ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼ !    ਕੀ ਅਸੀਂ ਕਦੇ ਜਾਗਾਂਗੇ ? !    ਨਿਵਾਣਾਂ ਵੱਲ ਜਾਂਦੀ ਰਾਜਨੀਤੀ !    ਜਪਾਨ ਤੋਂ ਸਬਕ ਸਿੱਖੇ ਪੰਜਾਬ !    ਤੁਸ਼ਾਮ ਦੀ ਬਾਰਾਂਦਰੀ !    ਠੰਢਾ ਲੋਹਾ !    ਇੱਛਾਵਾਂ ਦੇ ਦਮਨ ਦਾ ਦੁਖਾਂਤ !    ਪੰਜਾਬੀ ਸਿਨੇਮਾ ਦਾ ਇਤਿਹਾਸ !    ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ !    ਗ਼ਜ਼ਲ !    

ਪਤੀ-ਪਤਨੀ ਅਤੇ ਬਲਦ

Posted On August - 14 - 2019

ਤਰਲੋਚਨ ਸਿੰਘ ਦੁਪਾਲਪੁਰ

ਰਾਜ ਸਭਾ ਵਿਚ ਬਾਦਲ ਦਲ ਦੇ ਬਲਵਿੰਦਰ ਸਿੰਘ ਭੂੰਦੜ ਨੂੰ ਜੰਨਤ ਦੇ ਟੋਟੇ ਟੋਟੇ ਕਰਨ ਦੇ ਹੱਕ ਵਿਚ ਬੋਲਦਿਆਂ ਸੁਣ ਕੇ ਉਹ ਸਮਾਂ ਯਾਦ ਆਇਆ, ਜਦ ਮੈਂ ਅਕਾਲੀ ਦਲ ਵਿਚ ਹੁੰਦਿਆਂ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਮੁਤਾਬਿਕ ਵੱਡੇ ਲੀਡਰਾਂ ਦੀ ਰੀਸੋ ਰੀਸੇ ਪੰਜਾਬ ਲਈ ‘ਵੱਧ ਅਧਿਕਾਰਾਂ’ ਬਾਰੇ ਸਟੇਜਾਂ ਤੇ ਬਾਹਾਂ ਕੱਢ ਕੱਢ ਬੋਲਦਾ ਹੁੰਦਾ ਸਾਂ। ਨਾਲ ਹੀ ਮੈਨੂੰ ਪੰਜਾਬ ਰਹਿੰਦਾ ਆਪਣਾ ਉਹ ਰਿਸ਼ਤੇਦਾਰ ਸੱਜਣ ਯਾਦ ਆਇਆ ਜੋ ਮਾਂ-ਮਹਿੱਟਰ ਹੁੰਦਿਆਂ ਹੋਇਆਂ ਵੀ ਕਪੂਰੀ ਨਹਿਰ ਰੋਕਣ ਤੋਂ ਲੈ ਕੇ ਧਰਮ ਯੁੱਧ ਮੋਰਚੇ ਵਿਚ ਨਿਆਣੀ ਉਮਰੇ ਹੀ ਜੇਲ੍ਹ ਯਾਤਰਾ ਕਰਦਾ ਰਿਹਾ। ਯਾਦ ਆਇਆ ਕਿ ਉਹ ਕਦੇ ਕਦੇ ਸਾਨੂੰ ਆਪਣੀ ਪਿੱਠ ਨੰਗੀ ਕਰਕੇ ਕਪੂਰੀ ਵਿਚ ਵੱਜੀਆਂ ਪੁਲੀਸ ਦੀਆਂ ਡਾਂਗਾਂ ਦੇ ਜ਼ਖਮ ਦਿਖਾਉਂਦਾ ਹੁੰਦਾ ਸੀ।
ਹੁਣ ਫੈਡਰਲ ਢਾਂਚੇ ਉੱਤੇ ਸਰਕਾਰੀ ਹਮਲੇ ਨੂੰ ਜਾਇਜ਼ ਠਹਿਰਾ ਰਹੇ ਬਾਦਲ ਦਲੀਆਂ ਨੂੰ ਸੁਣ ਕੇ ਉਹ ਕੀ ਮਹਿਸੂਸ ਕਰਦਾ ਹੋਵੇਗਾ? ਇਹ ਜਾਣਨ ਲਈ ਮੈਂ ਉਤਸੁਕਤਾ ਨਾਲ ਉਸ ਨੂੰ ਫੋਨ ਕੀਤਾ। ਜਵਾਨੀ ਵੇਲੇ ਤੱਕ ਅਕਾਲੀ ਦਲ ਨੂੰ ‘ਪੰਥ’ ਸਮਝ ਕੇ ਉਸ ਦੇ ਆਗੂਆਂ ਹੁਕਮ ਅਧੀਨ ਹੱਡੀਆਂ ਕੁਟਾਉਂਦੇ ਰਹੇ ਅਤੇ ਖ਼ੁਦ ਦਾ ਭਵਿੱਖ ਤਬਾਹ ਕਰ ਚੁੱਕੇ ਉਸ ਸੱਜਣ ਲਈ ਹੁਣ ਅਕਾਲੀ ਦਲ ਤੋਂ ਬਣੇ ‘ਬਾਦਲ ਦਲ’ ਨੇ ਇਕਦਮ ਪੁੱਠਾ ਪੈਂਤੜਾ ਲੈ ਲਿਆ ਹੈ। ਉਂਜ, ਉਹ ਬੰਦਾ ਮਜ਼ਾਹੀਆ ਸੁਭਾਅ ਦਾ ਹੋਣ ਕਰਕੇ ਉਸ ਨੇ ਮੇਰੇ ਸਾਰੇ ਸਵਾਲ ਸੁਣ ਕੇ ਪੇਂਡੂ ਜੀਵਨ ਨਾਲ ਸਬੰਧਤ ਕਹਾਣੀ ਛੋਹ ਲਈ…
ਬਾਦਲ ਦਲ ਵੱਲੋਂ ਭਾਜਪਾ ਨਾਲ ਸਬੰਧਾਂ ਨੂੰ ‘ਪਤੀ ਪਤਨੀ’ ਦੇ ਰਿਸ਼ਤਿਆਂ ਨਾਲ ਤਸ਼ਬੀਹ ਦੇਣ ਵਾਲੀ ਦਲ ਦੇ ਆਗੂਆਂ ਦੀ ਮੁਹਾਰਨੀ ਚੇਤੇ ਕਰਵਾ ਕੇ ਉਹ ਕਹਿਣ ਲੱਗਾ: ਇਕ ਵਾਰ ਕਿਸੇ ਪੇਂਡੂ ਕਿਸਾਨ ਨੂੰ ਝੱਲ ਕੁੱਦਿਆ ਕਿ ਉਸ ਨੇ ਕਦੇ ਆਪਣੀ ਘਰਵਾਲ਼ੀ ਨੂੰ ਕੁੱਟ ਕੇ ਨਹੀਂ ਦੇਖਿਆ ਪਰ ਬੜੀ ਚੁਸਤ ਤੇ ਚਲਾਕ ਉਸ ਦੀ ਘਰਵਾਲ਼ੀ ਨੇ ਵੀ ਪਤੀ ਦੀ ਮਨਸ਼ਾ ਤਾੜ ਲਈ ਅਤੇ ਉਹ ਘਰੇਲੂ ਵਰਤੋਂ ਵਿਹਾਰ ਵਿਚ ਪਹਿਲਾਂ ਨਾਲੋਂ ਵੀ ਵੱਧ ਚੁਕੰਨੀ ਹੋ ਗਈ।
ਇਕ ਦਿਨ ਗੁੱਝੀ ਸਕੀਮ ਸੋਚ ਕੇ ਪਤੀ ਬਾਜ਼ਾਰੋਂ ਮੱਛੀ ਲਿਆਇਆ ਤੇ ਘਰਵਾਲੀ ਨੂੰ ਮੱਛੀ ਬਣਾਉਣ ਦਾ ਹੁਕਮ ਚਾੜ੍ਹ ਕੇ ਖੇਤਾਂ ਨੂੰ ਚਲਾ ਗਿਆ। ਸ਼ਾਮ ਵੇਲੇ ਮੁੱਛਾਂ ਨੂੰ ਤਾਅ ਦਿੰਦਾ ਘਰੇ ਆਇਆ ਅਤੇ ਪਤਨੀ ਤੋਂ ਰੋਟੀ ਮੰਗੀ। ਮੱਛੀ ਵਾਲ਼ੀ ਤਰੀ ਦਾ ਕੌਲਾ ਭਰਿਆ ਦੇਖ ਕੇ ਉਹ ਇਕਦਮ ਅੱਗ-ਬਗੋਲ਼ਾ ਹੋ ਉੱਠਿਆ- “ਮੈਂ ਤਾਂ ਮੱਛੀ ਦੀ ਸੁੱਕੀ ਸਬਜ਼ੀ ਖਾਣੀ ਸੀ, ਤੂੰ ਇਹ ਹੋਰ ਈ ਕੁੱਝ ਬਣਾ ਦਿੱਤਾ ਐ।” ਪਤਨੀ ਨਿਮਰਤਾ ਨਾਲ ਬੋਲੀ- “ਗੁੱਸੇ ਕਾਹਨੂੰ ਹੁੰਦੇ ਓ ਜੀ, ਮੈਂ ਸੁੱਕੀ ਮੱਛੀ ਵੀ ਬਣਾ ਕੇ ਰੱਖੀ ਹੋਈ ਐ … ਹੁਣੇ ਲਿਆ ਦਿੰਦੀ ਹਾਂ।” ਅਸਲ ਵਿਚ ਪਤੀ ਦੇ ਰੌਂਅ ਦਾ ਭੇਤ ਪਾਉਂਦਿਆਂ ਅੱਧੀ ਮੱਛੀ ਦੀ ਤਰੀ ਬਣਾ ਲਈ ਸੀ ਤੇ ਅੱਧੀ ਸੁੱਕੀ ਫਰਾਈ ਕਰ ਲਈ ਸੀ।
ਲਉ ਜੀ ਮੱਛੀ ਵਾਲ਼ਾ ਫਾਇਰ ਫੋਕਾ ਗਿਆ ਸਮਝ ਕੇ ਕਿਸਾਨ ਨੇ ਇਕ ਹੋਰ ਸਕੀਮ ਸੋਚੀ। ਰੋਜ਼ ਵਾਂਗ ਖੇਤੀਂ ਹਲ਼ ਵਾਹੁਣ ਚੱਲੇ ਨੇ ਬਲਦਾਂ ਦੀ ਜੋਗ ਖੁਰਲੀ ਤੋਂ ਖੋਲ੍ਹੀ, ਤੇ ਵਹੁਟੀ ਨੂੰ ਖੰਘੂਰਾ ਮਾਰ ਕੇ ਕਿਹਾ- “ਦੁਪਹਿਰ ਦੀ ਰੋਟੀ ਨੂੰ ਕੁਵੇਲ਼ਾ ਨਾ ਕਰ ਦਈਂ … ।” ਹਲ਼ ਵਾਹੁੰਦੇ ਨੂੰ ਦੁਪਹਿਰਾ ਹੋ ਗਿਆ ਤਾਂ ਉਹਨੇ ਪਿੰਡ ਵੱਲ ਨਜ਼ਰ ਮਾਰੀ। ਘਰਵਾਲ਼ੀ ਨਜ਼ਰੀਂ ਪੈ ਗਈ ਸੀ ਜੋ ਸਿਰ ਤੇ ਛਾਬਾ ਚੁੱਕੀ ਰਵਾਂ ਰਵੀਂ ਤੁਰੀ ਆ ਰਹੀ ਸੀ।
ਸੋਚੀ ਚਿਤਵੀ ਸਕੀਮ ਅਨੁਸਾਰ ਕਿਸਾਨ ਨੇ ਘਰਵਾਲ਼ੀ ਨੂੰ ਖੇਤ ਕੁ ਵਿੱਥ ਦੀ ਦੂਰੀ ਤੇ ਪਹੁੰਚੀ ਦੇਖ ਇਕ ਪਾਸੇ ਦਾ ਬਲਦ ਪੰਜਾਲ਼ੀ ਵਿਚੋਂ ਖੋਲ੍ਹ ਕੇ ਪੁੱਠਾ ਜੋਤ ਲਿਆ; ਮਤਲਬ ਇਕ ਪਾਸੇ ਵਾਲ਼ੇ ਬਲਦ ਦਾ ਮੂੰਹ ਸਿੱਧਾ, ਦੂਜੇ ਦਾ ਪੁੱਠੇ ਪਾਸੇ ਨੂੰ। ਇੰਨੇ ਨੂੰ ਘਰਵਾਲ਼ੀ ਬਿਲਕੁਲ ਪਿੱਛੇ ਆਣ ਖੜ੍ਹੀ ਹੋਈ। ਇੱਧਰ ਉਹ ਕਿਸਾਨ ਪੁੱਠੇ-ਸਿੱਧੇ ਜੁੜੇ ਬਲਦਾਂ ਨੂੰ ਪਰੈਣੀਆਂ ਮਾਰ ਮਾਰ ਹੱਕਣ ਲੱਗ ਪਿਆ ਪਰ ਬਲਦ ਵਿਚਾਰੇ ਕਿਵੇਂ ਤੁਰਨ? ਘਰਵਾਲ਼ੇ ਦੀ ਇਹ ਅਜੀਬ ਹਰਕਤ ਦੇਖ ਕੇ ਪੁੱਠੇ ਜੁੜੇ ਖੜ੍ਹੇ ਬਲਦਾਂ ਨੂੰ ਹੋਕਰਾ ਮਾਰਦਿਆਂ ਪਤਨੀਂ ਬੋਲੀ- “ਤੁਰੋ ਵੇ ਤੁਰੋ ਗਊ ਦੇ ਜਇਉ! … ਜਿਵੇਂ ਤੁਹਾਡਾ ਮਾਲਕ ਤੁਹਾਨੂੰ ਤੋਰਨਾ ਚਾਹੁੰਦਾ, ਤਿਵੇਂ ਹੀ ਤੁਰੋ ਭਲਿਉ।”
ਪਤਨੀ ਵਿਚਾਰੀ ਨੇ ਤਾਂ ਆਪਣੀ ‘ਸੰਭਾਵੀ ਕੁੱਟ’ ਤੋਂ ਬਚਣ ਦੇ ਉਪਾਅ ਵਜੋਂ ਇਹ ਵਾਕ ਬੋਲਿਆ ਸੀ ਪਰ ਪਤੀ ਆਪਣੀ ਚਿਰੋਕਣੀ ਰੀਝ ਪੂਰੀ ਕਰਨ ਦਾ ਇਹ ‘ਸੁਨਹਿਰੀ ਮੌਕਾ’ ਹੱਥੋਂ ਨਹੀਂ ਸੀ ਗੁਆਉਣਾ ਚਾਹੁੰਦਾ। ਸੋ ਪਤਨੀ ਦੇ ਬੋਲ ਸੁਣਦਿਆਂ ਹੀ ਉਹਨੇ ਪਿੱਛੇ ਮੁੜ ਕੇ ਰੋਟੀਆਂ ਸਿਰ ਉੱਪਰ ਚੁੱਕੀ ਖੜ੍ਹੀ ਆਪਣੀ ਘਰਵਾਲ਼ੀ ਦੇ ਪੰਜ ਸੱਤ ਪਰੈਣੀਆਂ ਜੜ ਦਿੱਤੀਆਂ। ਨਾਲ਼ੇ ਕੜਕਿਆ- “ਮੇਰੇ ਕੰਮਾਂ ਵਿਚ ਬੋਲਣ ਵਾਲ਼ੀ ਤੂੰ ਕੌਣ ਹੁੰਦੀ ਐਂ?”
ਜੰਮੂ ਕਸ਼ਮੀਰ ਨਾਲ਼ ਹੋਈ ਸਿਰੇ ਦੀ ਜ਼ਿਆਦਤੀ ਬਾਰੇ ਬਾਦਲ ਦਲ ਦੀ ਸਹਿਮਤੀ ਬਾਰੇ ਇਹ ਲੋਕ-ਭਾਖਿਆ ਦੀ ਕਹਾਣੀ ਸੁਣਾਉਣ ਵਾਲ਼ੇ ਉਸ ਸੱਜਣ ਨੇ ਫਿਰ ਮੈਨੂੰ ਸਵਾਲ ਕਰ ਦਿੱਤਾ; ਅਖੇ, ਹੁਣ ਤੂੰ ਸੋਚ ਲੈ ਕਿ ਮੌਜੂਦਾ ਨਾਟਕ ਵਿਚ ਪਤੀ ਕੌਣ ਐ, ਪਤਨੀ ਕੌਣ ਐ ਅਤੇ ਬਲਦ ਕਿਹੜੇ ਹੋਏ? … ਨਾਲੇ ਭਵਿੱਖ ਬਾਰੇ ਵੀ ਤੂੰ ਕਿਆਸ ਲਾ ਲੈ ਕਿ ਪਤੀ ਆਪਣੀ ‘ਪਤਨੀ’ ਦੇ ਗਿੱਟੇ ਕਦ ਕੁ ਭੰਨੇਗਾ…।

ਸੰਪਰਕ: 001-408-915-1268


Comments Off on ਪਤੀ-ਪਤਨੀ ਅਤੇ ਬਲਦ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.