ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਨਾਰੀ ਨੂੰ ਨਾਇਕਾ ਬਣਾਓ

Posted On August - 10 - 2019

ਰਾਜਵੰਤ ਕੌਰ ਪੰਜਾਬੀ (ਡਾ.)

ਸ੍ਰਿਸ਼ਟੀ ਦਾ ਰਚਨਹਾਰ ਅਤੇ ਜਗਤ-ਜਨਨੀ ਦੋਵੇਂ ਮਹਾਨ ਹਨ। ਕੁਦਰਤ ਵਲੋਂ ਸਾਜੀ ਪ੍ਰਕਿਰਤੀ ਦੀ ਆਪਣੀ ਖ਼ੂਬਸੂਰਤੀ ਤੇ ਮਹੱਤਵ ਹੈ, ਪਰ ਧਰਤੀ ’ਤੇ ਮਨੁੱਖੀ ਹੋਂਦ ਦੀ ਸਿਰਜਣਾ ਕਰਨ ਵਾਲੀ ਜਗਤ-ਮਾਤਾ ਨਾਰੀ ਹੀ ਹੈ। ਨਾਰੀ, ਕਾਦਰ ਦੀ ਜਿਉਂਦੀ-ਜਾਗਦੀ ਸਰਵੋਤਮ ਕਲਾਕ੍ਰਿਤ ਤੇ ਸ੍ਰਿਸ਼ਟੀ ਦੀ ਸੁੰਦਰਤਾ ਹੈ। ਜੀਵਨ ਨੂੰ ਅੱਗੇ ਤੋਰਨ ਵਾਲੇ ਤੱਤ ਉਸ ਅੰਦਰ ਮੌਜੂਦ ਹਨ। ਪਰਿਵਾਰ ਰੂਪੀ ਸੰਸਥਾ ਦੇ ਸੰਚਾਲਨ ਲਈ ਪਰਮਾਤਮਾ ਨੇ ਨਾਰੀ ਦੀ ਸਿਰਜਣਾ ਕੀਤੀ ਤੇ ਉਸ ਨੂੰ ਮਰਦ ਨਾਲੋਂ ਵੱਧ ਭਰਪੂਰਤਾ ਬਖ਼ਸ਼ੀ ਹੈ ਕਿਉਂਕਿ ਉਹ ਸਿਰਜਣਾ ਦੀਆਂ ਅਸਹਿ ਪੀੜਾਂ ਬਰਦਾਸ਼ਤ ਕਰਕੇ ਆਪਣੇ ਵਰਗੀਆਂ ਹੋਰ ਕਲਾਕ੍ਰਿਤਾਂ ਨੂੰ ਸਾਕਾਰ ਕਰਨ ਦੀ ਸਮਰੱਥਾ ਰੱਖਦੀ ਹੈ। ਔਰਤ ਦੇ ਸਹਿਯੋਗ ਤੋਂ ਬਿਨਾਂ ਮਾਨਵੀ ਸਮਾਜ ਕੋਲ ਅਜਿਹਾ ਕੁਝ ਨਹੀਂ ਜਿਸ ਨੂੰ ਉਹ ਆਪਣਾ ਕਹਿ ਸਕੇ ਕਿਉਂਕਿ ਜੀਵਨ ਔਰਤ ਦੀ ਕੁੱਖੋਂ ਹੀ ਜਨਮਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਬਾਣੀ ਵਿਚ ਇਸਤਰੀ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕੀਤੀ। ਸਵਾਮੀ ਵਿਵੇਕਾਨੰਦ ਨੇ ਵੀ ਨਾਰੀ ਦੀ ਅਹਿਮੀਅਤ ਬਾਰੇ ਆਪਣਾ ਦ੍ਰਿਸ਼ਟੀਕੋਣ ਪ੍ਰਗਟ ਕਰਦੇ ਹੋਏ ਲਿਖਿਆ ਸੀ ਕਿ ਜਿਸ ਦੇਸ਼ ਜਾਂ ਰਾਸ਼ਟਰ ਵਿਚ ਨਾਰੀ ਪੂਜਾ ਨਹੀਂ, ਉਸ ਦਾ ਉਚਿਤ ਸਨਮਾਨ ਨਹੀਂ ਕੀਤਾ ਜਾਂਦਾ, ਉਹ ਦੇਸ਼ ਜਾਂ ਰਾਸ਼ਟਰ ਕਦੇ ਮਹਾਨ ਨਹੀਂ ਬਣ ਸਕਦਾ। ਸੋ ਜਨਮ ਦਾਤੀ ਦੀ ਮਹਿਮਾ ਨੂੰ ਅੱਖੋਂ ਪਰੋਖੇ ਕਰਕੇ ਉਸ ਨੂੰ ਬੱਚੇ ਜੰਮਣ ਵਾਲੀ ਮਸ਼ੀਨ ਕਹਿਣ ਵਾਲੇ ਸਭ ਲਈ ਤ੍ਰਿਸਕਾਰ ਦੇ ਪਾਤਰ ਬਣਨੇ ਚਾਹੀਦੇ ਹਨ।
ਮਾਂ ਦੇ ਗਰਭ ਵਿਚ ਪੱਕਣ ਵਾਲਾ ਅੰਡਾ ਇਕ ਦਿਨ ਲਹੂ-ਹੱਡ-ਮਾਸ ਦੇ ਪੁਤਲੇ ਦਾ ਰੂਪ ਧਾਰ ਕੇ ਮਾਂ ਦੀ ਛਾਤੀ ਤੋਂ ਆਪਣਾ ਪਹਿਲਾ ਆਹਾਰ ਪ੍ਰਾਪਤ ਕਰਦਾ ਹੈ। ਮਾਂ ਦੀ ਯੋਗ ਅਗਵਾਈ, ਅਸੀਮ ਤੇ ਪਾਕ ਪਿਆਰ-ਦੁਲਾਰ, ਪਾਲਣ-ਪੋਸ਼ਣ, ਸੁਰੱਖਿਆ ਅਤੇ ਆਹਾਰ ਦੇਣ ਦੇ ਨਾਲ ਹੌਲੀ-ਹੌਲੀ ਉਹ ਵਧਣ-ਫੁੱਲਣ ਲੱਗਦਾ ਹੈ। ਬਾਲ ਦੇ ਪਾਲਣ-ਪੋਸ਼ਣ ਵਿਚ ਭਾਵੇਂ ਪਿਤਾ ਦੇ ਯੋਗਦਾਨ ਨੂੰ ਵੀ ਅੱਖੋਂ ਪਰੋਖੇ ਨਹੀਂ ਕਰਨਾ ਬਣਦਾ, ਫਿਰ ਵੀ ਨਿਰਭਰ ਬਾਲ ਲਈ ਮਾਂ ਤੋਂ ਬਿਨਾਂ ਮਾਂ ਵਾਂਗ ਇਹ ਸਭ ਕੁਝ ਹੋਰ ਕੋਈ ਵੀ ਨਹੀਂ ਕਰ ਸਕਦਾ। ਕਹਿਣ ਤੋਂ ਭਾਵ ਹੈ ਧੀ-ਪੁੱਤ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਂ ਦੀ ਵੱਡੀ ਭੂਮਿਕਾ ਹੁੰਦੀ ਹੈ। ਅਜਿਹਾ ਨਹੀਂ ਕਿ ਬੱਚਾ ਮਾਪਿਆਂ ਦੇ ਆਪਣੇ ਪ੍ਰਤੀ ਪਿਆਰ ਭਾਵ ਨੂੰ ਮਹਿਸੂਸ ਨਹੀਂ ਕਰਦਾ ਸਗੋਂ ਉਹ ਤਾਂ ਉਨ੍ਹਾਂ ਦੇ ਸਮਰਪਣ ਵਾਲੇ ਪਿਆਰ ਤੋਂ ਸੁਰੱਖਿਆ ਤੇ ਆਨੰਦ ਮਹਿਸੂਸ ਕਰਦਾ ਹੈ, ਪਰ ਜਦੋਂ ਵੱਡਾ ਹੋ ਜਾਂਦਾ ਹੈ ਤਾਂ ਪਤਾ ਨਹੀਂ ਕਿਉਂ ਨਿੱਕੀ-ਨਿੱਕੀ ਗੱਲ ’ਤੇ ਮਾਂ ਦੀ ਸਹੁੰ ਖਾ ਕੇ ਉਸਨੂੰ ਦਾਅ ’ਤੇ ਲਗਾਉਣ ਲੱਗਦਾ ਹੈ। ਪ੍ਰਸਿੱਧ ਸ਼ਾਇਰ ਸ਼ਮਸ ਤਬਰੇਜ਼ੀ ਮਾਂ ਦੀ ਅਹਿਮੀਅਤ ਸਬੰਧੀ ਆਪਣੇ ਜਜ਼ਬਿਆਂ ਦਾ ਇਜ਼ਹਾਰ ਇੰਜ ਕਰਦਾ ਹੈ :
ਹਾਦਿਸੋਂ ਸੇ ਮੁਝੇ ਜਿਸ ਸ਼ੈਅ ਨੇ ਬਚਾਇਆ ਹੋਗਾ
ਵੋ ਮੇਰੀ ਮਾਂ ਕੀ ਦੁਆਓਂ ਕਾ ਸਾਇਆ ਹੋਗਾ

ਰਾਜਵੰਤ ਕੌਰ ਪੰਜਾਬੀ (ਡਾ.)

ਵਿਆਹ ਦੀ ਰਸਮ ਰਾਹੀਂ ਇਕ ਬੇਟੀ ਜਦੋਂ ਪਤਨੀ ਦੇ ਰੂਪ ਵਿਚ ਸਿਰਜਕ ਬਣਕੇ ਆਪਣੇ ਸਹੁਰੇ ਘਰ ਪੁੱਜਦੀ ਹੈ ਤਾਂ ਉਹ ਗ੍ਰਹਿ ਲੱਛਮੀ ਦੀ ਭੂਮਿਕਾ ਨਿਭਾਉਂਦੀ ਹੈ। ਉਸ ਨੂੰ ਬੁਰਾ-ਭਲਾ ਕਹਿਣ ਜਾਂ ਉਸ ’ਤੇ ਹੱਥ ਚੁੱਕਣ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਹੈ ਕਿ ਉਹ ਕਿਸੇ ਦੀ ਧੀ ਹੈ, ਕਿਸੇ ਦੇ ਜਿਗਰ ਦਾ ਟੋਟਾ ਹੈ। ਪਤਨੀ ਦੇ ਰੂਪ ਵਿਚ ਉਸ ਵੱਲੋਂ ਨਵੇਂ ਪਰਿਵਾਰ ਦੀ ਸਿਰਜਣਾ ਦਾ ਮੁੱਢ ਬੰਨ੍ਹਿਆ ਜਾਂਦਾ ਹੈ ਅਤੇ ਫਿਰ ਜਨਨੀ ਬਣ ਕੇ ਉਹ ਪਰਿਵਾਰ ਦਾ ਵਿਸਥਾਰ ਕਰਦੀ ਹੈ। ਮਾਪਿਆਂ ਵੱਲੋਂ ਦਿੱਤੇ ਸੰਸਕਾਰਾਂ ਰਾਹੀਂ ਸੁੱਘੜ ਗ੍ਰਹਿਣੀ ਬਣਕੇ ਉਹ ਘਰ-ਪਰਿਵਾਰ ਸੰਭਾਲਦੀ ਹੈ ਤੇ ਘਰ ਨੂੰ ਸਵਰਗ ਬਣਾਉਣ ਦੀ ਸਮਰੱਥਾ ਰੱਖਦੀ ਹੈ। ਆਪਣੀ ਯੋਗਤਾ ਤੇ ਪਰਿਵਾਰ-ਸਮਾਜ ਵੱਲੋਂ ਮਿਲੇ ਮਾਣ, ਭਰੋਸੇ, ਇੱਜ਼ਤ, ਸਹਿਯੋਗ ਤੇ ਸਮੇਂ ਰਾਹੀਂ ਅਕਸਰ ਉਹ ਘਰ ਨੂੰ ਨਰਕ ਬਣਨ ਤੋਂ ਬਚਾ ਲੈਂਦੀ ਹੈ। ਇੱਟਾਂ-ਕੰਕਰੀਟ ਦੇ ਘਰ ਨੂੰ ਖ਼ੁਸ਼ਹਾਲ ਬਣਾ ਕੇ ਦਿਖਾਉਣ ਵਾਲੀਆਂ ਪਿਆਰ, ਸਤਿਕਾਰ, ਸਹਿਜ, ਸੰਤੋਖ, ਸਮਰਪਣ, ਸਹਿਣਸ਼ੀਲਤਾ, ਖਿਮਾ, ਨਿਮਰਤਾ ਅਤੇ ਮਿੱਠਾ ਬੋਲਣ ਜਿਹੀਆਂ ਅਲਾਮਤਾਂ ਨੂੰ ਉਹ ਆਪਣੇ ਵਤੀਰੇ ਵਿਚੋਂ ਪ੍ਰਤੱਖ ਕਰ ਵਿਖਾਉਂਦੀ ਹੈ। ਕਾਦਰ ਵਲੋਂ ਸ੍ਰਿਸ਼ਟੀ ਦੀ ਸਿਰਜਣਾ ਕੀਤੇ ਜਾਣ ਸਬੰਧੀ ਕਈ ਸੰਦੇਹ ਹਨ, ਪਰ ਔਰਤ ਵੱਲੋਂ ਕਿਸੇ ਘਰ ਨੂੰ ਸਵਰਗ ਬਣਾ ਸਕਣ ਦੀ ਸੰਭਾਵਨਾ ਜ਼ਰੂਰ ਨਿਸ਼ਚਿਤ ਹੈ। ਮਰਦ ਦੀ ਨਿਸਬਤ ਇਹ ਕਲਾ ਔਰਤ ਦੇ ਹਿੱਸੇ ਹੀ ਆਈ ਹੈ।
ਵਿਦਵਾਨਾਂ ਨੇ ਤਾਂ ਔਰਤ ਨੂੰ ਅਨੇਕ ਵਿਸ਼ੇਸ਼ਣ ਦੇ ਕੇ ਉਸ ਦੀ ਸਮਾਜ ਪ੍ਰਤੀ ਸੱਚੀ-ਸੁੱਚੀ ਭਾਵਨਾ ਨੂੰ ਪ੍ਰਗਟ ਕੀਤਾ ਹੈ। ਇਸੇ ਸੰਦਰਭ ਵਿਚ ਮਹਾਂਰਿਸ਼ੀ ਰਮਣ ਨੇ ਨਾਰੀ ਨੂੰ ਦੈਵੀ ਗੁਣਾਂ ਨਾਲ ਭਰਪੂਰ ਇਕ ਬਹੁਪੱਖੀ ਸ਼ਖ਼ਸੀਅਤ ਕਿਹਾ ਹੈ। ਉਨ੍ਹਾਂ ਅਨੁਸਾਰ ਪਤੀ ਵਾਸਤੇ ਚਰਿੱਤਰ, ਸੰਤਾਨ ਲਈ ਮਮਤਾ, ਸਮਾਜ ਲਈ ਸ਼ੀਲ, ਵਿਸ਼ਵ ਵਾਸਤੇ ਦਇਆ ਅਤੇ ਜੀਵ ਮਾਤਰ ਲਈ ਤਰਸ ਦੀ ਭਾਵਨਾ ਰੱਖਣ ਵਾਲੀ ਮਹਾਂਕ੍ਰਿਤੀ ਦਾ ਨਾਮ ਨਾਰੀ ਹੈ। ਆਮ ਤੌਰ ’ਤੇ ਦੇਖਦੇ ਹਾਂ ਕਿ ਜਿਸ ਘਰ ਵਿਚ ਧੀ ਹੁੰਦੀ ਹੈ, ਉਹ ਪਰਿਵਾਰ ਅੱਖ ਦੀ ਸ਼ਰਮ ਰੱਖਣ ਵਾਲਾ, ਸ਼ਿਸ਼ਟ ਤੇ ਨੈਤਿਕ ਗੁਣਾਂ ਦਾ ਧਾਰਨੀ ਹੁੰਦਾ ਹੈ ਜਦੋਂ ਕਿ ਘਰ ਵਿਚ ਧੀ ਨਾ ਹੋਣ ਦੀ ਸੂਰਤ ਵਿਚ ਇਹ ਗੁਣ ਕੁਝ ਹੱਦ ਤਕ ਮੱਧਮ ਨਜ਼ਰ ਆਉਂਦੇ ਹਨ।
ਔਰਤ ਨੂੰ ਬੱਤੀ ਸੁਲੱਖਣੀ ਬਣਾਉਣ ਲਈ ਉਸ ਅੰਦਰ ਪਈਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਦੀ ਜ਼ਰੂਰਤ ਹੈ। ਅਰਥਾਤ ਉਸ ਨੂੰ ਸੁਚੱਜੀ ਅਤੇ ਗੁਣਵੰਤੀ ਬਣਾਉਣ ਹਿਤ ਅਤੇ ਉਸ ਨੂੰ ਆਪਣੀ ਕਲਾ ਕੁਸ਼ਲਤਾ ਦਿਖਾਉਣ ਲਈ ਲੋੜੀਂਦਾ ਮਾਹੌਲ ਤੇ ਢੁਕਵੇਂ ਮੌਕੇ ਪ੍ਰਦਾਨ ਕਰਨ ਵਾਲੇ ਉੱਦਮ ਹੋਣੇ ਚਾਹੀਦੇ ਹਨ, ਪਰ ਬਹੁਤੀ ਥਾਈਂ ਅਜਿਹਾ ਨਹੀਂ ਹੋ ਰਿਹਾ। ਮਾਦਾ ਭਰੂਣ ਹੱਤਿਆਵਾਂ, ਔਰਤ ਨੂੰ ਦਬਾਉਣ, ਸਾੜਨ ਜਾਂ ਉਸ ਨਾਲ ਬਲਾਤਕਾਰ ਕਰਨ ਦੀਆਂ ਕੋਸ਼ਿਸ਼ਾਂ ਅਤੇ ਪੈਰ ਦੀ ਜੁੱਤੀ ਸਮਝਣ ਵਾਲੀ ਬਿਰਤੀ ਨੂੰ ਨੱਥ ਪਾਉਣ ਦੀ ਸਖ਼ਤ ਜ਼ਰੂਰਤ ਹੈ ਤਾਂ ਕਿ ਸ੍ਰਿਸ਼ਟੀ ਵਿਚਲੇ ਉੱਤਮ, ਸੋਹਣੇ ਅਤੇ ਸੁਖਦਾਇਕ ਤੱਤ ਮਰ ਨਾ ਜਾਣ। ਇਸ ਸੰਦਰਭ ਵਿਚ ਔਰਤ ਨੂੰ ਵੀ ਚੰਡੀ, ਦੁਰਗਾ, ਰਾਣੀ ਝਾਂਸੀ, ਰਜ਼ੀਆ ਸੁਲਤਾਨ, ਮਾਈ ਭਾਗੋ, ਮਦਰ ਟੈਰੇਸਾ, ਪ੍ਰਤਿਭਾ ਪਾਟਿਲ ਜਾਂ ਕਲਪਨਾ ਚਾਵਲਾ ਆਦਿ ਮਹਾਨ ਇਸਤਰੀਆਂ ਨੂੰ ਆਪਣਾ ਮਾਡਲ ਮੰਨ ਕੇ ਉਨ੍ਹਾਂ ਦੇ ਨਕਸ਼-ਏ-ਕਦਮ ’ਤੇ ਚੱਲਣਾ ਪਵੇਗਾ ਜਾਂ ਫਿਰ ਆਪ ਆਦਰਸ਼ਕ ਮਾਡਲ ਬਣ ਕੇ ਕੁਝ ਨਵਾਂ ਕਰ ਗੁਜ਼ਰਨਾ ਪਵੇਗਾ। ਸਮਾਜ ਵਿਚ ਆਚਰਣਕ ਪੱਖੋਂ ਗਿਰਾਵਟ ਨਾ ਆਵੇ, ਇਸ ਲਈ ਨਰ-ਨਾਰੀ ਨੂੰ ਸਮਾਨ ਰੂਪ ਵਿਚ ਵਿਕਸਤ ਹੋਣ ਦੇ ਮੌਕੇ ਪ੍ਰਦਾਨ ਕਰਨੇ ਸਮੇਂ ਦੀ ਅਹਿਮ ਲੋੜ ਹੈ।

ਸੰਪਰਕ: 85678-86223


Comments Off on ਨਾਰੀ ਨੂੰ ਨਾਇਕਾ ਬਣਾਓ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.