ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼ !    ਕੀ ਅਸੀਂ ਕਦੇ ਜਾਗਾਂਗੇ ? !    ਨਿਵਾਣਾਂ ਵੱਲ ਜਾਂਦੀ ਰਾਜਨੀਤੀ !    ਜਪਾਨ ਤੋਂ ਸਬਕ ਸਿੱਖੇ ਪੰਜਾਬ !    ਤੁਸ਼ਾਮ ਦੀ ਬਾਰਾਂਦਰੀ !    ਠੰਢਾ ਲੋਹਾ !    ਇੱਛਾਵਾਂ ਦੇ ਦਮਨ ਦਾ ਦੁਖਾਂਤ !    ਪੰਜਾਬੀ ਸਿਨੇਮਾ ਦਾ ਇਤਿਹਾਸ !    ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ !    ਗ਼ਜ਼ਲ !    

ਨਿੱਜੀ ਅਨੁਭਵ ਦੀ ਸ਼ਾਇਰੀ

Posted On August - 11 - 2019

ਡਾ. ਜਗਦੀਸ਼ ਕੌਰ ਵਾਡੀਆ
ਪੁਸਤਕ ਚਰਚਾ

ਸਰਬਜੀਤ ਸੋਹੀ ਹੁਣ ਤਕ ਅੱਠ ਮੌਲਿਕ, ਸੰਪਾਦਿਤ, ਅਨੁਵਾਦਿਤ ਆਦਿ ਪੁਸਤਕਾਂ ਰਾਹੀਂ ਸਾਹਿਤ ਜਗਤ ਵਿਚ ਕਦਮ ਧਰ ਚੁੱਕਿਆ ਹੈ। ਉਸ ਦੀ ਕਵਿਤਾ ਭਿੰਨ ਭਿੰਨ ਪ੍ਰਸਥਿਤੀਆਂ ਦੇ ਰੋਹ-ਵਿਦਰੋਹ ਵਿਚੋਂ ਉਪਜੀ ਹੈ ਜਿਸ ਨੇ ਅਜੋਕੇ ਮਨੁੱਖ ਨੂੰ ਰਾਜਸੀ, ਆਰਥਿਕ ਤੇ ਸਭਿਆਚਾਰਕ ਸੰਕਟ ਵਿਚ ਜਕੜਿਆ ਹੋਇਆ ਹੈ। ਲੇਖਕ ਨੇ ਆਪਣੇ ਸਬੰਧਿਤ ਵਰਗ ਅਤੇ ਆਪਣੇ ਪਿੰਡੇ ’ਤੇ ਹੰਢਾਏ ਅਨੁਭਵ ਤੇ ਆਲੇ-ਦੁਆਲੇ ਵਾਪਰੇ ਤੋਂ ਪ੍ਰਭਾਵਿਤ ਹੋ ਕੇ ਕਲਮ ਚੁੱਕੀ ਤੇ ਪਾਠਕਾਂ ਨੂੰ ਪ੍ਰਗਤੀਸ਼ੀਲ ਰਾਹਵਾਂ ਵੱਲ ਤੁਰਨ ਦੀ ਪ੍ਰੇਰਨਾ ਦਿੱਤੀ ਹੈ।
‘ਲਹੂ ਵਿਚ ਮੌਲਦੇ ਗੀਤ’ (ਕੀਮਤ 175 ਰੁਪਏ, ਚੇਤਨਾ ਪ੍ਰਕਾਸ਼ਨ, ਲੁਧਿਆਣਾ) ਉਸ ਦੀ ਨਵੀਂ ਪੁਸਤਕ ਹੈ। ਉਸ ਨੇ ਇਹ ਅਨੁਭਵ ਕੀਤਾ ਕਿ ਮਨੁੱਖ ਦੇ ਜੀਵਨ ਵਿਚੋਂ ਸੁਖ-ਸ਼ਾਂਤੀ, ਨਿੱਜਤਾ ਤੇ ਸਹਿਜ ਮਨਫ਼ੇ ਹੋ ਰਹੇ ਹਨ, ਉਸ ਦੀ ਇਕਾਗਰਤਾ ਤੇ ਨਿਰਲੇਪਤਾ ਭੰਗ ਕਰਕੇ ਉਸ ਦੀ ਸੋਚ-ਸਮਝ ਦੀ ਪੱਧਰ ਨੂੰ ਨੀਵਾਂ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਮਨੁੱਖ ਸੰਘਰਸ਼ ਕਰਨ ਤੋਂ ਭਾਂਜ ਦਾ ਰਾਹ ਅਪਣਾ ਰਿਹਾ ਹੈ। ਆਪਣੇ ਪਰਵਾਸ ਦੌਰਾਨ ਉਸ ਨੇ ਜੋ ਮਹਿਸੂਸ ਕੀਤਾ, ਉਸ ਨੂੰ ਵੀ ਕਾਵਿ ਦਾ ਵਿਸ਼ਾ ਬਣਾਇਆ ਕਿ ਪਰਵਾਸ ਕੋਈ ਸੰਤਾਪ ਜਾਂ ਮਜਬੂਰੀ ਨਹੀਂ, ਇਹ ਤਾਂ ਸ੍ਵੈ-ਇੱਛਤ ਵਿਕਲਪ ਹੈ। ਉਸ ਦੀ ਰਚਨਾ ਨਾਂਹਵਾਚੀ ਸੋਚ ਤੋਂ ਉਪਰ ਉੱਠ ਕੇ ਹਾਂ-ਪੱਖੀ ਸੋਚ ਵੱਲ ਦਾ ਰਾਹ ਉਲੀਕਦੀ ਹੈ, ਜਦੋਂ ਉਹ ਲਿਖਦਾ ਹੈ:
ਅਜਿਹਾ ਦੌਰ ਨਾ ਆਵੇ
ਕਿ ਇਤਿਹਾਸ ਦੇ ਪੰਨਿਆਂ ’ਤੇ ਰਹਿ ਜਾਵੇ
ਮੀਚੀਆਂ ਮੁੱਠੀਆਂ ਵਿਚ
ਸੁਲਗਦਾ ਲਾਵਾ ਰੱਖਣ ਵਾਲਿਆਂ ਦੀ ਗਾਥਾ।
‘ਤਿੜਾਂ ਵਾਲਾ ਘਾਹ’ ਕਵਿਤਾ ਗ਼ਰੀਬੀ ਦੀ ਘਾਹ ਨਾਲ ਤੁਲਨਾ ਕਰਦੀ ਹੈ ਜੋ ਵਰ੍ਹਦੇ ਮੀਹਾਂ-ਗੜ੍ਹਿਆਂ ਵਿਚ ਵੀ ਜਿਉਂਦਾ ਹੈ। ਉਹ ਉਕਾਬ ਦੀ ਉਡਾਣ ਭਰਨ ਵਿਚ ਵਿਸ਼ਵਾਸ ਰੱਖਦਾ ਹੈ ਤੇ ਤਿੜਕੇ ਹੋਏ ਵਰਤਮਾਨ ਵਿਚ ਵੀ ਸਾਬਤ ਰਹਿਣ ਦੀ ਪ੍ਰੇਰਨਾ ਦਿੰਦਾ ਹੈ। ਉਹ ਮਾਂ ਬੋਲੀ ਦਾ ਗੁਣਗਾਣ ਕਰਦਾ ਕਵੀ ਹੈ ਤੇ ਕਹਿੰਦਾ ਹੈ:
ਚਾਹੇ ਪਰਵਾਸੀ ਹੀ ਸਹੀ,
ਪਰ ਵਾਰਿਸ ਹਾਂ ਆਪਣੀ ਜ਼ੁਬਾਨ ਦਾ।
ਜਿਸ ਨੇ ਤਰਾਸ਼ਿਆ ਹੈ, ਮੇਰੇ ਵਜੂਦ ਨੂੰ।
ਉਸ ਨੇ ਆਪਣੀ ਕਵਿਤਾ ਵਿਚ ਦਰਬਾਰ ਸਾਹਿਬ ’ਤੇ ਹੋਏ ਹਮਲੇ ਦਾ ਦਰਦਨਾਕ ਵਰਨਣ ਵੀ ਕੀਤਾ ਹੈ ਕਿ ਬਾਬੇ ਬੁੱਢੇ ਦੀ ਬੇਰੀ ਨੂੰ ਬੇਰ ਨਹੀਂ ਕਾਰਤੂਸ ਲੱਗੇ ਸਨ, ਪਰ ਨਸਲਕੁਸ਼ੀ ਦੇ ਬਾਵਜੂਦ ਅੱਜ ਵੀ ਕੁਝ ਭਾਈ ਘਨੱਈਏ ਦੇ ਵਾਰਸ ਲਈ ਫਿਰਦੇ ਹਨ ਚਾਨਣ ਦੀਆਂ ਮਸ਼ਕਾਂ। ਉਸ ਨੂੰ ਕੁੱਖ ਵਿਚ ਮਰਦੀ ਧੀ ਤੇ ਧੀ ਨਾਲ ਹੁੰਦਾ ਬਲਾਤਕਾਰ ਦੁੱਖ ਦਿੰਦਾ ਹੈ ਤੇ ਚਾਹੁੰਦਾ ਹੈ:
ਕੁੜੀਆਂ ਤੇ ਫੁੱਲ
ਖਿੜੇ ਹੀ ਫਬਦੇ ਨੇ ਦੋਸਤੋ।
ਕਵੀ ਲਈ ਕਵਿਤਾ ਜ਼ਿੰਦਗੀ ਦਾ ਦੂਜਾ ਨਾਂ ਹੈ ਜੋ ਉਹ ਜਿਊਣਾ ਚਾਹੁੰਦਾ ਹੈ। ਕਾਵਿ ਸਿਰਜਣਾ ਹੀ ਜ਼ਿੰਦਗੀ ਹੈ ਤੇ ਇਕ ਸੰਵੇਦਨਸ਼ੀਲ ਕਵੀ ਡੂੰਘੇ ਵਹਿਣਾਂ ਵਿਚ ਵਹਿ ਕੇ ਇਹ ਸਿਰਜਣਾ ਕਰਦਾ ਹੈ।
ਸੰਪਰਕ: 98555-84298


Comments Off on ਨਿੱਜੀ ਅਨੁਭਵ ਦੀ ਸ਼ਾਇਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.