ਕਰੋਨਾਵਾਇਰਸ ਦੀ ਥਾਂ ਭੁੱਖਮਰੀ ਨੇ ਡਰਾਏ ਦਿਹਾੜੀਦਾਰ ਮਜ਼ਦੂਰ !    ਜਦੋਂ ਤੱਕ ਕਰੋਨਾ ਦਾ ਪ੍ਰਕੋਪ, ਸਾਡੇ ਘਰ ਆਉਣ ’ਤੇ ਰੋਕ !    ਏਮਸ ਵੱਲੋਂ ਹੈਲਥ ਕੇਅਰ ਵਰਕਰਾਂ ਲਈ ਕੋਵਿਡ-19 ਦਸਤਾਵੇਜ਼ ਜਾਰੀ !    ਫ਼ੌਜੀਆਂ ਵੱਲੋਂ ਇਕ ਦਿਨ ਦੀ ਤਨਖਾਹ ਦਾਨ ਵਿੱਚ ਦੇਣ ਦਾ ਐਲਾਨ !    ਅਫ਼ਵਾਹਾਂ ਤੇ ਲੌਕਡਾਊਨ ਨੇ ਠੁੰਗਗਿਆ ਪੋਲਟਰੀ ਕਾਰੋਬਾਰ !    ਪਾਕਿਸਤਾਨ ’ਚ ਕਰੋਨਾਵਾਇਰਸ ਕੇਸਾਂ ਦੀ ਗਿਣਤੀ 1526 ਹੋਈ !    ਨੈਤਿਕ ਕਦਰਾਂ ਹੀ ਕੰਨਿਆ ਪੂਜਾ !    ਬਹਾਵਲਪੁਰ: ਖ਼ੂਬਸੂਰਤ ਅਤੀਤ, ਬਦਸੂਰਤ ਵਰਤਮਾਨ... !    ਅਖ਼ਬਾਰ ਆ ਨਹੀਂ ਰਹੀ, ਤੁਸੀਂ ਵੀ ਖ਼ਬਰਾਂ ਪੜ੍ਹਨੀਆਂ ਬੰਦ ਕਰ ਦਿਓ !    ਸ਼ਾਹੀਨ ਬਾਗ਼ ਵਿੱਚ ਦੁਕਾਨ ਨੂੰ ਅੱਗ ਲੱਗੀ !    

ਪਾਠਕਾਂ ਦੇ ਖ਼ਤ

Posted On August - 13 - 2019

ਵਕਤ ਦੀ ਮਾਰ ਹੇਠ ਪੰਜਾਬ

12 ਅਗਸਤ ਦੇ ਨਜ਼ਰੀਆ ਪੰਨੇ ’ਤੇ ਗੁਰਚਰਨ ਸਿੰਘ ਨੂਰਪੁਰ ਦਾ ਲੇਖ ‘ਵਕਤ ਖੁੰਝਿਆ; ਨਸ਼ਿਆਂ ਨੇ ਸਮੱਸਿਆਵਾਂ ਵਧਾਈਆਂ’ ਪੜ੍ਹਿਆ। ਪੰਜਾਬ ਗੁਰੂਆਂ ਅਤੇ ਪੀਰਾਂ ਦੀ ਧਰਤੀ ਹੈ। ਇਸ ਦੀ ਜਵਾਨੀ ਦਾ ਲੋਹਾ ਕਿਸੇ ਸਮੇਂ ਪੂਰੀ ਦੁਨੀਆਂ ਮੰਨਦੀ ਸੀ। ਇਸ ਵਕਤ ਨੌਜਵਾਨ ਪੀੜ੍ਹੀ ਦਾ ਇਕ ਹਿੱਸਾ ਨਸ਼ਿਆਂ ਵੱਲ ਰੁੜ੍ਹ ਗਿਆ ਹੈ। ਰੁਜ਼ਗਾਰ ਦੀ ਤ੍ਰਿਪਤੀ ਨਾ ਹੋਣਾ ਵੀ ਇਨ੍ਹਾਂ ਨੂੰ ਕਿਤੇ ਨਾ ਕਿਤੇ ਨਸ਼ਿਆਂ ਵੱਲ ਲੈ ਜਾਂਦਾ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਲੀਹ ’ਤੇ ਲਿਆਉਣ ਲਈ ਲੋਕਾਂ ਨੂੰ ਅੱਗੇ ਆਉਣਾ ਪਵੇਗਾ। ਸਰਕਾਰ ਚਾਹੇ ਤਾਂ ਸਭ ਕੁਝ ਬੰਦ ਹੋ ਸਕਦਾ ਹੈ ਪਰ ਸਰਕਾਰ ਅਤੇ ਲੀਡਰਾਂ ਨੇ ਇਸ ਨੂੰ ਆਮਦਨ ਦਾ ਸਾਧਨ ਬਣਾਇਆ ਹੋਇਆ ਹੈ। ਇਸ ਲਈ ਹੁਣ ਸਮੇਂ ਨੂੰ ਸੰਭਾਲਣ ਅਤੇ ਖ਼ੁਦ ਸੰਭਲਣ ਦੀ ਲੋੜ ਹੈ।
ਕੇਵਲ ਸਿੰਘ ਸਰਾਂ, ਪਿੰਡ ਪੱਖੋ ਕਲਾਂ (ਬਰਨਾਲਾ)

(2)

ਗੁਰਚਰਨ ਸਿੰਘ ਨੂਰਪੁਰ ਦਾ ਲੇਖ ਹਿਰਦੇ ਵਲੂੰਧਰਦਾ ਹੈ ਕਿ ਕਿਸ ਤਰ੍ਹਾਂ ਪੰਜਾਬ ਦੀ ਜਵਾਨੀ ਗ਼ਰਕ ਰਹੀ ਹੈ। ਲੀਡਰ ਸਿਰਫ਼ ਆਪਣੀਆਂ ਰੋਟੀਆਂ ਸੇਕ ਰਹੇ ਹਨ ਤੇ ਨੌਜਵਾਨ ਆਏ ਦਿਨ ਬਿਨ ਆਈ ਮੌਤ ਮਰ ਰਹੇ ਹਨ। ‘ਸਦਮਾ ਸਿਧਾਂਤ’ ਦਾ ਜ਼ਿਕਰ ਵਾਕਈ ਵਿਚਾਰਨਯੋਗ ਹੈ।
ਰਮਨਦੀਪ ਸਿੰਘ, ਖੀਵਾ ਮੀਹਾਂ ਸਿੰਘ ਵਾਲਾ (ਮਾਨਸਾ)

(3)

ਲੇਖਕ ਨੇ ਨਸ਼ਿਆਂ ਦੇ ਜਾਲ ਬਾਰੇ ਵਿਸਥਾਰ ਸਹਿਤ, ਮਿਸਾਲਾਂ ਦੇ ਕੇ ਚਰਚਾ ਕੀਤੀ ਹੈ। ਸਭ ਤੋਂ ਪਹਿਲਾਂ ਨਸ਼ਿਆਂ ਦੀ ਜੜ੍ਹ ਲੱਭਣੀ ਜ਼ਰੂਰੀ ਹੈ ਤਾਂ ਹੀ ਕੋਈ ਹੱਲ ਹੋ ਸਕਦਾ ਹੈ। ਸਹੀ ਲਿਖਿਆ ਹੈ ਕਿ ਜੇ ਜੇਲ੍ਹਾਂ ਵਿਚ ਵੀ ਨਸ਼ਾ ਪੁੱਜਦਾ ਹੈ ਤਾਂ ਪੰਜਾਬ ਵਿਚ ਕਿਵੇਂ ਬੰਦ ਹੋ ਸਕਦਾ ਹੈ? ਜੋ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਫਸੇ ਹੋਏ ਹਨ, ਉਨ੍ਹਾਂ ਨੂੰ ਮਨੋਵਿਗਿਆਨਕ ਢੰਗ-ਤਰੀਕਿਆਂ ਨਾਲ ਸਮਝਾ ਕੇ ਉਨ੍ਹਾਂ ਦਾ ਇਲਾਜ ਕਰਵਾਉਣਾ ਚਾਹੀਦਾ ਹੈ।
ਗੁਰਮੀਤ ਸਿੰਘ, ਵੇਰਕਾ

ਆਜ਼ਾਦੀ ਬਨਾਮ ਰੋਸ ਦਿਵਸ

12 ਅਗਸਤ ਦੀ ਖ਼ਬਰ ਪੜ੍ਹੀ। ਦਲ ਖ਼ਾਲਸਾ ਨੇ 15 ਅਗਸਤ ਨੂੰ ਕਾਲਾ ਦਿਵਸ ਐਲਾਨ ਦਿੱਤਾ ਹੈ। ਗੁਰੂ ਰਵਿਦਾਸ ਜੀ ਦਾ ਮੰਦਿਰ ਢਾਹੇ ਜਾਣ ਦੇ ਖ਼ਿਲਾਫ਼ 15 ਅਗਸਤ ਨੂੰ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ। ਇੰਜ ਲੱਗਦਾ, ਜਿਵੇਂ ਇਸ ਵਾਰ ਦਾ ਸੁਤੰਤਰਤਾ ਦਿਵਸ ‘ਰੋਸ ਦਿਵਸ’ ਬਣ ਗਿਆ ਹੋਵੇ। ਜਿਸ ਦਿਨ ਦੇਸ਼ ਦੇ ਲੋਕ ਆਪਣੇ ਮੁਲਕ ਦੇ ਆਜ਼ਾਦ ਹੋਣ ਦੀਆਂ ਖ਼ੁਸ਼ੀਆਂ ਮਨਾਉਂਦੇ ਹੋਣ, ਉਸ ਦਿਨ ਨੂੰ ਦੇਸ਼ ਦੇ ਵੱਖੋ ਵੱਖ ਭਾਈਚਾਰਿਆਂ ਦੇ ਲੋਕ ਅਤੇ ਜਥੇਬੰਦੀਆਂ ਜੇ ਕਾਲਾ ਦਿਵਸ ਮਨਾਉਂਦੇ ਹਨ ਤਾਂ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕਾ, ਜਿਸ ਦਾ ਹੱਲ ਕੱਢਣ ਦੀ ਲੋੜ ਹੈ।
ਅਮਨਦੀਪ ਕੌਰ, ਮਲੇਰਕੋਟਲਾ

ਸਮੇਂ ਦਾ ਸੱਚ

9 ਅਗਸਤ ਦੇ ਨਜ਼ਰੀਆ ਪੰਨੇ ’ਤੇ ਖ਼ਿਆਲ-ਦਰ-ਖਿਆਲ ਵਿਚ ਸਵਰਾਜਬੀਰ ਨੇ ਸਾਫ਼ਗੋਈ ਨਾਲ ਸਮੇਂ ਦਾ ਸੱਚ ਬਿਆਨ ਕੀਤਾ ਹੈ। ਸ਼ੁਰੂ ਵਿਚ ‘ਦਿਲ ਫ਼ਰਦ-ਏ-ਜਮਾ’ ਵਾਲਾ ਸਿਰਲੇਖ ਕੁਝ ਰੜਕਿਆ ਪਰ ਪੜ੍ਹਨਾ ਸ਼ੁਰੂ ਕਰਨ ਮਗਰੋਂ ਸਾਰਾ ਹਾਲ ਸਪੱਸ਼ਟ ਹੋਣਾ ਸ਼ੁਰੂ ਹੋ ਗਿਆ। ਲੇਖਕ ਦਾ ‘ਅਣਜਾਣ ਭੈਅ’ ਸੱਚ ਹੈ ਅਤੇ ਇਹ ਵੀ ਸੱਚ ਹੈ ਕਿ ਸੱਚ ਲਿਖਣ ਤੇ ਬੋਲਣਾ ਡਾਢਾ ਔਖਾ ਤੇ ਜ਼ੋਖਮ ਭਰਿਆ ਹੁੰਦਾ ਹੈ। ਉਂਜ, ਇਹ ਵੀ ਸੱਚ ਹੈ ਕਿ ਜਿਨ੍ਹਾਂ ਨੇ ਵੀ ਸੱਚ ਮੁਤਾਬਕ ਲਿਖਿਆ ਤੇ ਬੋਲਿਆ, ਉਹ ਹੀ ਦੇਸ਼-ਕੌਮਾਂ ਦੇ ਨਾਇਕ ਹੋ ਨਿਬੜੇ। ਲੇਖ ਵਿਚ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੀ ਨਿਸ਼ਾਨਦੇਹੀ ਕਰਦਿਆਂ ਲੋਕਾਂ ਨੂੰ ਉਨ੍ਹਾਂ ਦੀ ਸਹੀ ਪਛਾਣ ਕਰਨ ਦਾ ਸੱਦਾ ਸਮੇਂ ਅਨੁਸਾਰ ਬਹੁਤ ਢੁੱਕਵਾਂ ਹੈ।
ਸਹਿਦੇਵ ਕਲੇਰ, ਪਿੰਡ ਕਲੇਰ ਕਲਾਂ (ਗੁਰਦਾਸਪੁਰ)

ਆਮ ਆਦਮੀ ਕਿੱਥੇ ਜਾਵੇ?

9 ਅਗਸਤ ਨੂੰ ਸਿਹਤ ਤੇ ਸਿੱਖਿਆ ਪੰਨੇ ’ਤੇ ਜਗਦੀਪ ਸਿੱਧੂ ਦਾ ਲੇਖ ‘ਹਸਪਤਾਲਾਂ ’ਚ ਰੁਲ਼ਦੀ ਜ਼ਿੰਦਗੀ’ ਵਿਚ ਕਾਫ਼ੀ ਸੱਚਾਈ ਹੈ। ਬੜੀ ਮਾੜੀ ਹਾਲਤ ਹੈ ਸਾਡੇ ਹਸਪਤਾਲਾਂ ਦੀ। ਮਰੀਜ਼ ਦੀ ਹਾਲਤ ਇਕ ਕਦਮ ਚੱਲਣ ਦੀ ਨਹੀਂ ਹੁੰਦੀ, ਪਰ ਸਕਿਓਰਿਟੀ ਗਾਰਡ ਤੁਹਾਨੂੰ ਗੱਡੀ ਦੂਰ ਖੜ੍ਹੀ ਕਰਕੇ ਆਉਣ ਨੂੰ ਕਹਿੰਦਾ ਹੈ। ਜੇ ਨਾਲ ਦੋ ਬੰਦੇ ਹੋਣ ਤਾਂ ਕਹਿੰਦੇ ਹਨ, ਇੰਨੇ ਜਣੇ ਕਿਉਂ ਆ ਗਏ। ਬਹੁਤ ਰੁਲ਼ਦੇ ਹਨ ਮਰੀਜ਼ ਵੀ ਤੇ ਉਸ ਨੂੰ ਸਾਂਭਣ ਵਾਲੇ ਵੀ। ਪ੍ਰਾਈਵੇਟ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਵੈਂਟੀਲੇਟਰਾਂ ’ਤੇ ਪਾਈ ਰੱਖਦੇ ਹਨ। ਪੈਸਾ ਬਣਾਉਂਦੇ ਨੇ। ਮਰੀਜ਼ ਦੇ ਨਾਲ ਵਾਲਿਆਂ ਨੂੰ ਬਾਹਰ ਬੈਠੇ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ। ਅੰਦਰ ਕੀ ਹੋ ਰਿਹਾ ਹੈ, ਕੁਝ ਪਤਾ ਨਹੀਂ ਲੱਗਣ ਦਿੱਤਾ ਜਾਂਦਾ। ਆਮ ਬੰਦਾ ਕਿੱਥੇ ਜਾਵੇ?
ਪੁਸ਼ਪਿੰਦਰਜੀਤ ਕੌਰ, ਈਮੇਲ

(2)

ਜਗਦੀਪ ਸਿੱਧੂ ਨੇ ਹਰ ਗੱਲ ਠੀਕ ਆਖੀ ਹੈ। ਅੱਜ ਭਾਵੇਂ ਹਸਪਤਾਲ ਵਿਕਸਤ ਹੋਏ ਹਨ ਪਰ ਅਜੇ ਵੀ ਇਨ੍ਹਾਂ ਅੰਦਰ ਉਹ ਗੱਲ ਨਹੀਂ ਹੈ ਕਿ ਇਹ ਸਾਡੇ ਆਪਣਿਆਂ ਨੂੰ ਬਿਮਾਰੀ ਤੋਂ ਸਦਾ ਲਈ ਮੁਕਤ ਕਰ ਸਕਣ।
ਜਾਨਵੀ ਬਿੱਠਲ, ਜਲੰਧਰ

(3)

ਜਗਦੀਪ ਸਿੱਧੂ ਨੇ ਸਰਲ ਸ਼ਬਦਾਂ ਵਿਚ ਬੇਹੱਦ ਗੁੰਝਲਦਾਰ ਹੋਏ ਪਏ ਸਿਹਤ ਸਿਸਟਮ ਉੱਤੇ ਟਿੱਪਣੀ ਕੀਤੀ ਹੈ। ਆਮ ਬੰਦਾ ਤਾਂ ਹੁਣ ਜਾਪਦਾ ਹੈ, ਬੜੇ ਚਿਰਾਂ ਤੋਂ ਲਾਵਾਰਿਸ, ਸਟਰੇਚਰ ਉੱਪਰ ਪਿਆ ਹੈ। ਮਰੀਜ਼ ਰੁਲ਼ ਰਹੇ ਹਨ। ਮਰੀਜ਼ਾਂ ਦੇ ਨਾਲ ਵਾਲੇ ਆਪਣਾ ਕੰਮਕਾਰ ਛੱਡ ਕੇ ਹਸਪਤਾਲਾਂ ਵਿਚ ਖੱਜਲ ਖੁਆਰ ਹੋ ਰਹੇ ਹਨ। ਕੀ ਪ੍ਰਸ਼ਾਸਨ ਜਾਂ ਸਰਕਾਰਾਂ ਨੂੰ ਇਸ ਬਾਰੇ ਕੋਈ ਖ਼ਬਰ ਨਹੀਂ ਹੈ? ਸਰਕਾਰਾਂ ਆਖ਼ਰਕਾਰ ਕੀਹਦੇ ਲਈ ਹਨ? ਇਸ ਦਾ ਜਵਾਬ ਕੌਣ ਦੇਵੇਗਾ?
ਮਿਹਰ ਸਿੰਘ ਚੀਮਾ, ਅੰਮ੍ਰਿਤਸਰ

ਸਰਕਾਰੀ ਵਜ਼ੀਫ਼ੇ

8 ਅਗਸਤ ਨੂੰ ਜਵਾਂ ਤਰੰਗ ਪੰਨੇ ਉੱਤੇ ‘ਨੌਜਵਾਨ ਤੇ ਮਹਿੰਗੀ ਵਿੱਦਿਆ’ ਬਾਰੇ ਵੱਖ ਵੱਖ ਨੌਜਵਾਨ ਪਾਠਕਾਂ ਦੇ ਵਿਚਾਰ ਪੜ੍ਹੇ ਜੋ ਬੜੇ ਚੰਗੇ ਲੱਗੇ ਪਰ ਇਸ ਦੇ ਨਾਲ ਹੀ ਇਕ ਹੋਰ ਮੁਸ਼ਕਿਲ ਵਿਦਿਆਰਥੀਆਂ ਨੂੰ ਵਜ਼ੀਫ਼ੇ ਦੀ ਵੀ ਪੈਂਦੀ ਹੈ ਜਿਸ ਦਾ ਕਿਸੇ ਵੀ ਪਾਠਕ ਵੱਲੋਂ ਕੋਈ ਜ਼ਿਕਰ ਨਹੀਂ ਕੀਤਾ ਗਿਆ। ਘੱਟਗਿਣਤੀ ਵਿਦਿਆਰਥੀਆਂ ਨੂੰ ਸਰਕਾਰੀ ਵਜ਼ੀਫ਼ੇ ਕਰਕੇ ਸਰਟੀਫਿਕੇਟ ਨਾ ਮਿਲਣ ਕਾਰਨ ਵੱਖ ਵੱਖ ਸਰਕਾਰੀ ਅਦਾਰਿਆਂ ਦੇ ਧੱਕੇ ਖਾਣੇ ਪੈਂਦੇ ਹਨ, ਇਸ ਘੱਟਗਿਣਤੀ ਵਰਗ ਦੇ ਵਿਦਿਆਰਥੀਆਂ ਦੇ ਭਵਿੱਖ ਦੇ ਮੱਦੇਨਜ਼ਰ ਜੇ ਸਬੰਧਤ ਅਦਾਰੇ ਅਤੇ ਪ੍ਰਸ਼ਾਸਨ/ਮੌਕੇ ਦੀ ਸਰਕਾਰ ਇਸ ਤ੍ਰਾਸਦੀ ਦੇ ਹੱਲ ਵੱਲ ਧਿਆਨ ਦੇਵੇ ਤਾਂ ਕਿੰਨਾ ਚੰਗਾ ਹੋਵੇ।
ਇੰਦਰਜੀਤ ਜਵੰਦਾ, ਫਤਹਿਗੜ੍ਹ ਸਾਹਿਬ

ਜਬਰ-ਜਨਾਹ, ਮੁਜਰਿਮ ਤੇ ਜੇਲ੍ਹਾਂ

12 ਅਗਸਤ ਨੂੰ ਕਿਰਨਜੀਤ ਕੌਰ ਮਹਿਲ ਕਲਾਂ ਕਾਂਡ ਅਤੇ 11 ਅਗਸਤ ਨੂੰ ਬੰਤ ਸਿੰਘ ਝੱਬਰ ਬਾਰੇ ਪੜ੍ਹਿਆ। ਬੰਤ ਸਿੰਘ ਝੱਬਰ ਬਾਰੇ ਨਿਰੁਪਮਾ ਦੱਤ ਦੀ ਕਿਤਾਬ ਬਾਬਤ ਦੇਸ ਰਾਜ ਕਾਲੀ ਅਤੇ ਕਿਰਨਜੀਤ ਬਾਰੇ ਨਰਾਇਣ ਦੱਤ ਨੇ ਲਿਖਿਆ ਹੈ। ਦੋਹਾਂ ਮਾਮਲਿਆਂ ਵਿਚ ਜਬਰ-ਜਨਾਹ ਹੋਇਆ। ਜਬਰ-ਜਨਾਹ ਵੀ ਉਸ ਪੰਜਾਬ ਦੀ ਧਰਤੀ ’ਤੇ ਹੋਇਆ ਜਿੱਥੋਂ ਦੇ ਸੂਰਬੀਰਾਂ ਵੱਲੋਂ ਆਪਣੀ ਜਾਨ ’ਤੇ ਖੇਡ ਕੇ ਦੂਸਰੇ ਧਰਮਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਈ ਜਾਂਦੀ ਰਹੀ ਹੈ। ਸਿਤਮਜ਼ਰੀਫ਼ੀ ਦੀ ਗੱਲ ਤਾਂ ਇਹ ਵੀ ਹੈ ਕਿ ਮੈਂ ਜੇਲ੍ਹ ਵਿਚ ਆਪਣੀ ਡਿਊਟੀ ਦੌਰਾਨ ਦੇਖਿਆ ਕਿ ਇਨ੍ਹਾਂ ਦੋਹਾਂ ਕਾਂਡਾਂ ਨਾਲ ਸਬੰਧਿਤ ਮੁਜਰਿਮਾਂ ਨੇ ਪੈਸੇ ਤੇ ਸਿਆਸੀ ਅਸਰ-ਰਸੂਖ਼ ਨਾਲ ਬਠਿੰਡਾ ਅਤੇ ਬਰਨਾਲਾ ਦੀਆਂ ਜੇਲ੍ਹਾਂ ਵਿਚ ਉਸ ਠਾਠ ਨਾਲ ਆਪਣੀ ਸਜ਼ਾ ਕੱਟੀ, ਜਿਵੇਂ ਇਹ ਦੇਸ਼ ਲਈ ਵੱਡੀ ਕੁਰਬਾਨੀ ਕਰਕੇ ਜੇਲ੍ਹ ਗਏ ਹੋਣ; ਇੱਥੋਂ ਤਕ ਕਿ ਬਰਨਾਲਾ ਜੇਲ੍ਹ ਦਾ ਸੁਪਰਡੰਟ ਤਾਂ ਮਹਿਲ ਕਲਾਂ ਕਾਂਡ ਦੇ ਮੁਜਰਿਮਾਂ ਦੇ ਘਰੇਲੂ ਸਮਾਗਮਾਂ ’ਤੇ ਵੀ ਜਾਂਦਾ ਰਿਹਾ।
ਪ੍ਰਕਾਸ਼ ਸਿੰਘ, ਜੈਤੋ


Comments Off on ਪਾਠਕਾਂ ਦੇ ਖ਼ਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.