ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਪਾਣੀ ਦਾ ਮੌਜੂਦਾ ਸੰਕਟ ਅਤੇ ਇਹਦਾ ਹੱਲ

Posted On August - 13 - 2019

ਜਸਵੀਰ ਸਿੰਘ

ਪਾਣੀ ਦੀ ਸਾਂਭ-ਸੰਭਾਲ ਦੀ ਘਾਟ ਅਤੇ ਇਸ ਦੀ ਹੱਦੋਂ ਵੱਧ ਬਰਬਾਦੀ ਦਾ ਮਾਮਲਾ ਪਿਛਲੇ ਕੁਝ ਸਮੇਂ ਤੋਂ ਅਖ਼ਬਾਰਾਂ ਵਿਚ ਛਾਇਆ ਹੋਇਆ ਹੈ। ਸਾਡੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਬਾਰੇ ਸਰਬ ਪਾਰਟੀ ਮੀਟਿੰਗ ਸੱਦਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਪਾਣੀ ਨੂੰ ਧਰਤੀ ਵਿਚ ਰਚਾਉਣ ਲਈ ਵੱਡੀ ਗਿਣਤੀ ਵਿਚ ਚੈਕ ਡੈਮ ਬਣਾਉਣ ਦੀ ਵੀ ਗੱਲ ਕਹੀ ਹੈ। ਇਸ ਮਸਲੇ ਨੇ ਉਸ ਵਕਤ ਖਾਸ ਕਰਕੇ ਵਧੇਰੇ ਤੂਲ ਫੜੀ ਜਦੋਂ ਭਾਰਤੀ ਨੀਤੀ ਆਯੋਗ ਨੇ ਇਹ ਰਿਪੋਰਟ ਜਾਰੀ ਕੀਤੀ ਕਿ ਭਾਰਤ ਦੇ ਦਿੱਲੀ, ਬੰਗਲੌਰ, ਚੇਨਈ ਅਤੇ ਹੈਦਰਾਬਾਦ ਸਮੇਤ 21 ਸ਼ਹਿਰਾਂ ਨੂੰ 2020 ਵਿਚ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪਵੇਗਾ। ਇਨ੍ਹਾਂ ਸ਼ਹਿਰਾਂ ਵਿਚ ਪੰਜਾਬ ਦੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਜਿਹੇ ਸ਼ਹਿਰ ਵੀ ਸ਼ਾਮਲ ਹਨ।
ਪਿਛਲੇ ਦਿਨੀਂ ਜਦੋਂ ਅਤਿ ਦੀ ਗਰਮੀ ਪੈ ਰਹੀ ਸੀ ਤਾਂ ਚੇਨਈ ਜਿਹੇ ਮਹਾਂਨਗਰ ਵਿਚ ਪਾਣੀ ਦਾ ਗੰਭੀਰ ਸੰਕਟ ਦੇਖਣ ਨੂੰ ਮਿਲਿਆ। ਵਾਤਾਵਰਨ ਮਾਹਿਰ ਇਹ ਕਹਿ ਰਹੇ ਹਨ ਕਿ ਜੇ ਪਾਣੀ ਦੀ ਘਾਟ ਦਾ ਮੌਜੂਦਾ ਹਾਲ ਜਾਰੀ ਰਿਹਾ ਤਾਂ ਭਾਰਤ ਦੇ ਕਈ ਵੱਡੇ ਸ਼ਹਿਰਾਂ ਨੂੰ ਪਾਣੀ ਦੇ ਵੱਡੇ ਸੰਕਟ ਦਾ ਸਾਹਮਣਾ ਕਰਨਾ ਪਵੇਗਾ। ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਸਾਡੇ ਸਰੀਰ ਵਾਂਗ ਹੀ ਧਰਤੀ ਉੱਤੇ ਵੀ 70 ਫ਼ੀਸਦੀ ਪਾਣੀ ਹੈ ਪਰ ਇਸ ਵਿਚ ਪੀਣ ਦੇ ਕਾਬਲ ਪਾਣੀ ਸਿਰਫ 2.5 ਫੀਸਦੀ ਹੈ। ਬਾਕੀ ਦਾ ਪਾਣੀ ਜਾਂ ਤਾਂ ਗਲੇਸ਼ੀਅਰਾਂ ਦੇ ਰੂਪ ਵਿਚ ਜੰਮਿਆ ਪਿਆ ਹੈ ਜਾਂ ਸਮੁੰਦਰਾਂ ਵਿਚ ਖਾਰੇ ਪਾਣੀ ਦੇ ਰੂਪ ਵਿਚ ਮੌਜੂਦ ਹੈ।
ਆਮ ਤੌਰ ਤੇ ਕਈ ਪੜ੍ਹੇ ਲਿਖੇ ਲੋਕ ਵੀ ਇਹ ਕਹਿੰਦੇ ਦੇਖੇ ਹਨ ਕਿ ਪਾਣੀ ਨਾਲ ਤਾਂ ਸਮੁੰਦਰ ਭਰੇ ਪਏ ਹਨ, ਇਹ ਕਿਵੇਂ ਮੁੱਕ ਜਾਵੇਗਾ? ਹਕੀਕਤ ਇਹ ਹੈ ਕਿ ਜੋ ਮੁੱਕ ਰਿਹਾ ਹੈ, ਉਹ ਢਾਈ ਫ਼ੀਸਦੀ ਪਾਣੀ ਹੈ ਜੋ ਪੀਣ ਲਾਇਕ ਹੈ। ਉਂਜ ਮਨੁੱਖ ਨੇ ਗਲੇਸ਼ੀਅਰਾਂ ਅਤੇ ਸਮੁੰਦਰਾਂ ਨੂੰ ਵੀ ਸੁਰੱਖਿਅਤ ਨਹੀਂ ਛੱਡਿਆ ਹੈ। ਪ੍ਰਦੂਸ਼ਣ ਨਾਲ ਵਧ ਰਹੀ ਗਰਮੀ ਕਾਰਨ ਗਲੇਸ਼ੀਅਰ ਖੁਰ ਰਹੇ ਹਨ ਅਤੇ ਸਮੁੰਦਰ ਵੱਖ ਵੱਖ ਤਰ੍ਹਾਂ ਦੇ ਪ੍ਰਦੂਸ਼ਣ ਨਾਲ ਮੈਲੇ ਹੋ ਰਹੇ ਹਨ। ਅਸਲ ਵਿਚ ਇਨ੍ਹਾਂ ਕੁਕਰਮਾਂ ਕਾਰਨ ਮਨੁੱਖ ਨਾ ਸਿਰਫ ਆਪਣੇ ਜੜ੍ਹੀਂ ਤੇਲ ਦੇ ਰਿਹਾ ਹੈ ਸਗੋਂ ਹੋਰ ਜੀਵ ਜੰਤੂਆਂ ਦੀ ਹੋਂਦ ਵੀ ਖ਼ਤਰੇ ਵਿਚ ਪਾ ਰਿਹਾ ਹੈ।
ਪੰਜਾਬ ਵਿਚ ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜ ਸੇਵੀ ਸ਼ਖਸੀਅਤਾਂ ਪਾਣੀ ਦੀ ਬਰਬਾਦੀ ਨੂੰ ਰੋਕਣ ਅਤੇ ਇਸ ਦੀ ਸੰਜਮੀ ਵਰਤੋਂ ਨੂੰ ਲੈ ਕੇ ਆਵਾਜ਼ ਬੁਲੰਦ ਕਰਦੀਆਂ ਰਹੀਆਂ ਹਨ। ਪਾਣੀ ਦੀ ਬਰਬਾਦੀ ਸਮੇਤ ਵਾਤਾਵਰਨ ਦੀ ਬਰਬਾਦੀ ਦੇ ਮਸਲਿਆਂ ਤੇ ਪੰਜਾਬ ਵਿਚ ਸਭ ਤੋਂ ਪਹਿਲਾਂ ਮਰਹੂਮ ਭਗਤ ਪੂਰਨ ਸਿੰਘ ਜੀ ਨੇ ਬੋਲਣਾ ਸ਼ੁਰੂ ਕੀਤਾ। ਉਨ੍ਹਾਂ ਆਪਣੀ ਆਵਾਜ਼ ਨੂੰ ਲਿਖਤੀ ਰੂਪ ਵੀ ਦਿੱਤਾ। ਕੋਰੇ ਕਾਗਜ਼ ਦੀ ਬਰਬਾਦੀ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਇਕ ਪਾਸੇ ਤੋਂ ਵਰਤੇ ਹੋਏ ਕਾਗਜ਼ ਵਿਚ ਆਪਣੇ ਵਾਤਾਵਰਨ ਪੱਖੀ ਅਤੇ ਪਾਣੀ ਦੀ ਸੰਜਮੀ ਵਰਤੋਂ ਬਾਬਤ ਸੁਨੇਹੇ ਲਿਖ ਲਿਖ ਕੇ ਜਨਤਕ ਥਾਵਾਂ, ਬੱਸਾਂ, ਟਰੇਨਾਂ ਆਦਿ ਵਿਚ ਵੰਡਣੇ ਸ਼ੁਰੂ ਕੀਤੇ। ਪਿਛਲੀ ਸਦੀ ਦੇ ਤਕਰੀਬਨ ਅੱਧ ਤੋਂ ਲੈ ਕੇ ਆਪਣੇ ਅੰਤਮ ਸਾਹਾਂ ਤੱਕ ਉਨ੍ਹਾਂ ਆਪਣਾ ਇਹ ਕਰਮ ਜਾਰੀ ਰੱਖਿਆ। ਇਹ ਉਹ ਵਕਤ ਸੀ ਜਦੋਂ ਸਾਡੇ ਬਹੁਤੇ ਬੁੱਧੀਜੀਵੀ, ਸੰਪਾਦਕ, ਪੱਤਰਕਾਰ ਵਾਤਾਵਰਨ ਦੇ ਪ੍ਰਦੂਸ਼ਣ ਅਤੇ ਪਾਣੀ ਦੀ ਦੁਰਵਰਤੋਂ ਵਾਲੇ ਪੱਖ ਤੋਂ ਸੁਚੇਤ ਨਹੀਂ ਸਨ। ਉਸ ਸਮੇਂ ਦੌਰਾਨ ਉਨ੍ਹਾਂ ਦਾ ਕੀਤਾ ਗਿਆ ਇਹ ਪ੍ਰਚਾਰ ਦਰਸਾਉਂਦਾ ਹੈ ਕਿ ਭਗਤ ਜੀ ਪਾਣੀ ਦੀ ਵਧਵੀਂ ਬਰਬਾਦੀ ਸਮੇਤ ਵਾਤਾਵਰਨ ਦੀ ਬਰਬਾਦੀ ਬਾਰੇ ਕਿੰਨੇ ਸੁਚੇਤ ਸਨ।
ਭਗਤ ਜੀ ਦੀ ਇਸ ਸੋਚ ਨੂੰ ਫਿਰ ਕੁਝ ਬੁੱਧੀਜੀਵੀਆਂ ਅਤੇ ਸੰਤ ਮਹਾਤਮਾਵਾਂ ਨੇ ਅੱਗੇ ਤੋਰਿਆ। ਕੁਝ ਸੁਚੇਤ ਬੁੱਧੀਜੀਵੀਆਂ ਨੇ ਪੰਜਾਬ ਦੇ ਨਦੀਆਂ, ਨਾਲਿਆਂ ਅਤੇ ਵੇਈਆਂ ਦੇ ਸਰਵੇਖਣ ਕਰਵਾਏ। ਇਨ੍ਹਾਂ ਵਿਚੋਂ ਕੁਝ ਸਰਵੇਖਣ ਪੰਜਾਬ ਦੀਆਂ ਵੱਡੀਆਂ ਅਖ਼ਬਾਰਾਂ ਵਿਚ ਛਪੇ। ਇਨ੍ਹਾਂ ਸਰਵੇਖਣਾਂ ਵਿਚ ਪੰਜਾਬ ਵਿਚ ਦੇ ਪ੍ਰਦੂਸ਼ਣ ਅਤੇ ਇਸ ਦੀ ਘੋਰ ਦੁਰਵਰਤੋਂ ਦਾ ਮਾਮਲਾ ਸਾਹਮਣੇ ਆਇਆ। ਇਹ ਇਨ੍ਹਾਂ ਸਰਵੇਖਣਾਂ ਦਾ ਹੀ ਨਤੀਜਾ ਸੀ ਕਿ ਕਾਲੀ ਵੇਈਂ ਜਿਹੜੀ ਪਿਛਲੀ ਸਦੀ ਦੇ ਨੌਵੇਂ ਦਹਾਕੇ ਤੱਕ ਪੁੱਜਦਿਆਂ ਤਕਰੀਬਨ ਖ਼ਤਮ ਹੋ ਚੁੱਕੀ ਸੀ, ਦੀ ਸਾਫ-ਸਫਾਈ ਅਤੇ ਪੁਨਰਸੁਰਜੀਤੀ ਦਾ ਜ਼ਿੰਮਾ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਸਿਰ ਲਿਆ।
ਗੁਰੂ ਨਾਨਕ ਅਤੇ ਸਿੱਖ ਧਰਮ ਦੇ ਆਗਮਨ ਨਾਲ ਗਹਿਰੇ ਰਿਸ਼ਤੇ ਵਿਚ ਬੱਝੀ 166 ਕਿਲੋਮੀਟਰ ਲੰਮੀ ਇਹ ਕਾਲੀ ਵੇਈਂ ਭਾਵੇਂ ਹੁਣ ਪੁਨਰਸੁਰਜੀਤ ਹੋ ਚੁੱਕੀ ਹੈ ਪਰ ਇਸ ਵਿਚ ਪ੍ਰਦੂਸ਼ਿਤ ਪਾਣੀ ਪਾਉਣ ਖ਼ਿਲਾਫ਼ ਸੰਘਰਸ਼ ਅਜੇ ਵੀ ਜਾਰੀ ਹੈ। ਇਹ ਸੰਘਰਸ਼ ਇੰਨਾ ਲੰਮਾ ਇਸੇ ਕਰਕੇ ਹੋਇਆ ਹੈ ਕਿ ਨਾ ਤਾਂ ਸਾਡਾ ਪ੍ਰਸ਼ਾਸਨਿਕ ਅਮਲਾ ਪਾਣੀਆਂ ਦੇ ਪ੍ਰਦੂਸ਼ਣ ਅਤੇ ਬਰਬਾਦੀ ਦੇ ਮਸਲਿਆਂ ਬਾਰੇ ਜ਼ਿੰਮੇਵਾਰੀ ਨਿਭਾ ਰਿਹਾ ਹੈ ਅਤੇ ਨਾ ਹੀ ਸਾਡੇ ਲੋਕ, ਸਥਾਨਕ ਸੰਸਥਾਵਾਂ, ਪੰਚਾਇਤਾਂ, ਮਿਉਂਸਿਪਲ ਕਮੇਟੀਆਂ ਆਦਿ ਪਾਣੀ ਦੀ ਬੱਚਤ ਅਤੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਸਮੂਹਿਕ ਸੰਘਰਸ਼ ਵਿਚ ਪਏ ਹਨ।
ਬਾਬਾ ਸੇਵਾ ਸਿੰਘ ਕਾਰਸੇਵਾ ਖਡੂਰ ਸਾਹਿਬ ਵਾਲਿਆਂ ਦਾ ਮੁੱਖ ਕੰਮ ਭਾਵੇਂ ਰੁੱਖ ਲਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਵਿਚ ਹੈ ਪਰ ਉਨ੍ਹਾਂ ਦੀ ਸੰਸਥਾ ਨੇ ਵੀ ਪਾਣੀ ਦੀ ਮਹੱਤਤਾ ਅਤੇ ਇਸ ਦੀ ਸਾਂਭ ਸੰਭਾਲ ਦੇ ਮਾਮਲੇ ਵਿਚ ਚੇਤਨਾ ਫੈਲਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਆਪਣੇ ਵਾਤਾਵਰਨ ਪੱਖੀ ਕਾਰਜਾਂ ਰਾਹੀਂ ਇਸ ਸਮੁੱਚੇ ਮੁੱਦੇ ਨੂੰ ਕੇਂਦਰ ਵਿਚ ਲੈ ਆਂਦਾ ਹੈ। ਉਹ ਆਪਣੇ ਹਰ ਪ੍ਰਵਚਨ ਵਿਚ ਪਾਣੀ ਦੀ ਸੰਜਮੀ ਵਰਤੋਂ ਦਾ ਸੰਦੇਸ਼ ਦਿੰਦੇ ਹਨ।
ਇਹ ਠੀਕ ਹੈ ਕਿ ਪੰਜਾਬ ਦਾ ਖੇਤੀ ਖੇਤਰ ਝੋਨੇ ਦੀ ਫ਼ਸਲ ਦੀ ਲਪੇਟ ਵਿਚ ਹੋਣ ਕਾਰਨ ਧਰਤੀ ਹੇਠਲੇ ਪਾਣੀ ਦੀ ਅਥਾਹ ਬਰਬਾਦੀ ਕਰਦਾ ਹੈ ਪਰ ਇਸ ਮਾਮਲੇ ਵਿਚ ਸ਼ਹਿਰੀ ਰਿਹਾਇਸ਼ੀ ਖੇਤਰ ਦੇ ਮਲ-ਮੂਤਰ ਅਤੇ ਸਨਅਤੀ ਪ੍ਰਦੂਸ਼ਣ ਵੀ ਕੋਈ ਘੱਟ ਨਹੀਂ ਗੁਜ਼ਾਰ ਰਹੇ। ਸਨਅਤੀ ਖੇਤਰ ਸੁਧੀ ਕੈਮੀਕਲ ਰਹਿੰਦ-ਖੂੰਹਦ ਦਰਿਆਵਾਂ ਵਿਚ ਧੱਕੀ ਜਾ ਰਿਹਾ ਹੈ ਜਦਕਿ ਸ਼ਹਿਰੀ ਖੇਤਰ ਮਨੁੱਖੀ ਮਲ, ਸੀਵਰੇਜ ਨੂੰ ਬਿਨਾ ਸੋਧੇ ਦਰਿਆਵਾਂ ਨਦੀਆਂ ਦੇ ਹਵਾਲੇ ਕਰ ਰਿਹਾ ਹੈ।
ਜਿਵੇਂ ਭਾਰਤੀ ਨੀਤੀ ਆਯੋਗ ਨੇ ਚਿਤਾਵਨੀ ਦਿੱਤੀ ਹੈ, ਪੀਣ ਵਾਲਾ 70 ਫ਼ੀਸਦੀ ਪਾਣੀ ਪ੍ਰਦੂਸ਼ਿਤ ਹੋਣ ਕਾਰਨ, ਇਸ ਦੇ ਬੇਹੱਦ ਭਿਆਨਕ ਸਿੱਟੇ ਨਿਕਲਣ ਵਾਲੇ ਹਨ। ਧਰਤੀ ਹੇਠਲੇ ਪਾਣੀ ਦੇ ਮਾਮਲੇ ਵਿਚ ਪੰਜਾਬ ਦੇ 141 ਬਲਾਕਾਂ ਵਿਚੋਂ 104 ਬਲਾਕ ਡਾਰਕ ਜ਼ੋਨ (ਸੰਕਟ ਵਾਲੇ ਜ਼ੋਨ) ਬਣ ਚੁੱਕੇ ਹਨ। ਸਿਰਫ 20 ਬਲਾਕ ਹੀ ਸੁਰੱਖਿਅਤ ਜ਼ੋਨ ਵਿਚ ਮੰਨੇ ਜਾ ਰਹੇ ਹਨ। ਪਾਣੀ ਦੀ ਬਰਬਾਦੀ, ਪ੍ਰਦੂਸ਼ਣ ਅਤੇ ਦੁਰਵਰਤੋਂ ਨੂੰ ਜਲਦੀ ਰੋਕਣ ਲਈ ਬਿਨਾਂ ਸ਼ੱਕ, ਸਾਨੂੰ ਵਿਗਿਆਨਕ ਹੱਲ ਤਲਾਸ਼ਣੇ ਪੈਣਗੇ ਪਰ ਆਪਣੇ ਵਿਰਸੇ, ਧਰਮ, ਸੱਭਿਆਚਾਰ, ਲੰਮੇ ਲੋਕ ਤਜਰਬਿਆਂ ਨੂੰ ਵੀ ਪਾਣੀ ਬਚਾਉ ਲਹਿਰ ਦਾ ਹਿੱਸਾ ਬਣਾਉਣਾ ਪਏਗਾ। ਇਸ ਤੋਂ ਬਿਨਾ ਪਾਣੀ ਦੇ ਸਤਿਕਾਰ, ਸੰਭਾਲ, ਸਦਵਰਤੋਂ, ਸ਼ੁੱਧੀ ਅਤੇ ਸਾਂਭ-ਸੰਭਾਲ ਲਈ ਵਿਸ਼ਾਲ ਲਹਿਰ ਨਹੀਂ ਪੈਦਾ ਕੀਤੀ ਜਾ ਸਕਦੀ।
ਇਹ ਤੱਥ ਬਿਨਾ ਕਿਸੇ ਮਕਸਦ ਦੇ ਨਹੀਂ ਹੈ ਕਿ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਵਿਚ ਪਾਣੀ ਵਿਚੋਂ ਬਾਹਰ ਨਿਕਲ ਕੇ ਹੀ ਆਪਣਾ ਪਹਿਲਾ ਪ੍ਰਵਚਨ ਦਿੱਤਾ। ਇਉਂ ਪਾਣੀ ਅਤੇ ਸਿੱਖ ਧਰਮ ਦਾ ਅਟੁੱਟ ਸਬੰਧ ਹੈ। ਪਾਣੀ ਦੇ ਸਤਿਕਾਰ ਵਿਚ ਗੁਰੂ ਨਾਨਕ ਇਹ ਸ਼ਬਦ ਉਚਾਰਦੇ ਹਨ: ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਸਮਝਣ ਵਾਲੀ ਗੱਲ ਇਹ ਹੈ ਕਿ ਪੌਣ ਪਾਣੀ ਦੇ ਬਚਾਓ ਲਈ ਵਿਗਿਆਨ ਦੀ ਵਰਤੋਂ ਵੀ ਜ਼ਰੂਰੀ ਹੈ ਪਰ ਬੰਦੇ ਦਾ ਵਿਹਾਰ ਬਦਲਣ ਲਈ ਚੰਗੀਆਂ ਧਾਰਮਿਕ ਅਤੇ ਸੱਭਿਆਚਾਰਕ ਕੀਮਤਾਂ ਨੂੰ ਵੀ ਆਪਣੀ ਜ਼ਿੰਦਗੀ ਦੇ ਅਮਲ ਵਿਚ ਉਤਾਰਨ ਦੀ ਜ਼ਰੂਰਤ ਹੈ।
ਇਸੇ ਲਈ ਸਮੂਹਿਕ ਰੂਪ ਵਿਚ ਆਪਣੇ ਮਨ, ਆਚਾਰ, ਵਿਹਾਰ ਨੂੰ ਧਰਮ ਅਤੇ ਸੱਭਿਆਚਾਰਕ ਵਿਰਾਸਤ ਦੀਆਂ ਹਾਂ ਪੱਖੀ ਕੀਮਤਾਂ ਅਨੁਸਾਰ ਤੋਰਨ, ਇਨ੍ਹਾਂ ਉੱਤੇ ਅਮਲ ਕਰਨ ਅਤੇ ਆਪਣੀ ਜ਼ਿੰਦਗੀ ਨੂੰ ਇਸ ਅਨੁਸਾਰ ਢਾਲਣ ਅਤੇ ਪਾਣੀ ਬਾਰੇ ਗੁਰੂ ਬਚਨਾਂ ਨੂੰ ਆਪਣੇ ਸਮੂਹਿਕ ਸੁਭਾਅ ਦਾ ਅੰਗ ਬਣਾਉਣ ਨਾਲ ਹੀ ਅਸੀਂ ਪਾਣੀ ਦੀ ਦੁਰਵਰਤੋਂ ਅਤੇ ਪ੍ਰਦੂਸ਼ਣ ਵਰਗੇ ਮਸਲਿਆਂ ਉੱਤੇ ਕਾਬੂ ਪਾ ਸਕਦੇ ਹਾਂ।

ਸੰਪਰਕ: 62805-74657


Comments Off on ਪਾਣੀ ਦਾ ਮੌਜੂਦਾ ਸੰਕਟ ਅਤੇ ਇਹਦਾ ਹੱਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.