ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ

Posted On August - 24 - 2019

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 23 ਅਗਸਤ
ਭਾਰਤ ਪਾਕਿਸਤਾਨ ਵਿਚਾਲੇ ਚਲ ਰਹੇ ਤਣਾਅ ਵਾਲੇ ਮਾਹੌਲ ਦੇ ਕਾਰਨ ਪਾਕਿਸਤਾਨ ਵਿਚ ਮਨਾਏ ਜਾਣ ਵਾਲੇ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਵਿਚ ਭਾਰਤ ਤੋਂ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੀ ਗਿਣਤੀ ਘਟ ਸਕਦੀ ਹੈ। ਪ੍ਰਕਾਸ਼ ਪੁਰਬ ਨਵੰਬਰ ਮਹੀਨੇ ਵਿਚ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਭਾਰਤ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਵੱਡੇ ਪੱਧਰ ‘ਤੇ ਪ੍ਰੋਗਰਾਮ ਉਲੀਕੇ ਗਏ ਹਨ। ਇਸੇ ਤਰ੍ਹਾਂ ਪਾਕਿਸਤਾਨ ਵਿਚ ਵੀ ਗੁਰਦੁਆਰਾ ਨਨਕਾਣਾ ਸਾਹਿਬ ਵਿਚ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦੀ ਯੋਜਨਾ ਹੈ। ਇਸ ਵਾਸਤੇ ਪਾਕਿਸਤਾਨ ਸਰਕਾਰ ਵੱਲੋਂ ਦਸ ਹਜ਼ਾਰ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦੇਣ ਦਾ ਐਲਾਨ ਕੀਤਾ ਜਾ ਚੁੱਕਾ ਹੈ। ਸ਼੍ਰੋਮਣੀ ਕਮੇਟੀ ਵਲੋਂ ਵੀ ਇਸੇ ਸਬੰਧ ਵਿਚ ਨਗਰ ਕੀਰਤਨ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਸਜਾਇਆ ਗਿਆ ਸੀ ਤੇ ਤਿੰਨ ਸੈਮੀਨਾਰ ਵੀ ਲਾਹੌਰ ਤੇ ਨਨਕਾਣਾ ਸਾਹਿਬ ਵਿਚ ਕਰਵਾਉਣ ਦੀ ਯੋਜਨਾ ਹੈ। ਪਰ ਇਸ ਵੇਲੇ ਕਸ਼ਮੀਰ ਵਿਚ ਧਾਰਾ-370 ਖ਼ਤਮ ਕੀਤੇ ਜਾਣ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਬਣੇ ਤਣਾਅ ਵਾਲੇ ਮਾਹੌਲ ਦਾ ਪ੍ਰਛਾਵਾਂ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ ’ਤੇ ਪੈਣ ਦੀ ਸੰਭਾਵਨਾ ਹੈ।
ਮਿਲੇ ਵੇਰਵਿਆਂ ਮੁਤਾਬਕ ਸ਼੍ਰੋਮਣੀ ਕਮੇਟੀ ਕੋਲ ਹੁਣ ਤਕ ਸਿਰਫ਼ ਲਗਪਗ 1300 ਸ਼ਰਧਾਲੂਆਂ ਨੇ ਨਵੰਬਰ ਵਿਚ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਵਾਸਤੇ ਪਾਸਪੋਰਟ ਦਿੱਤੇ ਹਨ। ਜਦੋਂਕਿ ਸ਼੍ਰੋਮਣੀ ਕਮੇਟੀ ਵੱਲੋਂ ਗੁਰਪੁਰਬ ਮੌਕੇ ਪਾਕਿਸਤਾਨ ਜਾਣ ਵਾਸਤੇ ਦੋ ਵਾਰ ਪਾਸਪੋਰਟ ਮੰਗੇ ਜਾ ਚੁੱਕੇ ਹਨ। ਭਾਈ ਮਰਦਾਨਾ ਕੀਰਤਨ ਦਰਬਾਰ ਯਾਦਗਾਰ ਸੁਸਾਇਟੀ ਕੋਲ ਵੀ ਲਗਪਗ 400 ਸ਼ਰਧਾਲੂਆਂ ਵੱਲੋਂ ਪਾਕਿਸਤਾਨ ਜਾਣ ਵਾਸਤੇ ਪਾਸਪੋਰਟ ਦਿੱਤੇ ਗਏ ਹਨ। ਸ਼੍ਰੋਮਣੀ ਕਮੇਟੀ ਸਣੇ ਸਿੱਖ ਜਥੇਬੰਦੀਆਂ ਵਲੋਂ ਹਰ ਵਰ੍ਹੇ ਚਾਰ ਵਾਰ ਸਿੱਖ ਸ਼ਰਧਾਲੂਆਂ ਦੇ ਜਥੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਵਾਸਤੇ ਭੇਜੇ ਜਾਂਦੇ ਹਨ। ਇਨ੍ਹਾਂ ਵਿਚ ਵਿਸਾਖੀ ਅਤੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਲਗਪਗ 3-3 ਹਜ਼ਾਰ ਸਿੱਖ ਸ਼ਰਧਾਲੂਆਂ ਦੇ ਜਥੇ ਪਾਕਿਸਤਾਨ ਜਾਂਦੇ ਹਨ। ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਵਸ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ 5-5 ਸੌ ਸ਼ਰਧਾਲੂਆਂ ਦੇ ਜਥੇ ਪਾਕਿਸਤਾਨ ਜਾਂਦੇ ਹਨ। ਇਸ ਵਾਰ ਗੁਰੂ ਨਾਨਕ ਦੇਵ ਦਾ 550 ਸਾਲਾ ਪ੍ਰਕਾਸ਼ ਪੁਰਬ ਹੋਣ ਕਰ ਕੇ ਵਧੇਰੇ ਸ਼ਰਧਾਲੂਆਂ ਵਲੋਂ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ‘ਤੇ ਜਾਣ ਦੀ ਸੰਭਾਵਨਾ ਸੀ ਪਰ ਦੋਵਾਂ ਦੇਸ਼ਾਂ ਵਿਚਾਲੇ ਬਣੇ ਤਣਾਅ ਕਾਰਨ ਇਸ ਵਾਰ ਆਮ ਨਾਲੋਂ ਵੀ ਘੱਟ ਸ਼ਰਧਾਲੂਆਂ ਵੱਲੋਂ ਉਤਸ਼ਾਹ ਦਿਖਾਇਆ ਗਿਆ ਹੈ।
ਇਸ ਸਬੰਧੀ ਭਾਈ ਮਰਦਾਨਾ ਕੀਰਤਨ ਦਰਬਾਰ ਯਾਦਗਾਰ ਸੁਸਾਇਟੀ ਦੇ ਮੁਖੀ ਹਰਪਾਲ ਸਿੰਘ ਭੁੱਲਰ ਨੇ ਆਖਿਆ ਕਿ ਭਾਵੇਂ ਪਾਕਿਸਤਾਨ ਵੱਲੋਂ ਦਸ ਹਜ਼ਾਰ ਸ਼ਰਧਾਲੂਆਂ ਨੂੰ ਵੀਜ਼ੇ ਦੇਣ ਦਾ ਭਰੋਸਾ ਦਿੱਤਾ ਗਿਆ ਹੈ ਪਰ ਚੱਲ ਰਹੇ ਤਣਾਅ ਦਾ ਅਸਰ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਕੋਲ ਹੁਣ ਤਕ ਸਿਰਫ਼ 400 ਸ਼ਰਧਾਲੂਆਂ ਦੇ ਹੀ ਪਾਸਪੋਰਟ ਆਏ ਹਨ। ਜਿਨ੍ਹਾਂ ਸ਼ਰਧਾਲੂਆਂ ਨੇ ਪਾਕਿਸਤਾਨ ਜਾਣ ਦੀ ਇੱਛਾ ਪ੍ਰਗਟਾਈ ਹੈ, ਉਨ੍ਹਾਂ ਨੂੰ ਮੌਜੂਦਾ ਹਾਲਾਤ ਬਾਰੇ ਵੀ ਦੱਸ ਦਿੱਤਾ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸ਼੍ਰੋਮਣੀ ਕਮੇਟੀ ਵੱਲੋਂ ਭਾਵੇਂ ਜਥਾ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਇਸ ਸਬੰਧੀ ਅੰਤਿਮ ਫ਼ੈਸਲਾ ਆਖ਼ਰੀ ਮੌਕੇ ਹਾਲਾਤ ਮੁਤਾਬਕ ਹੀ ਲਿਆ ਜਾਵੇਗਾ। ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਪ੍ਰੋ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਉਮੀਦ ਪ੍ਰਗਟਾਈ ਕਿ ਸ਼ਰਧਾਲੂਆਂ ਦੀ ਗਿਣਤੀ ਵਧ ਜਾਵੇਗੀ ਅਤੇ ਪਾਸਪੋਰਟ ਲੈਣ ਲਈ ਸਿੱਖ ਸੰਗਤ ਨੂੰ ਹੋਰ ਸਮਾਂ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਸਾਂਝੇ ਗੁਰੂ ਹਨ ਤੇ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਇਸ ਵਿਚ ਕੋਈ ਅੜਿੱਕਾ ਨਹੀਂ ਪਾਉਣਗੀਆਂ।

ਨਗਰ ਕੀਰਤਨ ਦੀ ਤਿਆਰੀ ਕੀਤੀ ਜਾ ਰਹੀ ਹੈ: ਸਿਰਸਾ

ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਮੌਜੂਦਾ ਤਣਾਅ ਕਾਰਨ ਲੋਕਾਂ ਵਿਚ ਇਸ ਦਾ ਅਸਰ ਜ਼ਰੂਰ ਹੈ ਅਤੇ ਇਸ ਦਾ ਪ੍ਰਭਾਵ ਸਿੱਖ ਸ਼ਰਧਾਲੂਆਂ ਦੇ ਜਥੇ ’ਤੇ ਪੈ ਸਕਦਾ ਹੈ। ਉੁਨ੍ਹਾਂ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ 13 ਅਕਤੂਬਰ ਨੂੰ ਨਨਕਾਣਾ ਸਾਹਿਬ ਤਕ ਸਜਾਏ ਜਾਣ ਵਾਲੇ ਨਗਰ ਕੀਰਤਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਵੀਜ਼ੇ ਲੈਣ ਲਈ ਪਾਸਪੋਰਟ ਵੀ ਸਰਕਾਰ ਨੂੰ ਸੌਂਪੇ ਹਨ।


Comments Off on ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.