ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

… ਪਰ ਮੇਰਾ ਯਾਰ ਜਿਊਂਦਾ ਏ!

Posted On August - 4 - 2019

ਹਰਭਜਨ ਸਿੰਘ ਬਾਜਵਾ

ਸ੍ਰੀਨਗਰ ਦੇ ਨਿਸ਼ਾਤ ਬਾਗ਼ ਵਿਚ ਹਰਭਜਨ ਸਿੰਘ ਬਾਜਵਾ ਅਤੇ ਕਿਰਪਾਲ ਸਿੰਘ ਕਾਹਲੋਂ।

ਕੁਦਰਤ ਸੋਹਣੇ ਤੇ ਚੰਗੀ ਸੋਚ ਵਾਲੇ ਰਿਸ਼ਤੇ ਆਪੇ ਜੋੜ ਦਿੰਦੀ ਏ। ਮਨੁੱਖ ਦੇ ਚਿੱਤ ਚੇਤੇ ਵੀ ਨਹੀਂ ਹੁੰਦਾ ਕਿ ਕਿਸੇ ਅਣਜਾਣ ਮਨੁੱਖ ਨਾਲ ਮੇਰੀ ਨੇੜਤਾ ਹੋ ਜਾਵੇਗੀ। ਉਹ ਮਨੁੱਖ ਕਦੀ ਸੁਪਨੇ ਵਿਚ ਵੀ ਨਹੀਂ ਮਿਲਿਆ ਹੋਵੇਗਾ ਜਿਸ ਨਾਲ ਕੁਦਰਤ ਤੁਹਾਡੀ ਨੇੜਤਾ ਪੁਆ ਦਿੰਦੀ ਏ।
ਇਹ ਗੱਲ ਮੇਰੇ ਨਾਲ ਹੋਈ ਸੀ। ਫਿਲਮ ‘ਪੁਰਜਾ ਪੁਰਜਾ ਕੱਟ ਮਰੇ’ ਦੀ ਸ਼ੂਟਿੰਗ ਕਰਤਾਰਪੁਰ ਨੇੜੇ ਕਾਹਲੋਂ ਫਾਰਮ ਵਿਚ ਹੋ ਰਹੀ ਸੀ। ਉਸ ਫਿਲਮ ਦੀ ਮੈਂ ਸਟਿਲ ਫੋਟੋਗਰਾਫੀ ਕੀਤੀ ਸੀ। ਉਸ ਸਮੇਂ ਵਿਚ ਹੀ ਕਾਹਲੋਂ ਫਾਰਮ ਦਾ ਮਾਲਕ ਕਿਰਪਾਲ ਸਿੰਘ ਕਾਹਲੋਂ ਮੈਨੂੰ ਮਿਲਿਆ। ਉਸ ਨੇ ਮੈਨੂੰ ਆਖਿਆ: ‘‘ਮੇਰਾ ਮੁੰਡਾ ਫਿਲਮ ਦੀ ਹੀਰੋਇਨ ਨਾਲ ਫੋਟੋ ਖਿਚਵਾਉਣਾ ਚਾਹੁੰਦਾ ਏ। ਇਹ ਕੰਮ ਤੁਸੀਂ ਹੀ ਕਰ ਸਕਦੇ ਹੋ।’’
ਫਿਲਮ ਦੀ ਹੀਰੋਿੲਨ ਉਪਾਸਨਾ ਸਿੰਘ ਸੀ। ਮੈਂ ਉਸ ਨੂੰ ਆਖਿਆ ਆਹ ਮੁੰਡਾ ਤੇਰੇ ਨਾਲ ਫੋਟੋ ਖਿਚਵਾਉਣਾ ਚਾਹੁੰਦਾ ਏ। ਉਸ ਨੇ ਹਾਂ ਕਰ ਦਿੱਤੀ ਤੇ ਮੈਂ ਫੋਟੋ ਖਿੱਚ ਦਿੱਤੀ। ਫੇਰ ਮੈਂ ਕਿਰਪਾਲ ਸਿੰਘ ਨੂੰ ਕਿਹਾ, ‘‘ਤੂੰ ਵੀ ਫੋਟੋ ਖਿਚਵਾਉਣੀ ਐ ਤਾਂ ਅੱਗੇ ਆ ਜਾ।’’ ਕਿਰਪਾਲ ਸਿੰਘ ਮੈਨੂੰ ਕਹਿੰਦਾ, ‘‘ਮੈਨੂੰ ਘਰੋਂ ਕਢਵਾਉਣਾ ਈ।’’ ਉਸ ਦੇ ਮੁੰਡੇ ਨੂੰ ਮੈਂ ਅਗਲੇ ਦਿਨ ਫੋਟੋ ਦੇ ਦਿੱਤੀ। ਉਹ ਆਪਣੇ ਸਾਰੇ ਯਾਰਾਂ ਬੇਲੀਆਂ ਨੂੰ ਵਿਖਾਉਂਦਾ ਫਿਰੇ। ਹਰਭਜਨ ਜੱਬਲ ਵੀ ਉਸ ਫਿਲਮ ਵਿਚ ਸੀ। ਉਸ ਕੋਲੋਂ ਕਿਰਪਾਲ ਸਿੰਘ ਨੇ ਨਾਂ ਪਤਾ ਪੁੱਛਿਆ। ਜੱਬਲ ਨੇ ਸਾਰਾ ਕੁਝ ਦੱਸ ਦਿੱਤਾ। ਹਰਭਜਨ ਬਾਜਵਾ ਜੱਟਾਂ ਦਾ ਮੁੰਡਾ ਏ ਤੇ ਇਸ ਦੀ ਜ਼ਮੀਨ ਬਟਾਲੇ ਸ਼ਹਿਰ ਵਿਚ ਹੈ।
ਫੇਰ ਜਿੰਨਾ ਚਿਰ ਫਿਲਮ ਦੀ ਸ਼ੂਟਿੰਗ ਚੱਲਦੀ ਰਹੀ। ਕਿਰਪਾਲ ਜਦੋਂ ਕੰਮ ਵਿਚੋਂ ਵਿਹਲਾ ਹੁੰਦਾ। ਸ਼ਾਮ ਸਵੇਰੇ ਮਿਲਦਾ ਰਹਿੰਦਾ। ਉਹ ਮੈਨੂੰ ਬਾਜਵਾ ਕਹਿ ਕੇ ਬੁਲਾਉਂਦਾ ਸੀ। ਮੈਂ ਵੀ ਉਸ ਨੂੰ ਕਾਹਲੋਂ ਜੀ ਆਖਦਾ ਸਾਂ।
ਇਕ ਸ਼ਾਮ ਹਰਭਜਨ ਜੱਬਲ ਨੇ ਸਾਨੂੰ ਦੋਹਾਂ ਨੂੰ ਕਿਹਾ, ‘‘ਅੱਜ ਸ਼ਾਮ ਤੁਸੀਂ ਮੇਰੇ ਪ੍ਰਾਹੁਣੇ ਹੋ।’’ ਕਿਰਪਾਲ ਸਿੰਘ ਨੇ ਕਿਹਾ, ‘‘ਦੇਸੀ ਘਰ ਦੀ ਕੱਢੀ ਮੇਰੀ, ਬਾਕੀ ਸਭ ਕੁਝ ਤੇਰਾ। ਅੰਗਰੇਜ਼ੀ ਮੈਂ ਨਹੀਂ ਪੀਂਦਾ।’’
ਕਿਰਪਾਲ ਸਿੰਘ ਸੰਤ ਸੁਭਾਅ ਦਾ ਮਾਲਕ ਸੀ। ਅੱਜ ਵਰਗੇ ਚਲਾਕ ਲੀਡਰਾਂ ਵਰਗਾ ਨਹੀਂ ਸੀ। ਜ਼ਮੀਨ ਦਾ ਪੁੱਤ ਸੀ ਤੇ ਹਰ ਵਕਤ ਜ਼ਮੀਨ ’ਤੇ ਕੰਮ ਕਰਦਾ ਰਹਿੰਦਾ ਸੀ। ਸ਼ਾਮ ਨੂੰ ਇਕੱਠੇ ਹੋਏ ਤਾਂ ਜੱਬਲ ਨੇ ਆਖਿਆ ਕਿ ਅੱਜ ਦੋ ਜੱਟਾਂ ਦੀਆਂ ਜੱਫੀਆਂ ਪੁਵਾਵਾਂਗਾ।
ਸਮਾਂ ਪਾ ਕੇ ਸਾਡੀਆਂ ਸੋਚਾਂ ਏਨੀਆਂ ਸਾਂਝੀਆਂ ਹੋ ਗਈਆਂ ਕਿ ਅਸੀਂ ਇਕ ਦੂਸਰੇ ਕੋਲੋਂ ਕਿਸੇ ਗੱਲ ਦਾ ਓਹਲਾ ਨਹੀਂ ਸੀ ਰੱਖਦੇ। ਕਿਰਪਾਲ ਸਿੰਘ ਇਕ ਦਿਨ ਕਹਿੰਦਾ: ‘‘ਬਾਜਵਾ ਜਦੋਂ ਫਿਲਮ ਮੁਕੰਮਲ ਹੋ ਗਈ। ਫੇਰ ਤੂੰ ਕਿੱਥੇ ਮਿਲਣਾ ਏ?’’ ਮੈਂ ਕਿਹਾ: ‘‘ਕਿਰਪਾਲ ਸਿਹਾਂ, ਜਿੰਨਾ ਚਿਰ ਮੈਂ ਜਿਊਂਦਾ ਰਿਹਾ ਓਨਾ ਚਿਰ ਤੈਨੂੰ ਮਿਲਦਾ ਰਹਾਂਗਾ। ਤੂੰ ਭਾਵੇਂ ਨਾ ਮਿਲੀਂ।’’ ਕਿਰਪਾਲ ਸਿੰਘ ਕਹਿੰਦਾ: ‘‘ਏਹ ਕਿਸ ਤਰ੍ਹਾਂ ਹੋ ਸਕਦਾ ਏ। ਤੂੰ ਮਿਲੇਂ ਤਾਂ ਮੈਂ ਨਾ ਮਿਲਾਂ।’’ ਫਿਲਮ ਦੀ ਸ਼ੂਟਿੰਗ ਖ਼ਤਮ ਹੋ ਗਈ। ਮੈਂ ਕਿਰਪਾਲ ਸਿੰਘ ਕੋਲੋਂ ਟੈਲੀਫੋਨ ਨੰਬਰ ਲੈ ਲਿਆ ਸੀ। ਉਸ ਵਕਤ ਤਕ ਅਜੇ ਮੋਬਾਈਲ ਨਹੀਂ ਸਨ ਚੱਲੇ। ਉਸ ਕੋਲ ਲੈਂਡਲਾਈਨ ਸੀ। ਮੇਰੇ ਕੋਲ ਵੀ ਲੈਂਡਲਾਈਨ ਸੀ। ਸਾਡੀਆਂ ਦੂਜੇ-ਚੌਥੇ ਦਿਨ ਗੱਲਾਂਬਾਤਾਂ ਹੁੰਦੀਆਂ ਰਹਿੰਦੀਆਂ ਸਨ। ਕਿਰਪਾਲ ਸਿੰਘ ਖਰਬੂਜ਼ੇ, ਹਦਵਾਣੇ ਖੁੱਲ੍ਹੇ ਬੀਜਦਾ ਸੀ। ਖਰਬੂਜ਼ਿਆਂ ਦੇ ਮੌਸਮ ਵਿਚ ਉਸ ਨੇ ਬੋਰੀ ਖਰਬੂਜ਼ਿਆਂ ਦੀ, ਬੋਰੀ ਹਦਵਾਿਣਆਂ ਦੀ ਭਰ ਕੇ ਹਰ ਸਾਲ ਆਪਣੀ ਗੱਡੀ ਵਿਚ ਰੱਖ ਕੇ ਮੇਰੇ ਕੋਲ ਆਉਣਾ ਤੇ ਰਾਤ ਵੀ ਮੇਰੇ ਕੋਲ ਰਹਿਣਾ। ਮੈਂ ਜਦੋਂ ਕਰਤਾਰਪੁਰ ਜਾਣਾ ਤਾਂ ਕਿਰਪਾਲ ਸਿੰਘ ਦੀ ਮਾਤਾ ਨੇ ਕਹਿਣਾ, ‘‘ਪੁੱਤ, ਤੇਰਾ ਭਰਾ ਤਾਂ ਰਾਤ ਕਦੀ ਸਹੁਰੇ ਨਹੀਂ ਰਿਹਾ। ਤੇਰੇ ਕੋਲ ਰਾਤ ਵੀ ਰਹਿ ਪੈਂਦਾ ਏ।’’
ਇਕ ਵਾਰੀ ਮੈਂ ਕਰਤਾਰਪੁਰ ਗਿਆ ਤਾਂ ਕਿਰਪਾਲ ਸਿੰਘ ਦੀ ਮਾਤਾ ਨੇ ਮੈਨੂੰ ਆਖਿਆ, ‘‘ਬਾਜਵਾ ਪੁੱਤ, ਤੇਰੇ ਭਰਾ ਦੀ ਮੈਂ ਸੁੱਖਣਾ ਸੁੱਖੀ ਸੀ ਨਨਕਾਣਾ ਸਾਹਿਬ ਦੀ। ਇਸ ਨੂੰ ਨਾਲ ਲੈ ਜਾ ਤੇ ਇਸ ਦੀ ਸੁੱਖਣਾ ਪੂਰੀ ਕਰਵਾ ਦੇ।’’ ਮੈਂ ਆਖਿਆ, ‘‘ਬੇਬੇ, ਜਦੋਂ ਆਖੋ ਇਸ ਨੂੰ ਨਾਲ ਲੈ ਜਾਵਾਂਗਾ।’’ ਮੈਂ ਕਿਰਪਾਲ ਸਿੰਘ ਕੋਲੋਂ ਉਸ ਦਾ ਪਾਸਪੋਰਟ ਲਿਆ ਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ’ਤੇ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਯਾਤਰਾ ਕਰਨ ਚਲੇ ਗਏ। ਕਿਰਪਾਲ ਸਿੰਘ ਦੀ ਨਨਕਾਣਾ ਸਾਹਿਬ ਸੁੱਖਣਾ ਲਾਹੀ। ਪਾਕਿਸਤਾਨ ਦੇ ਸਾਰੇ ਗੁਰਦੁਆਰਿਆਂ ਦੀ ਯਾਤਰਾ ਕੀਤੀ। ਲਾਹੌਰ ਤੋਂ ਚੀਜ਼ਾਂ ਦੀ ਖ਼ਰੀਦੋ-ਫਰੋਖਤ ਕੀਤੀ ਤੇ ਖ਼ੁਸ਼ੀ ਖ਼ੁਸ਼ੀ ਘਰ ਵਾਪਸ ਆ ਗਏ। ਕਿਰਪਾਲ ਸਿੰਘ ਦੇ ਮਾਤਾ ਜੀ ਬਹੁਤ ਖ਼ੁਸ਼ ਹੋਏ। ਉਨ੍ਹਾਂ ਕਿਹਾ: ‘‘ਮੇਰੇ ਜਿਊਂਦਿਆਂ ਪੁੱਤਰਾ, ਤੇਰੀ ਸੁੱਖਣਾ ਪੂਰੀ ਹੋ ਗਈ ਏ, ਮੈਂ ਖ਼ੁਸ਼ ਹਾਂ।’’

ਆਲੂਆਂ ਦੇ ਢੇਰ ਕੋਲ ਖੜ੍ਹਾ ਕਿਰਪਾਲ ਸਿੰਘ ਕਾਹਲੋਂ। ਫੋਟੋਆਂ: ਲੇਖਕ

ਮੇਰੇ ਨਾਲ ਕਿਰਪਾਲ ਸਿੰਘ ਦੀ ਨੇੜਤਾ ਬਹੁਤ ਹੋ ਗਈ ਸੀ। ਜਦੋਂ ਮੈਂ ਉਸ ਨੂੰ ਫੋਨ ਕਰਦਾ ਉਸ ਨੇ ਮੇਰੇ ਕੋਲ ਆ ਜਾਣਾ। ਇਕ ਦੋ ਰਾਤਾਂ ਰਹਿ ਕੇ ਚਲੇ ਜਾਣਾ। ਜਦੋਂ ਉਸ ਦਾ ਫੋਨ ਆਉਣਾ ਮੈਂ ਉਸ ਕੋਲ ਚਲੇ ਜਾਣਾ।
ਅਕਤੂਬਰ ਮਹੀਨਾ ਸੀ। ਮੈਂ ਉਸ ਨੂੰ ਆਖਿਆ, ‘‘ਚੱਲ ਕਿਰਪਾਲ, ਤੈਨੂੰ ਕਸ਼ਮੀਰ ਵਿਖਾ ਲਿਆਂਵਾ।’’ ਉਹ ਮੰਨ ਗਿਆ। ਅਸੀਂ ਦੋਵੇਂ ਕਸ਼ਮੀਰ ਵੱਲ ਨੂੰ ਤੁਰ ਪਏ। ਪਹਿਲੀ ਰਾਤ ਜੰਮੂ ਰਹੇ। ਅਗਲੀ ਸਵੇਰ ਟੈਕਸੀ ਲੈ ਕੇ ਸ੍ਰੀਨਗਰ ਪੁੱਜ ਗਏ। ਉੱਥੇ ਡੱਲ ਝੀਲ ਕੰਢੇ ਸਾਡਾ ਹੋਟਲ ਸੀ। ਕਿਰਪਾਲ ਸਿੰਘ ਪਹਿਲੀ ਵਾਰ ਘਰੋਂ ਬਾਹਰ ਨਿਕਲਿਆ ਸੀ ਤੇ ਸ੍ਰੀਨਗਰ ਵੇਖ ਕੇ ਬੜੀ ਖ਼ੁਸ਼ੀ ਨਾਲ ਮੈਨੂੰ ਆਖੇ: ‘‘ਤੂੰ ਮੈਨੂੰ ਕਸ਼ਮੀਰ ਵਿਖਾ ਦਿੱਤਾ ਏ। ਨਹੀਂ ਤਾਂ ਮੈਂ ਸੁਪਨੇ ਵਿਚ ਵੀ ਕਸ਼ਮੀਰ ਨਹੀਂ ਸੀ ਵੇਖ ਸਕਣਾ। ਤੇਰਾ ਕਰਜ਼ਾ ਕਿਸ ਤਰ੍ਹਾਂ ਲਾਹਵਾਂਗਾ।’’ ਮੈਂ ਉਸ ਨੂੰ ਆਖਿਆ, ‘‘ਕਿਰਪਾਲ, ਤੂੰ ਮੇਰਾ ਵੱਡਾ ਭਰਾ ਏਂ। ਇਸ ਕਰਕੇ ਕਰਜ਼ਾ ਕਿਸ ਚੀਜ਼ ਦਾ ਏ।’’ ਉਸ ਨੇ ਅੱਗੋਂ ਕਿਹਾ, ‘‘ਨਹੀਂ, ਤੂੰ ਉਮਰੋਂ ਵੀ ਮੇਰੇ ਨਾਲੋਂ ਵੱਡਾ ਏ। ਬਾਕੀ ਇੱਥੋਂ ਦੀ ਜਾਣਕਾਰੀ ਵੀ ਤੈਨੂੰ ਮੇਰੇ ਨਾਲੋਂ ਵੱਧ ਏ। ਮੈਂ ਤਾਂ ਪਹਿਲੀ ਵਾਰ ਆਇਆ ਹਾਂ।’’
ਤਿੰਨ-ਚਾਰ ਦਿਨਾਂ ਵਿਚ ਸਾਰਾ ਸ੍ਰੀਨਗਰ ਵਿਖਾ ਦਿੱਤਾ। ਇਕ ਦਿਨ ਸਵੇਰੇ ਕੇਸਰ ਦੇ ਖੇਤ ਵੇਖਣ ਚਲੇ ਗਏ। ਕਿਰਪਾਲ ਸਿੰਘ ਦੇ ਅੰਦਰ ਸ਼ੌਕ ਸੀ ਕੇਸਰ ਦੇ ਖੇਤ ਵੇਖਣ ਤੇ ਕੇਸਰ ਖਰੀਦਣ ਦਾ ਕਿਉਂਕਿ ਉਹ ਸੋਚਦਾ ਸੀ ਪਈ ਇੱਥੋਂ ਕੇਸਰ ਠੀਕ ਮਿਲਦਾ ਏ, ਮਿਲਾਵਟ ਵਾਲਾ ਨਹੀਂ ਮਿਲਦਾ। ਅਸੀਂ ਇਕ ਖੇਤ ਦੇ ਮਾਲਕ ਨਾਲ ਕੇਸਰ ਲੈਣ ਦੀ ਗੱਲ ਕੀਤੀ। ਉਸ ਨੇ ਸਾਨੂੰ ਤੋਲੇ ਦੀ ਕੀਮਤ ਦੱਸੀ। ਸਾਡੀ ਉਸ ਨਾਲ ਹਾਂ ਹੋ ਗਈ।
ਖੇਤ ਵਾਲਾ ਚੌਧਰੀ ਕਹਿਣ ਲੱਗਾ। ਇਹ ਕੇਸਰ ਗਿੱਲਾ ਏ। ਇਹ ਨਹੀਂ ਦੇਣਾ। ਘਰ ਚੱਲ ਕੇ ਸੁੱਕਾ ਕੇਸਰ ਦਿੰਦਾ ਹਾਂ। ਅਸੀਂ ਉਸ ਦੇ ਘਰ ਆ ਗਏ। ਉਸ ਦੀ ਲੜਕੀ ਨੇ ਸਾਨੂੰ ਕੇਸਰ ਕਾਹਵਾ ਪਿਲਾਇਆ। ਕਿਰਪਾਲ ਸਿੰਘ ਨੂੰ ਕੇਸਰ ਕਾਹਵਾ ਬਹੁਤ ਚੰਗਾ ਲੱਗਾ ਤੇ ਇਕ ਵਾਰ ਹੋਰ ਪੀਣ ਦੀ ਬੇਨਤੀ ਕੀਤੀ। ਉਨ੍ਹਾਂ ਦੂਜੀ ਵਾਰ ਵੀ ਕਾਹਵਾ ਦੇ ਦਿੱਤਾ। ਕਿਰਪਾਲ ਸਿੰਘ ਨੇ ਵੀ ਖੁੱਲ੍ਹੇ ਪੈਸੇ ਖਰਚ ਕੇ ਕੇਸਰ ਲਿਆ ਸੀ ਤੇ ਬਹੁਤ ਖ਼ੁਸ਼ ਹੋਇਆ ਸੀ। ਕੇਸਰ ਦੇਣ ਵਾਲਾ ਚੌਧਰੀ ਵੀ ਖ਼ੁਸ਼ ਸੀ।
ਜਦੋਂ ਵਾਪਸ ਘਰ ਆ ਕੇ ਕਿਰਪਾਲ ਸਿੰਘ ਨੇ ਆਪਣੇ ਛੋਟੇ ਭਰਾ ਨੂੰ ਕੇਸਰ ਵਾਲੀਆਂ ਡੱਬੀਆਂ ਵਿਖਾਈਆਂ ਤਾਂ ਉਸ ਨੇ ਦੋਹਾਂ ਡੱਬੀਆਂ ’ਤੇ ਕਬਜ਼ਾ ਕਰ ਲਿਆ ਤੇ ਨਾਲੇ ਆਖੇ ਬਜ਼ੁਰਗ ਆਦਮੀ ਕੇਸਰ ਨਹੀਂ ਖਾਂਦੇ। ਕਿਰਪਾਲ ਸਿੰਘ ਛੋਟੇ ਭਰਾ ਦਾ ਸਤਿਕਾਰ ਕਰਦਾ ਸੀ।
ਫੇਰ ਕਿਰਪਾਲ ਨੇ ਮੈਨੂੰ ਫੋਨ ਕੀਤਾ, ‘‘ਮੈਂ ਤਾਂ ਕੇਸਰ ਦਾ ਸੁਆਦ ਵੀ ਨਹੀਂ ਵੇਖਿਆ। ਉਹ ਸਾਰਾ ਕੇਸਰ ਜਥੇਦਾਰ ਨੇ ਨੱਪ ਲਿਆ ਏ।’’ ਫੇਰ ਮੈਂ ਆਪਣੇ ਕੋਲੋਂ ਅੱਧਾ ਆਪਣਾ ਕੇਸਰ ਦਿੱਤਾ। ਉਸ ਦਾ ਸੁਆਦ ਵੇਖ ਕੇ ਕਿਰਪਾਲ ਸਿੰਘ ਬੜਾ ਪਛਤਾਇਆ, ‘ਮੈਂ ਕਾਹਨੂੰ ਕੇਸਰ ਬਾਰੇ ਜਥੇਦਾਰ ਨੂੰ ਦੱਸਿਆ।’
ਕਿਰਪਾਲ ਸਿੰਘ ਆਲੂ ਬਹੁਤ ਬੀਜਦਾ ਸੀ। ਇਕ ਵਾਰੀ ਆਲੂਆਂ ਦਾ ਐਨਾ ਮੰਦਾ ਹਾਲ ਹੋ ਗਿਆ ਸੀ ਕਿ ਜੱਟਾਂ ਨੂੰ ਆਲੂ ਸੜਕਾਂ ’ਤੇ ਸੁੱਟਣੇ ਪਏ ਸਨ। ਸਰਕਾਰ ਕੋਈ ਧਿਆਨ ਨਹੀਂ ਸੀ ਦੇ ਰਹੀ। ਉਸ ਸਮੇਂ ਮੈਂ ਕਿਰਪਾਲ ਸਿੰਘ ਨੂੰ ਪੁੱਛਿਆ, ‘‘ਭਾਊ ਤੇਰੇ ਆਲੂਆਂ ਦਾ ਕੀ ਹਾਲ ਏ?’’ ਅੱਗੋਂ ਉੱਤਰ ਆਇਆ, ‘‘ਬਾਜਵਾ, ਇਸ ਵਾਰੀ ਤਾਂ ਆਲੂ ‘ਉੱਲੂ’ ਬਣ ਗਏ ਹਨ। ਇਨ੍ਹਾਂ ਆਲੂਆਂ ਸਾਡਾ ਜਲੂਸ ਕੱਢ ਦਿੱਤਾ ਏ।’’
ਉਹ ਸਾਧੂ ਸੁਭਾਅ ਦਾ ਮਾਲਕ ਸੀ। ਜ਼ਮੀਨ ਦਾ ਪੁੱਤ ਸੀ। ਜ਼ਮੀਨ ਵਿਚ ਹੀ ਹਰ ਵਕਤ ਰੁੱਝਾ ਰਹਿੰਦਾ ਸੀ। ਅਚਨਚੇਤ ਹੀ ਬਿਮਾਰ ਹੋ ਗਿਆ। ਬਿਮਾਰ ਹੋ ਕੇ ਚੜ੍ਹਾਈ ਕਰ ਗਿਆ। ਉਸ ਦੀ ਮੌਤ ’ਤੇ ਮੈਂ ਬਹੁਤ ਰੋਇਆ ਸੀ। ਏਨਾ ਮੈਂ ਆਪਣੇ ਬਾਪ ਦੇ ਮਰਨ ’ਤੇ ਵੀ ਨਹੀਂ ਸੀ ਰੋਇਆ ਜਿੰਨਾ ਕਿਰਪਾਲ ਸਿੰਘ ਦੀ ਮੌਤ ’ਤੇ ਰੋਇਆ। ਸਾਰਿਆਂ ਨੇ ਆਖਿਆ, ‘‘ਬਾਜਵਾ, ਭਰਾ ਨੂੰ ਆਖ਼ਰੀ ਇਸ਼ਨਾਨ ਵੀ ਆਪਣੇ ਹੱਥੀਂ ਕਰਾ ਲੈ।’’ ਤੇ ਮੈਂ ਆਪਣੇ ਹੱਥੀਂ ਉਸ ਦਾ ਇਸ਼ਨਾਨ ਕਰਵਾਇਆ।
ਜਦੋਂ ਕਦੀ ਕਰਤਾਰਪੁਰ ਜਾਂਦਾ ਤਾਂ ਕਿਰਪਾਲ ਸਿੰਘ ਦੀ ਮਾਤਾ ਆਖਦੀ, ‘‘ਬਾਜਵਾ, ਉਹ ਤੇਰਾ ਤਾਂ ਭਰਾ ਸੀ। ਮੇਰਾ ਪੁੱਤ ਸੀ। ਜਦੋਂ ਦਾ ਕਿਰਪਾਲ ਮਰ ਗਿਆ ਏ। ਤੂੰ ਵੀ ਸਾਡੇ ਘਰ ਆਉਣਾ ਬੰਦ ਕਰ ਦਿੱਤਾ ਏ।’’ ਮੈਂ ਮਨ ’ਚ ਸੋਚਦਾ, ‘ਮਾਤਾ, ਤੇਰੇ ਲਈ ਕਿਰਪਾਲ ਮਰ ਗਿਆ ਏ। ਮੇਰੇ ਲਈ ਅਜੇ ਜਿਊਂਦਾ ਏ।’ ਹੁਣ ਉਹ ਮਾਤਾ ਵੀ ਮਰ ਗਈ ਏ ਜਿਹੜੀ ਮੈਨੂੰ ਆਖਦੀ ਸੀ, ‘‘ਪੁੱਤ, ਤੂੰ ਸਾਡੇ ਵਿਹੜੇ ਹੁਣ ਨਹੀਂ ਵੜਦਾ। ਕਿਰਪਾਲ ਮਰ ਗਿਆ ਏ।’’ ਪਰ ਕਿਰਪਾਲ ਮੈਨੂੰ ਬਹੁਤ ਸਾਰਾ ਪਿਆਰ ਦੇ ਕੇ ਗਿਆ ਏ, ਉਹ ਮੇਰੇ ਲਈ ਜਿਊਂਦਾ ਏ।

ਸੰਪਰਕ: 98767-41231


Comments Off on … ਪਰ ਮੇਰਾ ਯਾਰ ਜਿਊਂਦਾ ਏ!
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.