ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਨੌਜਵਾਨ ਸੋਚ

Posted On August - 29 - 2019

ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ
ਲੱਚਰਤਾ ਦਾ ਪੰਜਾਬੀ ਸਮਾਜ ’ਤੇ ਬੁਰਾ ਅਸਰ ਪੈ ਰਿਹਾ
ਪੰਜਾਬੀ ਸਮਾਜ ਵਿੱਚ ਗੁੰਡਾਗਰਦੀ, ਈਰਖਾ, ਨਸ਼ੇ, ਧੱਕੇਸ਼ਾਹੀ, ਧੋਖਾ ਨਹੀਂ ਸੀ ਹੁੰਦਾ। ਪਰ ਹੁਣ ਪੰਜਾਬੀ ਗੀਤਾਂ ਵਿੱਚ ਇਹ ਸਭ ਕੁਝ ਪੇਸ਼ ਕੀਤਾ ਜਾ ਰਿਹਾ ਹੈ, ਜਿਸਦੀ ਰੀਸੋ-ਰੀਸ ਪੰਜਾਬੀ ਹੁਣ ਫੁਕਰੇਪਣ, ਨਸ਼ਿਆਂ, ਈਰਖਾ, ਗੁੰਡਾਗਰਦੀ, ਧੋਖੇ, ਅਸ਼ਲੀਲਤਾ ਦੇ ਸ਼ਿਕਾਰ ਹੋ ਰਹੇ ਹਨ। ਪੰਜਾਬੀ ਗੀਤਾਂ ਵਿਚ ਬੋਲਾਂ ਤੋਂ ਲੈ ਕੇ ਫਿਲਮਾਂਕਣ ਤੱਕ ਲੱਚਰਤਾ ਸਭ ਹੱਦਾਂ-ਬੰਨੇ ਟੱਪ ਚੁੱਕੀ ਹੈ। ਔਰਤ ਨੂੰ ਮਹਿਜ਼ ਭੋਗ ਵਿਲਾਸ ਦੀ ਵਸਤੂ, ਧੋਖੇਬਾਜ਼, ਬਦਚਲਣ ਆਦਿ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਸਭ ਦਾ ਅਸਰ ਪੰਜਾਬੀ ਸਮਾਜ ਤੇ ਬਹੁਤ ਬੁਰਾ ਪੈ ਰਿਹਾ ਹੈ, ਜਿਸ ਕਰਕੇ ਪੰਜਾਬੀ ਸਮਾਜ ਵਿੱਚ ਔਰਤ ਦਾ ਸ਼ੋਸਣ ਵਧ ਗਿਆ ਹੈ। ਲੋਕ ਡੀਜੇ ’ਤੇ ਨੱਚਣ ਸਮੇਂ ਬੇਸ਼ਰਮੀ ਦੀ ਹੱਦ ਪਾਰ ਕਰ ਰਹੇ ਹਨ। ਰਿਸ਼ਤਿਆਂ ਦੀ ਕਦਰ ਘੱਟ ਰਹੀ ਹੈ।
ਗੁਰਦਿੱਤ ਸਿੰਘ ਸੇਖੋਂ, ਪਿੰਡ ਤੇ ਡਾਕ. ਦਲੇਲ ਸਿੰਘ ਵਾਲਾ, ਜ਼ਿਲ੍ਹਾ ਮਾਨਸਾ। ਸੰਪਰਕ: 97811-72781

ਸਾਡੀ ਮਾਨਸਿਕਤਾ ਲੱਚਰਤਾ ਨੂੰ ਪ੍ਰਵਾਨ ਕਰਨ ਲੱਗੀ?
ਅਜੋਕੇ ਬਹੁਤੇ ਪੰਜਾਬੀ ਗਾਇਕ ਜਿਹੋ ਜਿਹੇ ਗੀਤ ਗਾ ਰਹੇ ਹਨ, ਉਸ ਹਿਸਾਬ ਨਾਲ ਤਾਂ ਇਕ ਦਿਨ ਸੱਚਮੁੱਚ ਪੰਜਾਬ ‘ਗੈਂਗਲੈਂਡ’ ਬਣ ਜਾਣਾ ਹੈ। ਲੱਚਰ ਗਾਇਕੀ ਦਾ ਭੂਤ ਸਾਡੇ ਘਰਾਂ, ਵਿਆਹ-ਸ਼ਾਦੀਆਂ, ਮੈਰਿਜ ਪੈਲੇਸਾਂ, ਪ੍ਰਾਈਵੇਟ ਬੱਸਾਂ ਤੋਂ ਹੁੰਦਾ ਸਮਾਜ ਦੀ ਸੋਚਣ ਸ਼ਕਤੀ ’ਤੇ ਇਸ ਕਦਰ ਭਾਰੂ ਹੋ ਗਿਆ ਹੈ ਕਿ ਅਸੀਂ ਇਸ ਨੂੰ ਬਰਦਾਸ਼ਤ ਕਰਨ ਦੇ ਆਦੀ ਹੋ ਗਏ ਹਾਂ। ਸਾਡੀ ਮਾਨਸਿਕਤਾ ਮਾੜੇ ਗੀਤ ਸੰਗੀਤ ਨੂੰ ਪ੍ਰਵਾਨ ਕਰ ਚੁੱਕੀ ਹੈ। ਉਦੋਂ ਸਾਡੀ ਅਣਖ ਕਿੱਥੇ ਚਲੀ ਜਾਂਦੀ ਹੈ, ਜਦ ਕੋਈ ਗਾਇਕ ਸ਼ਰੇਆਮ ਕਿਸੇ ਕੁੜੀ ਨੂੰ ਘਰੋਂ ਚੁੱਕ ਲਿਜਾਣ ਤੇ ਧੱਕੇ ਨਾਲ ਵਿਆਹ ਕਰਾਉਣ ਦੀਆਂ ਸਟੇਜਾਂ ਤੋਂ ਧਮਕੀਆਂ ਦਿੰਦਾ ਹੈ।
ਸੰਦੀਪ ਕੰਬੋਜ, ਪਿੰਡ ਗੋਲੂ ਕਾ ਮੋੜ,
ਗੁਰੂਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ।
ਸੰਪਰਕ: 97810-00909

ਪੰਜਾਬੀ ਗਾਣਿਆਂ ਲਈ ਸੈਂਸਰ ਬੋਰਡ ਜ਼ਰੂਰੀ
ਗੀਤ-ਸੰਗੀਤ ਨੂੰ ਰੂਹ ਦੀ ਖੁਰਾਕ ਕਿਹਾ ਜਾਂਦਾ ਹੈ। ਪਰ ਅੱਜ ਕਲ੍ਹ ਜਿਸ ਤਰਾਂ ਦੇ ਗਾਣੇ ਪੰਜਾਬੀ ਗੀਤਕਾਰ ਤੇ ਗਾਇਕ ਲਿਖ ਤੇ ਗਾ ਰਹੇ ਹਨ, ਉਨ੍ਹਾਂ ਨੂੰ ਵੇਖ ਸੁਣ ਕੇ ਇਸ ਤਰਾਂ ਲੱਗਦਾ ਹੈ ਕਿ ਪੰਜਾਬੀ ਗਾਣੇ ਸਿਰਫ ਲੱਚਰਤਾ, ਹਿੰਸਾ, ਨਸ਼ੇ ਅਤੇ ਨੰਗੇਜ ਜੋਗੇ ਹੀ ਰਹਿ ਗਏ ਹੋਣ। ਅਸਲ ਵਿੱਚ ਅੱਜ ਕੱਲ ਦੇ ਲੱਚਰਤਾ ਭਰਪੂਰ ਗਾਣਿਆਂ ਦਾ ਅਸਲੀ ਪੰਜਾਬੀ ਸਮਾਜ ਅਤੇ ਪੰਜਾਬੀ ਰਹਿਤਲ ਨਾਲ ਕੋਈ ਸਬੰਧ ਨਹੀਂ ਹੁੰਦਾ। ਲੱਚਰ ਅਤੇ ਹਿੰਸਾ ਤੇ ਨਸ਼ੇ ਦਾ ਪ੍ਰਗਟਾਵਾ ਕਰਦੇ ਇਨ੍ਹਾਂ ਗਾਣਿਆਂ ਕਾਰਨ ਪੰਜਾਬੀ ਸਮਾਜ ਵਿੱਚ ਕਈ ਅਲਾਮਤਾਂ ਵੀ ਜਨਮ ਲੈ ਰਹੀਆਂ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਅੱਜ ਇਸ ਗੱਲ ਦੀ ਮੁੱਖ ਲੋੜ ਹੈ ਕਿ ਪੰਜਾਬੀ ਗਾਣਿਆਂ ਲਈ ਸੈਂਸਰ ਬੋਰਡ ਬਣਾਇਆ ਜਾਵੇ।
ਜਗਮੋਹਨ ਸਿੰਘ ਲੱਕੀ, ਵਿਦਿਆ ਨਗਰ,
ਪਟਿਆਲਾ। ਸੰਪਰਕ: 94638-19174

ਲੱਚਰ ਗੀਤਾਂ ਦਾ ਬਾਈਕਾਟ ਹੋਵੇ
ਸੰਗੀਤ ਰੂਹ ਦੀ ਖੁਰਾਕ ਹੁੰਦਾ ਹੈ। ਕੋਈ ਸਮਾਂ ਸੀ ਜਦੋਂ ਲਾਲ ਚੰਦ ਯਮ੍ਹਲਾ ਜੱਟ, ਆਸਾ ਸਿੰਘ ਮਸਤਾਨਾ, ਸੁਰਿੰਦਰ ਕੌਰ, ਗੁਰਦਾਸ ਮਾਨ ਆਦਿ ਗਾਇਕਾਂ ਦੇ ਗੀਤ ਸੁਣ ਕੇ ਰੂਹ ਨੂੰ ਬੜਾ ਸਕੂਨ ਮਿਲਦਾ ਸੀ। ਅੱਜ ਜ਼ਿਆਦਾਤਰ ਗਾਇਕ/ਗੀਤਕਾਰ ਸਮਾਜ ਅੱਗੇ ਲੱਚਰਤਾ ਪਰੋਸ ਰਹੇ ਹਨ ਅਤੇ ਨਸ਼ੇ ਤੇ ਹਥਿਆਰਾਂ ਦੀ ਅੰਨ੍ਹੀ ਵਰਤੋਂ ਕਰਕੇ ਸਮਾਜ ਨੂੰ ਨਿਵਾਣਾਂ ਵੱਲ ਲਿਜਾਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਨੌਜਵਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਲੱਚਰਤਾ,ਹਿੰਸਾ ਤੇ ਹਥਿਆਰਾਂ ਨੂੰ ਹੱਲਾਸ਼ੇਰੀ ਦੇਣ ਵਾਲੇ ਗੀਤ ਪੇਸ਼ ਕਰਨ ਵਾਲਿਆਂ ਦਾ ਮੁਕੰਮਲ ਬਾਈਕਾਟ ਕਰਕੇ ਉਨ੍ਹਾਂ ਗਾਇਕਾਂ ਦਾ ਸਾਥ ਦੇਣ ਜੋ ਸਭਿਆਚਾਰਕ ਗੀਤ ਲਿਖ ਅਤੇ ਗਾ ਰਹੇ ਹਨ।
ਗੁਰਇਕਬਾਲ ਸਿੰਘ ਮੌੜ, ਬਠਿੰਡਾ।
ਸੰਪਰਕ: 94789-86584

ਸੱਭਿਆਚਾਰ ਦਾ ਘਾਣ ਕਰ ਰਹੀ ਲੱਚਰ ਗਾਇਕੀ
ਕਿਸੇ ਸਮੇਂ ਗੀਤ ਨੌਜਵਾਨਾਂ ਲਈ ਮਾਰਗ ਦਰਸ਼ਕ ਬਣਦੇ ਸਨ, ਚੰਗੀ ਸੇਧ ਦਿੰਦੇ ਸਨ। ਪਰ ਅਜੋਕੀ ਗਾਇਕੀ ਨੇ ਨੌਜਵਾਨਾਂ ਦੀ ਸੋਚ ਤੇ ਸੱਭਿਆਚਾਰ ਦਾ ਭੱਠਾ ਬਿਠਾ ਰੱਖ ਦਿੱਤਾ ਹੈ। ਸ਼ਰੇਆਮ ਸਟੇਜਾਂ ਉਤੋ ਸਾਡੀਆਂ ਮਾਵਾਂ-ਭੈਣਾਂ ਉਪਰ ਵਿਅੰਗ ਕਸੇ ਜਾ ਰਹੇ ਹਨ। ਉਂਜ ਅਸੀਂ ਨਿੱਕੀਆਂ-ਨਿੱਕੀਆਂ ਗੱਲਾਂ ‘ਤੇ ਇੱਜ਼ਤ ਦਾ ਢੰਡੋਰਾ ਪਿੱਟ ਕੇ ਆਪਣੇ ਅਣਖੀ ਹੋਣ ਦਾ ਭਰਮ ਪਾਲਦੇ ਰਹਿੰਦੇ ਹਾਂ, ਪਰ ਉਥੇ ਕੁਸਕਦੇ ਵੀ ਨਹੀਂ। ਅੱਜੋਕੇ ਗੀਤਕਾਰਾਂ ਨੇ ‘ਜੱਟ’ ਸ਼ਬਦ ਦਾ ਅਰਥ ਬਦਲ ਕੇ ਰੱਖ ਦਿੱਤਾ। ਜੱਟਾਂ ਨੂੰ ਕਰੋੜਪਤੀ, ਲੜਾਈ ਕਰਨ ਵਾਲੇ ਤੇ ਐਸ਼ਪ੍ਰਸਤ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਜਦੋਂਕਿ ਅਸਲ ਵਿਚ ਉਹ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ।
ਉਪਕਾਰ ਸਿੰਘ ਖਰੌੜ, ਮੰਡੀ ਕਲਾਂ,
ਬਠਿੰਡਾ। ਸੰਪਰਕ: 98776-97754

ਗੀਤ-ਸੰਗੀਤ ਤੇ ਫਿਲਮਾਂ ’ਚ ਵਧਦੀ ਲੱਚਰਤਾ ਮਾਰੂ
ਪੰਜਾਬੀ ਗੀਤ-ਸੰਗੀਤ ਨੇ ਬਾਲੀਵੁੱਡ ਹੀ ਨਹੀਂ, ਪੂਰੀ ਦੁਨੀਆਂ ਨੂੰ ਮੋਹਿਤ ਕੀਤਾ ਹੋਇਆ ਹੈ। ਲੇਕਿਨ ਗੀਤ-ਸੰਗੀਤ ਤੇ ਫਿਲਮਾਂ ਵਿੱਚ ਲੱਚਰਤਾ ਦਾ ਬੋਲ-ਬਾਲਾ ਵੀ ਵਧਦਾ ਜਾ ਰਿਹਾ ਹੈ। ਗੀਤਾਂ ਵਿੱਚ ਹਥਿਆਰਾਂ, ਨਸ਼ਿਆਂ ਦੀ ਵਰਤੋਂ ਨੂੰ ਬੜੇ ਮਾਣ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਅਜਿਹੇ ਗਾਣਿਆਂ ਤੋਂ ਪ੍ਰਭਾਵਿਤ ਹੋ ਨੌਜਵਾਨ ਹਥਿਆਰਾਂ ਤੇ ਨਸ਼ਿਆਂ ਦੀ ਵਰਤੋਂ ਦੇ ਰਾਹ ਤੁਰ ਪਏ ਹਨ। ਕੀ ਇਸ ਵਿਚ ਸਿਰਫ ਲੱਚਰ ਗੀਤ ਗਾਉਣ ਵਾਲੇ ਕਲਾਕਾਰਾਂ ਦਾ ਹੀ ਦੋਸ਼ ਹੈ? ਅਜਿਹੇ ਗਾਣੇ ਸੁਣ ਕੇ ਉਨ੍ਹਾਂ ਨੂੰ ਬੜਾਵਾ ਦੇਣ ਵਾਲੇ ਸਰੋਤਿਆਂ ਦਾ ਵੀ ਬਰਾਬਰ ਕਸੂਰ ਹੈ। ਸਾਨੂੰ ਸਭ ਨੂੰ ਬਿਹਤਰ ਸਮਾਜ ਬਣਾਉਣ ਦੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਜਸਵਿੰਦਰ ਕੌਰ, ਪ੍ਰਤਾਪ ਨਗਰ, ਬਠਿੰਡਾ।

ਕਲਾਕਾਰ ਵੀ ਨੌਜਵਾਨਾਂ ਨੂੰ ਵਿਗਾੜਨ ਦੇ ਦੋਸ਼ੀ
ਗੀਤਾਂ ਵਿਚਲੀ ਲੱਚਰਤਾ ਨੇ ਰਿਸ਼ਤਿਆਂ ਦਾ ਘਾਣ ਕਰ ਕੇ ਰੱਖ ਦਿੱਤਾ। ਕੁਝ ਤਾਂ ਸਮਾਂ ਬਦਲਣ ਨਾਲ ਲੋਕ ਉਂਝ ਹੀ ਰਿਸ਼ਤਿਆਂ ਨੂੰ ਭੁਲਦੇ ਜਾ ਰਹੇ ਨੇ ਤੇ ਰਹਿੰਦੀ ਕਸਰ ਆਹ ਅੱਜ ਕੱਲ ਦੇ ਕਲਾਕਾਰਾਂ ਨੇ ਪੂਰੀ ਕਰ ਦਿੱਤੀ ਹੈ। ਕਿਸੇ ਵਿਦਵਾਨ ਨੇ ਕਿਹਾ ਸੀ ਕਿ ਮੈਨੂੰ ਆਪਣੇ ਮੌਜੂਦਾ ਸਮੇਂ ਦੇ ਪੰਜ ਗੀਤ ਸੁਣਾ ਦਿਓ, ਮੈਂ ਤੁਹਾਡੀ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਦੱਸ ਸਕਦਾ। ਅੱਜ-ਕੱਲ੍ਹ ਦੇ ਗੀਤ ਸੁਣ ਕੇ ਅਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਡਾ ਸਮਾਜ ਤੇ ਸਾਡੀ ਨੌਜਵਾਨ ਪੀੜ੍ਹੀ ਕਿੱਧਰ ਨੂੰ ਜਾ ਰਹੀ ਏ। ਅਸੀਂ ਨੌਜਵਾਨ ਪੀੜ੍ਹੀ ਦੇ ਵਿਗੜਨ ’ਚ ਸਰਕਾਰਾਂ ਦਾ ਦੋਸ਼ ਵਧੇਰੇ ਕੱਢਦੇ ਹਾਂ ਪਰ ਕਲਾਕਾਰ ਵੀ ਕਿਤੇ ਨਾ ਕਿਤੇ ਬਰਾਬਰ ਦੇ ਦੋਸ਼ੀ ਨੇ।
ਰਮਨਦੀਪ ਕੌਰ, ਪਿੰਡ ਕੋਟਭਾਈ,
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਗੀਤਾਂ ਵਿਚ ਲੱਚਰਤਾ ਖ਼ਿਲਾਫ਼ ਪੰਜਾਬੀ ਨੌਜਵਾਨ ਜਾਗਰੂਕ ਹੋਣ
ਪੰਜਾਬ ਨੂੰ ਲੱਚਰ ਗਾਇਕੀ ਦਾ ਘੁਣ ਲਗਾਤਾਰ ਖਾ ਕੇ ਖੋਖਲਾ ਕਰ ਰਿਹਾ ਹੈ। ਜਦੋਂ ਦਾ ਭਾਰਤ ਵਿਚ ਇੰਟਰਨੈੱਟ ਸਸਤਾ ਹੋਇਆ ਹੈ, ਇਸ ਸਿਲਸਿਲੇ ਨੇ ਹੋਰ ਜ਼ੋਰ ਫੜਿਆ ਹੈ ਅਤੇ ਗੀਤਾਂ ਵਿਚ ਲੱਚਰਤਾ ਸਿਖਰਾਂ ’ਤੇ ਪੁੱਜ ਚੁੱਕੀ ਹੈ। ਜੇ ਗਾਇਕਾਂ ਨੂੰ ਗੰਧਲੀ ਹੋ ਰਹੀ ਗਾਇਕੀ ਬਾਰੇ ਪੁੱਛਿਆ ਜਾਵੇ ਤਾਂ ਉਨ੍ਹਾਂ ਦਾ ਇੱਕੋ ਜਵਾਬ ਹੁੰਦਾ ਕਿ ਲੋਕ ਜਿਹੋ ਜਿਹਾ ਸੁਨਣਾ ਚਾਹੁੰਦੇ ਹਨ, ਅਸੀਂ ਉਹੋ ਜਿਹਾ ਹੀ ਗਾਉਂਦੇ ਹਾਂ। ਕਿਤੇ ਨਾ ਕਿਤੇ ਇਹ ਲੋਕਾਂ ਦਾ ਹੀ ਕਸੂਰ ਹੈ, ਜੇ ਲੋਕ ਅਜਿਹੇ ਗਾਇਕਾਂ ਨੂੰ ਮੂੰਹ ਹੀ ਨਾ ਲਾਉਣ ਤਾਂ ਇਹ ਆਪੇ ਸੁਧਰ ਜਾਣਗੇ। ਪੰਜਾਬ ਦੇ ਨੌਜਵਾਨਾਂ ਨੂੰ ਇਸ ਬਾਰੇ ਜਾਗਰੂਕ ਹੋਣਾ ਪਵੇਗਾ।
ਮਨਜੋਤ ਸ਼ਰਮਾ, ਪਿੰਡ ਤੇ ਡਾਕਖ਼ਾਨਾ
ਚੀਮਾ, ਜ਼ਿਲ੍ਹਾ ਬਰਨਾਲਾ।
ਸੰਪਰਕ: 85580-73278
(ਇਹ ਵਿਚਾਰ ਚਰਚਾ ਅਗਲੇ ਵੀਰਵਾਰ ਵੀ ਜਾਰੀ ਰਹੇਗੀ)


Comments Off on ਨੌਜਵਾਨ ਸੋਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.