ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਪੰਜਾਬ ਵਿਚ ਕੁਦਰਤੀ ਖੇਤੀ ਦੀਆਂ ਸੰਭਾਵਨਾਵਾਂ

Posted On August - 10 - 2019

ਡਾ. ਰਣਜੀਤ ਸਿੰਘ

ਕੁਦਰਤੀ ਖੇਤੀ ਕੇਵਲ ਰਸਾਇਣਾਂ ਦੀ ਵਰਤੋਂ ਹੀ ਬੰਦ ਕਰਨਾ ਨਹੀਂ ਹੈ ਸਗੋਂ ਉਸ ਕੁਦਰਤੀ ਚੱਕਰ ਨੂੰ ਵਿਕਸਤ ਕਰਨ ਦੀ ਲੋੜ ਹੈ ਜਿਹੜਾ ਸਥਾਈ ਖੇਤੀ ਨੂੰ ਸੁਰਜੀਤ ਕਰ ਸਕੇ। ਇਸ ਬਦਲਾਅ ਲਈ ਘੱਟੋ-ਘੱਟ ਤਿੰਨ ਸਾਲ ਦਾ ਸਮਾਂ ਲਗਦਾ ਹੈ। ਮਾਹਿਰਾਂ ਦਾ ਆਖਣਾ ਹੈ ਕਿ ਪਹਿਲੇ ਸਾਲ ਝਾੜ ਚੋਖਾ ਘੱਟ ਪ੍ਰਾਪਤ ਹੁੰਦਾ ਹੈ। ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਦੂਜੇ ਸਾਲ ਝਾੜ ਵਿਚ ਵਾਧਾ ਹੁੰਦਾ ਹੈ ਅਤੇ ਤੀਜੇ ਸਾਲ ਇਹ ਮੁੜ ਪਹਿਲੀ ਥਾਵੇਂ ਆ ਜਾਂਦਾ ਹੈ। ਪੰਜਾਬ ਦੀ ਖੇਤੀ ਨੂੰ ਨਵਾਂ ਮੋੜ ਕੁਦਰਤੀ ਖੇਤੀ ਜਿਸ ਨੂੰ ‘ਆਰਗੈਨਿਕ ਖੇਤੀ’ ਆਖਿਆ ਜਾਂਦਾ ਹੈ, ਨਾਲ ਦਿੱਤਾ ਜਾ ਸਕਦਾ ਹੈ। ‘ਆਰਗੈਨਿਕ ਉਪਜ’ ਦੀ ਮੰਗ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਲੋਕਾਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਵਧ ਰਹੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਵਿਸ਼ਵ ਮੰਡੀ ਵਿਚ ‘ਆਰਗੈਨਿਕ ਉਪਜ’ ਦੀ ਮੰਗ ਵਿਚ 43 ਫ਼ੀਸਦੀ ਵਾਧਾ ਹੋਇਆ ਹੈ। ਸਾਲ 2002 ਵਿਚ ਇਹ ਵਪਾਰ 23 ਬਿਲੀਅਨ ਅਮਰੀਕੀ ਡਾਲਰ ਦਾ ਸੀ ਜਿਹੜਾ 2005 ਵਿਚ ਵਧ ਕੇ 33 ਬਿਲੀਅਨ ਡਾਲਰ ਦਾ ਹੋ ਗਿਆ ਸੀ। ਭਾਰਤ ਵਿਚ ਕੇਵਲ ਦੇਸ਼ ਦੇ 10 ਪ੍ਰਮੁੱਖ ਸ਼ਹਿਰਾਂ ਵਿਚ ਹੀ ਇਸ ਦੀ ਮੰਗ ਅਗਲੇ ਦਸਾਂ ਸਾਲਾਂ ਤਕ ਪੂਰੀ ਨਹੀਂ ਹੋ ਸਕਦੀ। ਇਸ ਸਮੇਂ ਭਾਰਤ ਵਿਚ ਕੋਈ 3000 ਮਾਨਤਾ ਪ੍ਰਾਪਤ ਜੈਵਿਕ ਫਾਰਮ ਹਨ ਜਿਨ੍ਹਾਂ ਹੇਠ ਰਕਬਾ ਕੋਈ 3,00,000 ਏਕੜ

ਡਾ. ਰਣਜੀਤ ਸਿੰਘ

ਹੈ। ਇਸ ਵਿਚ ਚੋਖੇ ਵਾਧੇ ਦੀ ਲੋੜ ਹੈ। ਭਾਰਤ ਸਰਕਾਰ ਨੇ ਇਸ ਲੋੜ ਨੂੰ ਅਨੁਭਵ ਕਰਦਿਆਂ ਹੋਇਆਂ ਸਾਲ 2002 ਵਿਚ ਕੌਮੀ ਜੈਵਿਕ ਉਪਜ ਪ੍ਰੋਗਰਾਮ ਚਲਾਇਆ ਸੀ। ਇਸ ਪ੍ਰੋਗਰਾਮ ਦੀ ਦੇਖਭਾਲ ਏਪੀਡਾ    (Agriculture and Processed Food Products Export Development Authority)  ਵਲੋਂ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਦੇ ਨਾਲ-ਨਾਲ ਕਈ ਰਿਆਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਵਿਦੇਸ਼ੀ ਮੰਡੀ ਵਿਚ ਵਿਕਰੀ ਲਈ ਸਹਾਇਤਾ ਵੀ ਕੀਤੀ ਜਾਂਦੀ ਹੈ। ਪਰ ਕੁਦਰਤੀ ਖੇਤੀ ਦੀ ਉਪਜ ਨੂੰ ਮੰਡੀ ਵਿਚ ਆਰਗੈਨਿਕ ਨਾਮ ਹੇਠ ਵੇਚਣ ਲਈ ਪ੍ਰਮਾਣਕਤਾ ਦੀ ਲੋੜ ਹੈ। ਪ੍ਰਮਾਣਕਤਾ ਤੋਂ ਬਗੈਰ ਕਿਸੇ ਵੀ ਉਪਜ ਨੂੰ ਬਾਜ਼ਾਰ ਵਿਚ ਜੈਵਿਕ (Organic) ਦੇ ਨਾਂ ਹੇਠ ਨਹੀਂ ਵੇਚਿਆ ਜਾ ਸਕਦਾ। ਇਹ ਪ੍ਰਮਾਣਤਾ ਦੇਣ ਲਈ ਸਰਕਾਰ ਵਲੋਂ ਕੁਝ ਏਜੰਸੀਆਂ ਨੂੰ ਮਾਨਤਾ ਦਿੱਤੀ ਗਈ ਹੈ। ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਨੂੰ ਕਿਸੇ ਮਾਨਤਾ ਪ੍ਰਾਪਤ ਏਜੰਸੀ ਕੋਲ ਨਾਮ ਦਰਜ ਕਰਵਾਉਣਾ ਪੈਂਦਾ ਹੈ। ਏਜੰਸੀ ਵਲੋਂ ਕਿਸਾਨ ਦੇ ਖੇਤਾਂ ਅਤੇ ਫ਼ਸਲ ਦਾ ਸਮੇਂ ਸਮੇਂ ਸਿਰ ਨਿਰੀਖਣ ਕੀਤਾ ਜਾਂਦਾ ਹੈ। ਏਜੰਸੀ ਦੀ ਪੂਰੀ ਤਸੱਲੀ ਪਿੱਛੋਂ ਹੀ ਉਪਜ ਨੂੰ ਕੁਦਰਤੀ ਹੋਣ ਦਾ ਮਾਣ ਪੱਤਰ ਦਿੱਤਾ ਜਾਂਦਾ ਹੈ। ਇਸ ਕੰਮ ਲਈ ਕਿਸਾਨ ਏਜੰਸੀ ਨੂੰ ਮਿਥੀ ਫੀਸ ਦਿੰਦਾ ਹੈ। ਕੇਵਲ ਪ੍ਰਮਾਣਤਾ ਪ੍ਰਾਪਤ ਉਪਜ ਉੱਤੇ ਹੀ ਜੈਵਿਕ ਉਪਜ ਹੋਣ ਦਾ ਚਿੰਨ੍ਹ (ਲੋਗੋ) ਲਗਾਇਆ ਜਾ ਸਕਦਾ ਹੈ। ਛੋਟੇ ਕਿਸਾਨ ਇਹ ਫੀਸ ਦੇਣ ਤੋਂ ਕਤਰਾਉਂਦੇ ਹਨ। ਉਂਝ ਵੀ ਉਨ੍ਹਾਂ ਨੂੰ ਗੁਆਂਢੀਆਂ ਦੇ ਖੇਤਾਂ ਵਿਚੋਂ ਆਉਣ ਵਾਲੇ ਜ਼ਹਿਰੀਲੇ ਅੰਸ਼ਾਂ ਨੂੰ ਰੋਕਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਸਮੱਸਿਆ ਦੇ ਹੱਲ ਲਈ ਸਰਕਾਰ ਵੱਲੋਂ ਗਰੁੱਪ ਪ੍ਰਾਜੈਕਟ ਸ਼ੁਰੂ ਕਰਨ ਦੀ ਸਕੀਮ ਬਣਾਈ ਗਈ ਹੈ। ਨਾਲ ਲਗਦੇ ਖੇਤਾਂ ਵਾਲੇ ਜੇ 20-25 ਕਿਸਾਨ ਰਲ ਕੇ ਕੁਦਰਤੀ ਖੇਤੀ ਸ਼ੁਰੂ ਕਰਨ ਤਾਂ ਏਜੰਸੀਆਂ ਨੂੰ ਨਿਰੀਖਣ ਲਈ ਦਿੱਤੀ ਜਾਣ ਵਾਲੀ ਫੀਸ ਬਹੁਤ ਘਟ ਜਾਂਦੀ ਹੈ। ਏਜੰਸੀ ਇਸ ਨਿਰੀਖਣ ਦੀ ਜ਼ਿੰਮੇਵਾਰੀ ਗਰੁੱਪ ਦੇ ਮੈਂਬਰਾਂ ਨੂੰ ਹੀ ਸੌਂਪ ਦਿੰਦੀ ਹੈ। ਗਰੁੱਪ ਦੀ ਉਪਜ ਮਿਕਦਾਰ ਵਿਚ ਵੱਧ ਹੋਣ ਕਰ ਕੇ ਵਿਕਰੀ ਵੀ ਸਹਿਜ ਹੋ ਜਾਂਦੀ ਹੈ। ਇਸ ਨੂੰ ਵੱਡੇ ਸ਼ਹਿਰਾਂ ਦੀ ਮਾਰਕੀਟ ਅਤੇ ਵਿਦੇਸ਼ਾਂ ਵਿਚ ਭੇਜਿਆ ਜਾ ਸਕਦਾ ਹੈ। ਪੰਜਾਬ ਵਿਚ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਲਾਹੇਵੰਦ ਬਣਾਉਣ ਲਈ ਸੰਗਠਿਤ ਯਤਨਾਂ ਦੀ ਲੋੜ ਹੈ। ਸਰਕਾਰ ਅਤੇ ਇਸ ਪਾਸੇ ਕੰਮ ਕਰ ਰਹੇ ਸਵੈ-ਸੇਵੀ ਸੰਗਠਨਾਂ ਨੂੰ ਗਰੁੱਪ ਜਾਂ ਸਾਂਝੀ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਭਾਰਤ ਸਰਕਾਰ ਦੇ ਕੌਮੀ ਪ੍ਰੋਗਰਾਮ ਅਧੀਨ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਪ੍ਰਾਪਤ ਕੀਤੀਆਂ ਜਾਣ। ਸਬੰਧਿਤ ਕਿਸਾਨਾਂ ਲਈ ਸਿਖਲਾਈ ਦਾ ਪ੍ਰਬੰਧ ਕੀਤਾ ਜਾਵੇ। ਕਿਸੇ ਮਾਨਤਾ ਪ੍ਰਾਪਤ ਏਜੰਸੀ ਕੋਲ ਨਾਮ ਦਰਜ ਕਰਵਾਏ ਜਾਣ। ਕੁਦਰਤੀ ਉਪਜ ਨੂੰ ਵਧੀਆ ਢੰਗ ਨਾਲ ਪੈਕ ਕਰ ਕੇ ਆਰਗੈਨਿਕ ਚਿੰਨ੍ਹ ਲਗਾ ਕੇ ਮੰਡੀ ਵਿਚ ਭੇਜਿਆ ਜਾਵੇ। ਅਜਿਹਾ ਕੀਤਿਆਂ ਹੀ ਕੁਦਰਤੀ ਖੇਤੀ ਨੂੰ ਵੱਡੀ ਪੱਧਰ ਉੱਤੇ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਪੰਜਾਬ ਵਿਚ ਸਾਰੀ ਧਰਤੀ ਸੇਂਜੂ ਹੋਣ ਕਰ ਕੇ ਜੈਵਿਕ ਸਬਜ਼ੀਆਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਜੇ ਸਰਕਾਰ ਮੰਡੀਕਰਨ ਦਾ ਸੁਚੱਜਾ ਪ੍ਰਬੰਧ ਕਰ ਸਕੇ ਤਾਂ ਜੈਵਿਕ ਸਬਜ਼ੀਆਂ ਦੀ ਕਾਸ਼ਤ ਨਾਲ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦਾ ਟੀਚਾ ਪ੍ਰਾਪਤ ਹੋ ਸਕਦਾ ਹੈ। ਇਸ ਦੇ ਨਾਲ ਹੀ ਡੇਅਰੀ ਧੰਦਾ ਵੀ ਸ਼ੁਰੂ ਕੀਤਾ ਜਾ ਸਕਦਾ ਹੈ। ਆਰਗੈਨਿਕ ਦੁੱਧ ਦੀ ਵੱਧ ਕੀਮਤ ਪ੍ਰਾਪਤ ਹੋ ਸਕਦੀ ਹੈ ਕਿਉਂਕਿ ਪੰਜਾਬ ਵਿਚ ਮਿਲਾਵਟੀ ਦੁੱਧ ਦੀਆਂ ਸ਼ਿਕਾਇਤਾਂ ਆਮ ਮਿਲ ਰਹੀਆਂ ਹਨ। ਡੰਗਰਾਂ ਦੀ ਖਾਦ ਨਾਲ ਧਰਤੀ ਦੀਆਂ ਖ਼ੁਰਾਕੀ ਲੋੜਾਂ ਪੂਰੀਆਂ ਹੋਣਗੀਆਂ। ਜੇਕਰ ਆਪਾਂ ਪੰਜਾਬ ਦੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨਾ ਚਾਹੁੰਦੇ ਹਾਂ ਤਾਂ ਸਰਕਾਰ ਤੇ ਹੋਰ ਸਬੰਧਿਤ ਏਜੰਸੀਆਂ ਨੂੰ ਜੈਵਿਕ ਸਬਜ਼ੀਆਂ ਦੀ ਕਾਸ਼ਤ ਅਤੇ ਡੇਅਰੀ ਦੇ ਧੰਦੇ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਅਜਿਹਾ ਕੀਤਿਆਂ ਹੀ ਪੰਜਾਬ ਦੀ ਖੇਤੀ ਨੂੰ ਨਵਾਂ ਮੋੜ ਦਿੱਤਾ ਜਾ ਸਕਦਾ ਹੈ। ਕਣਕ-ਝੋਨੇ ਦੇ ਚੱਕਰ ਹੇਠਾਂ ਰਕਬਾ ਘਟਾਇਆ ਜਾ ਸਕਦਾ ਹੈ। ਇਸ ਦੇ ਨਾਲ ਜਿਥੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ, ਉੱਥੇ ਰੁਜ਼ਗਾਰ ਵਿਚ ਵੀ ਵਾਧਾ ਹੋਵੇਗਾ। ਪਰ ਕਿਸਾਨ ਨੂੰ ਮਿਹਨਤ ਕਰਨੀ ਪਵੇਗੀ। ਖੇਤੀ ਦੇ ਸਾਰੇ ਕੰਮ ਆਪ ਕਾਮਿਆਂ ਨਾਲ ਮਿਲ ਕੇ ਕਰਨੇ ਪੈਣਗੇ।
ਜਿਸ ਢੰਗ ਨਾਲ ਅਸੀਂ ਹੁਣ ਕੁਦਰਤੀ ਖੇਤੀ ਕਰ ਰਹੇ ਹਾਂ, ਉਸ ਨੂੰ ਜੈਵਿਕ ਨਹੀਂ ਆਖਿਆ ਜਾ ਸਕਦਾ। ਕਈ ਕਿਸਾਨ ਆਖਦੇ ਹਨ ਕਿ ਇਕ ਏਕੜ ਵਿਚ ਉਸ ਨੇ ਕੋਈ ਖਾਦ ਨਹੀਂ ਪਾਈ ਤੇ ਨਾ ਹੀ ਜ਼ਹਿਰ ਛਿੜਕਿਆ ਹੈ, ਇਹ ਜੈਵਿਕ ਨਹੀਂ ਹੈ। ਜੈਵਿਕ ਖੇਤੀ ਲਈ ਕਿਸਾਨ ਨੂੰ ਦ੍ਰਿੜ ਇਰਾਦੇ ਨਾਲ ਖੇਤਾਂ ਵਿਚ ਜਾ ਕੇ ਕੰਮ ਕਰਨਾ ਪਵੇਗਾ। ਆਪਣੇ ਸਾਥੀਆਂ ਨਾਲ ਰਲ ਸਾਂਝੇ ਯਤਨਾਂ ਦੀ ਲੋੜ ਹੈ। ਇਕ-ਦੂਜੇ ਉਤੇ ਭਰੋਸਾ ਕਰ ਕੇ ਅੱਗੇ ਵਧਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸਰਕਾਰ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਜੈਵਿਕ ਗਰੁੱਪਾਂ ਨੂੰ ਉਤਸ਼ਾਹਿਤ ਕਰੇ। ਉਨ੍ਹਾਂ ਨੂੰ ਮੰਡੀਕਰਨ ਵਿਚ ਸਹਾਇਤਾ ਕਰੇ। ਫ਼ਸਲ ਤਬਾਹ ਹੋਣ ’ਤੇ ਕਿਸਾਨਾਂ ਦੀ ਬਾਂਹ ਫੜੇ। ਸ਼ਹਿਰਾਂ ਕਸਬਿਆਂ ਤੇ ਮੁੱਖ ਸੜਕਾਂ ’ਤੇ ਜੈਵਿਕ ਬਾਜ਼ਾਰ ਸਥਾਪਿਤ ਕੀਤੇ ਜਾਣ। ਜੈਵਿਕ ਉਪਜ ਨੂੰ ਵਿਦੇਸ਼ਾਂ ਵਿਚ ਭੇਜਣ ਦਾ ਪ੍ਰਬੰਧ ਕੀਤਾ ਜਾਵੇ। ਇਸ ਦੇ ਨਾਲ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਜੈਵਿਕ ਖੇਤੀ ਸਬੰਧੀ ਖੋਜ ਤੇਜ਼ ਕਰਨੀ ਪਵੇਗੀ। ਯੂਨੀਵਰਸਿਟੀ ਨੇ ਜੈਵਿਕ ਖੇਤੀ ਦਾ ਵੱਖਰਾ ਸਕੂਲ ਬਣਾਇਆ ਹੈ ਜਿਥੇ ਉਨ੍ਹਾਂ ਢੰਗ ਤਰੀਕਿਆਂ ਨੂੰ ਵਿਕਸਤ ਕੀਤਾ ਜਾਵੇ, ਜਿਨ੍ਹਾਂ ਨਾਲ ਧਰਤੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਿਆ ਜਾਵੇ। ਇਸ ਦੇ ਨਾਲ ਹੀ ਅਜਿਹੇ ਫ਼ਸਲ ਚੱਕਰ ਵਿਕਸਤ ਕੀਤੇ ਜਾਣ ਜਿਹੜੇ ਧਰਤੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਵਿਚ ਸਹਾਈ ਹੋਣ। ਯੂਨੀਵਰਸਿਟੀ ਨੂੰ ਫ਼ਸਲਾਂ ਤੇ ਸਬਜ਼ੀਆਂ ਦੀਆਂ ਅਜਿਹੀਆਂ ਕਿਸਮਾਂ ਵਿਕਸਤ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਵਿਚ ਕੀੜਿਆਂ ਅਤੇ ਬਿਮਾਰੀਆਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਹੋਵੇ। ਪਰਾਲੀ ਅਤੇ ਕਣਕ ਦੇ ਨਾੜ ਨੂੰ ਰੂੜੀ ਵਿਚ ਤਬਦੀਲ ਕਰਨ ਦੀ ਵਿਧੀ ਖੋਜੀ ਜਾਵੇ। ਕੀੜੇ ਤੇ ਬਿਮਾਰੀਆਂ ਨੂੰ ਕਾਬੂ ਕਰਨ ਲਈ ਜੈਵਿਕ ਢੰਗ ਤਰੀਕੇ ਲੱਭੇ ਜਾਣ। ਬਾਇਓ ਖਾਦਾਂ ਬਾਰੇ ਖੋਜ ਨੂੰ ਹੋਰ ਤੇਜ਼ ਕੀਤਾ ਜਾਵੇ।
ਪੰਜਾਬ ਵਿਚ ਸਭ ਤੋਂ ਵੱਧ ਰਸਾਇਣਿਕ ਖਾਦਾਂ ਅਤੇ ਨਦੀਨਨਾਸ਼ਕਾਂ ਦੀ ਵਰਤੋਂ ਹੁੰਦੀ ਹੈ। ਨਦੀਨਾਂ ਦੀ ਰੋਕਥਾਮ ਲਈ ਗੋਡੀ ਲਈ ਕਾਰਗਰ ਤੇ ਛੋਟੀਆਂ ਮਸ਼ੀਨਾਂ ਬਣਾਈਆਂ ਜਾਣ। ਕ੍ਰਿਸ਼ੀ ਵਿਗਿਆਨ ਕੇਂਦਰਾਂ ਵਲੋਂ ਜੈਵਿਕ ਖੇਤੀ ਗਰੁੱਪ ਬਣਾਏ ਜਾਣ ਤੇ ਉਨ੍ਹਾਂ ਨੂੰ ਲੋੜੀਂਦੀ ਸਿਖਲਾਈ ਵੀ ਦਿੱਤੀ ਜਾਵੇ। ਇਹ ਕੇਂਦਰ ਵਿਕਰੀ ਵਿਚ ਵੀ ਸਹਾਇਤਾ ਕਰ ਸਕਦੇ ਹਨ। ਪੰਜਾਬ ਸਰਕਾਰ ਨੂੰ ਸਾਰੀਆਂ ਧਿਰਾਂ ਆਧਾਰਿਤ ਉੱਚ ਪੱਧਰੀ ਕਮੇਟੀ ਬਣਾਉਣੀ ਚਾਹੀਦੀ ਹੈ, ਜਿਸ ਵਲੋਂ ਸਾਰੀਆਂ ਧਿਰਾਂ ਵਿਚ ਤਾਲਮੇਲ ਕਰ ਕੇ ਸੂਬੇ ਵਿਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇ। ਇਸ ਨਾਲ ਪੰਜਾਬ ਦੀ ਖੇਤੀ ਨੂੰ ਨਵਾਂ ਮੋੜ ਮਿਲੇਗਾ ਅਤੇ ਕਿਸਾਨਾਂ ਦੀ ਆਰਥਿਕ ਸਥਿਤੀ ਵਿਚ ਵੀ ਸੁਧਾਰ ਹੋਵੇਗਾ। ਇਸ ਨਾਲ ਕਣਕ ਝੋਨੇ ਦੇ ਫ਼ਸਲ ਚੱਕਰ ਹੇਠੋਂ ਕੁਝ ਧਰਤੀ ਵੀ ਕੱਢੀ ਜਾ ਸਕੇਗੀ। ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ, ਰਸਾਇਣਾਂ ਦੀ ਵਰਤੋਂ ਰੋਕ ਕੇ ਖੇਤੀ ਖ਼ਰਚੇ ਵੀ ਘਟ ਜਾਣਗੇ ਤੇ ਪ੍ਰਦੂਸ਼ਤ ਹੋ ਰਿਹਾ ਪਾਣੀ, ਹਵਾ ਤੇ ਧਰਤੀ ਦੀ ਸਾਂਭ ਸੰਭਾਲ ਕੀਤੀ ਜਾ ਸਕੇਗੀ।


Comments Off on ਪੰਜਾਬ ਵਿਚ ਕੁਦਰਤੀ ਖੇਤੀ ਦੀਆਂ ਸੰਭਾਵਨਾਵਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.