ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਪਰਿਵਾਰ ਦੀ ਸਲਾਹ ਰਹਿਤ ਵਿਆਹਾਂ ਲਈ ਉਮਰ ਹੱਦ ਵਧਾਉਣ ਦੀ ਲੋੜ

Posted On August - 8 - 2019

ਮਨਦੀਪ ਸਿੰਘ ਸਰਦੂਲਗੜ੍ਹ

ਭਾਰਤ ਨੇ ਆਧੁਨਿਕਤਾ ਦੀ ਦੌੜ ਵਿਚ ਜਿਥੇ ਆਧੁਨਿਕ ਦੇਸ਼ਾਂ ਅਤੇ ਸਮਾਜਾਂ ਦੀ ਨਕਲ ਕਰਦਿਆਂ ਵਿਗਿਆਨ, ਆਰਥਿਕਤਾ ਅਤੇ ਢਾਂਚਾਗਤ ਵਿਕਾਸ ਵਿਚ ਨਵੇਂ ਮੀਲ-ਪੱਥਰ ਗੱਡੇ ਹਨ, ਉਥੇ ਸਮਾਜਿਕ ਜੀਵਨ ਦੇ ਨਵੇਂ ਤੌਰ ਤਰੀਕੇ ਵੀ ਅਪਣਾਏ ਅਤੇ ਨਵੀਆਂ ਮਰਿਆਦਾਵਾਂ ਕਾਇਮ ਕੀਤੀਆਂ ਹਨ। ਜਿਥੇ ਜ਼ਰੂਰਤ ਪਈ ਇਨ੍ਹਾਂ ਨਵੀਆਂ ਮਰਿਆਦਾਵਾਂ ਨੂੰ ਸਥਾਪਿਤ ਕਰਨ ਲਈ ਢੁਕਵੇਂ ਨਿਯਮ-ਕਾਨੂੰਨ ਘੜੇ ਹਨ। ਬੇਸ਼ੱਕ ਅਜਿਹਾ ਹੋਣਾ ਸਮੇਂ ਦੀ ਜ਼ਰੂਰਤ ਵੀ ਹੈ, ਪਰ ਕਈ ਵਾਰ ਸਦੀਆਂ ਤੋਂ ਚਲੀਆਂ ਆ ਰਹੀਆਂ ਮਰਿਆਦਾਵਾਂ ਨੂੰ ਦਰੜ ਕੇ ਨਵੀਆਂ ਮਰਿਆਦਾਵਾਂ ਇਕਦਮ ਸਥਾਪਿਤ ਕਰਨ ਦੀ ਕੋਸ਼ਿਸ਼ ਸਮਾਜ ਲਈ ਖ਼ਤਰਨਾਕ ਸਾਬਤ ਹੁੰਦੀ ਹੈ ਅਤੇ ਇਸ ਕਦਰ ਭਿਆਨਕ ਨਤੀਜੇ ਸਾਹਮਣੇ ਆਉਂਦੇ ਹਨ ਕਿ ਸਾਨੂੰ ਇਸ ਨਵ-ਸਥਾਪਤੀ ’ਤੇ ਮੁੜ-ਸੋਚਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ।
ਅਜਿਹਾ ਹੀ ਇਕ ਮਾਮਲਾ ਹੈ, ਛੋਟੀ ਉਮਰ ਦੇ ਮੁੰਡੇ-ਕੁੜੀਆਂ ਵੱਲੋਂ ਆਪਣੇ ਮਾਪਿਆਂ ਦੀ ਸਲਾਹ ਤੋਂ ਬਗੈਰ ਕਰਵਾਏ ਜਾਣ ਵਾਲ਼ੇ ਪਰੇਮ ਵਿਆਹ ਅਤੇ ਇਸਦੀ ਕਾਨੂੰਨੀ ਮਾਨਤਾ। ਕਈ ਵਾਰ ਅਜਿਹੇ ਵਿਆਹ ਅੰਤਰ-ਜਾਤੀ ਜਾਂ ਅੰਤਰ-ਧਾਰਮਿਕ ਵੀ ਹੁੰਦੇ ਹਨ। ਵਿਆਹ ਮੁੱਖ ਤੌਰ ’ਤੇ ਸਮਾਜਿਕ ਸੰਸਥਾ ਹੈ ਅਤੇ ਇਹ ਸਮਾਜ ਵਿਚ ਹਿੱਸੇਦਾਰੀ ਲਈ, ਸਮਾਜ ਨੂੰ ਅਗੇ ਵਧਾਉਣ ਅਤੇ ਬੱਚੇ ਪੈਦਾ ਕਰਨ, ਸਰੀਰਕ/ਜਿਨਸੀ ਜ਼ਰੂਰਤਾਂ ਪੂਰੀਆਂ ਕਰਨ, ਵਿਰਾਸਤੀ ਆਦਾਨ-ਪ੍ਰਦਾਨ, ਘਰੇਲੂ ਅਤੇ ਬਾਹਰੀ ਜੀਵਨ ਨਿਰਬਾਹ ਲਈ ਅਤੇ ਬੁਢਾਪਾ ਸੌਖਾ ਕੱਟਣ ਲਈ ਇਹ ਸਮਾਜਿਕ ਜੀਵਨ ਦਾ ਜ਼ਰੂਰੀ ਅੰਗ ਹੈ।
ਇਹ ਬਹੁਤ ਅਹਿਮ ਗੱਲ ਹੈ ਕਿ ਵਿਆਹ ਇਕ ਸਮਾਜਿਕ ਬੰਧਨ ਹੈ, ਨਾ ਕਿ ਕੋਈ ਕਾਨੂੰਨੀ ਸਮਝੌਤਾ ਜਾਂ ਵਿਗਿਆਨਕ ਯੋਗਿਕ/ਮਿਸ਼ਰਣ। ਸਮਾਜ ਦੀ ਮੁਢਲੀ ਇਕਾਈ ਵਿਅਕਤੀ ਨਹੀਂ ਬਲਕਿ ਪਰਿਵਾਰ ਹੈ। ਪਰਿਵਾਰ ਦੀ ਸ਼ਮੂਲੀਅਤ ਬਿਨਾਂ ਸਮਝੌਤਾ ਹੋ ਸਕਦਾ ਹੈ, ਵਿਆਹ ਨਹੀਂ। ਉਂਝ ਵੀ ਸਾਡੇ ਭਾਰਤੀ ਸਮਾਜ ਵਿਚ ਵਿਆਹ ਸਿਰਫ ਦੋ ਵਿਅਕਤੀਆਂ ਦਾ ਨਹੀਂ ਦੋ ਪਰਿਵਾਰਾਂ ਦਾ ਮਿਲਣ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਸਾਨੂੰ ਧਿਆਨ ਰਖਣਾ ਚਾਹੀਦਾ ਹੈ ਕਿ 21 ਅਤੇ 18 ਸਾਲ ਦੇ ਮੁੰਡਾ-ਕੁੜੀ ਸਰੀਰਕ ਵਿਗਿਆਨ ਦੇ ਮੁਤਾਬਿਕ ਬੱਚੇ ਪੈਦਾ ਕਰਨ ਦੀ ਸਮਰੱਥਾ ਅਨੁਸਾਰ ਵਿਆਹ ਦੇ ਕਾਬਿਲ ਹੋ ਸਕਦੇ ਹਨ, ਪਰ ਬੌਧਿਕ ਅਤੇ ਸਮਾਜਿਕ ਤੌਰ ’ਤੇ ਚੇਤੰਨ ਅਤੇ ਵਿਕਸਿਤ ਨਾ ਹੋ ਸਕਣ ਕਾਰਨ 21 ਅਤੇ 18 ਸਾਲ ਦੇ ਇਹ ਬੱਚੇ ਵਿਆਹ ਵਰਗੇ ਅਹਿਮ ਫੈਸਲੇ ਪਰਿਵਾਰ ਦੀ ਸਲਾਹ ਤੋਂ ਬਿਨਾਂ ਲੈਣ ਦੇ ਕਾਬਿਲ ਨਹੀਂ ਕਹੇ ਜਾ ਸਕਦੇ।
ਕੋਈ ਸ਼ੱਕ ਨਹੀਂ ਵਿਆਹ ਜਿਥੇ ਬਾਲਗ ਵਿਅਕਤੀ ਦੀ ਸਰੀਰਕ ਅਤੇ ਸਮਾਜਿਕ ਜ਼ਰੂਰਤ ਹੈ, ਉਥੇ ਉਸ ਦਾ ਅਧਿਕਾਰ ਵੀ ਹੈ ਅਤੇ ਕਾਨੂੰਨ ਉਸ ਦੇ ਇਸ ਅਧਿਕਾਰ ਦੀ ਰਾਖੀ ਵੀ ਕਰਦਾ ਹੈ। ਇਸ ਦੇ ਬਾਵਜੂਦ 21 ਅਤੇ 18 ਸਾਲ ਦੀ ਛੋਟੀ ਉਮਰ ਵਿਚ ਵਿਆਹ ਲਈ ਮਾਪਿਆਂ ਦੀ ਸਲਾਹ ਨੂੰ ਨਜ਼ਰਅੰਦਾਜ਼ ਕਰਨਾ ਵੀ ਸਾਡੀ ਬਹੁਤ ਵਡੀ ਭੁੱਲ ਹੋਵੇਗੀ, ਕਿਉਂਕਿ ਇਸ ਉਮਰ ਵਿਚ ਤਾਂ ਬੱਚਾ ਆਪਣਾ ਕਾਨੂੰਨੀ ਅਧਿਕਾਰ ਹੋਣ ਦੇ ਬਾਵਜੂਦ ਆਪਣੇ ਮਾਪਿਆਂ ਦੀ ਸਲਾਹ ਤੋਂ ਬਿਨਾਂ ਆਪਣੀ ਪੜ੍ਹਾਈ ਦੇ ਵਿਸ਼ੇ ਤੱਕ ਦੀ ਚੋਣ ਨਹੀਂ ਕਰਦਾ ਜਾਂ ਕਰ ਸਕਦਾ, ਆਪਣੀ ਨੌਕਰੀ, ਕਾਰੋਬਾਰ ਜਾਂ ਕਿੱਤੇ ਦੀ ਚੋਣ ਨਹੀਂ ਕਰਦਾ, ਕਿਸੇ ਤਰ੍ਹਾਂ ਦਾ ਇਕਰਾਰਨਾਮਾ ਸਹੀਬੰਦ ਨਹੀਂ ਕਰਦਾ, ਤਾਂ ਉਹ ਜ਼ਿੰਦਗੀ ਦੇ ਸਭ ਤੋਂ ਅਹਿਮ ਫੈਸਲੇ ਭਾਵ ਜੀਵਨ-ਸਾਥੀ ਦੀ ਚੋਣ ਲਈ ਆਪਣੇ ਮਾਪਿਆਂ ਦੀ ਸਲਾਹ ਤੇ ਸੇਧ ਨੂੰ ਨਜ਼ਰਅੰਦਾਜ਼ ਕਿਵੇਂ ਕਰ ਸਕਦਾ ਹੈ।

ਮਨਦੀਪ ਸਿੰਘ ਸਰਦੂਲਗੜ੍ਹ

ਇਸ 21/18 ਸਾਲ ਦੇ ਅੱਲ੍ਹੜ ਮੁੰਡੇ-ਕੁੜੀਆਂ, ਜੋ ਜ਼ਿੰਦਗੀ ਦੀਆਂ ਕੌੜੀਆਂ ਹਕੀਕਤਾਂ ਤੋਂ ਅਣਭਿੱਜ ਹੁੰਦੇ ਹਨ, ਜਿਨ੍ਹਾਂ ਨੂੰ ਵਿਆਹੁਤਾ ਜੀਵਨ ਦੇ ਫਰਜ਼ਾਂ ਤੇ ਜ਼ਿੰਮੇਵਾਰੀਆਂ ਦਾ ਹੀ ਪਤਾ ਨਹੀਂ ਹੁੰਦਾ, ਜਿਨ੍ਹਾਂ ਦੀ ਆਪਣੇ ਜੀਵਨ ਸਾਥੀ ਦੀ ਚੋਣ ਕਿਸੇ ਪਰਖ-ਪੜਤਾਲ ਤੋਂ ਬਿਨਾਂ ਸਿਰਫ ਜਜ਼ਬਾਤ ਅਤੇ ਸਰੀਰਕ ਖਿੱਚ ’ਤੇ ਆਧਾਰਿਤ ਹੋਵੇ, ਜਿਨ੍ਹਾਂ ਲਈ ਵਿਆਹ ਸਿਰਫ ਕਲਪਿਤ ਸੁਪਨਮਈ ਸੰਸਾਰ ਹੋਵੇ, ਉਨ੍ਹਾਂ ਦਾ ਮਾਪਿਆਂ ਦੀ ਸਲਾਹ ਤੇ ਸੇਧ ਤੋਂ ਬਿਨਾਂ ਵਿਆਹ ਕਿਵੇਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਅਠਾਰਾਂ ਸਾਲ ਦੀ ਅੱਲ੍ਹੜ/ਅਨਾੜੀ ਉਮਰ ਵਿਚ ਮਾਪਿਆਂ ਦੀ ਸਲਾਹ ਤੋਂ ਬਿਨਾਂ ਵਿਆਹ ਕਰਵਾਉਣਾ ਇਕ ਲੜਕੀ ਲਈ ਤਾਂ ਹੋਰ ਵੀ ਖਤਰਨਾਕ ਸਾਬਿਤ ਹੋ ਸਕਦਾ ਹੈ। ਪਰਿਵਾਰ ਵਿਚ ਰਹਿੰਦੀ 18 ਸਾਲ ਦੀ ਤੇ ਵੱਧ ਤੋਂ ਵੱਧ ਬਾਰ੍ਹਵੀਂ ਜਮਾਤ ਪਾਸ ਲੜਕੀ ਪੂਰੀ ਤਰ੍ਹਾਂ ਪਰਿਵਾਰ ’ਤੇ ਹੀ ਨਿਰਭਰ ਹੁੰਦੀ ਹੈ। ਇਥੋਂ ਤਕ ਕਿ ਉਹ ਕਿਸੇ ਦੀ ਸਲਾਹ ਤੋਂ ਬਿਨਾਂ ਤਾਂ ਬਾਰ੍ਹਵੀਂ ਤੋਂ ਬਾਅਦ ਆਪਣੇ ਲਈ ਕੋਈ ਪੜ੍ਹਾਈ ਦਾ ਕੋਰਸ ਵੀ ਨਹੀਂ ਚੁਣ ਸਕਦੀ। ਮਾਪਿਆਂ ਦੀ ਸਲਾਹ ਤੋਂ ਬਿਨਾਂ ਕਰਵਾਇਆ ਵਿਆਹ ਉਸਦਾ ਸੋਚ-ਸਮਝ ਕੇ ਲਿਆ ਫੈਸਲਾ ਨਹੀਂ ਸਗੋਂ, ਮਹਿਜ਼ ਜਜ਼ਬਾਤੀ ਕਦਮ ਹੁੰਦਾ ਹੈ। ਜ਼ਿੰਦਗੀ ਦੀਆਂ ਤਲ਼ਖ ਹਕੀਕਤਾਂ/ਤਜਰਬਿਆਂ ਤੋ ਅਨਜਾਣ ਉਸ ਮੁਟਿਆਰ ਲਈ ਵਿਆਹੁਤਾ ਜੀਵਨ ਸਿਰਫ ਇਕ ਸੁਪਨਮਈ ਸੰਸਾਰ ਹੁੰਦਾ ਹੈ। ਵਿਆਹ ਤੋਂ ਬਾਅਦ ਉਹ ਆਪਣੇ ਮਾਪਿਆਂ ਤੋਂ ਰਿਸ਼ਤਾ ਤੋੜ ਬੈਠਦੀ ਹੈ ਅਤੇ ਪੂਰੀ ਤਰ੍ਹਾਂ ਪਤੀ ’ਤੇ ਨਿਰਭਰ ਹੋ ਕੇ ਰਹਿ ਜਾਂਦੀ ਹੈ। ਆਪਣੇ ਪਤੀ ਤੋਂ ਜਾਣਕਾਰੀ ਅਤੇ ਤਜਰਬੇ ਵਿਚ 3 ਸਾਲ ਪਿਛੇ ਅਤੇ ਪੇਕੇ ਪਰਿਵਾਰ ਦੀ ਬੈਕ ਸਪੋਰਟ (ਸਹਾਇਤਾ ਤੇ ਸੇਧ) ਤੋਂ ਸੱਖਣੀ ਉਹ ਲੜਕੀ ਮਾਨਸਿਕ ਤੌਰ ’ਤੇ ਹੀ ਪਤੀ ਦੇ ਦਬਾਅ ਹੇਠ ਉਸ ਦੀ ਹਰ ਗ਼ਲਤ-ਠੀਕ ਗੱਲ ਮੰਨਣ ਲਈ ਮਜਬੂਰ ਹੋ ਜਾਂਦੀ ਹੈ, ਜਿਸ ਨਾਲ ਉਸ ਦੇ ਸ਼ੋਸ਼ਣ ਦਾ ਸ਼ਿਕਾਰ ਹੋਣ ਦਾ ਖ਼ਤਰਾ ਬਹੁਤ ਵਧ ਜਾਂਦਾ ਹੈ। ਇੰਨੀ ਛੋਟੀ ਉਮਰ ਵਿਚ ਵਿਆਹ ਕਾਰਨ ਵਿਆਹ ਹੋਣ ਤੋਂ ਬਾਅਦ ਹੋਣ ਵਾਲੀਆਂ ਸਰੀਰਕ/ਮਾਨਸਿਕ ਤਬਦੀਲੀਆਂ, ਬਿਮਾਰੀ ਅਤੇ ਬੱਚਾ ਪੈਦਾ ਹੋਣ ਦੀ ਸਥਿਤੀ ਵਿਚ ਉਸ ਨੂੰ ਕਿਸੇ ਨਜ਼ਦੀਕੀ ਪਰਿਵਾਰਕ ਔਰਤ (ਆਦਰਸ਼ ਤੌਰ ’ਤੇ ਮਾਂ) ਦੀ ਮਾਨਸਿਕ ਮਦਦ ਦੀ ਸੰਭਾਵਨਾ ਵੀ ਘਟ ਜਾਂਦੀ ਹੈ ਤੇ ਇਸ ਦਾ ਪ੍ਰਭਾਵ ਹੋਣ ਵਾਲੇ ਬੱਚੇ ’ਤੇ ਵੀ ਪੈਣ ਦਾ ਡਰ ਵੀ ਰਹਿੰਦਾ ਹੈ।
ਆਮ ਵਿਆਹ ਲਈ ਭਾਵੇਂ ਕਾਨੂੰਨਨ ਮੁੰਡੇ ਲਈ ਘੱਟੋ-ਘੱਟ ਉਮਰ 21 ਸਾਲ ਅਤੇ ਕੁੜੀ ਲਈ 18 ਸਾਲ ਮਿਥੀ ਗਈ ਹੈ, ਪਰ ਮਾਪਿਆਂ ਦੀ ਸਲਾਹ ਤੋਂ ਬਿਨਾਂ ਹੋਣ ਵਾਲੇ ਵਿਆਹ ਪੱਖੋਂ ਇਹ ਘੱਟੋ-ਘੱਟ ਉਮਰ ਯਕੀਨਨ ਹੀ ਬੜੀ ਘੱਟ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਵਿਆਹ ਲਈ ਉਪਰੋਕਤ 21 ਅਤੇ 18 ਸਾਲ ਦੀ ਉਮਰ ਦੀ ਹੇਠਲੀ ਸੀਮਾ ਅਸਲ ’ਚ ਬਾਲ ਵਿਆਹ ਨੂੰ ਰੋਕਣ ਲਈ ਤੈਅ ਕੀਤੀ ਗਈ ਸੀ, ਜਦੋਂ 10-12 ਸਾਲ ਦੇ ਬੱਚਿਆਂ ਦਾ ਵਿਆਹ ਮਾਪਿਆਂ/ਗਾਰਡੀਅਨ ਵਲੋਂ (ਜਬਰੀ) ਕਰ ਦਿੱਤਾ ਜਾਂਦਾ ਸੀ। ਇਸ ਤਰ੍ਹਾਂ 10-12 ਸਾਲ ਦੇ ਬੱਚਿਆਂ ਦੇ ਬਾਲ ਵਿਆਹ ਰੋਕਣ ਲਈ ਲੜਕੇ-ਲੜਕੀ ਦੀ ਘੱਟੋ-ਘੱਟ 21 ਅਤੇ 18 ਸਾਲ ਦੀ ਉਮਰ ਤਕ ਵਿਆਹ ਨਾ ਕਰਨ ਦੀ ਹਦਾਇਤ ਵਿਚ ਮਾਪੇ ਵੀ ਸ਼ਾਮਿਲ ਕੀਤੇ ਗਏ ਸਨ। ਇਸ ਲਈ ਕਾਨੂੰਨ ਦੀ ਇਸ ਹਦਾਇਤ ਨੂੰ 21 ਅਤੇ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਮਾਪਿਆਂ ਦੀ ਸ਼ਮੂਲੀਅਤ ਤੇ ਸਲਾਹ ਤੋਂ ਬਿਨਾਂ ਵਿਆਹ ਕਰਾਉਣ ਦੀ ਆਜ਼ਾਦੀ ਨਹੀਂ ਸਮਝਿਆ ਜਾ ਸਕਦਾ।
ਜਿਵੇਂ ਪਹਿਲਾਂ ਵਿਚਾਰ ਕੀਤੀ ਜਾ ਚੁੱਕੀ ਹੈ ਕਿ ਵਿਆਹ ਇਕ ਸਮਾਜਿਕ ਪ੍ਰਣਾਲੀ ਹੈ ਨਾ ਕਿ ਕਾਨੂੰਨੀ ਪ੍ਰਕਿਰਿਆ। ਇਸ ਵਿਚ ਜੇ ਕੋਈ ਕਾਨੂੰਨੀ ਦਖ਼ਲਅੰਦਾਜ਼ੀ ਹੈ, ਤਾਂ ਉਸ ਦਾ ਮਕਸਦ ਵੀ ਵਿਆਹ ਦਾ ਸਮਾਜਿਕ ਪੱਖ ਮਜ਼ਬੂਤ ਕਰਨਾ ਹੀ ਹੈ। ਕਿਉਂਕਿ ਕਾਨੂੰਨ ਵੀ ਸਮਾਜ ਦੀ ਬਿਹਤਰੀ ਲਈ ਬਣਾਏ ਤੇ ਲਾਗੂ ਕੀਤੇ ਜਾਂਦੇ ਹਨ। ਪਰ ਜੇ ਕਿਤੇ ਕਾਨੂੰਨ ਸਮਾਜ ਲਈ ਸਮੱਸਿਆ ਦਾ ਕਾਰਨ ਬਣੇ, ਤਾਂ ਉਸ ਨੂੰ ਸਮਾਜਿਕ ਢਾਂਚੇ ਦੀ ਰੌਸ਼ਨੀ ਵਿਚ ਸਮਾਜ ਦੀ ਬਿਹਤਰੀ ਲਈ ਮੁੜ ਵਿਚਾਰ ਲੈਣਾ ਅਤਿ ਜ਼ਰੂਰੀ ਬਣ ਜਾਂਦਾ ਹੈ। ਇਸ ਲਈ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਮਾਪਿਆਂ ਦੀ ਸਲਾਹ ਨਾਲ ਹੋਣ ਵਾਲੇ ਵਿਆਹ ਲਈ ਲੜਕੇ ਲੜਕੀ ਦੀ ਉਮਰ ਦੀ ਘੱਟੋ-ਘੱਟ ਸੀਮਾ ਤਾਂ 21 ਅਤੇ 18 ਸਾਲ ਹੋ ਸਕਦੀ ਹੈ, ਪਰ ਪਰਿਵਾਰ ਦੀ ਸਹਿਮਤੀ ਤੇ ਸੇਧ ਤੋਂ ਬਿਨਾਂ ਹੋਣ ਵਾਲੇ ਵਿਆਹ ਲਈ ਲੜਕੇ ਅਤੇ ਲੜਕੀ ਦੀ ਘੱਟੋ-ਘੱਟ ਉਮਰ ਸੀਮਾ ਵਧਾ ਦੇਣੀ ਬਹੁਤ ਹੀ ਜ਼ਰੂਰੀ ਹੈ। ਇਸ ਨੂੰ ਵਧਾ ਕੇ ਲੜਕਾ ਲੜਕੀ ਦੋਹਾਂ ਲਈ ਬਰਾਬਰ ਘੱਟੋ-ਘੱਟ 26-26 ਸਾਲ ਕਰ ਦੇਣਾ ਚਾਹੀਦਾ ਹੈ, ਤਾਂ ਜੋ ਵਿਆਹ ਤੋਂ ਪਹਿਲਾਂ ਦੋਵੇਂ ਮਾਨਸਿਕ ਅਤੇ ਬੌਧਿਕ ਪੱਧਰ ਤੋਂ ਪੂਰੀ ਤਰ੍ਹਾਂ ਵਿਕਸਿਤ ਹੋ ਚੁਕੇ ਹੋਣ, ਵਿਆਹ ਤੋਂ ਪਹਿਲਾਂ ਇਸ ਦਾ ਅਸਲ ਮਤਲਬ ਅਤੇ ਜ਼ਿੰਮੇਵਾਰੀਆਂ ਸਮਝ ਚੁੱਕੇ ਹੋਣ ਅਤੇ ਆਪਣੇ ਲਈ ਸਹੀ ਜੀਵਨ ਸਾਥੀ ਦੀ ਚੋਣ ਕਰ ਸਕਣ ਦੇ ਕਾਬਿਲ ਬਣ ਚੁੱਕੇ ਹੋਣ। ਇਸ ਨਾਲ ਜਿਥੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਵਾਲਿਆਂ ਦੇ ਆਪਸੀ ਸਬੰਧ ਮਜ਼ਬੂਤ ਹੋਣਗੇ, ਉਥੇ ਤਲਾਕ, ਘਰੇਲੂ ਹਿੰਸਾ, ਔਰਤ ਦੇ ਸ਼ੋਸ਼ਣ ਅਤੇ ਅਣਖ਼ ਖ਼ਾਤਰ ਕਤਲ ਵਰਗੀਆਂ ਸਮਾਜਿਕ ਅਲਾਮਤਾਂ ਦੇ ਕੇਸ ਵੀ ਘਟਣਗੇ।

ਸੰਪਰਕ: 94636-25653


Comments Off on ਪਰਿਵਾਰ ਦੀ ਸਲਾਹ ਰਹਿਤ ਵਿਆਹਾਂ ਲਈ ਉਮਰ ਹੱਦ ਵਧਾਉਣ ਦੀ ਲੋੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.