ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਨਾਜ਼ੁਕ ਤੇ ਪੇਚੀਦਾ ਮਸਲਾ

Posted On August - 10 - 2019

ਹਾਂਗਕਾਂਗ ਵਿਚ ਜਮਹੂਰੀਅਤ ਪੱਖੀ ਕਾਰਕੁਨਾਂ ਨੇ ਦੁਬਾਰਾ ਅੰਦੋਲਨ ਸ਼ੁਰੂ ਕੀਤਾ ਹੈ। ਉਹ ਹਾਂਗਕਾਂਗ ਦੇ ਹਵਾਈ ਅੱਡੇ ਉੱਤੇ ਇਕੱਠੇ ਹੋ ਕੇ ਆਉਣ ਵਾਲੇ ਮੁਸਾਫ਼ਰਾਂ ਨੂੰ ਆਪਣੇ ਅੰਦੋਲਨ ਬਾਰੇ ਦੱਸ ਰਹੇ ਹਨ ਅਤੇ ਨਾਲ ਨਾਲ ਹਾਂਗਕਾਂਗ ਵਿਚ ਜਮਹੂਰੀਅਤ ਨੂੰ ਮਜ਼ਬੂਤ ਬਣਾਏ ਜਾਣ ਦੀ ਮੰਗ ਵੀ ਕਰ ਰਹੇ ਹਨ। ਇਨ੍ਹਾਂ ਮੁਜ਼ਾਹਰਿਆਂ ਕਾਰਨ ਹਾਂਗਕਾਂਗ ਦੇ ਹਵਾਈ ਅੱਡੇ ’ਤੇ ਮੁਸਾਫ਼ਰਾਂ ਦੇ ਆਉਣ-ਜਾਣ ’ਤੇ ਕੋਈ ਫ਼ਰਕ ਨਹੀਂ ਪਿਆ ਕਿਉਂਕਿ ਵਿਰੋਧ ਕਰਨ ਵਾਲੇ ਮੁਸਾਫ਼ਰਾਂ ਨੂੰ ਇਹ ਕਹਿ ਰਹੇ ਹਨ ਕਿ ਹਾਂਗਕਾਂਗ ਵਿਚ ਉਨ੍ਹਾਂ ਦਾ ਨਿੱਘਾ ਸਵਾਗਤ ਹੈ। ਇਹ ਮੁਜ਼ਾਹਰੇ ਅਪਰੈਲ ਵਿਚ ਸ਼ੁਰੂ ਹੋਏ ਸਨ ਜਦ ਚੀਨ ਇਕ ਇਹੋ ਜਿਹਾ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਨਾਲ ਹਾਂਗਕਾਂਗ ਵਿਚ ਜੁਰਮ ਕਰਨ ਦੇ ਦੋਸ਼ ਵਿਚ ਫੜੇ ਗਏ ਜਾਂ ਸ਼ੱਕੀ ਲੋਕਾਂ ’ਤੇ ਮੁਕੱਦਮਾ ਚਲਾਉਣ ਲਈ ਉਨ੍ਹਾਂ ਨੂੰ ਹਾਂਗਕਾਂਗ ਦੇ ਟਾਪੂ ਤੋਂ ਚੀਨ ਦੀ ਧਰਤੀ ’ਤੇ ਲਿਆਂਦਾ ਜਾ ਸਕੇ।
17ਵੀਂ ਤੇ 18ਵੀਂ ਸਦੀ ਵਿਚ ਚੀਨ ਬਹੁਤ ਤਰੱਕੀ ਕਰ ਚੁੱਕਾ ਸੀ ਤੇ ਇਸ ਦੁਆਰਾ ਬਣਾਈਆਂ ਗਈਆਂ ਵਸਤਾਂ, ਜਿਨ੍ਹਾਂ ਵਿਚ ਰੇਸ਼ਮ, ਚਾਹ ਤੇ ਚੀਨੀ ਦੇ ਬਰਤਨ ਸ਼ਾਮਲ ਹਨ, ਯੂਰੋਪ ਦੇ ਦੇਸ਼ਾਂ ਨੂੰ ਬਰਾਮਦ ਕੀਤੀਆਂ ਜਾਂਦੀਆਂ ਸਨ। ਇਨ੍ਹਾਂ ਵਸਤਾਂ ਦੀ ਭਾਰੀ ਮੰਗ ਕਾਰਨ ਇਸ ਵਪਾਰ ਵਿਚ ਚੀਨ ਦਾ ਪੱਲੜਾ ਭਾਰੀ ਸੀ। ਉਸ ਵੇਲ਼ੇ ਇੰਗਲੈਂਡ ਵੱਡੀ ਬਸਤੀਵਾਦੀ ਤਾਕਤ ਬਣ ਕੇ ਉੱਭਰ ਰਿਹਾ ਸੀ ਅਤੇ ਉਹ ਚਾਹੁੰਦਾ ਸੀ ਕਿ ਵਪਾਰ ਦਾ ਪੱਲੜਾ ਇੰਗਲੈਂਡ ਦੇ ਹੱਕ ਵਿਚ ਹੋ ਜਾਵੇ। ਇੰਗਲੈਂਡ ਦੀ ਵਪਾਰਕ ਕੰਪਨੀ ‘ਈਸਟ ਇੰਡੀਆ ਕੰਪਨੀ’ ਨੇ ਹਿੰਦੋਸਤਾਨ ਦੇ ਕੁਝ ਹਿੱਸਿਆਂ ’ਤੇ ਕਬਜ਼ਾ ਕਰਕੇ ਅਫ਼ੀਮ ਦੀ ਖੇਤੀ ਕਰਵਾਉਣੀ ਸ਼ੁਰੂ ਕੀਤੀ ਅਤੇ ਇਸ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਚੀਨ ਵਿਚ ਭੇਜਿਆ ਜਾਂਦਾ ਰਿਹਾ। ਇੰਗਲੈਂਡ ਇਹ ਵੀ ਦਬਾਓ ਪਾਉਂਦਾ ਰਿਹਾ ਕਿ ਅਫ਼ੀਮ ਦੇ ਵਪਾਰ ਨੂੰ ਕਾਨੂੰਨੀ ਕਰਾਰ ਦਿੱਤਾ ਜਾਏ। ਇਸ ਕਾਰਨ ਇੰਗਲੈਂਡ ਅਤੇ ਚੀਨ ਵਿਚ ਲੜਾਈਆਂ ਹੋਈਆਂ ਜਿਨ੍ਹਾਂ ਨੂੰ ‘ਅਫ਼ੀਮ ਉੱਤੇ ਹੋਈਆਂ ਜੰਗਾਂ’ ਕਿਹਾ ਜਾਂਦਾ ਹੈ। ਅਫ਼ੀਮ ਉੱਤੇ ਹੋਈ ਪਹਿਲੀ ਜੰਗ ਵਿਚ ਹਾਰ ਤੋਂ ਬਾਅਦ ਚੀਨ ਨੂੰ ਹਾਂਗਕਾਂਗ ਇੰਗਲੈਂਡ ਦੇ ਹਵਾਲੇ ਕਰਨਾ ਪਿਆ ਅਤੇ ਇਹ 1842 ਵਿਚ ਬਰਤਾਨਵੀ ਸਾਮਰਾਜਵਾਦ ਦਾ ਹਿੱਸਾ ਬਣ ਗਿਆ। ਹਾਂਗਕਾਂਗ ਵਪਾਰ ਦਾ ਵੱਡਾ ਧੁਰਾ ਬਣ ਚੁੱਕਾ ਹੈ ਅਤੇ ਸੈਲਾਨੀਆਂ ਲਈ ਵੀ ਖਿੱਚ ਦਾ ਕੇਂਦਰ ਹੈ। 1997 ਵਿਚ ਇੰਗਲੈਂਡ ਨੇ ਇਹ ਸ਼ਹਿਰ ਵਾਪਸ ਚੀਨ ਨੂੰ ਦੇ ਦਿੱਤਾ ਅਤੇ ਚੀਨ ਨੇ ਇੱਥੇ ਰਾਜ-ਪ੍ਰਬੰਧ ਕਰਨ ਲਈ ਵੱਖਰੇ ਅਤੇ ਖ਼ਾਸ ਪ੍ਰਬੰਧ ਕੀਤੇ ਅਤੇ ਹਾਂਗਕਾਂਗ ਨੂੰ ਖ਼ਾਸ ਰਾਜ-ਪ੍ਰਬੰਧ ਵਾਲੇ ਖ਼ਿੱਤੇ ਵਜੋਂ ਮਾਨਤਾ ਦਿੱਤੀ ਗਈ। ਰਲੇਵੇਂ ਤੋਂ ਬਾਅਦ ਚੀਨ ਨੇ ਹਾਂਗਕਾਂਗ ਨੂੰ ‘ਇਕ ਦੇਸ਼ ਤੇ ਦੋ ਤਰ੍ਹਾਂ ਦਾ ਰਾਜ-ਪ੍ਰਬੰਧ’ ਦੇ ਸਿਧਾਂਤ ਅਨੁਸਾਰ ਚਲਾਇਆ। ਹਾਂਗਕਾਂਗ ਵਿਚ ਜਮਹੂਰੀ ਢੰਗ ਨਾਲ ਚੋਣਾਂ ਹੁੰਦੀਆਂ ਹਨ। ਪ੍ਰੈਸ ਦੀ ਆਜ਼ਾਦੀ ਹੈ ਅਤੇ ਨਿਆਂ-ਪ੍ਰਬੰਧ ਨੂੰ ਵੀ ਖ਼ੁਦਮੁਖ਼ਤਾਰੀ ਹਾਸਲ ਹੈ। 2014 ਵਿਚ ਚੀਨ ਨੇ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੀ ਅਗਾਊਂ ਛਾਣਬੀਣ ਕਰਨ ਦਾ ਯਤਨ ਕੀਤਾ ਸੀ ਪਰ ਉਸ ਕਾਰਨ ਵੱਡੀ ਪੱਧਰ ਉੱਤੇ ਰੋਸ-ਮੁਜ਼ਾਹਰੇ ਹੋਏ। ਇਸੇ ਤਰ੍ਹਾਂ 2016 ਦੀਆਂ ਚੋਣਾਂ ਵਿਚ ਚੁਣੇ ਗਏ ਨੁਮਾਇੰਦਿਆਂ ਦੀ ਰਜਿਸਟਰੇਸ਼ਨ ਬਾਰੇ ਵਾਦ-ਵਿਵਾਦ ਹੋਣ ’ਤੇ ਵੀ ਅੰਦੋਲਨ ਹੋਇਆ।
ਚੀਨ ਵਾਸਤੇ ਹਾਂਗਕਾਂਗ ਦੇ ਸ਼ਹਿਰ ਵਿਚ ਅਮਨ-ਕਾਨੂੰਨ ਬਣਾਈ ਰੱਖਣਾ ਬਹੁਤ ਅਹਿਮ ਹੈ। ਇਸ ਸਬੰਧ ਵਿਚ ਚੀਨ ਤੇ ਅਮਰੀਕਾ ਵਿਚਕਾਰ ਕਸ਼ਮਕਸ਼ ਵਧੀ ਹੈ। ਅਮਰੀਕਾ ਨੇ ਚੀਨੀ ਹਕੂਮਤ ਨੂੰ ‘ਠੱਗਾਂ ਦਾ ਰਾਜ’ ਕਿਹਾ ਹੈ। ਚੀਨ ਨੇ ਅਮਰੀਕਾ ’ਤੇ ਉਸ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦੇਣ ਦਾ ਦੋਸ਼ ਲਾਇਆ ਹੈ। ਇਕ ਤਸਵੀਰ ਵਿਚ ਅਮਰੀਕੀ ਸਫ਼ਾਰਤਖ਼ਾਨੇ ਦੇ ਅਧਿਕਾਰੀ ਨੂੰ ਅੰਦੋਲਨ ਕਰ ਰਹੇ ਕਾਰਕੁਨਾਂ ਨਾਲ ਗੱਲਾਂ ਕਰਦੇ ਦੇਖਿਆ ਜਾ ਸਕਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਚੀਨ ਨੂੰ ਇਸ ਮਸਲੇ ਨੂੰ ਬਹੁਤ ਸੰਵੇਦਨਸ਼ੀਲਤਾ ਨਾਲ ਨਜਿੱਠਣਾ ਪਏਗਾ। ਅਧਿਕਾਰੀਆਂ ਨੇ ਦੱਸਿਆ ਹੈ ਕਿ ਪ੍ਰਸਤਾਵਿਤ ਬਿਲ ਪੇਸ਼ ਨਹੀਂ ਕੀਤਾ ਜਾਵੇਗਾ। ਅੰਦੋਲਨ ਕਰ ਰਹੇ ਕਾਰਕੁਨਾਂ ਦੀ ਮੰਗ ਹੈ ਕਿ ਵਿਵਾਦਗ੍ਰਸਤ ਬਿਲ ਨੂੰ ਪੂਰੀ ਤਰ੍ਹਾਂ ਵਾਪਸ ਲਿਆ ਜਾਏ। ਚੀਨ ਨੇ ਅੰਦੋਲਨ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਵੀ ਚਿਤਾਵਨੀ ਦਿੱਤੀ ਹੈ। ਕੌਮਾਂਤਰੀ ਮਾਮਲਿਆਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਹਾਂਗਕਾਂਗ ਵਿਚ ਹਾਲਤ ਬਹੁਤ ਨਾਜ਼ੁਕ ਅਤੇ ਪੇਚੀਦਾ ਹੈ ਪਰ ਅਮਰੀਕਾ ਜਾਂ ਕਿਸੇ ਹੋਰ ਕੌਮਾਂਤਰੀ ਤਾਕਤ ਵੱਲੋਂ ਇਸ ਵਿਚ ਦਿੱਤਾ ਗਿਆ ਦਖ਼ਲ ਮਾਮਲੇ ਨੂੰ ਹੋਰ ਉਲਝਾ ਸਕਦਾ ਹੈ।


Comments Off on ਨਾਜ਼ੁਕ ਤੇ ਪੇਚੀਦਾ ਮਸਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.