ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ

Posted On August - 1 - 2019

ਨੌਜਵਾਨ ਜਾਗਰੂਕਤਾ ਫੈਲਾਉਣ

ਮਹਿੰਗੇ ਸਕੂਲ ਸਿਰਫ਼ ਇਸ ਕਰਕੇ ਮਹਿੰਗੇ ਹਨ ਕਿ ਉਨ੍ਹਾਂ ਵਿੱਚ ਫ਼ਜ਼ੂਲ ਖਰਚੇ ਤੇ ਦਿਖਾਵਾ ਜ਼ਿਆਦਾ ਹੈ। ਅਸੀਂ ਸਕੂਲਾਂ ਦੀ ਬਾਹਰਲੀ ਲਿਸ਼ਕ-ਪੁਸ਼ਕ ਤੇ ਡਰਾਮੇਬਾਜ਼ੀਆਂ ਦੇਖ ਕੇ ਉਸ ਨੂੰ ਚੰਗਾ ਕਰਾਰ ਦਿੰਦੇ ਹਾਂ। ਅਜਿਹੇ ਸਕੂਲਾਂ ਵੱਲੋਂ ਮੁਨਾਫ਼ਾ ਚੌਗੁਣਾ ਕਰਨ ਲਈ ਕਿਤਾਬਾਂ-ਕਾਪੀਆਂ, ਬੈਗ, ਵਰਦੀ ਆਦਿ ਸਕੂਲ ਵੱਲੋਂ ਜਾਂ ਨਿੱਜੀ ਦੁਕਾਨ ਤੋਂ ਹੀ ਦਿੱਤੇ ਜਾਂਦੇ ਹਨ, ਜੋ ਸਰਾਸਰ ਗ਼ਲਤ ਹੈ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਇਸ ਸਾਜ਼ਿਸ਼ ਤੋਂ ਜਾਣੂੰ ਕਰਵਾਉਣ ਤੇ ਇਸ ਦਾ ਡਟ ਕੇ ਵਿਰੋਧ ਕਰਨ।

ਰਮਨਦੀਪ ਕੌਰ, ਰਾਗੀਆਂ ਵਾਲੀ ਗਲੀ, ਪਿੰਡ ਤੇ ਡਾਕਖ਼ਾਨਾ ਸਮਾਧ ਭਾਈੇ, ਜ਼ਿਲ੍ਹਾ ਮੋਗਾ।

ਪੜ੍ਹਾਈ ਦੇ ਨਾਲ ਕੰਮ ਵੀ ਮਿਲੇ

ਪੰਜਾਬ ਵਿੱਚ ਪੜ੍ਹਾਈ ਇਸ ਕਰਕੇ ਮਹਿੰਗੀ ਲੱਗਦੀ ਹੈ, ਇਥੇ ਵਿਦੇਸ਼ਾਂ ਵਾਂਗ ਪੜ੍ਹਾਈ ਦੇ ਨਾਲ ਵਿਦਿਆਰਥੀਆਂ ਨੂੰ ਅਪਣੀਆਂ ਕਾਲਜ ਦੀ ਫੀਸ ਭਰਨ ਲਈ ਕੁਝ ਘੰਟੇ ਕੰਮ ਕਰਨ ਲਈ ਸਰਕਾਰ ਵੱਲੋਂ ਪ੍ਰਬੰਧ ਨਹੀਂ ਹੈ। ਸਰਕਾਰ ਨੂੰ ਪ੍ਰਾਈਵੇਟ ਕਾਰੋਬਾਰੀਆਂ ਨਾਲ ਸਮਝੌਤਾ ਕਰਨ ਚਾਹੀਦਾ ਹੈ, ਤਾਂ ਕਿ ਵਿਦੇਸ਼ਾਂ ਦੀ ਤਰਜ਼ ਉੱਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਹਫਤੇ ਵਿੱਚ ਕੁਝ ਘੰਟੇ ਕੰਮ ਕਰਨ ਦਾ ਮੌਕਾ ਵੀ ਮਿਲੇ ਤੇ ਉਹ ਆਪਣੀ ਫੀਸ ਆਪ ਭਰਨ ਦੇ ਕਾਬਲ ਹੋ ਜਾਣ। ਇਸ ਤਰ੍ਹਾਂ ਨੌਜਵਾਨਾਂ ਵਿਚ ਕੰਮ ਕਰਕੇ ਕਮਾਉਣ ਦੀ ਰੁਚੀ ਵੀ ਵਧੇਗੀ ਤੇ ਦੇਸ਼ ਵਿਚ ਕੰਮ-ਸੱਭਿਆਚਾਰ ਸੁਧਰੇਗਾ।

ਹਰਦੀਪ ਸਿੰਘ ਚੌਹਾਨ, ਪਿੰਡ ਭਲਵਾਨ,
ਜ਼ਿਲ੍ਹਾ ਸੰਗਰੂਰ।

ਸਰਕਾਰ ਠੋਸ ਕਦਮ ਉਠਾਵੇ

ਸਿੱਖਿਆ ਕਿਸੇ ਵੀ ਦੇਸ਼ ਦੇ ਆਰਥਿਕ, ਸਮਾਜਿਕ ਅਤੇ ਬੌਧਿਕ ਪੱਧਰ ਨੂੰ ਵਿਕਸਿਤ ਕਰਦੀ ਹੈ, ਪਰ ਦਿਨੋਂ ਦਿਨ ਮਹਿੰਗੀ ਹੋ ਰਹੀ ਵਿੱਦਿਆ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸਿੱਖਿਆ ਇੰਨੀ ਮਹਿੰਗੀ ਹੋ ਗਈ ਹੈ ਕਿ ਗਰੀਬ ਲਈ ਆਪਣੇ ਬੱਚਿਆਂ ਨੂੰ ਉਚੇਰੀ ਸਿੱਖਿਆ ਦਿਵਾਉਣਾ ਅਸੰਭਵ ਹੈ। ਇਸ ਕਾਰਨ ਗਰੀਬ ਘਰਾਂ ਦੇ ਹੋਣਹਾਰ ਵਿਦਿਆਰਥੀ ਆਪਣੀ ਪੜ੍ਹਾਈ ਅੱਧ-ਵਿਚਾਲੇ ਛੱਡ ਕੇ, ਮਾੜੀ ਸੰਗਤ ਵਿੱਚ ਪੈਣ ਕਾਰਨ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ। ਸਰਕਾਰ ਨੂੰ ਅਜਿਹੇ ਕਦਮ ਉਠਾਉਣੇ ਚਾਹੀਦੇ ਹਨ ਕਿ ਗਰੀਬ ਤਬਕੇ ਦੇ ਬੱਚੇ ਵੀ ਚੰਗੀ ਸਿੱਖਿਆ ਲੈ ਸਕਣ।

ਜਗਜੀਤ ਸਿੰਘ, ਪਿੰਡ ਖੇੜੀ ਗੁਰਨਾ, ਤਹਿਸੀਲ ਰਾਜਪੁਰਾ, ਪਟਿਆਲਾ। ਸੰਪਰਕ: 88721-68244

ਵਿੱਦਿਆ ਵਪਾਰੀਕਰਨ ਦੀ ਭੇਟ ਚੜ੍ਹੀ

ਸਾਡੇ ਉੱਚ ਵਿੱਦਿਅਕ ਅਦਾਰੇ ਵਧੇਰੇ ਫੀਸਾਂ ਲੈ ਕੇ ਗਰੈਜੂਏਟ ਇਸ ਤਰ੍ਹਾਂ ਪੈਦਾ ਕਰ ਰਹੇ ਹਨ ਜਿਵੇ ਕਿ ਕਿਸੇ ਫੈਕਟਰੀ ਵਿੱਚੋ ਪੈੱਨ ਬਾਹਰ ਆ ਰਹੇ ਹੋਣ। ਵਿੱਦਿਆ ਦਾ ਵੱਡੇ ਪੱਧਰ ’ਤੇ ਵਪਾਰੀਕਰਨ ਹੋ ਰਿਹਾ ਹੈ। ਸਰਕਾਰਾਂ ਵੀ ਪ੍ਰਾਈਵੇਟ ਕਾਰੋਬਾਰੀਆਂ ਦੀ ਮਦਦ ਨਾਲ ਚੱਲਦੀਆਂ ਹਨ ਤੇ ਇਹ ਅਦਾਰੇ ਮਨਮਰਜ਼ੀ ਨਾਲ ਫੀਸਾਂ ਬਟੋਰ ਕੇ ਪਾੜ੍ਹਿਆਂ ਨੂੰ ਲੁੱਟ ਰਹੇ ਹਨ। ਮਹਿੰਗੇ ਵਿੱਦਿਅਕ ਅਦਾਰੇ ਵੱਡੀਆਂ ਇਮਾਰਤਾਂ ਖੜ੍ਹੀਆਂ ਕਰਕੇ ਦਿਖਾਵੇ ਦੇ ਅਧਾਰ ’ਤੇ ਹੀ ਸਰਕਾਰੀ ਅਦਾਰਿਆਂ ਨੂੰ ਖੋਰਾ ਲਾ ਰਹੇ ਹਨ। ਸਰਕਾਰ ਨੂੰ ਵਿੱਦਿਆ ਸਬੰਧੀ ਢੁਕਵੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ।

ਇਕਬਾਲ ਸਿੰਘ ਸਿੱਧੂ, ਰਾਏਪੁਰੀ, ਜ਼ਿਲ੍ਹਾ: ਮਾਨਸਾ। ਸੰਪਰਕ: 91931-00001

ਦੇਸ਼ ਵਿੱਚ ਵਿੱਦਿਆ ਬਹੁਪੱਖੀ ਹੋਵੇ

ਵਿਦਿਆ ਸਾਡੇ ਹੁਨਰ ਨੂੰ ਨਿਖਾਰਨ ਤੇ ਸੰਵਾਰਨ ਵਾਲੀ ਹੋਵੇ। ਸਭ ਲਈ ਬਰਾਬਰ ਹੋਵੇ। ਹਰ ਕਿਸੇ ਨੂੰ ਮੁੱਢਲੀ ਵਿੱਦਿਆ ਮੁਫ਼ਤ ਦੇਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਵੋਟਾਂ ਵੇਲੇ ਵਿਦਿਆਰਥੀਆਂ ਨਾਲ ਬੜੇ ਵਾਅਦੇ ਕੀਤੇ ਜਾਂਦੇ ਹਨ ਪਰ ਬਾਅਦ ’ਚ ਨੇਤਾ ਸਭ ਭੁੱਲ ਜਾਂਦੇ ਹਨ। ਵਿੱਦਿਆ ਸਾਨੂੰ ਰੁਜ਼ਗਾਰ ਦੇਣ ਦੇ ਕਾਬਿਲ ਅਤੇ ਸਸਤੀ ਹੋਣੀ ਚਾਹੀਦੀ ਹੈ, ਤਾਂ ਕਿ ਇਸ ਤੱਕ ਸਭ ਦੀ ਪਹੁੰਚ ਹੋਵੇ, ਕਿਉਂਕਿ ਵਿੱਦਿਆ ਤੋਂ ਬਿਨਾਂ ਮਨੁੱਖੀ ਜੀਵਨ ਹਨੇਰੇ ਸਮਾਨ ਹੈ। ਅਜਿਹੀ ਸਿੱਖਿਆ ਨਾਲ ਹੀ ਸਾਡਾ ਦੇਸ਼ ਤਰੱਕੀ ਦੀਆਂ ਸਿਖਰਾਂ ਨੂੰ ਛੂਹ ਸਕੇਗਾ।

ਮਨਦੀਪ ਨਿੱਕੂ, ਪਿੰਡ ਸ਼ਹਿਣਾ, ਜ਼ਿਲ੍ਹਾ ਬਰਨਾਲਾ। ਸੰਪਰਕ: 95927-81264

ਨੀਤੀਆਂ ਵਿਚ ਤਬਦੀਲੀ ਦੀ ਲੋੜ

‘ਵਿੱਦਿਆ ਵਿਚਾਰੀ ਤਾਂ ਪਰਉਪਕਾਰੀ।’ ਪਰ ਅਫ਼ਸੋਸ ਇਹ ਉਪਕਾਰ ਮਹਿੰਗਾ ਮਿਲ ਰਿਹਾ ਹੈ। ਡਾਕਟਰੀ, ਤਕਨੀਕੀ ਕੋਰਸ ਆਮ ਵਰਗ ਦੀ ਪਹੁੰਚ ਤੋਂ ਦੂਰ ਹਨ। ਨੌਜਵਾਨ ਆਪਣੇ ਸੁਪਨਿਆਂ ਨੂੰ ਦਰੜ ਕੇ ਸਸਤੇ ਕੋਰਸਾਂ ਵੱਲ ਮੁੜਣ ਲਈ ਮਜਬੂਰ ਨੇ ਕਿਉਂਕਿ ਭਾਰੀ ਫੀਸਾਂ ਨਾਲ ਘਰ ਦੀ ਆਰਥਿਕ ਨੀਂਹ ਹਿੱਲਦੀ ਹੈ ਤੇ ਅੱਜ ਬੇਰੁਜ਼ਗਾਰੀ, ਸਿੱਖਿਆ ਦਾ ਮੂੰਹ ਚਿੜਾ ਰਹੀ ਹੈ। ਸੋ ਕਿਤੇ ਨਾ ਕਿਤੇ ਬਦਲਾਅ ਦੀ ਲੋੜ ਹੈ, ਚੰਗਾ ਹੋਵੇਗਾ ਸਿੱਖਿਆ ਸਸਤੀ ਕੀਤੀ ਜਾਵੇ ਜਾਂ ਪਾਰਟ ਟਾਈਮ ਨੌਕਰੀ ਤੇ ਪੜ੍ਹਾਈ ਸਮੇਂ ਦਾ ਤਾਲਮੇਲ ਬਿਠਾ ਕੇ ਨੌਜਵਾਨ ਵਿਦਿਆਰਥੀਆਂ ਨੂੰ ਰਾਹਤ ਦਿੱਤੀ ਜਾਵੇ।

ਸੁਖਪ੍ਰੀਤ ਕੌਰ, ਖੇੜੀ ਕਲਾਂ, ਸੰਗਰੂਰ।
ਸੰਪਰਕ: 95019-80617

ਮਨੁੱਖਤਾ ਲਈ ਚਿੰਤਾ ਦਾ ਵਿਸ਼ਾ

ਜਿਸ ਦੇਸ਼ ਦੀਆਂ ਵਿਦਿਅਕ ਸੰਸਥਾਵਾਂ ਵਿਦਿਆ ਨੂੰ ਵਪਾਰ ਬਣਾ ਕੇ ਵੇਚਣ, ਉਸ ਦੀ ਤਰੱਕੀ ਦੀ ਕੀ ਆਸ ਰਹਿ ਜਾਂਦੀ ਹੈ। ਸਾਡੀਆਂ ਵਿਦਿਅਕ ਸੰਸਥਾਵਾਂ ਨਿੱਜੀ ਸੁਆਰਥਾਂ ਤਹਿਤ ਵਿਦਿਆ ਦੇ ਨਾਂ ਹੇਠ ਵੱਡੀਆਂ ਦੁਕਾਨਾਂ ਚਲਾ ਰਹੀਆਂ ਹਨ, ਜੋ ਸਮੁੱਚੀ ਮਾਨਵਤਾ ਲਈ ਹਾਨੀਕਾਰਕ ਹਨ। ਐਸੀਆਂ ਸੰਸਥਾਵਾਂ ਬੱਚਿਆਂ ਨੂੰ ਕੇਵਲ ਰੁਜ਼ਗਾਰ ਤੱਕ ਸੀਮਿਤ ਕਰ ਕੇ ਉਨ੍ਹਾਂ ਵਿੱਚੋਂ ਵਿਦਿਆ ਦੇ ਅਸਲ ਅਰਥਾਂ ਨੂੰ ਮਨਫ਼ੀ ਕਰ ਰਹੀਆਂ ਹਨ। ਵਿਦਿਆ ਦੇ ਖੇਤਰ ਨੂੰ ਕੇਵਲ ਆਰਥਿਕ ਪੱਖ ਤੱਕ ਸੀਮਿਤ ਕਰ ਦੇਣਾ ਗਲਤ ਹੈ।

ਨਵਜੋਤ ਸਿੰਘ, ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼, ਨਿਸ਼ਾਨ-ਏ-ਸਿੱਖੀ,
ਖਡੂਰ ਸਾਹਿਬ। ਸੰਪਰਕ: 84379-23269

ਪੇਂਡੂ ਸਰਕਾਰੀ ਸਕੂਲਾਂ ਦੀ ਹਾਲਤ ਜ਼ਿਆਦਾ ਮਾੜੀ

ਅਸੀਂ ਇਹ ਨਹੀਂ ਕਹਿ ਸਕਦੇ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਨਹੀਂ। ਇਹ ਸ਼ਹਿਰੀ ਇਲਾਕਿਆਂ ਵਿੱਚ ਤਾਂ ਹੈ ਪਰ ਪਿੰਡਾਂ ਵਿੱਚ ਨਹੀਂ। ਪਿੰਡਾਂ ਵਿੱਚ ਤਾਂ ਪਤਾ ਹੀ ਨਹੀਂ ਲੱਗਦਾ ਕਿ ਇਹ ਸਕੂਲ ਹੀ ਹੈ? ਇਸ ਲਈ ਲੋਕ ਆਪਣੇ ਬੱਚਿਆਂ ਦੇ ਵਧੀਆ ਭਵਿੱਖ ਲਈ ਉਨ੍ਹਾਂ ਨੂੰ ਪ੍ਰਾਈਵੇਟ ਸਕੂਲਾਂ ਜਾਂ ਕਾਲਜਾਂ ਵਿੱਚ ਦਾਖਲ ਕਰਦੇ ਹਨ, ਪਰ ਗ਼ਰੀਬਾਂ ਲਈ ਇਹ ਵੀ ਸੰਭਵ ਨਹੀਂ ਹੁੰਦਾ ਜਾਂ ਫਿਰ ਉਨ੍ਹਾਂ ਨੂੰ ਵੀ ਮਜਬੂਰਨ ਅਜਿਹਾ ਕਰਨਾ ਪੈਂਦਾ ਹੈ, ਜੋ ਉਨ੍ਹਾਂ ਦੀ ਆਰਥਿਕਤਾ ਲਈ ਮਾਰੂ ਸਾਬਤ ਹੁੰਦਾ ਹੈ।

ਅਰਸ਼ਦੀਪ ਕੈਲੇ, ਪਿੰਡ ਫੁੱਲਾਂਵਾਲ, ਜ਼ਿਲ੍ਹਾ ਲੁਧਿਆਣਾ। ਸੰਪਰਕ: 98554-04196

ਸਰਕਾਰੀ ਅਦਾਰਿਆਂ ਦੀ ਹਾਲਤ ਸੁਧਾਰਨ ਦੀ ਲੋੜ

ਦਿਨੋਂ-ਦਿਨ ਮਹਿੰਗੀ ਹੋ ਰਹੀ ਸਿੱਖਿਆ ਦਾ ਹੱਲ ਇਹ ਹੈ ਕਿ ਸਰਕਾਰ ਯੋਜਨਾਬੱਧ ਤਰੀਕੇ ਨਾਲ਼ ਸਰਕਾਰੀ ਵਿਦਿਅਕ ਅਦਾਰਿਆਂ ਦੇ ਬੁਨਿਆਦੀ ਢਾਂਚੇ ’ਚ ਵੱਡਾ ਨਿਵੇਸ਼ ਕਰੇ। ਅਧਿਆਪਕ-ਵਿਦਿਆਰਥੀ ਅਨੁਪਾਤ ਜੋ 1:45 ਤੋਂ 1:60 ਤੱਕ ਦੇ ਮਾੜੇ ਪੱਧਰ ’ਤੇ ਜਾ ਚੁੱਕਿਆ ਹੈ ਨੂੰ 1:25 ਤੋਂ 1:35 ਤੱਕ ਕੀਤਾ ਜਾਵੇ। ਸਰਕਾਰੀ ਅਧਿਆਪਕਾਂ ਤੋਂ ਗੈਰ-ਵਿੱਦਿਅਕ ਕੰਮ ਨਾਂ ਲਏ ਜਾਣ ਤਾਂ ਕਿ ਇਨ੍ਹਾਂ ਸੰਸਥਾਵਾਂ ਵਿੱਚ ਮੁੜ ਲੋੜੀਂਦਾ ਵਿੱਦਿਅਕ ਮਾਹੌਲ ਸਿਰਜ ਕੇ ਲੋਕਾਂ ’ਚ ਵਿਸ਼ਵਾਸ ਬਹਾਲੀ ਕੀਤੀ ਜਾ ਸਕੇ। ਨਾਲ਼ ਹੀ ਨਿੱਜੀ ਸਿੱਖਿਆ ਸੰਸਥਾਵਾਂ ਦੀ ਮਨਮਰਜ਼ੀ ਤੇ ਲੁੱਟ ਨੂੰ ਨੱਥ ਪਾਉਣੀ ਵੀ ਜ਼ਰੂਰੀ ਹੈ।

ਅਮਰੀਕ ਸਿੰਘ, ਮੁਹਾਲ਼ੀ।


Comments Off on ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.