ਸਤਵਿੰਦਰ ਬਸਰਾ
ਲੁਧਿਆਣਾ, 12 ਅਗਸਤ
ਸ਼ਮਸ਼ਾਨਘਾਟ ਵਿੱਚ ਰੱਖੀ ਗੈਸ ਭੱਠੀ ਬਾਰੇ ਜਾਣਕਾਰੀ ਦਿੰਦੇ ਨੁਮਾਇੰਦੇ।
ਸਮਾਰਟ ਸ਼ਹਿਰਾਂ ’ਚ ਆਉਂਦਾ ਸਨਅਤੀ ਸ਼ਹਿਰ ਭਾਵੇਂ ਅਜੇ ਪੂਰੀ ਤਰ੍ਹਾਂ ਸਮਾਰਟ ਹੋਇਆ ਨਜ਼ਰੀਂ ਨਹੀਂ ਪੈਂਦਾ ਪਰ ਇਥੋਂ ਦੇ ਪਿੰਡਾਂ ’ਚ ਬਣੀਆਂ ਸੁਸਾਇਟੀਆਂ ਨੇ ਕਈ ਪਿੰਡਾਂ ’ਚ ਸਮਾਰਟ ਅਤੇ ਸਮੇਂ ਦਾ ਹਾਣੀ ਜ਼ਰੂਰ ਬਣਾ ਦਿੱਤਾ ਹੈ। ਇਹੋ ਜਿਹਾ ਹੀ ਨਜ਼ਾਰਾ ਲੁਧਿਆਣਾ ਦੀ ਬੱਖੀ ’ਚ ਪੈਂਦੇ ਪਿੰਡ ਪੱਖੋਵਾਲ ਵਿੱਚ ਦੇਖਣ ਨੂੰ ਮਿਲਿਆ ਹੈ। ਇਸ ਪਿੰਡ ’ਚ ਬਣੀ ਭਾਈ ਘਨ੍ਹਈਆ ਵੈੱਲਫੇਅਰ ਸੁਸਾਇਟੀ ਹੋਰ ਸਮਾਜਿਕ ਕੰਮਾਂ ਦੇ ਨਾਲ ਨਾਲ ਪਿੰਡ ਵਿੱਚ ਜਾਤੀ ਭੇਦਭਾਵ ਨੂੰ ਖ਼ਤਮ ਕਰਕੇ ਇਕ ਸਾਂਝੀ ਸ਼ਮਸ਼ਾਨਘਾਟ ਤਿਆਰ ਕਰਵਾਈ ਹੈ।
ਇਸ ਸ਼ਮਸ਼ਾਨਘਾਟ ਦੀ ਖਾਸੀਅਤ ਇਹ ਹੈ ਕਿ ਇਥੇ ਸਸਕਾਰ ਲਈ ਲੱਕੜਾਂ ਦੀ ਥਾਂ ਗੈਸ ਨਾਲ ਚੱਲਣ ਵਾਲੀਆਂ ਦੋ ਭੱਠੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨਾਲ ਜਿਥੇ ਇਕ ਸਸਕਾਰ ’ਤੇ ਲੱਗਣ ਵਾਲੀ ਸਾਢੇ ਤਿੰਨ ਕੁ ਕੁਇੰਟਲ ਲੱਕੜ ਦੀ ਬੱਚਤ ਹੁੰਦੀ ਹੈ ਉੱਥੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਰੋਕਿਆ ਗਿਆ। ਇਨ੍ਹਾਂ ਭੱਠੀਆਂ ਦੀ ਮੁਰੰਮਤ ਅਤੇ ਸਾਂਭ-ਸੰਭਾਲ ਲਈ ਵੀ ਸੁਸਾਇਟੀ ਨੇ ਦੋ ਮਾਹਿਰਾਂ ਸਤਿੰਦਰਪਾਲ ਸਿੰਘ ਰਿੰਕ ਅਤੇ ਹਰਜਿੰਦਰ ਸਿੰਘ ਪਨੇਸਰ ਦੀ ਡਿਊਟੀ ਲਗਾਈ ਹੋਈ ਹੈ। ਪਿੰਡ ਦੇ ਵਾਸੀ ਕਰਤਾਰ ਸਿੰਘ ਨੇ ਸੁਸਾਇਟੀ ਨੂੰ ਐਂਬੂਲੈਂਸ ਵੀ ਲੈ ਕਿ ਦਿੱਤੀ ਹੋਈ ਹੈ।ਪਿੰਡ ਦੇ ਰਾਜ ਗੋਪਾਲ ਲੀਖੀ ਸੁਸਾਇਟੀ ਦੇ ਪ੍ਰਧਾਨ, ਇੰਦਰਜੀਤ ਸਿੰਘ ਜਨਰਲ ਸਕੱਤਰ ਹਨ ਜਦਕਿ ਮੈਂਬਰਾਂ ’ਚ ਪਵਿੱਤਰ ਸਿੰਘ ਗਰੇਵਾਲ ਤੋਂ ਇਲਾਵਾ ਹਰਜਿੰਦਰ ਸਿੰਘ, ਬੁੱਧ ਸਿੰਘ, ਮਾਸਟਰ ਲਾਭ ਸਿੰਘ, ਡਾ. ਦਵਿੰਦਰ ਅਸ਼ੋਕ, ਅਮਨਦੀਪ ਸਿੰਘ, ਪ੍ਰੀਤ ਸਿੰਘ, ਮਾਸਟਰ ਗੁਰਮੋਹਣ ਸਿੰਘ ਆਦਿ ਸ਼ਾਮਿਲ ਹਨ। ਸ੍ਰੀ ਗਰੇਵਾਲ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਪਿੰਡ ਦੇ ਨੌਜਵਾਨਾਂ ਅਤੇ ਆਮ ਲੋਕਾਂ ਲਈ ਲਾਇਬ੍ਰੇਰੀ ਵੀ ਬਣਾਈ ਹੋਈ ਹੈ। ਇਸੇ ਤਰ੍ਹਾਂ ਗਰੀਬ ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਲਈ ਮੁਫ਼ਤ ਸਲਾਈ-ਕਢਾਈ ਸੈਂਟਰ ਵੀ ਚਲਾਇਆ ਜਾ ਰਿਹਾ ਹੈ। ਛੇ ਮਹੀਨੇ ਦਾ ਕੋਰਸ ਪੂਰਾ ਕਰਨ ਵਾਲੀ ਹਰ ਲੜਕੀ ਨੂੰ ਮਾਨਤਾ ਪ੍ਰਾਪਤ ਸਰਟੀਫਿਕੇਟ ਦਿੱਤਾ ਜਾਂਦਾ ਹੈ।