ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਨਿਰੰਜਣ ਸਿਓਂ ਦਾ ਪਰਨਾਲਾ

Posted On August - 17 - 2019

ਮਨਮੋਹਨ ਸਿੰਘ ਦਾਊਂ

ਮਨਮੋਹਨ ਸਿੰਘ ਦਾਊਂ

ਸਮਾਂ 1960 ਤੋਂ ਪਹਿਲਾਂ ਦਾ ਹੈ ਜਦੋਂ ਸਾਡੇ ਪਿੰਡ ਦਾਊਂ ਦੀਆਂ ਗਲੀਆਂ-ਨਾਲੀਆਂ ਕੱਚੀਆਂ ਹੁੰਦੀਆਂ ਸਨ। ਬਿਜਲੀ ਵੀ ਉਦੋਂ ਨਹੀਂ ਸੀ ਆਈ। ਸਾਡਾ ਘਰ ਪਿੰਡ ਦੀ ਗਭਲੀ ਗਲੀ (ਬੀਹੀ) ’ਚ ਹੁੰਦਾ ਸੀ। ਇਸ ਗਲੀ ਨੂੰ ਵੱਡੇ ਦਰਵਾਜ਼ੇ ਵਾਲੀ ਗਲੀ ਵੀ ਕਿਹਾ ਜਾਂਦਾ ਸੀ, ਕਿਉਂਕਿ ਇਹ ਕਈ ਗਲੀਆਂ ਤੋਂ ਆਰ-ਪਾਰ ਜਾਂਦੀ ਸੀ। ਇਸ ਗਲੀ ਵਿਚ ਝਿਊਰਾਂ, ਜੱਟਾਂ, ਤਰਖਾਣਾਂ, ਲੁਹਾਰਾਂ ਆਦਿ ਦੇ ਘਰ ਹੁੰਦੇ ਸਨ, ਕੁਝ ਘਰ ਮੁਸਲਮਾਨਾਂ ਦੇ ਸਨ। ਦਰਵਾਜ਼ੇ ਦੇ ਨੇੜੇ ਇਕ ਖੂਹ, ਪਿੰਡ ਦੀ ਸੱਥ ਦਾ ਚਬੂਤਰਾ ਤੇ ਨਾਲ ਲੱਗਦਾ ਵੱਡਾ ਟੋਭਾ (ਛੱਪੜ) ਹੁੰਦਾ ਸੀ। ਨੇੜੇ ਹੀ ਜੱਟਾਂ ਦੇ ਬਾੜੇ, ਗੁਹਾਰੇ ਤੇ ਪਥਵਾੜੇ ਹੁੰਦੇ ਸਨ।
ਘਰਾਂ ਦਾ ਗੰਦਾ ਪਾਣੀ ਗਲੀ ਵਿਚਕਾਰ ਇਕ ਨਾਲੇ ਵਾਂਗ ਵਗਦਾ ਹੁੰਦਾ ਸੀ। ਹੁਣ ਵਾਂਗ ਘਰਾਂ ਦੀਆਂ ਕੰਧਾਂ ਨਾਲ ਵਗਦੀਆਂ ਨਾਲੀਆਂ ਨਹੀਂ ਸਨ ਹੁੰਦੀਆਂ। ਬੀਹੀ ਵਿਚਕਾਰ ਵਗਦੀ ਨਾਲੀ ਨੂੰ ਆਪੋ-ਆਪਣੇ ਘਰਾਂ ਅੱਗੋਂ ਸਾਫ਼ ਕਰ ਲਿਆ ਜਾਂਦਾ ਸੀ। ਕਈ ਵਾਰ ਇਸ ਸਾਫ਼-ਸਫ਼ਾਈ ਬਾਰੇ ਔਰਤਾਂ ’ਚ ਝਗੜਾ ਵੀ ਹੋ ਜਾਂਦਾ ਸੀ। ਗਲੀ ਵਿਚ ਘਰ ਦੇ ਫਾਲਤੂ ਪਾਣੀ ਨੂੰ ਕਈ ਔਰਤਾਂ ਸੁੱਟ ਦਿੰਦੀਆਂ ਤੇ ਲੰਘਣ ਵਾਲੇ ਨੂੰ ਚਿੱਕੜ ਦਾ ਸਾਹਮਣਾ ਕਰਨਾ ਪੈਂਦਾ। ਬਹੁਤੇ ਘਰ ਕੱਚੇ ਹੁੰਦੇ ਸਨ। ਟਾਵੇਂ-ਟਾਵੇਂ ਪੱਕੇ। ਕਈ ਘਰਾਂ ਦੀ ਮੂਹਰਲੀ ਬੈਠਕ ਦੀ ਕੰਧ ਪੱਕੀਆਂ ਇੱਟਾਂ ਦੀ ਹੁੰਦੀ ਸੀ ਤੇ ਉਸ ਘਰ ਨੂੰ ਅਮੀਰਾਂ ’ਚ ਗਿਣਿਆ ਜਾਂਦਾ ਸੀ।
ਬਰਸਾਤਾਂ ਪੈਣੀਆਂ। ਕਈ ਕਈ ਦਿਨ ਝੜੀ ਲੱਗੀ ਰਹਿਣੀ। ਗਲੀ ਚਿੱਕੜ ਨਾਲ ਭਰ ਜਾਣੀ। ਆਉਣਾ-ਜਾਣਾ ਮੁਹਾਲ ਹੋ ਜਾਂਦਾ। ਉਦੋਂ ਕਿਸੇ ਕੋਲ ਮੋਟਰਸਾਈਕਲ ਜਾਂ ਸਕੂਟਰ ਨਹੀਂ ਸੀ ਹੁੰਦਾ। ਟਾਵਾਂ-ਟਾਵਾਂ ਸਾਈਕਲ ਵਾਲਾ ਉਤਰ ਕੇ ਹੀ ਲੰਘਦਾ ਤੇ ਫਿਸਲਣ ਤੋਂ ਡਰਦਾ ਰਹਿੰਦਾ। ਕੱਚੀਆਂ ਕੰਧਾਂ ਦੇ ਖਲੇਪੜ (ਲਿਓੜ) ਡਿੱਗਣ ਲੱਗਦੇ। ਕੱਚੀਆਂ ਕੰਧਾਂ ਦੇ ਬਨੇਰੇ ਖੁਰਨ ਲੱਗਦੇ। ਮੁਸਲਾਧਾਰ ਬਾਰਸ਼ ’ਚ ਕਈ ਕੰਧਾਂ ’ਚ ਤ੍ਰੇੜਾਂ ਪੈ ਜਾਂਦੀਆਂ, ਕਿਸੇ ਦਾ ਕੌਲਾ ਢੱਠ ਜਾਂਦਾ। ਬੱਚੇ ਨੰਗ-ਧੜੰਗੇ ਗਲੀਆਂ ਦੇ ਪਾਣੀ ’ਚ ਛੱਪ-ਛੱਪ ਕਰਦੇ ਆਨੰਦ ਲੈਂਦੇ। ਗਲੀ ’ਚ ਲੰਘਣਾ ਦੁੱਭਰ ਹੋ ਜਾਂਦਾ। ਖੂਹ ਤੋਂ ਪਾਣੀ ਭਰ ਕੇ ਲਿਆਉਣਾ ਜੋਖ਼ਮ ਬਣ ਜਾਂਦਾ। ਗਲੀ ਦੀ ਚਿਕੜੀ ਫਿਸਲਣ ਵਾਲੀ ਹੁੰਦੀ। ਮੱਝਾਂ, ਗਊਆਂ ਤੇ ਬਲਦਾਂ ਨੂੰ ਗਲੀ ’ਚੋਂ ਲੰਘਾਉਣਾ ਭੈਜਲ ਹੋ ਜਾਂਦਾ। ਮੀਂਹ ’ਚ ਕਈ ਵਾਰ ਪਸ਼ੂ ਭੂਸਰ ਜਾਂਦੇ। ਸਿਰ ’ਤੇ ਭਾਰ ਚੁੱਕੀ ਹਰੇ ਚਾਰੇ ਵਾਲੇ ਨੂੰ ਲੰਘਣਾ ਔਖਾ ਹੋ ਜਾਂਦਾ।
ਸਾਡੀ ਇਸ ਬੀਹੀ ’ਚ ਇੰਦੋ ਝਿਊਰੀ ਤੇ ਘੋਲੋ ਦੇ ਆਪਣੇ ਆਪਣੇ ਘਰਾਂ ਅੱਗੇ ਚੌਂਤਰੇ (ਚਬੂਤਰੇ) ਹੁੰਦੇ ਸਨ। ਉਹ ਮੰਜੀਆਂ ਡਾਹ ਕੇ ਆਪਣੇ ਆਪਣੇ ਘਰਾਂ ਦੀ ਮਲਕੀਅਤ ਬਣਾਈ ਰੱਖਦੀਆਂ। ਬੱਚੇ ਡਰਦੇ ਮਾਰੇ ਉਨ੍ਹਾਂ ਦੇ ਚੌਂਤਰਿਆਂ ’ਤੇ ਨਾ ਚੜ੍ਹਦੇ, ਪਰ ਗਲੀ ਦੇ ਗਾਰੇ ਨਾਲ ਆਪਣੇ ਪੈਰ ਲਬੇੜ ਲੈਂਦੇ। ਬਰਸਾਤ ਵਿਚ ਤਾਂ ਤਿਲ੍ਹਕਣ ਹੋਣ ਕਾਰਨ ਚੌਂਤਰਿਆਂ ਦੀ ਮੁਖ਼ਤਿਆਰੀ ਹੋਰ ਵੀ ਮੁਸ਼ਕਿਲ ਪੈਦਾ ਕਰਦੀ। ਉਨ੍ਹਾਂ ਮਾਈਆਂ ਨੂੰ ਟੋਕਣ ਤੋਂ ਹਰ ਕੋਈ ਗੁਰੇਜ਼ ਕਰਦਾ। ਰੌਣਕੀ ਜੱਟ ਦੀ ਪੱਕੀ ਬੈਠਕ ਵਾਲੀ ਕੰਧ ਦਾ ਸਹਾਰਾ ਲੈ ਕੇ ਲੰਘਣ ਦੀ ਕੋਸ਼ਿਸ਼ ਕੀਤੀ ਜਾਂਦੀ। ਪਿੰਡ ਦੀ ਪੰਚਾਇਤ ਨੂੰ ਵੀ ਪਿੰਡ ਸੁਧਾਰ ਦੀ ਜਾਗ੍ਰਿਤੀ ਨਹੀਂ ਸੀ। ਲੋਕੀਂ ਵੀ ਜਿਵੇਂ ਚਿੱਕੜ ’ਚੋਂ ਲੰਘਣਾ ਗਿੱਝ ਗਏ ਹੋਣ। ਸਾਉਣ ਦੇ ਮਹੀਨੇ ਤਾਂ ਬਾਰਸ਼ਾਂ ਮੂੰਹ ਜ਼ੋਰ ਪੈਂਦੀਆਂ। ਗਲੀਆਂ ’ਚ ਪਾਣੀ ਗੋਡੇ-ਗੋਡੇ ਹੋ ਜਾਣਾ। ਘਰਾਂ ਦੇ ਪਰਨਾਲੇ ਭਰ-ਭਰ ਵਗਣੇ। ਕੋਠੇ ’ਤੇ ਚੜ੍ਹ ਕੇ ਵੇਖਣਾ ਕਿਤੇ ਪਰਨਾਲੇ ਵਾਲੀ ਥਾਂ ਗੂਲਾ ਤਾਂ ਨਹੀਂ ਲੱਗਿਆ। ਘਾਹ-ਫੂਸ ਜਾਂ ਕਬਾੜ ਪਰਨਾਲੇ ’ਚ ਫਸਿਆ ਹੋਇਆ ਤਾਂ ਨ੍ਹੀਂ। ਕਈ ਘਰਾਂ ਦੀਆਂ ਪੱਕੀਆਂ ਕੰਧਾਂ ਦੇ ਪਰਨਾਲੇ ਸੀਮਿੰਟ ਦੇ ਪੱਕੇ ਹੁੰਦੇ ਤੇ ਬਿਨਾਂ ਸ਼ੋਰ ਕੀਤਿਆਂ ਵਗਦੇ ਰਹਿੰਦੇ, ਪਰ ਕੱਚੇ ਘਰਾਂ ਦਾ ਪਾਣੀ ਟੀਨ ਦੇ ਪਰਨਾਲਿਆਂ ਰਾਹੀਂ ਕੰਧ ’ਚ ਗੱਡ ਕੇ ਉਤਾਰਨ ਦਾ ਯਤਨ ਕੀਤਾ ਹੁੰਦਾ। ਲੱਕੜ ਜਾਂ ਪੱਕੀ ਮਿੱਟੀ ਵਾਲੇ ਪਰਨਾਲੇ ਵੀ ਕਈ ਘਰਾਂ ਦੇ ਹੁੰਦੇ। ਹਰ ਇਕ ਨੂੰ ਆਪਣੇ ਆਪਣੇ ਪਰਨਾਲੇ ਦਾ ਫ਼ਿਕਰ ਹੁੰਦਾ। ਪਰਨਾਲਾ ਕੰਧ ’ਚ ਚੋਣ ਨਾਲ ਮਕਾਨ ਨੂੰ ਨੁਕਸਾਨ ਪੁਜਾ ਸਕਦਾ ਸੀ। ਸਿਆਣੇ ਅਕਸਰ ਕਹਿੰਦੇ ਪਰਨਾਲਾ ਠੀਕ ਚਾਹੀਦਾ ਹੈ। ਮੀਂਹ ਦਾ ਕੀ ਭਰੋਸਾ ਕਦੋਂ ਪੈਣ ਲੱਗ ਜਾਵੇ।
ਸਾਡੀ ਬੀਹੀ ਦੇ ਅੱਧ ਵਿਚ ਨਿਰੰਜਣ ਸਿਓਂ ਦਾ ਪਰਨਾਲਾ ਬੜਾ ਮਸ਼ਹੂਰ ਸੀ, ਉਹ ਦੇਵੀ ਭਗਤ ਸੀ। ਉਸ ਨੇ ਆਪਣੇ ਪਰਨਾਲੇ ਨਾਲ ਦੋ-ਤਿੰਨ ਫੁੱਟ ਟੀਨ ਦਾ ਇਕ ਹੋਰ ਪਰਨਾਲਾ ਰੱਸੀਆਂ ਨਾਲ ਬੰਨ੍ਹਿਆ ਹੁੰਦਾ ਤੇ ਥੱਲੇ ਇਕ ਲੱਕੜ ਦੀ ਬੱਲੀ ਖੜ੍ਹੀ ਕੀਤੀ ਹੁੰਦੀ ਤਾਂ ਜੋ ਪਰਨਾਲੇ ਨੂੰ ਸਹਾਰਾ ਰਹੇ। ਉਸ ਦੇ ਘਰ ਦੇ ਲਗਪਗ ਪੰਜਾਹ ਖਣ ਸਨ, ਜਿਨ੍ਹਾਂ ਦਾ ਪਾਣੀ ਇਸ ਪਰਨਾਲੇ ਰਾਹੀਂ ਉਤਰਦਾ ਸੀ। ਪਾਣੀ ਦੀਆਂ ਧਰਾਲਾਂ ਗਲੀ ਦੇ ਐਨ ਵਿਚਕਾਰ ਪੈਂਦੀਆਂ ਸਨ। ਲੰਘਣ ਵਾਲੇ ਨੂੰ ਪਰਨਾਲੇ ਦੀਆਂ ਧਰਾਲਾਂ ਦਾ ਖਿਆਲ ਰੱਖਣਾ ਪੈਂਦਾ ਸੀ। ਨਿਰੰਜਣ ਸਿਓਂ ਦੇ ਪਰਨਾਲੇ ਦਾ ਸ਼ੋਰ ਵੀ ਵੱਖਰਾ ਹੀ ਸੀ। ਬਾਰਸ਼ ਪੈਣ ਦਾ ਅੰਦਾਜ਼ਾ ਵੀ ਉਸ ਦੇ ਪਰਨਾਲੇ ਦੀ ਗੁੰਜਾਰ ਤੋਂ ਲਾ ਲਿਆ ਜਾਂਦਾ, ਜਿਵੇਂ ਪਰਨਾਲਾ ਵਰਖਾ ਮੀਟਰ ਹੋਵੇ। ਸੁਕ-ਪਕੇ ’ਚ ਉਹ ਪਰਨਾਲੇ ਦੀ ਮਜ਼ਬੂਤੀ ਦਾ ਪੂਰਾ ਖਿਆਲ ਰੱਖਦਾ ਤੇ ਥੱਲੇ ਗੱਡੀ ਬੱਲੀ ਦੇ ਨੇੜੇ ਕਿਸੇ ਨੂੰ ਆਉਣ ਨਾ ਦਿੰਦਾ। ਜ਼ੋਰ ਦੀ ਹਵਾ ਚੱਲਣ ਵੇਲੇ ਪਰਨਾਲੇ ਦੇ ਪਾਣੀ ਦੀਆਂ ਝਾਲਰਾਂ ਬਣ ਖਿੰਡਦੀਆਂ। ਬੱਚੇ ਪਰਨਾਲੇ ਦੇ ਪਾਣੀ ਦਾ ਆਨੰਦ ਮਾਣਦੇ। ਕਈ ਆਪਣੇ ਡੱਬਿਆਂ ’ਚ ਪਰਨਾਲੇ ਦੇ ਪਾਣੀ ਦੀਆਂ ਧਾਰਾਂ ਭਰ ਕੇ ਨੱਠਦੇ-ਭੱਜਦੇ। ਬੇਧਿਆਨ ਲੰਘਦੇ ਕਿਸੇ ਬੰਦੇ ਦੇ ਸਿਰ ’ਤੇ ਪਰਨਾਲੇ ਦੀ ਬੁਛਾੜ ਹੋ ਜਾਣੀ। ਕਈ ਬੱਚਿਆਂ ਨੇ ਛਤਰੀ ਤਾਣ ਕੇ ਪਰਨਾਲੇ ਦੇ ਪਾਣੀ ਦੀ ਆਵਾਜ਼ ਦਾ ਸੁਆਦ ਲੈਣਾ। ਕਈਆਂ ਨੇ ਕਹਿਣਾ, ‘‘ਔਹ ਵੇਖੋ, ਨਿਰੰਜਣ ਦਾ ਪਰਨਾਲਾ ਗੀਤ ਗਾਉਂਦਾ।’’ ‘‘ਪਰਨਾਲਾ ਤਾਂ ਭਾਖੜਾ ਡੈਮ ਬਣਾ ਤਾ।’’ ਕੋਈ ਟਿੱਚਰੀ ਜਾਂਦਾ-ਜਾਂਦਾ ਕਹਿੰਦਾ। ਨਿਰੰਜਣ ਸਿਓਂ ਦੇ ਘਰ ਅੱਗੇ ਗਲੀ ’ਚ ਇਕ ਲੱਕੜ ਦੀ ਪੌੜੀ ਵੀ ਲੱਗੀ ਹੁੰਦੀ ਸੀ, ਜਿਸ ਨੂੰ ਚਿੰਤੋ ਦੀ ਪੌੜੀ ਕਿਹਾ ਜਾਂਦਾ ਸੀ। ਉਹ ਉਸ ਦੀ ਘਰਵਾਲੀ ਸੀ। ਉਸ ਪੌੜੀ ਰਾਹੀਂ ਹੋਰ ਘਰਾਂ ਦੀਆਂ ਛੱਤਾਂ ’ਤੇ ਚੜ੍ਹਨ ਦਾ ਰਾਬਤਾ ਸੀ। ਚਿੰਤੋ ਬੜੀ ਮਿਲਾਪੜੀ ਸੀ। ਪੌੜੀ ’ਤੇ ਚੜ੍ਹਨ ਤੋਂ ਕਿਸੇ ਨੂੰ ਰੋਕਦੀ ਨਹੀਂ ਸੀ। ਬੱਚਿਆਂ ਲਈ ਚਿੰਤੋ ਦੀ ਪੌੜੀ ਕਾਠ-ਕਠੋਲੀ, ਖੇਡ ਦਾ ਕੰਮ ਦਿੰਦੀ ਸੀ। ਪਤਾ ਨਹੀਂ ਇਹ ਪੌੜੀ ਕਦੋਂ ਬਣਵਾਈ ਗਈ ਸੀ ਤੇ ਕਿਸ ਤਰਖਾਣ ਨੇ ਗੁਲਮੇਖਾਂ ਲਾਈਆਂ। ਜਦੋਂ ਨਿਰੰਜਣ ਸਿਓਂ ਦਾ ਮਕਾਨ ਪੱਕਾ ਬਣਿਆ, ਉਦੋਂ ਹੀ ਇਹ ਪੌੜੀ ਗਲੀ ’ਚੋਂ ਚੁੱਕੀ ਗਈ। ਕੋਠਿਆਂ ਦੀ ਸਾਂਝ ਸੀ, ਚਿੰਤੋ ਦੀ ਪੌੜੀ। ਹੁਣ ਮਕਾਨ ਤੇ ਗਲੀਆਂ ਪੱਕੇ ਬਣ ਗਏ ਹਨ। ਜੀਵਨ ਸੌਖਾ ਹੋ ਗਿਆ ਹੈ, ਪਰ ਮੈਨੂੰ ਚਿੰਤੋ ਦੀ ਪੌੜੀ ਅਤੇ ਨਿਰੰਜਣ ਸਿਓਂ ਦਾ ਪਰਨਾਲਾ ਹਾਲੇ ਵੀ ਚੇਤੇ ਜ਼ਰੂਰ ਆਉਂਦਾ ਹੈ।

ਸੰਪਰਕ: 98151-23900


Comments Off on ਨਿਰੰਜਣ ਸਿਓਂ ਦਾ ਪਰਨਾਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.