾਰਾਂ, ਲੱਖਾਂ ਰੁਪਈਆਂ ਵਿਚ ਹੁੰਦੀ ਐ।’’ ਮੈਂ ਸਮਝ ਗਿਆ ਕਿ ਗੁੜਗੁੜਾਵਾਦੀ ਹਿਸਾਬ ਨਾਲ ਹਿੰਦੋਸਤਾਨ ਤੇ ਪੰਜਾਬ ਬਹੁਤ ਤਰੱਕੀ ਕਰ ਚੁੱਕੇ ਹਨ ਪਰ ਬਰਜ਼ਖ ਅਜੇ ਪਛੜੀ ਹੋਈ ਧਰਤ ਹੈ… ਜਿੱਥੇ ਹੌਲਦਾਰ ਸ਼ਰਾਬ ਦੀ ਇਕ ਬੋਤਲ ਰਿਸ਼ਵਤ ਲੈ ਕੇ ਸਰਹੱਦ ਲੰਘਣ ਦੇਵੇ ਉਸ ਧਰਤ ’ਤੇ ਹਾਲਾਤ ਕਿੱਦਾਂ ਦੇ ਹੋਣਗੇ? ਮੈਂ ਫਿਕਰ ਸਾਹਿਬ ਨਾਲ ਗੁੜਗੁੜਾਵਾਦੀ (ਫੋਕੀ) ਹਮਦਰਦੀ ਜਤਾਉਣੀ ਚਾਹੀ ਪਰ ਫਿਕਰ ਸਾਹਿਬ ਬਰਜ਼ਖੀ ਤਾਕਤ ਨਾਲ ਛੂੰ ਕਰਕੇ ਮੇਰੇ ਕਮਰੇ ਵਿਚੋਂ ਗਾਇਬ ਹੋ ਗਏ। ਮੈਂ ਫਿਰ ਆਪਣੇ ਗੁੜਗੁੜਾਵਾਦੀ ਵਿਚਾਰਾਂ ਦੀ ਜੁਗਾਲੀ ਕਰਨ ਲੱਗਾ। ਬਾਹਰ ਡੂੰਘਾ ਹਨੇਰਾ ਸੀ।


Comments Off on ਫਿਕਰ ਤੌਂਸਵੀ ਨੂੰ ਗੁੜਗੁੜਵਾਦ ਸਮਝਾਉਂਦਿਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.