ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਨਿੰਮ ਬੰਨ੍ਹਣਾ: ਵਿਗਿਆਨ ਤੋਂ ਰਿਵਾਜ ਤਕ

Posted On August - 24 - 2019

ਜੱਗਾ ਸਿੰਘ ਆਦਮਕੇ

ਮਨੁੱਖੀ ਸਮਾਜ ਵਿਚ ਪ੍ਰਚੱਲਿਤ ਵੱਖ ਵੱਖ ਰੀਤੀ ਰਿਵਾਜ, ਰਸਮਾਂ, ਸੰਸਕਾਰ ਕਿਵੇਂ, ਕਦੋਂ ਤੇ ਕਿਉਂ ਉਪਜੇ? ਇਸਦਾ ਕੋਈ ਸਪੱਸ਼ਟ ਜਵਾਬ ਨਹੀਂ ਮਿਲਦਾ। ਆਮ ਕਰਕੇ ਇਨ੍ਹਾਂ ਰਸਮਾਂ ਰਿਵਾਜਾਂ ਪਿੱਛੇ ਕੋਈ ਨਾ ਕੋਈ ਤਰਕ ਅਤੇ ਵਿਗਿਆਨਕ ਕਾਰਨ ਜ਼ਰੂਰ ਹੁੰਦਾ ਹੈ। ਇਨ੍ਹਾਂ ਉਦੇਸ਼ਾਂ ਨੂੰ ਲੈ ਕੇ ਸਿਰਜੀਆਂ ਕੁਝ ਰਸਮਾਂ ਦੀ ਸਮੇਂ ਨਾਲ ਸਾਰਥਿਕਤਾ ਨਾ ਰਹਿਣ ਕਾਰਨ ਇਹ ਹੌਲੀ ਹੌਲੀ ਖ਼ਤਮ ਹੋ ਰਹੀਆਂ ਹਨ। ਕੁਝ ਰਸਮਾਂ ਦੇ ਰੂਪ ਤੇ ਉਦੇਸ਼ ਬਦਲਦੇ ਰਹੇ ਅਤੇ ਅੱਜ ਉਹ ਪ੍ਰਤੀਕਾਂ ਦੇ ਰੂਪ ਵਿਚ ਸਮਾਜ ਵਿਚ ਪ੍ਰਚੱਲਿਤ ਹਨ।
ਰਸਮਾਂ ਰਿਵਾਜਾਂ ਦਾ ਆਰੰਭ ਮਨੁੱਖ ਦੇ ਜਨਮ ਨਾਲ ਹੀ ਹੋ ਜਾਂਦਾ ਹੈ। ਪੰਜਾਬੀਆਂ ਵੱਲੋਂ ਬੱਚੇ ਦੇ ਜਨਮ ਨਾਲ ਸਬੰਧਿਤ ਨਿਭਾਈਆਂ ਜਾਂਦੀਆਂ ਰਸਮਾਂ ਵਿਚੋਂ ਇਕ ਮਹੱਤਵਪੂਰਨ ਰਸਮ ਹੈ ‘ਨਿੰਮ ਬੰਨ੍ਹਣਾ।’ ਇਸ ਰਸਮ ਅਨੁਸਾਰ ਨਵ ਜਨਮੇ ਲੜਕੇ ਦੇ ਘਰ ਅਤੇ ਉਨ੍ਹਾਂ ਦੇ ਹੋਰ ਸਕੇ ਸਬੰਧੀਆਂ ਦੇ ਘਰਾਂ ਦੇ ਮੁੱੱਖ ਦਰਵਾਜ਼ਿਆਂ ਅੱਗੇ ਨਿੰਮ ਬੰਨ੍ਹੀ ਜਾਂਦੀ ਹੈ। ਇਸੇ ਤਰ੍ਹਾਂ ਹੀ ਸਬੰਧਿਤ ਲੜਕੇ ਦੇ ਨਾਨਕੇ ਪਿੰਡ ਦੇ ਘਰ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਦੇ ਘਰਾਂ ਅੱਗੇ ਨਿੰਮ ਬੰਨ੍ਹੀ ਜਾਂਦੀ ਹੈ। ਇਸ ਤਰ੍ਹਾਂ ਮੌਜੂਦਾ ਸਮੇਂ ਨਿੰਮ ਬੰਨ੍ਹਣਾ ਲੜਕਾ ਪੈਦਾ ਹੋਣ ਦੀ ਖ਼ੁਸ਼ੀ ਦਾ ਪ੍ਰਤੀਕ ਹੈ, ਪਰ ਇਸ ਪਿੱਛੇ ਤਰਕ ਤੇ ਵਿਗਿਆਨ ਕੰਮ ਕਰਦੇ ਹਨ। ਉਂਜ ਵੀ ਹਰਿਆਲੀ ਤਰੱਕੀ, ਉੱਨਤੀ ਤੇ ਖ਼ੁਸ਼ਹਾਲੀ ਦਾ ਪ੍ਰਤੀਕ ਹੈ।
ਨਵ ਜਨਮ ’ਤੇ ਦਰਵਾਜ਼ੇ ਅੱਗੇ ਨਿੰਮ ਬੰਨ੍ਹਣ ਦੀ ਰਸਮ ਦੀ ਸ਼ੁਰੂਆਤ ਕਰਨਾ ਉਸ ਸਮੇਂ ਦੀ ਜ਼ਰੂਰਤ ਸੀ। ਪੁਰਾਤਨ ਸਮੇਂ ਸਿਹਤ ਸਹੂਲਤਾਂ ਦੀ ਘਾਟ ਕਾਰਨ ਰੁੱਖਾਂ ਦੇ ਵੱਖ ਵੱਖ ਭਾਗਾਂ ਨੂੰ ਹੀ ਬਿਮਾਰੀਆਂ ਦੇ ਇਲਾਜ ਅਤੇ ਬਿਮਾਰੀਆਂ ਫੈਲਣ ਤੋਂ ਸੁਰੱਖਿਆ ਲਈ ਦਵਾਈਆਂ ਦੇ ਰੂਪ ਵਿਚ ਉਪਯੋਗ ਕੀਤਾ ਜਾਂਦਾ ਸੀ। ਕੁਝ ਅਜਿਹੇ ਹੀ ਕਾਰਨਾਂ ਕਰਕੇ ਬੱਚਾ ਪੈਦਾ ਹੋਣ ਵਾਲੇ ਘਰ ਦੇ ਦਰਵਾਜ਼ੇ ਅੱਗੇ ਨਿੰਮ ਬੰਨ੍ਹੀ ਜਾਣ ਲੱਗੀ। ਨਵਜਾਤ ਵਿਚ ਰੋਗ ਫੈਲਾਉਣ ਵਾਲੇ ਕੀਟਾਣੂਆਂ, ਰੋਗਾਣੂਆਂ ਨਾਲ ਲੜਣ ਦੀ ਸ਼ਕਤੀ ਬਹੁਤ ਘੱਟ ਹੁੰਦੀ ਹੈ। ਇਸੇ ਤਰ੍ਹਾਂ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਨੂੰ ਵੀ ਇਸ ਸਮੇਂ ਵੱਖ ਵੱਖ ਰੋਗਾਂ ਦਾ ਖ਼ਤਰਾ ਕੁਝ ਵਧੇਰੇ ਹੁੰਦਾ ਹੈ। ਅਜਿਹਾ ਹੋਣ ਕਾਰਨ ਬੱਚੇ ਅਤੇ ਉਸਦੀ ਮਾਤਾ ਦੀ ਰੋਗ ਫੈਲਾਉਣ ਵਾਲੇ ਰੋਗਾਣੂਆਂ, ਕੀਟਾਣੂਆਂ ਤੋਂ ਸੁਰੱਖਿਆ ਲਈ ਨਿੰਮ ਦਾ ਉਪਯੋਗ ਕੀਤਾ ਜਾਂਦਾ ਸੀ। ਨਿੰਮ ਬਹੁ ਉਪਯੋਗੀ ਰੁੱਖ ਹੋਣ ਦੇ ਨਾਲ ਨਾਲ ਕੀਟਾਣੂਨਾਸ਼ਕ ਵੀ ਹੈ। ਬੂਹੇ ਅੱਗੇ ਬੰਨ੍ਹੀ ਨਿੰਮ ਇਸ ਹੇਠੋਂ ਲੰਘਣ ਵਾਲਿਆਂ ਨੂੰ ਕੁਝ ਹੱਦ ਤਕ ਕੀਟਾਣੂ ਰਹਿਤ ਕਰਨ ਦਾ ਕੰਮ ਕਰਦੀ ਸੀ। ਅਜਿਹਾ ਹੋਣ ਕਾਰਨ ਉਸ ਦੇ ਸੰਪਰਕ ਵਿਚ ਆਉਣ ਵਾਲਾ ਬੱਚਾ ਅਤੇ ਉਸਦੀ ਮਾਤਾ ਕੀਟਾਣੂਆਂ, ਰੋਗਾਣੂਆਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੋਂ ਕੁਝ ਹੱਦ ਤਕ ਸੁਰੱਖਿਅਤ ਹੋ ਜਾਂਦੇ ਸਨ। ਪੁਰਾਤਨ ਸਮੇਂ ਤੋਂ ਪ੍ਰਚੱਲਿਤ ਇਸ ਰਸਮ ਵਿਚ ਮੁੰਡੇ ਕੁੜੀ ਸਬੰਧੀ ਕੋਈ ਪੱਖਪਾਤ ਨਹੀਂ ਸੀ ਕੀਤਾ ਜਾਂਦਾ। ਦੋਵਾਂ ਦੇ ਜਨਮ ਸਮੇਂ ਇਸ ਰਸਮ ਨੂੰ ਨਿਭਾਇਆ ਜਾਂਦਾ ਸੀ।

ਜੱਗਾ ਸਿੰਘ ਆਦਮਕੇ

ਸਮੇਂ ਨਾਲ ਵਿਗਿਆਨਕ ਕਾਢਾਂ ਕਾਰਨ ਰੋਗਾਂ ਤੋਂ ਸੁਰੱਖਿਆ ਲਈ ਦਵਾਈਆਂ ਉਪਲੱਬਧ ਹੋਣ ਕਾਰਨ ਨਿੰਮ ਬੰਨ੍ਹਣ ਦੀ ਪਹਿਲਾਂ ਵਾਂਗ ਜ਼ਰੂਰਤ ਨਹੀਂ ਰਹੀ, ਪਰ ਇਹ ਰਸਮ ਉਸੇ ਤਰ੍ਹਾਂ ਜਾਰੀ ਰਹੀ। ਸਮੇਂ ਨਾਲ ਨਿੰਮ ਬੰਨ੍ਹਣਾ ਕੇਵਲ ਲੜਕਾ ਪੈਦਾ ਹੋਣ ਦੀ ਖ਼ੁਸ਼ੀ ਦਾ ਪ੍ਰਤੀਕ ਬਣ ਗਿਆ। ਹੁਣ ਇਹ ਸਿਰਫ਼ ਲੜਕੇ ਦੇ ਜਨਮ ਹੋਣ ’ਤੇ ਹੀ ਸਬੰਧਿਤ ਘਰ ਦੇ ਦਰਵਾਜ਼ੇ ਅੱਗੇ ਬੰਨ੍ਹੀ ਜਾਣ ਲੱਗੀ।
ਪਹਿਲਾਂ ਨਵਜਾਤ ਤੇ ਉਸਦੀ ਮਾਤਾ ਦੀ ਸੁਰੱਖਿਆ ਲਈ ਅਪਣਾਈ ਜਾਣ ਵਾਲੀ ਇਹ ਸਾਦੀ ਰਸਮ ਹੁਣ ਲਗਾਤਾਰ ਖ਼ਰਚੀਲੀ ਤੇ ਵਿਖਾਵੇ ਵਾਲੀ ਬਣਦੀ ਜਾ ਰਹੀ ਹੈ। ਪਹਿਲਾਂ ਬੱਚੇ ਦੇ ਜਨਮ ਸਮੇਂ ਪਰਿਵਾਰ ਦੇ ਕਿਸੇ ਮੈਂਬਰ ਵੱਲੋਂ ਸਾਧਾਰਨ ਤਰੀਕੇ ਨਾਲ ਦਰਵਾਜ਼ੇ ਅੱਗੇ ਨਿੰਮ ਬੰਨ੍ਹੀ ਜਾਂਦੀ ਸੀ, ਪਰ ਹੁਣ ਲੜਕਾ ਪੈਦਾ ਹੋਣ ਵਾਲੇ ਘਰ ਨਿੰਮ ਬੰਨ੍ਹਣ ਵਾਲੇ ਨਿਰਧਾਰਤ ਦਿਨ ਖ਼ਾਸ ਰਿਸ਼ਤੇਦਾਰਾਂ ਤੇ ਸਕੇ ਸਬੰਧੀਆਂ ਨੂੰ ਸੱਦਿਆ ਜਾਣ ਲੱਗਿਆ ਹੈ। ਆਮ ਕਰਕੇ ਬੱਚੇ ਦੇ ਨਾਨਕੇ ਪਰਿਵਾਰ ਵੱਲੋਂ ਇਸੇ ਦਿਨ ਵਧਾਈ ਲੈ ਕੇ ਆਇਆ ਜਾਂਦਾ ਹੈ। ਹਾਲਾਂਕਿ ਲੜਕਾ ਹੋਣ ਸਬੰਧੀ ਸਭ ਨੂੰ ਪਤਾ ਹੁੰਦਾ ਹੈ। ਬੱਚੇ ਦੀ ਭੂਆ ਜਾਂ ਭੂਆ ਦੀ ਥਾਂ ਲੱਗਦੀਆਂ ਹੋਰ ਔਰਤਾਂ ਵੱਲੋਂ ਛਣਕਣੇ ਆਦਿ ਬੰਨ੍ਹ ਕੇ ਤਿਆਰ ਕੀਤੀ ਨਿੰਮ ਦਰਵਾਜ਼ੇ ਅੱਗੇ ਲਾਗਣ ਵੱਲੋਂ ਬੰਨ੍ਹੀ ਜਾਂਦੀ ਹੈ। ਲੜਕੇ ਦੀ ਭੂਆ ਲਾਗਣ ਨੂੰ ਕੁਝ ਰਾਸ਼ੀ ਨਗਦ ਦਿੰਦੀ ਹੈ। ਬੱਚੇ ਦੇ ਜਨਮ ਵਾਲੇ ਪਰਿਵਾਰ ਵੱਲੋਂ ਵੀ ਲਾਗਣ ਨੂੰ ਨਕਦੀ, ਕੱਪੜੇ ਅਤੇ ਦਾਣੇ ਦਿੱਤੇ ਜਾਂਦੇ ਹਨ। ਲਾਗਣ ਵੱਲੋਂ ਸਬੰਧਿਤ ਪਰਿਵਾਰ ਦੇ ਹੋਰ ਸਕੇ ਸਬੰਧੀਆਂ ਦੇ ਦਰਵਾਜ਼ਿਆਂ ਅੱਗੇ ਵੀ ਨਿੰਮ ਬੰਨ੍ਹੀ ਜਾਂਦੀ ਹੈ। ਉਨ੍ਹਾਂ ਘਰਾਂ ਵੱਲੋਂ ਵੀ ਲਾਗਣ ਨੂੰ ਦਾਣੇ ਆਦਿ ਦਿੱਤੇ ਜਾਂਦੇ ਹਨ। ਇਸ ਸਮੇਂ ਭੂਆ ਤੇ ਰਿਸ਼ਤੇਦਾਰੀ ਵਿਚੋਂ ਆਈਆਂ ਹੋਰ ਔਰਤਾਂ ਨਾਲ ਵੀ ਕੱਪੜੇ ਲੀੜਿਆਂ ਤੇ ਉਪਹਾਰਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ। ਕਈ ਲੋਕਾਂ ਵੱਲੋਂ ਇਸ ਸਮੇਂ ਵੱਡੇ ਪੱਧਰ ’ਤੇ ਮਹਿਮਾਨ ਸੱਦ ਕੇ ਪਕਵਾਨ ਆਦਿ ਤਿਆਰ ਕੀਤੇ ਜਾਂਦੇ ਹਨ। ਅਕਸਰ ਪੀਣ ਦੇ ਸ਼ੌਕੀਨਾਂ ਲਈ ਪੀਣ ਦਾ ਪ੍ਰਬੰਧ ਵੀ ਹੁੰਦਾ ਹੈ। ਇਸ ਤਰ੍ਹਾਂ ਬੱਚੇ ਅਤੇ ਉਸਦੀ ਮਾਤਾ ਦੀ ਸਰੀਰਿਕ ਸੁਰੱਖਿਆ ਲਈ ਸਿਰਜੀ ਇਹ ਰਸਮ ਅੱਜ ਹੋਰ ਰੂਪ ਧਾਰਨ ਕਰ ਗਈ ਹੈ। ਹੁਣ ਉਸਦੇ ਉਹ ਅਰਥ ਨਹੀਂ ਰਹੇ ਜੋ ਉਸਦੀ ਸਿਰਜਣਾ ਸਮੇਂ ਸਨ।

ਸੰਪਰਕ : 94178-32908


Comments Off on ਨਿੰਮ ਬੰਨ੍ਹਣਾ: ਵਿਗਿਆਨ ਤੋਂ ਰਿਵਾਜ ਤਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.