ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਪਾਠਕਾਂ ਦੇ ਖ਼ਤ

Posted On August - 12 - 2019

ਕਸ਼ਮੀਰ, ਮੀਡੀਆ ਅਤੇ ਸੋਸ਼ਲ ਮੀਡੀਆ
11 ਅਗਸਤ ਦੇ ਮੁੱਖ ਪੰਨੇ ’ਤੇ ਪੜ੍ਹਿਆ ਕਿ ਕਸ਼ਮੀਰ ਵਿਚ ਹਾਲਾਤ ਆਮ ਵਰਗੇ ਹੋ ਰਹੇ ਹਨ ਪਰ ਸੋਸ਼ਲ ਮੀਡੀਆ ਦੀਆਂ ਖ਼ਬਰਾਂ ਕੁਝ ਹੋਰ ਹੀ ਦਿਖਾ ਰਹੀਆਂ ਹਨ ਕਿ ਕਿਵੇਂ ਧਾਰਾ 370 ਹਟਾਉਣ ਤੋਂ ਬਾਅਦ ਉੱਥੋਂ ਦੇ ਲੋਕਾਂ ਵਿਚ ਰੋਹ ਭਰ ਗਿਆ ਹੈ। ਮੌਕਾ ਮਿਲਦਿਆਂ ਹੀ ਲੋਕ ਸੜਕਾਂ ’ਤੇ ਨਿਕਲ ਕੇ ਮੁਜ਼ਾਹਰੇ ਕਰ ਰਹੇ ਹਨ। ਉੱਧਰ ਸਰਕਾਰੀ ਜਕੜ ਹੇਠ ਟੀਵੀ ਚੈਨਲ ਕੁਝ ਹੋਰ ਹੀ ਦਿਖਾ ਰਹੇ ਹਨ। ਇਸੇ ਪੰਨੇ ’ਤੇ ਮਨੋਹਰ ਲਾਲ ਖੱਟਰ ਦੇ ਬਿਆਨ ਬਾਰੇ ਪੜ੍ਹਿਆ ਜੋ ਕਸ਼ਮੀਰੀ ਔਰਤਾਂ ਬਾਰੇ ਸੀ। ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਘੱਟ ਹੈ। ਦੀਵਾਲੀਆ ਸੋਚ ਦੇ ਮਾਲਕ ਇਹ ਲੀਡਰ ਕਸ਼ਮੀਰੀ ਧੀਆਂ ਭੈਣਾਂ ਬਾਰੇ ਕਿਵੇਂ ਉਲਟਾ-ਸਿੱਧਾ ਬੋਲ ਰਹੇ ਹਨ।
ਸੁਖਚੈਨ ਸਿੰਘ, ਆਲੋਅਰਖ (ਸੰਗਰੂਰ)

ਇਨਸਾਨੀਅਤ ਦਾ ਚਿਰਾਗ਼
10 ਅਗਸਤ ਦੇ ਸਰਗਮ ਪੰਨੇ ’ਤੇ ਸਾਂਵਲ ਧਾਮੀ ਦੁਆਰਾ ‘ਵੰਡ ਦੇ ਦੁਖੜੇ’ ਕਾਲਮ ਤਹਿਤ ‘ਕੂੰਡੇ ਤੇ ਮੰਜੇ ਦੇ ਬਹਾਨੇ’ ਲੇਖ ਵਿਚ ਇਨਸਾਨੀਅਤ ਦੇ ਦਰਸ਼ਨ ਕਰਵਾਏ ਹਨ। ਵੰਡ ਦੌਰਾਨ ਕਿਵੇਂ ਬਚਨ ਸਿੰਘ ਦੁਆਰਾ ਆਪਣੀ ਯਾਰੀ ਪੁਗਾਉਂਦਿਆਂ ਕਿੰਨੇ ਦਿਨਾਂ ਤਕ ਅਜ਼ੀਜ਼ ਦੇ ਟੱਬਰ ਦਾ ਮਲ ਮੂਤਰ ਚੁੱਕਿਆ ਅਤੇ ਫਿਰ ਆਪਣੇ ਯਾਰ ਦੇ ਮੰਜੇ ’ਤੇ ਆਖ਼ਰੀ ਸਾਹ ਲਏ। ਉੱਧਰ ਅਜ਼ੀਜ਼ ਵੀ ਆਪਣੇ ਆਖ਼ਰੀ ਸਾਹਾਂ ਤਕ ਯਾਰ ਬਚਨ ਸਿੰਘ ਨੂੰ ਯਾਦ ਕਰਦਾ ਰਿਹਾ ਤੇ ਆਪਣੇ ਪਿੰਡ ਦੀ ਖ਼ੈਰ ਮੰਗਦਾ ਰਿਹਾ। ਹੁਣ ਪਹਿਲਾਂ ਦੇ ਮੁਕਾਬਲੇ ਆਪਸੀ ਪਿਆਰ ਘਟ ਰਿਹਾ ਹੈ। ਲੋਕ ਆਪੋ ਆਪਣੇ ਘਰ ਦੀਆਂ ਦੀਵਾਰਾਂ ਅੰਦਰ ਕੈਦ ਹੋ ਕੇ ਰਹਿ ਗਏ ਹਨ। ਪੈਸੇ ਦੇ ਪਾੜੇ ਨੇ ਅਨੇਕਾਂ ਵੰਡੀਆਂ ਪਾ ਦਿੱਤੀਆਂ ਹਨ। ਧਾਰਮਿਕ ਕੱਟੜਤਾ ਤਹਿਤ ਹੱਦਬੰਦੀ ਬਹੁਤ ਮਾੜਾ ਰੁਝਾਨ ਹੈ।
ਕੁਲਵਿੰਦਰ ਸਿੰਘ ਬਿੱਟੂ, ਈਮੇਲ
(2)
ਹਰ ਹਫ਼ਤੇ ਲੇਖਕ ਵੱਲੋਂ 1947 ਦੀ ਵੰਡ ਦੇ ਦੁਖਾਂਤ ਬਾਰੇ ਲਿਖਿਆ ਜਾ ਰਿਹਾ ਹੈ, ਕਿਵੇਂ ਉਦੋਂ ਆਪਸੀ ਭਾਈਚਾਰੇ ਵਿਚ ਫ਼ਿਰਕੂ ਜ਼ਹਿਰ ਘੋਲ ਦਿੱਤਾ ਗਿਆ, ਕਿਵੇਂ ਧੀਆਂ-ਭੈਣਾਂ ਦੀ ਇੱਜ਼ਤ ਰੋਲੀ ਗਈ ਅਤੇ ਬੇਗੁਨਾਹਾਂ ਦੇ ਕਤਲ ਕੀਤੇ ਗਏ। ਇਹ ਦਰਦ ਅੱਜ ਵੀ ਦੋਹੀਂ ਪਾਸੀਂ ਵਸਦੇ ਲੋਕ ਹੰਢਾਅ ਰਹੇ ਹਨ। 1947 ਦੀ ਵੰਡ ਵਰਗੇ ਦੁਖਾਂਤ ਅੱਜ ਨਾ ਵਾਪਰਨ, ਇਸ ਪਾਸੇ ਸੋਚ ਵਿਚਾਰ ਕਰਨ ਦੀ ਲੋੜ ਹੈ। ਰਿਸ਼ਮਾਂ ਪੰਨੇ ਉੱਤੇ ਕੈਲਾਸ਼ ਚੰਦਰ ਸ਼ਰਮਾ ਦਾ ਲੇਖ ‘ਵਰਤਮਾਨ ਦੀ ਸੁਚੱਜੀ ਵਰਤੋਂ’ ਚੰਗਾ ਲੱਗਾ। ਬਾਲ ਫੁਲਵਾੜੀ ਪੰਨੇ ਉੱਤੇ ਲਵਪ੍ਰੀਤ ਕੌਰ ਦੀ ਕਵਿਤਾ ‘ਮੋਬਾਇਲ’ ਵੀ ਚੰਗੀ ਲੱਗੀ।
ਗੋਵਿੰਦਰ ਜੱਸਲ, ਸੰਗਰੂਰ

ਢਾਡੀ ਕਲਾ
10 ਅਗਸਤ ਦੇ ਸਰਗਮ ਪੰਨੇ ਉੱਤੇ ਹਰਦਿਆਲ ਥੂਹੀ ਨੇ ਢਾਡੀ ਕਲਾ ਨਾਲ ਜੁੜੇ ਨਵਜੋਤ ਸਿੰਘ ਮੰਡੇਰ ਬਾਰੇ ਜਾਣਕਾਰੀ ਦਿੱਤੀ ਹੈ। ਨਵਜੋਤ ਦਾ ਗ਼ੈਰ ਕਸਬੀ ਪਰਿਵਾਰ ਵਿਚ ਨੇ ਕੇ ਢਾਡੀ ਕਲਾ ਨਾਲ ਜੁੜਨਾ ਸਵਾਗਤਯੋਗ ਕਦਮ ਹੈ। ਅੱਜਕੱਲ੍ਹ ਕਸਬੀ ਢਾਡੀਆਂ ਦੇ ਬੱਚੇ ਵੀ ਗੀਤ ਗਾਇਕੀ ਨਾਲ ਜੁੜ ਰਹੇ ਹਨ ਕਿਉਂਕਿ ਇਸ ਪਾਸੇ ਪੈਸਾ ਵੱਧ ਬਣਦਾ ਹੈ। ਬਹੁਤ ਘੱਟ ਢਾਡੀ ਪਰਿਵਾਰਾਂ ਦੇ ਬੱਚੇ ਇਸ ਕਲਾ ਨਾਲ ਜੁੜੇ ਹਨ। ਰਿਸ਼ਮਾਂ ਪੰਨੇ ਉੱਤੇ ਸਾਹਿਬ ਸਿੰਘ ਨੇ ਰੰਗਮੰਚ ਅਭਿਨੇਤਰੀ ਸੰਗੀਤਾ ਗੁਪਤਾ ਬਾਰੇ ਲਿਖਿਆ ਹੈ। ਸੰਗੀਤਾ ਨੂੰ ਪਹਿਲੀ ਵਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਅਜਮੇਰ ਔਲਖ ਦੇ ਨਾਟਕ ‘ਸੱਤ ਬਗਾਨੇ’ ਵਿਚ ਜੈਕੁਰ ਦੇ ਰੋਲ ਵਿਚ ਦੇਖਿਆ ਸੀ। ਇਸ ਨਾਟਕ ਦਾ ਨਿਰਦੇਸ਼ਨ ਡਾ. ਸਤੀਸ਼ ਵਰਮਾ ਨੇ ਕੀਤਾ ਸੀ। ਸੰਗੀਤਾ ਨੇ ਜੈਕੁਰ ਦਾ ਕਿਰਦਾਰ ਬੜਾ ਖੁਭ ਕੇ ਨਿਭਾਇਆ ਸੀ। ਸਰਗਮ ਪੰਨੇ ’ਤੇ ਮੁਖਤਾਰ ਗਿੱਲ ਨੇ ਉਮਾ ਜੀ. ਸਿੰਘ ਬਾਰੇ ਖ਼ੂਬ ਜਾਣਕਾਰੀ ਦਿੱਤੀ ਹੈ। ਨਵੀਆਂ ਪੈੜਾਂ ਹਿੰਮਤੀ ਅਤੇ ਦਲੇਰ ਇਨਸਾਨ ਹੀ ਪਾਉਂਦੇ ਹਨ। ਬਾਕੀ ਦੁਨੀਆਂ ਤਾਂ ਅਨੁਸਰਨ ਕਰਨ ਵਾਲੀ ਹੁੰਦੀ ਹੈ।
ਦਲਬਾਰ ਸਿੰਘ, ਈਮੇਲ

ਆਪਣੇ ਫ਼ੈਸਲੇ ਆਪ
8 ਅਗਸਤ ਨੂੰ ਜਵਾਂ ਤਰੰਗ ਪੰਨੇ ’ਤੇ ਮਨਦੀਪ ਸਿੰਘ ਸਰਦੂਲਗੜ੍ਹ ਦਾ ਲੇਖ ‘ਪਰਿਵਾਰ ਦੀ ਸਲਾਹ ਰਹਿਤ ਵਿਆਹਾਂ ਦੀ ਉਮਰ ਹੱਦ ਵਧਾਉਣ ਦੀ ਲੋੜ’ ਪੜ੍ਹਿਆ। ਲੇਖ ਦੇ ਸਾਰੇ ਪਹਿਲੂ ਠੀਕ ਹਨ, ਪਰ ਲੇਖਕ ਅਸਿੱਧੇ ਰੂਪ ਵਿਚ ਇਹ ਕਹਿਣਾ ਚਾਹੁੰਦਾ ਹੈ ਕਿ ਪ੍ਰੇਮ ਵਿਆਹੋ ਜੋ ਇਸ ਉਮਰ ਵਿਚ ਕਰਵਾਏ ਜਾਂਦੇ ਹਨ, ਉਹ ਠੀਕ ਨਹੀਂ ਹਨ ਪਰ ਜਿਹੜੇ ਵਿਆਹ ਇਸ ਉਮਰ ਵਿਚ ਪਰਿਵਾਰ ਦੀ ਸਲਾਹ ਨਾਲ ਕੀਤੇ ਜਾਂਦੇ ਹਨ, ਉਹ ਕਿੰਨੇ ਕੁ ਸਫ਼ਲ ਹਨ? ਇਕ ਗੱਲ ਹੋਰ, ਸਾਡੀ ਸਿੱਖਿਆ ਪ੍ਰਣਾਲੀ ਇੰਨੀ ਬੋਝਲ ਅਤੇ ਲੰਮੀ ਹੈ ਕਿ ਜ਼ਿੰਦਗੀ ਦੀਆਂ ਹਕੀਕਤਾਂ ਨੂੰ ਸਮਝਦਿਆਂ ਅੱਧੀ ਉਮਰ ਲੰਘ ਜਾਂਦੀ ਹੈ। ਲੋੜ ਤਾਂ ਹੈ ਸਿੱਖਿਆ ਤੰਤਰ ਅੰਦਰ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਪੜ੍ਹਾਇਆ ਜਾਵੇ। ਇਹ ਉਹ ਉਮਰ ਹੁੰਦੀ ਹੈ ਜਦੋਂ ਜਾਤਾਂ ਅਤੇ ਧਰਮਾਂ ਦੀਆਂ ਹੱਦਾਂ ਟੁੱਟਦੀਆਂ ਹਨ। ਇਸ ਜੀਵਨ ਮਾਲਾ ਦੀ ਖ਼ੂਬਸੂਰਤੀ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਇਨਸਾਨ ਵਿਆਹ ਬਾਰੇ ਆਪਣਾ ਫ਼ੈਸਲਾ ਆਪ ਕਰ ਸਕੇ।
ਸਤਿਗੁਰ ਸਿੰਘ ਸੈਦਪੁਰਾ, ਈਮੇਲ
(2)
ਬਾਲ ਵਿਆਹ ਵਰਗੀ ਪ੍ਰਥਾ ਨੂੰ ਨੱਥ ਪਾਉਣ ਲਈ ਵਿਆਹ ਲਈ ਕਾਨੂੰਨਨ ਕੁੜੀਆਂ ਦੀ ਉਮਰ 18 ਅਤੇ ਮੁੰਡਿਆਂ ਦੀ ਹੇਠਲੀ ਉਮਰ 21 ਸਾਲ ਤੈਅ ਕੀਤੀ ਗਈ। ਵਿਆਹ ਕਰਵਾਉਣ ਜਾਂ ਫਿਰ ਨਾ ਕਰਾਉਣ ਬਾਰੇ ਫ਼ੈਸਲਾ ਹਰ ਕਿਸੇ ਦਾ ਆਪੋ ਆਪਣਾ ਹੈ ਪਰ ਵਿਆਹ ਕਰਾਉਣ ਵਿਚ ਜਲਦਬਾਜ਼ੀ ਨਹੀਂ ਦਿਖਾਉਣੀ ਚਾਹੀਦੀ। ਜਦੋਂ ਤਕ ਤੁਸੀਂ ਮਾਨਸਿਕ ਤੇ ਬੌਧਿਕ ਤੌਰ ’ਤੇ ਵਿਕਸਤ ਨਹੀਂ ਹੁੰਦੇ ਅਤੇ ਆਰਥਿਕ ਪੱਖੋਂ ਆਤਮ ਨਿਰਭਰ ਨਹੀਂ ਹੁੰਦੇ, ਵਿਆਹ ਬਾਰੇ ਫ਼ੈਸਲਾ ਉਦੋਂ ਤਕ ਨਹੀਂ ਕਰਨਾ ਚਾਹੀਦਾ।
ਜਸਵਿੰਦਰ ਕੌਰ, ਬਠਿੰਡਾ

ਰਾਜੀਵ ਸ਼ਰਮਾ ਨਹੀਂ, ਰਾਜੀਵ ਕੁਮਾਰ
ਸਰਗਮ ਪੰਨੇ ਉੱਤੇ (3 ਅਗਸਤ) ਸੀਮਾ ਸ਼ਰਮਾ ਦਾ ਉੱਘੇ ਫ਼ਿਲਮਸਾਜ਼ ਰਾਜੀਵ ਬਾਰੇ ਲੇਖ ਪੜ੍ਹਨ ਨੂੰ ਮਿਲਿਆ। ਕੁਝ ਸਾਲ ਪਹਿਲਾਂ ਰਾਜੀਵ ਨੇ ਆਪਣੇ ਨਾਮ ਵਿਚ ਤਬਦੀਲੀ ਕਰਦਿਆਂ ਆਪਣਾ ਨਾਮ ਰਾਜੀਵ ਸ਼ਰਮਾ ਦੀ ਥਾਂ ਰਾਜੀਵ ਕੁਮਾਰ ਰੱਖ ਲਿਆ ਹੈ। ਉਸ ਦਾ ਕਹਿਣਾ ਹੈ ਕਿ ਲੋਕ ਉਸ ਦਾ ਨਾਮ ਸੁਣ ਕੇ ਪਹਿਲਾਂ ਉਸ ਦੀ ਜਾਤੀ ਦੇਖਦੇ ਹਨ। ਦੂਜਾ, ਮਜ਼ਦੂਰਾਂ-ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੇ ਮਸਲੇ ਨੂੰ ਲੈ ਕੇ ਉਸ ਨੇ ਨਵੀਂ ਫ਼ਿਲਮ ‘ਜਿਉਂਦੇ ਆ’ ਬਣਾਈ ਹੈ ਜਿਸ ਦਾ ਨਾਮ ਹੁਣ ‘ਸੀਰੀ’ ਰੱਖਿਆ ਗਿਆ ਹੈ। ਰਾਜੀਵ ਇਸ ਸਮੇਂ ਵੱਖਰੀ ਕਿਸਮ ਦਾ ਸਿਨਮਾ ਈਜਾਦ ਕਰਨ ਲਈ ਯਤਨਸ਼ੀਲ ਹੈ। ਇਸ ਕਰਕੇ ਪਿੰਡ-ਪਿੰਡ ਸਕਰੀਨਾਂ ਲਾ ਕੇ ਫ਼ਿਲਮਾਂ ਦਿਖਾਉਣ ਬਾਰੇ ਰਾਜੀਵ ਦਾ ਕਹਿਣਾ ਹੈ ਕਿ ਮੇਰੀਆਂ ਫ਼ਿਲਮਾਂ ਦੇ ਦਰਸ਼ਕ ਮਹਿੰਗੇ ਥੀਏਟਰਾਂ ਵਿਚ ਨਹੀਂ ਜਾ ਸਕਦੇ, ਇਸ ਕਰਕੇ ਮੈਂ ਫ਼ਿਲਮ ਹੀ ਉਨ੍ਹਾਂ ਤਕ ਲੈ ਕੇ ਜਾਂਦਾ ਹਾਂ। ਇਸ ਵੇਲੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਰਾਜੀਵ ਕੁਮਾਰ, ਜਤਿੰਦਰ ਮੌਹਰ ਵਰਗੇ ਫ਼ਿਲਮ ਡਾਇਰੈਕਟਰਾਂ ਦੀ ਬਹੁਤ ਲੋੜ ਹੈ।
ਰੁਪਿੰਦਰ ਰਸੂਲਪੁਰ (ਮੱਲਾ), ਜਗਰਾਉਂ


Comments Off on ਪਾਠਕਾਂ ਦੇ ਖ਼ਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.