ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਪਿੰਜਰ: ਪੁਆੜੇ, ਪਾੜੇ ਤੇ ਪੀੜ ਦੀ ਗਾਥਾ

Posted On August - 31 - 2019

ਜਤਿੰਦਰ ਸਿੰਘ

ਦੇਸ਼ ਦੀ 1947 ਵਿਚ ਹੋਈ ਵੰਡ ਨਾ ਭੁੱਲਣਯੋਗ ਤੇ ਨਾ ਸਹਿਣਯੋਗ ਵਰਤਾਰਾ ਹੈ। ਦੇਸ਼ ਦੀ ਆਜ਼ਾਦੀ ਦਾ ਖਮਿਆਜ਼ਾ ਲੱਖਾਂ ਲੋਕਾਂ ਦੇ ਉਜਾੜੇ, ਕਤਲਾਂ ਤੇ ਔਰਤਾਂ ਦੀ ਪੱਤ ਗੁਆ ਕੇ ਭੁਗਤਣਾ ਪਿਆ। ਵੰਡ ਦਾ ਸਭ ਤੋਂ ਵੱਧ ਅਸਰ ਤੇ ਸ਼ਿਕਾਰ ਔਰਤ ਨੂੰ ਹੋਣਾ ਪਿਆ, ਉਹ ਭਾਵੇਂ ਕਿਸੇ ਵੀ ਧਰਮ ਨਾਲ ਸਬੰਧਿਤ ਕਿਉਂ ਨਾ ਹੋਵੇ। ਔਰਤ ’ਤੇ ਮਰਦ ਨੇ ਹਮੇਸ਼ਾਂ ਆਪਣੀ ਜ਼ੋਰ-ਅਜ਼ਮਾਇਸ਼ ਕੀਤੀ। ਮਰਦ ਪ੍ਰਧਾਨ ਸਮਾਜ ਨੇ ਔਰਤ ਨੂੰ ਗ਼ੁਲਾਮ ਤੇ ਵਸਤ ਤੋਂ ਵਧੇਰੇ ਕੁਝ ਨਹੀਂ ਸਮਝਿਆ। ਪਾੜੇ ਕਾਰਨ ਜੋ ਸੰਤਾਪ ਉਪਜਿਆ, ਉਸ ਦਾ ਦੁੱਖ ਵੀ ਸਭ ਤੋਂ ਵਧੇਰੇ ਔਰਤ ਨੇ ਸਹਿਣ ਕੀਤਾ। ਇਸ ਦਰਦ ਦੇ ਅਹਿਸਾਸ ਬਾਰੇ ਨਾ ਤਾਂ ਕੋਈ ਅੰਕੜੇ ਮਿਲਦੇ ਹਨ ਅਤੇ ਨਾ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਸਨੂੰ ਸਿਰਫ਼ ਸਾਹਿਤਕ ਕ੍ਰਿਤਾਂ ਤੇ ਕਲਾ ਦੇ ਨਮੂਨਿਆਂ ਰਾਹੀਂ ਮਹਿਸੂਸ ਹੀ ਕੀਤਾ ਜਾ ਸਕਦਾ ਹੈ।
ਇਸ ਪੀੜ ਦੀ ਆਵਾਜ਼ ਉਸ ਸਮੇਂ ਦੇ ਲੇਖਕਾਂ ਦੀਆਂ ਸਾਹਿਤਕ ਕ੍ਰਿਤਾਂ ਵਿਚ ਸੁਣਾਈ ਦਿੰਦੀ ਹੈ। ਜਿਨ੍ਹਾਂ ਵਿਚ ਮੰਟੋ ਅਤੇ ਅੰਮ੍ਰਿਤਾ ਪ੍ਰੀਤਮ ਦਾ ਖ਼ਾਸ ਜ਼ਿਕਰ ਆਉਂਦਾ ਹੈ। ਅੰਮ੍ਰਿਤਾ ਪ੍ਰੀਤਮ ਨੇ ਕਵਿਤਾ ਤੇ ਨਾਵਲ ਦੇ ਰੂਪਾਂ ਰਾਹੀਂ ਵੰਡ ਤੋਂ ਉਪਜੀ ਪੀੜ, ਔਰਤ ਦੇ ਅਹਿਸਾਸਾਂ, ਭਾਵਨਾਵਾਂ ਤੇ ਤਸ਼ੱਦਤ ਨੂੰ ਕਲਮਬੱਧ ਕੀਤਾ। ਪਾੜੇ ਦੀ ਇਸ ਪੀੜ ਦਾ ਅਹਿਸਾਸ ‘ਪਿੰਜਰ’ ਨਾਵਲ ਤੋਂ ਹੋ ਜਾਂਦਾ ਹੈ ਜਿਸ ਨੂੰ ਚੰਦਰ ਪ੍ਰਕਾਸ਼ ਦਵੇਦੀ ਨੇ ਫ਼ਿਲਮੀ ਰੂਪ ਦਿੱਤਾ।
‘ਪਿੰਜਰ’ ਹਿੰਦੀ ਸਿਨਮਾ ਦੀ ਅਜਿਹੀ ਫ਼ਿਲਮ ਹੈ ਜੋ ਭਾਵਨਾਤਮਕ ਅਤੇ ਇਤਿਹਾਸ ਦਾ ਦਸਤਾਵੇਜ਼ ਹੈ ਜਿਸ ਨੇ ਪੰਜਾਬ ਦੇ ਇਤਿਹਾਸ ਦੀਆਂ ਪੈੜਾਂ ਦੀ ਨਿਸ਼ਾਨਦੇਹੀ ਕੀਤੀ। ਇਹ ਫ਼ਿਲਮ ਪੰਜਾਬ ਦੇ ਉਜਾੜੇ ਦੀ ਦਾਸਤਾਨ ਨਾਲ ਦਰਸ਼ਕਾਂ ਨੂੰ ਵਾਕਿਫ ਕਰਵਾਉਂਦੀ ਹੈ, ਖ਼ਾਸ ਕਰਕੇ ਔਰਤ ਦੀ ਪੀੜਾਂ ਨੂੰ। ਇਸ ਪੀੜ ਦਾ ਅਹਿਸਾਸ ਅੰਮ੍ਰਿਤਾ ਦੀਆਂ ਇਨ੍ਹਾਂ ਕਾਵਿ ਸਤਰਾਂ ਤੋਂ ਹੋ ਜਾਂਦਾ ਹੈ:
ਅੱਜ ਆਖਾਂ ਵਾਰਸ ਸ਼ਾਹ ਨੂੰ
ਕਿਤੋਂ ਕਬਰਾਂ ਵਿਚੋਂ ਬੋਲ।
ਤੇ ਅੱਜ ਕਿਤਾਬੇ ਇਸ਼ਕ ਦਾ
ਕੋਈ ਅਗਲਾ ਵਰਕਾ ਫੋਲ!
ਇੱਕ ਰੋਈ ਸੀ ਧੀ ਪੰਜਾਬ ਦੀ,
ਤੂੰ ਲਿਖ ਲਿਖ ਮਾਰੇ ਵੈਣ!
ਅੱਜ ਲੱਖਾਂ ਧੀਆਂ ਰੋਂਦੀਆਂ
ਤੈਨੂੰ ਵਾਰਸ ਸ਼ਾਹ ਨੂੰ ਕਹਿਣ!
‘ਪਿੰਜਰ’ ਫ਼ਿਲਮ ਦਾ ਬਿਰਤਾਂਤ 1946 ਦੇ ਸਾਂਝੇ ਪੰਜਾਬ ਦੇ ਦ੍ਰਿਸ਼ ਤੋਂ ਸ਼ੁਰੂ ਹੁੰਦਾ ਹੈ। ਇਸ ਦੌਰਾਨ ਹਿੰਦੂ, ਮੁਲਸਮਾਨ ਤੇ ਸਿੱਖ ਫਿਰਕੇ ਦੇ ਲੋਕਾਂ ਅੰਦਰ ਤਣਾਅ ਦੀ ਸੀਮਾ ਵੱਧ ਚੁੱਕੀ ਸੀ, ਤਣਾਅ ਦਾ ਆਧਾਰ ਧਾਰਮਿਕ ਕੱਟੜਤਾ ਤੇ ਅੰਗਰੇਜ਼ਾਂ ਦੀ ਕੂਟਨੀਤੀ ਸੀ। ਫ਼ਿਲਮ ਦਾ ਕੇਂਦਰ ਬਿੰਦੂ ਮਜ਼ਲੂਮ ਔਰਤਾਂ ਦੁਆਲੇ ਘੁੰਮਦਾ ਹੈ, ਜੋ ਪੁਆੜੇ ਦਾ ਸ਼ਿਕਾਰ ਹੋਈਆਂ। ਵੰਡ ਵੇਲੇ ਬਹੁਗਿਣਤੀ ਵਿਚ ਔਰਤਾਂ ਨੂੰ ਉਧਾਲ ਕੇ ਜ਼ਬਰੀ ਵਿਆਹ ਤੇ ਧਰਮ ਪਰਿਵਰਤਨ ਦੀਆਂ ਘਟਨਾਵਾਂ ਦਾ ਜ਼ਿਕਰ ਆਉਂਦਾ ਹੈ। ਇਸ ਤਰ੍ਹਾਂ ਦੀ ਵਿਥਿਆ ਦੀ ਗਵਾਹੀ ਪੰਜਾਬੀ ਲਿਖਤਾਂ ਵਿਚ ਵੀ ਮਿਲਦੀ ਹੈ। ਹਰਸ਼ਰਨ ਸਿੰਘ ਦੀ ਇਕਾਂਗੀ ‘ਇੱਕ ਵਿਚਾਰੀ ਮਾਂ’, ਆਤਮਜੀਤ ਦੀ ‘ਚਿੜੀਆਂ ਅਤੇ ਸਵਰਾਜਵੀਰ ਦਾ ਨਾਟਕ ‘ਪੁਲਸਰਾਤ’ ਅਹਿਮ ਰਚਨਾਵਾਂ ਹਨ।
‘ਪਿੰਜਰ’ ਫ਼ਿਲਮ ਵਿਚ ਦੋਵਾਂ ਪੰਜਾਬਾਂ ਵਿਚ ਹੋਈ ਕਤਲੋਗਾਰਤ ਅਤੇ ਖ਼ਾਸ ਕਰਕੇ ਔਰਤਾਂ ਨੂੰ ਲਿਤਾੜੇ ਜਾਣ ਦੀ ਕਥਾ ਨੂੰ ਮਾਰਮਿਕ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਮਜ਼ਹਬ ਦੇ ਨਾਂ ਕਾਰਨ ਹੋਏ ਫਸਾਦ ਕਾਰਨ ਲੁੱਟਾਂ ਖੋਹਾਂ ਹੋਈਆਂ ਅਤੇ ਉਸ ਨਾਲ ਧੀਆਂ ਭੈਣਾਂ ਵੀ ਸ਼ਿਕਾਰ ਬਣੀਆਂ। ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਮਜਬੂਰ’ 1947 ਵਿਚ ਜਬਰੀ ਚੁੱਕੀ ਔਰਤ ਦੀ ਹਾਅ ਨੂੰ ਇਨ੍ਹਾਂ ਸਤਰਾਂ ਰਾਹੀਂ ਪ੍ਰਗਟ ਕਰਦੀ ਹੈ:
ਮੈਂ ਤੱਤੀ ਧੀ ਪੰਜਾਬ ਦੀ, ਮੇਰੇ ਫੁੱਟ ਵੇਖ ਨਸੀਬ
ਕੀਕਣ ਦੱਸਾਂ ਬੋਲ ਕੇ, ਟੁਕੀ ਗਈ ਮੇਰੀ ਜੀਭ
ਨੂੜੇ ਹੋਏ ਮੇਰੇ ਹੱਥ ਵੇ, ਜੁੜੇ ਹੋਏ ਮੇਰੇ ਪੈਰ
ਕਿਹਾ ਕੁ ਡਿੱਗਾ ਜ਼ੁਲਮ ਵੇ, ਕਿਹਾ ਕੁ ਢੱਠਾ ਕਹਿਰ।
‘ਪਿੰਜਰ’ ਫ਼ਿਲਮ ਦੀ ਮੁੱਖ ਕਿਰਦਾਰ ਪੂਰੋ ਜਿਸ ਨੂੰ ਮੁਸਲਿਮ ਨੌਜਵਾਨ ਰਸ਼ੀਦ ਨਿੱਜੀ ਦੁਸ਼ਮਣੀ ਕਾਰਨ ਉਧਾਲ ਕੇ ਲੈ ਜਾਂਦਾ ਹੈ। ਇਹ ਦੁਸ਼ਮਣੀ ਪੁਸ਼ਤ-ਦਰ-ਪੁਸ਼ਤ ਚੱਲੀ ਆ ਰਹੀ ਸੀ ਕਿਉਂਕਿ ਪੂਰੋ ਦਾ ਦਾਦਾ ਰਸ਼ੀਦ ਦੀ ਦਾਦੀ ਉਧਾਲ ਕੇ ਲੈ ਗਿਆ ਅਤੇ ਬੇਇੱਜ਼ਤ ਕੀਤਾ। ਪੂਰੋ ਦਾ ਉਧਾਲਾ ਬਦਲੇ ਦੀ ਭਾਵਨਾ ਤਹਿਤ ਹੁੰਦਾ ਹੈ। ਪੂਰੋ ਨੂੰ ਰਸ਼ੀਦ ਕਈ ਦਿਨ ਤਕ ਬੰਦੀ ਬਣਾ ਕੇ ਰੱਖਦਾ ਹੈ, ਪਰ ਕਿਸੇ ਨਾ ਕਿਸੇ ਤਰੀਕੇ ਉਹ ਰਸ਼ੀਦ ਦੇ ਚੁੰਗਲ ਤੋਂ ਛੁੱਟ ਕੇ ਆਪਣੇ ਘਰ ਵਾਪਸ ਆ ਜਾਂਦੀ ਹੈ, ਪਰ ਪੂਰੋ ਦੇ ਪਰਿਵਾਰ ਵਾਲੇ ਸਮਾਜ ਦੀ ਸ਼ਰਮ ਦੇ ਡਰ ਤੋਂ ਪੂਰੋ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੰਦੇ ਹਨ। ਮਜਬੂਰੀ ਵਸ ਪੂਰੋ ਫਿਰ ਰਸ਼ੀਦ ਕੋਲ ਚਲੀ ਜਾਂਦੀ ਹੈ। ਬਾਅਦ ਵਿਚ ਰਸੀਦ ਉਸ ਨਾਲ ਜਬਰੀ ਵਿਆਹ ਕਰ ਲੈਂਦਾ ਹੈ ਅਤੇ ਉਸ ਦੀ ਪਛਾਣ ਖ਼ਤਮ ਕਰਨ ਲਈ ਪੂਰੋ ਦਾ ਨਾਂ ਤੇ ਧਰਮ ਤਬਦੀਲ ਕਰ ਦਿੰਦਾ ਹੈ।

ਜਤਿੰਦਰ ਸਿੰਘ

ਇਹ ਫ਼ਿਲਮ ਹਿੰਦੋਸਤਾਨੀ ਮਿਥਿਹਾਸ ਦੀ ਗਵਾਹੀ ਭਰਦੀ ਹੋਈ ਮੌਜੂਦਾ ਸਮਾਜ ’ਤੇ ਪ੍ਰਸ਼ਨਚਿੰਨ੍ਹ ਲਗਾਉਂਦੀ ਹੈ। ਸੀਤਾ, ਰਾਵਣ ਤੋਂ ਮੁਕਤ ਹੋ ਕੇ ਅਯੁੱਧਿਆ ਵਾਪਸੀ ’ਤੇ ਉਸਨੂੰ ਅਗਨੀ ਪ੍ਰੀਖਿਆ ਦੇਣੀ ਪੈਂਦੀ ਹੈ। ਫ਼ਿਲਮ ਵਿਚ ਲੋਕ ਲਾਜ਼ ਤਹਿਤ ਪੂਰੋ ਨੂੰ ਘਰੋਂ ਬੇਘਰ ਹੋਣਾ ਪੈਂਦਾ ਹੈ। ਫ਼ਿਲਮ ਦਾ ਨਿਰਦੇਸ਼ਕ ‘ਸੀਤਾ ਕੋ ਦੇਖੇ ਸਾਰਾ ਗਾਉਂ, ਆਗ ਮੇਂ ਕੈਸੇ ਧਰੇਗੀ ਪਾਅ, ਬਚ ਜਾਏ ਤੋਂ ਦੇਵੀ ਮਾਂ ਹੈ, ਜਲ ਜਾਏ ਤੋਂ ਪਾਪਨ’ ਗੀਤ ਰਾਹੀਂ ਹਿੰਦੋਸਤਾਨੀ ਬੰਦੇ ਦੇ ਮਨ ਅੰਦਰ ਔਰਤ ਨੂੰ ਲੈ ਕੇ ਗੁੰਝਲਾਂ ’ਤੇ ਤ੍ਰਿਸਕਾਰ ਦੀ ਭਾਵਨਾ ਦੀ ਪੇਸ਼ਨਗੋਈ ਕਰਦਾ ਹੈ। ਇਸ ਫ਼ਿਲਮ ਨਾਲ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਔਰਤ ਵਸਤ ਤੋਂ ਇਲਾਵਾ ਹੋਰ ਕੁਝ ਨਹੀਂ। ਕਿਉਂ ਜੋ ਜਿੱਥੇ ਉਜਾੜੇ ਵੇਲੇ ਕੀਮਤੀ ਸਾਮਾਨ ਦੀ ਲੁੱਟ-ਖਸੁੱਟ ਹੋਈ, ਉੱਥੇ ਨਾਲ ਹੀ ਔਰਤ ਨੂੰ ਵੀ ਲੁੱਟ ਦਾ ਮਾਲ-ਸਮਝਿਆ ਗਿਆ। ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਅੰਨਦਾਤਾ’ ਵੀ ਇਸ ਧਾਰਨਾ ਦੀ ਪੁਸ਼ਟੀ ਕਰਦੀ ਹੈ:
ਅੰਨਦਾਤਾ! ਮੇਰੀ ਜੀਭ ’ਤੇ
ਤੇਰੇ ਲੂਣ ਏ
ਤੇਰਾ ਨਾਂ ਮੇਰੇ ਬਾਪ ਦਿਆਂ ਹੋਠਾਂ ’ਤੇ
ਅੰਨਦਾਤਾ!
ਮੈਂ ਚੰਮ ਦੀ ਗੁੱਡੀ ਖੇਡ ਲੈ ਖਿਡਾ ਲੈ
ਤੇਰੇ ਸਾਹਵੇਂ ਖੜ੍ਹੀ ਆ ਅਹਿ, ਵਰਤਣ ਦੀ ਸ਼ੈ
ਜਿਵੇਂ ਚਾਹੇ ਵਰਤ ਲੈ!
ਪੂਰੋ ਨੂੰ ਉਧਾਲ ਕੇ ਲੈ ਜਾਣ ਦੀ ਘਟਨਾ ਭਾਵੇਂ ਵੰਡ ਤੋਂ ਕੁਝ ਚਿਰ ਪਹਿਲਾਂ ਦੀ ਹੈ, ਪਰ ਪੂਰੋ ਦੀ ਭਰਜਾਈ ਅਤੇ ਹੋਰ ਔਰਤਾਂ ਦੇ ਉਧਾਲੇ ਦਾ ਕਾਰਨ ਦੇਸ਼ ਦੀ ਵੰਡ ਹੀ ਬਣਦਾ ਹੈ। ‘ਪਿੰਜਰ’ ਫ਼ਿਲਮ ਰਾਹੀਂ ਉਨ੍ਹਾਂ ਲੋਕਾਂ ਦੇ ਹਾਲਾਤ ਦਾ ਪਤਾ ਚੱਲਦਾ ਹੈ ਜੋ ਵੰਡ ਦੀ ਮਾਰ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਤੋਂ ਵਿੱਛੜ ਗਏ ਅਤੇ ਲੱਖਾਂ ਬੇਦੋਸ਼ਿਆਂ ਦਾ ਕਤਲ ਕੀਤਾ ਗਿਆ। ਉਜਾੜੇ ਨੇ ਔਰਤ ਨੂੰ ਲੈ ਕੇ ਮਰਦ ਦੀ ਸੋਚ ਤੇ ਰਿਸ਼ਤਿਆਂ ਦੀਆਂ ਪੇਚੀਦਗੀਆਂ ਤੇ ਗੁੰਝਲਾਂ ਨੂੰ ਹੋਰ ਉਲਝਾ ਦਿੱਤਾ। ‘ਪਿੰਜਰ’ ਫ਼ਿਲਮ ਦੀ ਕਹਾਣੀ ਕਿਸੇ ਨਾ ਕਿਸੇ ਤਰੀਕੇ ਅੱਜ ਦੇ ਸਮਾਜ ਨਾਲ ਸਿੱਧਾ ਸਬੰਧ ਰੱਖਦੀ ਹੈ, ਜੋ ਮਸਲੇ ਹੁਣ ਉੱਭਰ ਕੇ ਸਾਹਮਣੇ ਆ ਰਹੇ ਹਨ। ਉਨ੍ਹਾਂ ਦੀਆਂ ਜੜ੍ਹਾਂ ਕਿਤੇ ਨਾ ਕਿਤੇ ਵੰਡ ਦੇ ਭਿਆਨਕ ਮੰਜਰ ਵਿਚ ਵੀ ਪਈਆਂ ਹਨ, ਜੋ ਵਕਤ ਦੇ ਗੇੜ ਨਾਲ ਸੁਲਝੇ ਨਹੀਂ ਸਗੋਂ ਉਲਝੇ ਨਜ਼ਰ ਆ ਰਹੇ ਹਨ।

ਸੰਪਰਕ: 94174-78446


Comments Off on ਪਿੰਜਰ: ਪੁਆੜੇ, ਪਾੜੇ ਤੇ ਪੀੜ ਦੀ ਗਾਥਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.