ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ

Posted On August - 8 - 2019

ਲੋਕ ਆਪਣੇ ਪਿੰਡਾਂ ਦੇ ਸਕੂਲਾਂ ਦੀ ਹਾਲਤ ਸੁਧਾਰਨ

ਸਿੱਖਿਆ ਮਨੁੱਖ ਦੇ ਆਰਥਿਕ ਤੇ ਮਾਨਸਿਕ ਵਿਕਾਸ ਲਈ ਜ਼ਰੂਰੀ ਹੈ। ਮਹਿੰਗੀ ਸਿੱਖਿਆ ਦੇ ਬਾਵਜੂਦ ਕਈ ਮਾਪੇ ਪ੍ਰਾਈਵੇਟ ਸਕੂਲ ’ਚ ਬੱਚੇ ਪੜ੍ਹਾਉਣਾ ਸ਼ਾਨ ਸਮਝਦੇ ਹਨ। ਜਿਵੇਂ ਕਰਜ਼ੇ ਚੁੱਕ ਚੁੱਕ ਕੇ ਵਿਆਹਾਂ ’ਤੇ ਫ਼ਜ਼ੂਲਖਰਚੀ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਮਾਪੇ ਆਪਣੀ ਆਰਥਿਕ ਨੂੰ ਅਣਡਿੱਠ ਕਰ ਕੇ ਬੱਚਿਆਂ ਨੂੰ ਮਹਿੰਗੇ ਸਕੂਲਾਂ ਵਿੱਚ ਪੜ੍ਹਾਉਂਦੇ ਹਨ, ਜੋ ਉਨ੍ਹਾਂ ਲਈ ਮਾਨਸਿਕ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ। ਚੰਗਾ ਹੋਵੇ ਲੋਕ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੀ ਹਾਲਤ ਸੁਧਾਰਨ ਲਈ ਆਪਣੀ ਆਰਥਿਕ ਸਥਿਤੀ ਅਨੁਸਾਰ ਯੋਗਦਾਨ ਪਾਉਣ।

ਗਗਨਦੀਪ ਸਿੰਘ ਸਿੱਧੂ, ਪਿੰਡ ਮਹਿਰਾਜ, ਜ਼ਿਲ੍ਹਾ ਬਠਿੰਡਾ। ਸੰਪਰਕ: 97689-90008

ਨੌਜਵਾਨਾਂ ’ਚ ਨਿਰਾਸ਼ਾ ਦਾ ਆਲਮ

ਭਾਰਤ ਵਿੱਚ ਵਿੱਦਿਆ ਮਹਿੰਗੀ ਹੋ ਕੇ ਵੀ ਮਿਆਰੀ ਨਹੀਂ। ਤਕਨੀਕੀ ਕੋਰਸਾਂ ਵਿੱਚ ਵੀ ਲਿਖਤੀ ਕੰਮ ਜ਼ਿਆਦਾ ਕਰਵਾਇਆ ਜਾਂਦਾ। ਰਿਪੋਰਟਾਂ ਮੁਤਾਬਕ ਜ਼ਿਆਦਾਤਰ ਇੰਜਨੀਅਰ ਨੌਕਰੀ ਯੋਗ ਨਹੀਂ ਮਿਲਦੇ, ਕਿਉਂਕਿ ਉਨ੍ਹਾਂ ਨੂੰ ਪ੍ਰਯੋਗੀ ਗਿਆਨ ਘੱਟ ਹੈ। ਇਸੇ ਕਾਰਨ ਦੇਸ਼ ਦੇ ਨਿੱਜੀ ਕਾਲਜਾਂ ਵਿੱਚ ਬਹੁਤ ਸੀਟਾਂ ਖ਼ਾਲੀ ਰਹਿ ਰਹੀਆਂ ਸਨ। ਦੂਜੇ ਪਾਸੇ ਨੌਜਵਾਨਾਂ ਵਿੱਚ ਨਿਰਾਸ਼ਾ ਦਾ ਮਹੌਲ ਹੈ। ਮਹਿੰਗੀ ਵਿੱਦਿਆ ਦੇ ਬਾਵਜੂਦ ਉਨ੍ਹਾਂ ਨੂੰ ਨੌਕਰੀ ਨਹੀਂ ਮਿਲਦੀ। ਸਰਕਾਰ ਨੂੰ ਸਿੱਖਿਆ ਨੀਤੀ ਵਿਕਸਤ ਦੇਸ਼ਾਂ ਦੀ ਤਰਜ਼ ’ਤੇ ਮੁੜ ਬਣਾਉਣੀ ਚਾਹੀਦੀ ਹੈ ਅਤੇ ਸਿੱਖਿਆ ਨਿੱਜੀ ਖੇਤਰ ਦੇ ਹਵਾਲੇ ਨਹੀਂ ਕਰਨੀ ਚਾਹੀਦੀ।

ਕਮਲਜੀਤ ਨੰਗਲ, ਪਿੰਡ ਤੇ ਡਾਕ. ਨੰਗਲ, ਜ਼ਿਲ੍ਹਾ ਬਰਨਾਲਾ। ਸੰਪਰਕ: 95019-04088

ਸਰਕਾਰੀ ਸਕੂਲਾਂ ਵੱਲ ਸਰਕਾਰ ਦਾ ਧਿਆਨ ਨਹੀਂ

ਅੱਜ-ਕੱਲ੍ਹ ਸਾਡੀ ਸਿੱਖਿਆ ਬਹੁਤ ਹੀ ਮਹਿੰਗੀ ਹੈ, ਜਿਸ ਨੂੰ ਹਾਸਲ ਕਰਨਾ ਹਰ ਕਿਸੇ ਦੇ ਵੱਸ ਨਹੀਂ। ਇਸ ਮਾਮਲੇ ਵਿਚ ਪੰਜਾਬ ਵਿਚ ਵੀ ਹਾਲਤ ਬਹੁਤੀ ਚੰਗੀ ਨਹੀਂ, ਜਦੋਂਕਿ ਸਾਡੀ ਪੰਜਾਬ ਸਰਕਾਰ ਨੂੰ ਇਸ ਸਬੰਧੀ ਦਿੱਲੀ ਦੀ ਸਰਕਾਰ ਤੋਂ ਕੁਝ ਸਿੱਖਣਾ ਚਾਹੀਦਾ ਹੈ। ਜੇ ਪੰਜਾਬ ਸਰਕਾਰ ਅਜਿਹਾ ਕਰੇ ਤਾਂ ਸਾਡੀ ਸਿੱਖਿਆ ਵੀ ਸਸਤੀ ਹੋ ਸਕਦੀ ਹੈ ਅਤੇ ਪੰਜਾਬ ਦਾ ਪਛੜਾ ਤੇ ਆਮ ਵਰਗ ਪੜ੍ਹ-ਲਿਖ ਕੇ ਅੱਗੇ ਆ ਸਕਦਾ ਹੈ। ਪਰ ਸਰਕਾਰੀ ਸਕੂਲਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਜਾਪਦਾ, ਜੋ ਬਹੁਤ ਹੀ ਦੁੱਖਦਾਈ ਸਥਿਤੀ ਹੈ।

ਜਸਲੀਨ ਕੌਰ, ਜ਼ਿਲ੍ਹਾ ਫਤਹਿਗੜ੍ਹ ਸਾਹਿਬ।

ਨੌਜਵਾਨ ਵਰਗ ਦੀ ਲੁੱਟ ਵਧੀ

ਸਰਕਾਰਾਂ ਵੱਲੋਂ ਨਿੱਜੀਕਰਨ ਤਹਿਤ ਉੱਚ ਸਿੱਖਿਆ ਦੇ ਖੇਤਰ ਵਿੱਚ ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਨੂੰ ਖੁਦਮੁਖਤਿਆਰੀ ਦੇਣ ਅਤੇ ਫੀਸਾਂ ਤੈਅ ਕਰਨ ਦਾ ਮਾਮਲਾ ਸਬੰਧਿਤ ਅਦਾਰਿਆਂ ’ਤੇ ਛੱਡਣ ਨਾਲ ਨੌਜਵਾਨ ਵਰਗ ਦੀ ਆਰਥਿਕ ਤੇ ਮਾਨਸਿਕ ਲੁੱਟ-ਖਸੁੱਟ ਵਧਦੀ ਜਾ ਰਹੀ ਹੈ। ਗਰੀਬ ਤੇ ਮੱਧਵਰਗੀ ਪਰਿਵਾਰਾਂ ਦੇ ਹੋਣਹਾਰ ਨੌਜਵਾਨਾਂ ਲਈ ਖੋਜਾਤਮਕ ਤੇ ਪ੍ਰੋਫੈਸ਼ਨਲ ਸਿੱਖਿਆ ਪ੍ਰਾਪਤ ਕਰਨਾ ਵਿਤੋਂ ਬਾਹਰ ਦੀ ਗੱਲ ਹੋ ਗਈ ਹੈ। ਦੂਜਾ ਦੋਸ਼ਪੂਰਨ ਸਿੱਖਿਆ ਨੀਤੀਆਂ ਬੇਰੁਜ਼ਗਾਰੀ ਦਾ ਠੋਸ ਹੱਲ ਕੱਢਣ ਵਿੱਚ ਨਾਕਾਮਯਾਬ ਸਾਬਤ ਹੋਈਆਂ ਹਨ, ਜਿਸ ਕਾਰਨ ਨੌਜਵਾਨ ਵਿਦੇਸ਼ਾਂ ਨੂੰ ਜਾਣ ਲਈ ਮਜਬੂਰ ਹਨ।

ਕੁਲਵਿੰਦਰ ਸਿੰਘ, ਅਧਿਆਪਕ, ਸਮਸ ਸਹਾਰਨਾ, ਮਾਨਸਾ। ਸੰਪਰਕ: 98155-38700

ਨੌਜਵਾਨਾਂ ਵਿਚ ਅਰਾਜਕਤਾ ਵਧੀ

ਕਿਸੇ ਸਮੇਂ ਕਿੱਤਾ ਮੁਖੀ ਕੋਰਸਾਂ ਦੀ ਬਹੁਤ ਮਹੱਤਤਾ ਹੁੰਦੀ ਸੀ। ਬੀਐਡ, ਈਟੀਟੀ, ਨਰਸਿੰਗ ਆਦਿ ਵਿੱਚ ਦਾਖਲੇ ਲਈ ਵਧੀਆ ਮੈਰਿਟ ਲੋੜੀਂਦੀ ਸੀ ਜਾਂ ਦਾਖਲਾ ਟੈਸਟ ਹੁੰਦਾ ਸੀ। ਕੋਰਸ ਪੂਰਾ ਹੋਣ ਤੋਂ ਬਾਅਦ ਕਾਫੀ ਹੱਦ ਤੱਕ ਰੁਜ਼ਗਾਰ ਵੀ ਮਿਲ ਜਾਂਦਾ ਸੀ। ਪਰ ਅੱਜ ਕੱਲ੍ਹ ਥਾਂ-ਥਾਂ ਖੁੱਲੇ ਦੁਕਾਨਾਂ ਰੂਪੀ ਅਦਾਰੇ ਮੂੰਹ ਮੰਗੀਆਂ ਫੀਸਾਂ ਵਸੂਲ ਕੇ ਦਾਖਲਾ ਦਿੰਦੇ ਹਨ, ਪਰ ਰੁਜ਼ਗਾਰ ਕਿਤੇ ਨਹੀਂ ਲੱਭਦਾ। ਮੋਟੀਆਂ ਮੋਟੀਆਂ ਫੀਸਾਂ ਦੇਣ ਤੋਂ ਬਾਅਦ ਡਿਗਰੀਆਂ ਦੇ ਝੋਲੇ ਭਰੀ ਫਿਰਦੀ ਨੌਜਵਾਨ ਪੀੜ੍ਹੀ ਰੁਜ਼ਗਾਰ ਲਈ ਥਾਂ-ਥਾਂ ਭਟਕਣ ਲਈ ਮਜਬੂਰ ਹੈ ਅਤੇ ਉਨ੍ਹਾਂ ਵਿੱਚ ਅਰਾਜਕਤਾ ਵਧ ਰਹੀ ਹੈ।

ਗੁਰਇਕਬਾਲ ਸਿੰਘ, ਮੌੜ ਮੰਡੀ, ਜ਼ਿਲ੍ਹਾ ਬਠਿੰਡਾ। ਸੰਪਰਕ: 94789-86584

ਸਿੱਖਿਆ ਪ੍ਰਬੰਧ ’ਚ ਸੁਧਾਰਾਂ ਦੀ ਲੋੜ

ਸਾਡੀ ਮੌਜੂਦਾ ਸਿੱਖਿਆ ਦਾ ਅਜਿਹਾ ਢਾਂਚਾ ਬੁਣਿਆ ਜਾ ਚੁੱਕਾ ਹੈ, ਜੋ ਨੌਜਵਾਨ ਪੀੜ੍ਹੀ ਦੀ ਝੋਲੀ ਰੁਜ਼ਗਾਰ ਦੀ ਬਜਾਇ ਨਿਰਾਸ਼ਾ ਪਾ ਰਿਹਾ ਹੈ। ਸਿੱਖਿਆ ਦੇ ਵਪਾਰੀਕਰਨ ਵਿੱਚ ਬਹੁਤੇ ਪ੍ਰਾਈਵੇਟ ਸਕੂਲ ਬੱਚਿਆਂ ਨੂੰ ਵੱਧ ਨੰਬਰ ਦੇ ਕੇ ਪਲੋਸ ਰਹੇ ਹਨ ਪਰ ਗੁਣਾਤਮਕ ਪੱਖੋਂ ਉਨ੍ਹਾਂ ਦੀਆਂ ਜੜ੍ਹਾਂ ਵੱਡ ਰਹੇ ਹਨ। ਦੁੱਖ ਦੀ ਗੱਲ ਇਹ ਕਿ ਇਸ ਬਦਲੇ ਮਾਪਿਆਂ ਤੋਂ ਲੱਖਾਂ ਰੁਪਏ ਵਸੂਲੇ ਜਾ ਰਹੇ ਨੇ। ਗਰੀਬ ਅਤੇ ਮੱਧਵਰਗੀ ਲੋਕਾਂ ਲਈ ਸਿੱਖਿਆ ਪਹੁੰਚ ਤੋਂ ਦੂਰ ਹੋ ਰਹੀ ਹੈ। ਲੋੜ ਹੈ ਕਿ ਸਰਕਾਰੀ ਵਿੱਦਿਅਕ ਅਦਾਰਿਆਂ ਦੇ ਸੁਧਾਰ ਲਈ ਵਿਸ਼ੇਸ਼ ਯਤਨ ਕੀਤੇ ਜਾਣ।

ਸੁਖਪ੍ਰੀਤ ਸਿੰਘ, ਪਿੰਡ ਤਾਮਕੋਟ, ਸ੍ਰੀ ਮੁਕਤਸਰ ਸਾਹਿਬ। ਸੰਪਰਕ: 94176-03670

ਮਹਿੰਗੀ ਸਿੱਖਿਆ ਕਰਜ਼ੇ ਦੀ ਪੰਡ ਵਧਾ ਰਹੀ

ਪੇਂਡੂ ਲੋਕ ਸ਼ਰੀਕੇਬਾਜੀ ਕਾਰਨ ਬੱਚਿਆਂ ਨੂੰ ਮਹਿੰਗੇ ਸਕੂਲਾਂ ਵਿੱਚ ਦਾਖਲ ਕਰਵਾਉਂਦੇ ਹਨ। ਉਨ੍ਹਾਂ ਸਕੂਲਾਂ ਵਿਚਲੇ ਅਮੀਰ ਘਰਾਂ ਦੇ ਬੱਚਿਆਂ ਦੀ ਰੀਸੇ ਉਨ੍ਹਾਂ ਦੇ ਬੱਚੇ ਵੀ ਵੱਡੀਆਂ-ਵੱਡੀਆਂ ਮੰਗਾਂ ਕਰਦੇ ਹਨ। ਸਿੱਖਿਆ ਉੱਤੇ ਵਿੱਤੋਂ ਬਾਹਰੇ ਖਰਚ ਕਾਰਨ ਪਿੰਡਾਂ ਦੇ ਲੋਕ ਕਰਜ਼ਿਆਂ ਵਿਚ ਫਸ ਰਹੇ ਹਨ। ਉਹੋ ਕਰਜ਼ ਉਤਾਰਨ ਲਈ ਨੌਜਵਾਨ ਪੜ੍ਹਾਈ ਦੇ ਨਾਂ ’ਤੇ ਵਿਦੇਸ਼ਾਂ ਵਿੱਚ ਮਜ਼ਦੂਰੀ ਕਰਦੇ ਹਨ। ਸੋ, ਸੋਚਣ ਦੀ ਲੋੜ ਮਾਪਿਆਂ ਨੂੰ ਹੈ ਕਿ ਉਹ ਆਪਣੀ ਚਾਦਰ ਅਤੇ ਬੱਚਿਆਂ ਦੀ ਪੜ੍ਹਨ ਦੀ ਸਮਰੱਥਾ ਨੂੰ ਵੇਖ ਕੇ ਹੀ ਉਨ੍ਹਾਂ ਦੀ ਪੜ੍ਹਾਈ ਉੱਤੇ ਖਰਚ ਕਰਨ।

ਸਿਮਰਨ ਔਲਖ, ਪਿੰਡ ਸੀਰਵਾਲੀ,
ਸ੍ਰੀ ਮੁਕਤਸਰ ਸਾਹਿਬ।

ਸਰਕਾਰੀ ਵਿੱਦਿਅਕ ਸੰਸਥਾਵਾਂ ਵਿੱਚ ਸੁਧਾਰ ਦੀ ਲੋੜ

ਅੱਜ ਜ਼ਿਆਦਾਤਰ ਸਰਕਾਰੀ ਵਿੱਦਿਅਕ ਸੰਸਥਾਵਾਂ ਵਿੱਚ ਸਿੱਖਿਆ ਦਾ ਮਿਆਰ ਨਿਘਾਰ ਵੱਲ ਜਾ ਰਿਹਾ ਹੈ। ਇਨ੍ਹਾਂ ਵਿੱਚ ਵਿਦਿਆਰਥੀਆਂ ਨੂੰ ਨਿੱਜੀ ਵਿੱਦਿਅਕ ਸੰਸਥਾਵਾਂ ਮੁਕਾਬਲੇ ਸਹੂਲਤਾਂ ਵੀ ਘੱਟ ਮਿਲਦੀਆਂ ਹਨ। ਸਿੱਟੇ ਵਜੋਂ ਵਿਦਿਆਰਥੀ ਨਿੱਜੀ ਸੰਸਥਾਵਾਂ ਵੱਲ ਰੁਖ ਕਰ ਰਹੇ ਹਨ ਅਤੇ ਭਾਰੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਵਿੱਦਿਆ ਹਾਸਿਲ ਕਰਨ ਲਈ ਭਾਰੀ ਫੀਸਾਂ ਦੇਣਾ ਉਨ੍ਹਾਂ ਦੀ ਮਜਬੂਰੀ ਬਣ ਗਈ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰੀ ਸੰਸਥਾਵਾਂ ਵਿੱਚ ਲੋੜੀਂਦੇ ਸੁਧਾਰ ਕਰੇ ਅਤੇ ਅਜਿਹੀ ਨੀਤੀ ਲਾਗੂ ਕਰੇ ਕਿ ਨਿੱਜੀ ਵਿੱਦਿਅਕ ਸੰਸਥਾਵਾਂ ਦੀ ਮਨਮਰਜ਼ੀ ਉੱਤੇ ਨਕੇਲ ਪਾਈ ਜਾ ਸਕੇ।

ਸੰਦੀਪ ਸਿੰਘ, ਯੂਨੀਵਰਸਿਟੀ ਕਾਲਜ, ਬੇਨੜਾ, ਧੂਰੀ।

ਨੌਜਵਾਨ ਮਹਿੰਗੀ ਵਿੱਦਿਆ ਖ਼ਿਲਾਫ਼ ਆਵਾਜ਼ ਉਠਾਉਣ

ਨਵੀਆਂ ਤਕਨੀਕਾਂ ਸਦਕਾ ਭਾਵੇਂ ਅੱਜ ਸਿੱਖਿਆ-ਪ੍ਰਣਾਲੀ ਸਫ਼ਲਤਾ ਦੇ ਰਾਹਾਂ ’ਤੇ ਹੈ, ਪਰ ਕਿਤੇ ਨਾ ਕਿਤੇ ਅੱਜ ਦਾ ਨੌਜਵਾਨ ਵਰਗ ਵਿੱਦਿਆ ਬਹੁਤ ਮਹਿੰਗੀ ਹੋਣ ਕਾਰਨ ਇਸ ਨੂੰ ਹਾਸਿਲ ਕਰਨ ਤੋਂ ਅਸਮਰੱਥ ਹੈ। ਵਿੱਦਿਅਕ ਅਦਾਰਿਆਂ ਵਿੱਚ ਬੱਚਿਆਂ ਦੀਆਂ ਰੁਚੀਆਂ ਤੇ ਯੋਗਤਾਵਾਂ ਨੂੰ ਨਕਾਰ ਕੇ ਮੋਟੀਆਂ ਫ਼ੀਸਾਂ ਦੀ ਬੋਲੀ ਲੱਗ ਰਹੀ ਹੈ। ਦੇਸ਼ ਦਾ ਭਵਿੱਖ ਮਹਿੰਗੀ ਵਿੱਦਿਆ ਕਾਰਨ ਗਿਆਨ ਹਾਸਿਲ ਕਰਨ ਲਈ ਅਨੇਕਾਂ ਮੁਸ਼ਿਕਲਾਂ ਦਾ ਸਾਹਮਣਾ ਕਰ ਰਿਹਾ ਹੈ। ਨੌਜਵਾਨ ਵਰਗ ਨੂੰ ਅੱਜ ਵਿਕ ਰਹੀ ਸਿੱਖਿਆਂ ਨੂੰ ਬਚਾਉਣ ਤੇ ਹਾਸਿਲ ਕਰਨ ਲਈ ਆਵਾਜ਼ ਉਠਾਉਣੀ ਚਾਹੀਦੀ ਹੈ।

ਮਨਪਰੀਤ ਸਿੰਘ ਗਿੱਲ, ਪਿੰਡ ਕੋਟਭਾਈ, ਤਹਿਸੀਲ ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ।


Comments Off on ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.