ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਪੈੜਾਂ ਪਾਉਂਦੀ ਫ਼ਿਲਮ ‘ਸਬੂਤੇ ਕਦਮ’

Posted On August - 24 - 2019

ਰਾਜਵਿੰਦਰ ਮੀਰ

ਫ਼ਿਲਮ ਦਾ ਦ੍ਰਿਸ਼

‘ਸਬੂਤੇ ਕਦਮ’ ਕਹਾਣੀਕਾਰ ਅਤਰਜੀਤ ਦੀ ਕਹਾਣੀ ’ਤੇ ਆਧਾਰਿਤ ਪੰਜਾਬੀ ਫੀਚਰ ਫ਼ਿਲਮ ਹੈ। ਇਸ ਫ਼ਿਲਮ ਨੂੰ ਨੌਜਵਾਨ ਨਿਰਦੇਸ਼ਕ ਬਲਰਾਜ ਸਾਗਰ ਨੇ ਨਿਰਦੇਸ਼ਤ ਕੀਤਾ ਹੈ। ਡੀ.ਓ.ਪੀ. ਪਰਮਿੰਦਰ ਪੈਰੀ ਨੇ ਇਸ ਫ਼ਿਲਮ ਨੂੰ ਕੈਮਰਾਬੱਧ ਕੀਤਾ ਹੈ। ਜਿੰਨੀ ਇਸ ਫ਼ਿਲਮ ਦੇ ਬਣਾਏ ਜਾਣ ਦੀ ਕਹਾਣੀ ਉਥਲ ਪੁਥਲ ਭਰੀ ਹੈ,ਓਨੀ ਹੀ ਅਜੀਬ ਕਹਾਣੀ ਇਸ ਦੇ ਰਿਲੀਜ਼ ਕੀਤੇ ਜਾਣ ਦੀ ਹੈ। ਬਣਨ ਤੋਂ ਲੈ ਕੇ ਜਾਰੀ ਹੋਣ ਤਕ ਦੇ ਪੰਜ ਸਾਲਾਂ ਵਿਚ ਇਸ ਫ਼ਿਲਮ ਨੇ ਕਾਫ਼ੀ ਉਤਰਾਅ ਚੜ੍ਹਾਅ ਦੇਖੇ ਹਨ।
ਅਸਲ ਵਿਚ ਪੰਜਾਬੀ ਸਿਨਮਾ ਇਸ ਸਮੇਂ ਕਲਾ ਨੂੰ ਮੁਖਾਤਿਬ ਨਹੀਂ ਹੈ, ਨਾ ਬੁਰਜੂਆ ਕਲਾ ਨੂੰ ਨਾ ਲੋਕ ਪੱਖੀ ਕਲਾ ਨੂੰ। ਪਰੋਲੇਤਾਰੀ ਦਵੰਦਵਾਦੀ ਸਿਨਮਾ ਦੇ ਸੰਕਲਪ ਦਾ ਵਿਚਾਰ ਤਾਂ ਅਜੇ ਸੁਪਨੇ ਜਿਹੀ ਗੱਲ ਹੈ। ਪੰਜਾਬੀ ਫ਼ਿਲਮ ਇੰਡਸਟਰੀ ਸ਼ੁੱਧ ਮੁਨਾਫ਼ੇ ਨੂੰ ਮੁਖਾਤਿਬ ਹੈ ਜਾਂ ਫਿਰ ਗ਼ੈਰ ਕਾਨੂੰਨੀ ਪੂੰਜੀ ਨੂੰ ਕਾਨੂੰਨੀ ਜਾਮਾ ਪਾਉਣ ਦਾ ਇਕ ਜ਼ਰੀਆ। ਆਵਾਰਾਗਰਦੀ ਕਰ ਰਹੀ ਵਿੱਤੀ ਪੂੰਜੀ ਦਾ ਸਭ ਤੋਂ ਸਰਗਰਮ ਖੇਤਰ ਸਿਨਮਾ ਬਣ ਚੁੱਕਾ ਹੈ। ਅਜਿਹੇ ਸਮੇਂ ‘ਸਬੂਤੇ ਕਦਮ’ ਜਿਹੀ ਫ਼ਿਲਮ ਬਣਾਉਣਾ ਹਿੰਮਤ ਭਰਿਆ ਕੰਮ ਹੈ। ਅਜਿਹੀ ਫ਼ਿਲਮ ਨੂੰ ਕੋਈ ਵਿਕਰੇਤਾ ਨਹੀਂ ਮਿਲਦਾ। ਇਸ ਲਈ ਹੁਣ ਇਸ ਨੂੰ ‘ਪੰਜਾਬ 2016’ ਵਰਗੀ ਫ਼ਿਲਮ ਬਣਾ ਚੁੱਕੇ ਡਾ. ਸੁਰਜੀਤ ਸਿੰਘ ਸਿੱਧੂ ਆਪਣੀਆਂ ਕੋਸ਼ਿਸ਼ਾਂ ਨਾਲ ਰਿਲੀਜ਼ ਕਰ ਰਹੇ ਹਨ।

ਕਹਾਣੀਕਾਰ ਅਤਰਜੀਤ

ਜਦੋਂ ਮਾਨਸਿਕ ਦੀਵਾਲੀਏਪਣ ਜਿਹਾ ਕਾਹਲਾਪਣ ਅਤੇ ਅਤੀਤ ਦਾ ਮੋਹ ਸਿਨਮਾ ’ਚ ਭਾਰੂ ਹੋਵੇ, ਉਸ ਸਮੇਂ ‘ਸਬੂਤੇ ਕਦਮ’ ਜਿਹੀ ਫ਼ਿਲਮ ਦਾ ਆਉਣਾ ਸਮਾਨੰਤਰ ਪੰਜਾਬੀ ਸਿਨਮਾ ਲਈ ਆਸ ਦੀ ਕਿਰਨ ਹੈ। ਇਹ ਅਜਿਹੀ ਫ਼ਿਲਮ ਹੈ ਜੋ ਪੰਜਾਬੀ ਸਿਨਮਾ ਨੂੰ ਸਹਿਜਤਾ ਅਤੇ ਠਹਿਰਾਅ ਬਖ਼ਸ਼ਦੀ ਹੈ। ਜਿੰਨੀ ਤੇਜ਼ ਅਤੇ ਫੂਹੜ ਗਤੀ ਨਾਲ ਪੰਜਾਬੀ ਸਿਨਮਾ ਦੌੜ ਰਿਹਾ ਹੈ, ਲੋੜ ਹੈ ਪੰਜਾਬੀ ਦਰਸ਼ਕ ਨੂੰ ਉਸ ਗਤੀ ਨਾਲੋਂ ਇਕਦਮ ਤੋੜ ਦਿੱਤਾ ਜਾਵੇ। ਇਹ ਫ਼ਿਲਮ ਉਸ ਗਤੀ ਨਾਲੋਂ ਤੋੜਨ ਦਾ ਕੰਮ ਕਰਦੀ ਹੈ।
ਨਵੀਂ ਤਕਨੀਕ ਆਉਣ ਨਾਲ ਜਦੋਂ ਪੰਜਾਬ ਦਾ ਸੰਮਤੀ ਸਮਾਜ ਟੁੱਟਣ ਲੱਗਾ ਤਾਂ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਏ। ਸਦੀਆਂ ਤੋਂ ਵਿਹੂਣੇ-ਲਿਤਾੜੇ ਕਾਮਾਂ ਵਰਗ ਦਾ ਇਕ ਬੱਚਾ ਨਲਕਾ ਲਗਾਉਣ ਦਾ ਮਿਸਤਰੀ ਬਣ ਜਾਂਦਾ ਹੈ ਤਾਂ ਪਰਿਵਾਰ ਦੇ ਮੁਖੀ ਗੱਜਣ ਨੂੰ ਜਾਪਦਾ ਹੈ ਕਿ ਉਸ ਦੇ ਪਰਿਵਾਰ ਦੇ ਦਿਨ ਫਿਰਨ ਵਾਲੇ ਹਨ, ਪਰ ਪਿੰਡ ਦਾ ਚੌਧਰੀ ਤੇ ਉਸ ਦੇ ਝੋਲੀ ਚੁੱਕ ਪਰਿਵਾਰ ਦੀ ਕਮਜ਼ੋਰ ਕੜੀ ਗੱਜਣ ਦੀ ਬੇਟੀ ਨੂੰ ਵਰਗਲਾ ਲੈਂਦੇ ਹਨ। ਉਸ ਦਾ ਪਿੰਡਾ ਨੋਚਦੇ ਰਹਿਣ ਬਾਅਦ ਕੁੜੀ ਜਦੋਂ ਮੁਸੀਬਤ ਬਣਨ ਲੱਗਦੀ ਹੈ ਤਾਂ ਚੌਧਰੀ ਦੀ ਸਲਾਹ ’ਤੇ ਪੰਜਾਬ ਤੋਂ ਬਾਹਰ ਵੇਚ ਦਿੰਦੇ ਹਨ। ਕਈ ਹੱਥਾਂ ’ਚੋਂ ਵਿਕਦੀ-ਲੁੱਟਦੀ ਉਹ ਆਪਣੇ ਇਲਾਕੇ ਦੀ ਪੁਲੀਸ ਦੇ ਹੱਥ ਚੜ੍ਹ ਜਾਂਦੀ ਹੈ। ਲੜਕੀ ਗੁੰਮ ਹੋਣ ਦੀ ਰਿਪੋਰਟ ਲਿਖਾਈ ਹੋਣ ਕਾਰਨ ਪੁਲੀਸ ਗੱਜਣ ਨੂੰ ਕੁੜੀ ਦੀ ਸ਼ਨਾਖਤ ਲਈ ਬੁਲਾਉਂਦੀ ਹੈ।

ਨਿਰਦੇਸ਼ਕ ਬਲਰਾਜ ਸਾਗਰ

ਭਾਰੀ ਸਮਾਜਿਕ ਦਬਾਅ ਹੇਠ ਹੋਣ ਕਾਰਨ ਗੱਜਣ ਕੁੜੀ ਦੀ ਸ਼ਨਾਖ਼ਤ ਕਰਨ ਤੋਂ ਇਨਕਾਰ ਕਰ ਦਿੰਦਾ ਹੈ। ਲਿਹਾਜ਼ਾ ਪੁਲੀਸ ਵੱਲੋਂ ਨੋਚ ਲੈਣ ਤੋਂ ਬਾਅਦ ਕੁੜੀ ਨੂੰ ਕੈਦੀਆਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ, ਜਿੱਥੇ ਕੈਦੀਆਂ ਦੀ ਵਹਿਸ਼ੀ ਹਵਸ ਅੱਗੇ ਉਸਦੀ ਦੇਹ ਹਾਰ ਜਾਂਦੀ ਹੈ ਅਤੇ ਦਮ ਤੋੜ ਦਿੰਦੀ ਹੈ। ਕੁੜੀ ਦਾ ਵੱਡਾ ਭਰਾ ਦੇਬਾ ਆਪਣੀ ਛੋਟੀ ਭੈਣ ਦੇ ਕਤਲ ਦੇ ਜੁਰਮ ’ਚ ਜੇਲ੍ਹ ’ਚ ਬੰਦ ਹੈ। ਛੋਟਾ ਭਰਾ ਪਰਿਵਾਰ ਨਾਲ ਹੋਈਆਂ ਵਧੀਕੀਆਂ ਦਾ ਬਦਲਾ ਲੈਣ ਜਾਂਦਾ ਚੌਧਰੀ ਅਤੇ ਉਸ ਦੇ ਕਰਿੰਦਿਆਂ ਦੀ ਕੁੱਟਮਾਰ ਦਾ ਸ਼ਿਕਾਰ ਹੋ ਕੇ ਅਪੰਗ ਹੋ ਜਾਂਦਾ ਹੈ। ਇੰਨਾ ਕੁਝ ਹੋਣ ਦੇ ਬਾਵਜੂਦ ਮੰਜੇ ’ਤੇ ਬੇਆਸ ਪਏ ਦਾ ਮਰਨ ਨੂੰ ਦਿਲ ਨਹੀਂ ਕਰਦਾ। ਉਸ ਦਾ ਦਿਲ ਲੱਡੂ ਖਾਣ ਨੂੰ ਕਰਦਾ ਹੈ। ਜਿਵੇਂ ਬਸੰਤ ਦੀ ਰੁੱਤ ’ਚ ਪੀਲੇ ਰੰਗ ਦੇ ਚੌਲ ਜਿਊਣ ਦਾ ਸੁਨੇਹਾ ਦਿੰਦੇ ਹਨ। ਗੱਜਣ ਦੇ ਮਨ ’ਚ ਆਪਣੇ ਪੁੱਤ ਦੀ ਇੱਛਾ ਪੂਰੀ ਕਰਨ ਦਾ ਖਿਆਲ ਘਰ ਕਰ ਜਾਂਦਾ ਹੈ, ਪਰ ਦੁਖਾਂਤ ਇਹ ਹੈ ਕਿ ਪਿੰਡ ’ਚ ਕਿਸੇ ਦੇ ਘਰੋਂ/ਦੁਕਾਨ ਤੋਂ ਲੱਡੂ ਨਹੀਂ ਮਿਲਦੇ। ਹਾਂ! ਉਸ ਚੌਧਰੀ ਦੇ ਘਰ ਕੁੜੀ ਦੇ ਵਿਆਹ ਮੌਕੇ ਲੱਡੂ ਵੱਟੇ ਜਾ ਰਹੇ ਹਨ ਜੋ ਉਸ ਦੇ ਪਰਿਵਾਰ ਨੂੰ ਤਹਿਸ ਨਹਿਸ ਕਰਨ ਲਈ ਜ਼ਿੰਮੇਵਾਰ ਹੈ। ਗੱਜਣ ਪੁੱਤ ਦੀ ਇੱਛਾ ਪੂਰੀ ਕਰਨ ਲਈ ਲੱਡੂ ਲੈਣ ਤਾਂ ਚਲਾ ਜਾਂਦਾ ਹੈ, ਪਰ ਉਹ ਅਜਿਹਾ ਕਰਮ ਕਰਦਾ ਹੈ ਜੋ ਉਸ ਦੇ ਹੋਣ ਦੇ ਗੌਰਵ ਨੂੰ ਸਥਾਪਤ ਕਰ ਦਿੰਦਾ ਹੈ। ਪੁੱਤ ਦੀ ਲੱਡੂ ਖਾਣ ਦੀ ਇੱਛਾ ਜਿੱਥੇ ਉਸ ਦੀ ਜਿਊਣ ਸ਼ਕਤੀ ਨੂੰ ਨਹੀਂ ਮਰਨ ਦਿੰਦੀ, ਉੱਥੇ ਗੱਜਣ ਦਾ ਫ਼ੈਸਲਾ ਉਸ ਜਿਊਣ ਸ਼ਕਤੀ ਨੂੰ ਮਾਣਮੱਤਾ ਬਣਾ ਦਿੰਦਾ ਹੈ।
ਇਹ ਫ਼ਿਲਮ ਕਮਾਈ ਹੀਣ ਜਾਂ ਅਣਗੌਲੀ ਰਹਿਣ ਦਾ ਸੰਤਾਪ ਭੋਗ ਸਕਦੀ ਹੈ, ਪਰ ਰੌਸ਼ਨ ਮੀਨਾਰ ਵਾਂਗ ਦਗਦਗ ਕਰਦੀ ਰਹੇਗੀ। ਜਿਵੇਂ ਕੋਈ ਨਾਇਕ ਰਾਜ ਸੱਤਾ ਹੱਥੋਂ ਤਾਂ ਹਾਰ ਜਾਵੇ, ਪਰ ਲੋਕ ਸਿਮਰਤੀਆਂ ’ਚ ਉਸ ਦੇ ਉਪਰਾਲੇ ਮਿੱਥ ਕਥਾਵਾਂ ਬਣ ਜਾਂਦੇ ਹਨ।

ਸੰਪਰਕ: 94645-95662


Comments Off on ਪੈੜਾਂ ਪਾਉਂਦੀ ਫ਼ਿਲਮ ‘ਸਬੂਤੇ ਕਦਮ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.