ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼ !    ਕੀ ਅਸੀਂ ਕਦੇ ਜਾਗਾਂਗੇ ? !    ਨਿਵਾਣਾਂ ਵੱਲ ਜਾਂਦੀ ਰਾਜਨੀਤੀ !    ਜਪਾਨ ਤੋਂ ਸਬਕ ਸਿੱਖੇ ਪੰਜਾਬ !    ਤੁਸ਼ਾਮ ਦੀ ਬਾਰਾਂਦਰੀ !    ਠੰਢਾ ਲੋਹਾ !    ਇੱਛਾਵਾਂ ਦੇ ਦਮਨ ਦਾ ਦੁਖਾਂਤ !    ਪੰਜਾਬੀ ਸਿਨੇਮਾ ਦਾ ਇਤਿਹਾਸ !    ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ !    ਗ਼ਜ਼ਲ !    

ਨਵੇਂ ਪੌਦੇ ਲਾਉਣ ਦਾ ਢੁਕਵਾਂ ਵੇਲਾ

Posted On August - 3 - 2019

ਇਹ ਮੌਸਮ ਨਵੇਂ ਪੌਦੇ ਲਗਾਉਣ ਲਈ ਢੁੱਕਵਾਂ ਹੈ। ਪੰਜਾਬ ਵਿੱਚ ਰੁੱਖਾਂ ਦੀ ਘਾਟ ਹੈ। ਸੜਕਾਂ ਕੰਢੇ ਹੀ ਕੁਝ ਰੁੱਖ ਸਨ ਪਰ ਸੜਕਾਂ ਚੌੜੀਆਂ ਕਰਨ ਦੇ ਪ੍ਰੋਗਰਾਮ ਅਧੀਨ ਇਹ ਰੁੱਖ ਵੀ ਕੱਟੇ ਜਾ ਰਹੇ ਹਨ। ਸਾਨੂੰ ਨਵੇਂ ਪੌਦੇ ਲਗਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਹੁਣ ਸਦਾਬਹਾਰ ਫ਼ਲਦਾਰ ਬੂਟਿਆਂ ਨੂੰ ਲਗਾਉਣ ਲਈ ਢੁਕਵਾਂ ਸਮਾਂ ਹੈ। ਪੰਜਾਬ ਵਿੱਚ ਕਿਨੂੰ, ਅਮਰੂਦ, ਬੇਰ, ਅੰਬ ਤੇ ਨਿੰਬੂ ਆਦਿ ਦੇ ਬੂਟੇ ਲਗਾਏ ਜਾ ਸਕਦੇ ਹਨ। ਪੰਜਾਬ ਖੇਤਬਾੜੀ ਯੂਨੀਵਰਸਿਟੀ ਵੱਲੋਂ ਕਿੰਨੂ ਦੀ ਨਵੀਂ ਕਿਸਮ ਪੀ.ਏ.ਯੂ. ਕਿੰਨੂ-1, ਤਿਆਰ ਕੀਤੀ ਹੈ। ਇਸ ਕਿਸਮ ਦੇ ਹੀ ਬੂਟੇ ਲਗਾਏ ਜਾਣ। ਇਸ ਵਿੱਚ ਬੀਜ ਬਹੁਤ ਘੱਟ ਹੁੰਦੇ ਹਨ। ਵਲੈਨਸ਼ੀਆ, ਮੁਸੰਮੀ, ਜਾਫ਼ਾ, ਬਲੱਡ ਰੈੱਡ ਅਤੇ ਅਰਲੀ ਗੋਲਡ ਮਾਲਟੇ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਸਟਾਰਰੂਬੀ, ਰੈਡਬਲੱਸ਼, ਮਾਰਸ਼ਸੀਡਲੈੱਸ, ਡੰਕਨ ਅਤੇ ਫ਼ੋਸਟਰ ਗਰੇਪਫ਼ਰੂਟ ਦੀਆਂ ਕਿਸਮਾਂ ਹਨ। ਨਿੰਬੂ ਦੀਆਂ ਯੂਰੇਕਾ, ਪੰਜਾਬ ਬਾਰਾਮਾਸੀ ਨਿੰਬੂ ਅਤੇ ਪੀ.ਏ.ਯੂ. ਬਾਰਾਮਾਸੀ ਨਿੰਬੂ-1 ਕਿਸਮਾਂ ਹਨ।
ਅਮਰੂਦ ਲਗਭਗ ਹਰ ਥਾਂ ਹੀ ਹੋ ਜਾਂਦਾ ਹੈ, ਇਸ ਵਿੱਚ ਵਿਟਾਮਿਨ ਸੀ ਕਾਫ਼ੀ ਹੁੰਦਾ ਹੈ। ਪੰਜਾਬ ਵਿਚ ਕਾਸ਼ਤ ਲਈ ਸ਼ਵੇਤਾ, ਪੰਜਾਬ ਪਿੰਕ, ਅਰਕਾ ਅਮੁਲਿਆ, ਸਰਦਾਰ, ਅਲਾਹਾਬਾਦ ਸਫ਼ੈਦਾ, ਪੰਜਾਬ ਸਫ਼ੈਦਾ ਅਤੇ ਪੰਜਾਬ ਕਿਰਨ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਅੰਬ ਨੂੰ ਫ਼ਲਾਂ ਦਾ ਰਾਜਾ ਮੰਨਿਆ ਜਾਂਦਾ ਹੈ। ਇਸ ਵਿਚ ਬਹੁਤ ਖ਼ੁਰਾਕੀ ਤੱਤ ਜਿਵੇਂ ਕਿ ਵਿਟਾਮਿਨ ਏ, ਬੀ, ਸੀ, ਕੈਲਸ਼ੀਅਮ, ਫ਼ਾਸਫ਼ੋਰਸ ਅਤੇ ਲੋਹਾ ਚੋਖੀ ਮਾਤਰਾ ਵਿਚ ਹੁੰਦੇ ਹਨ। ਪੰਜਾਬ ਵਿਚ ਕਾਸ਼ਤ ਲਈ ਅਲਫ਼ੈਜ਼ੋ, ਦੁਸਹਿਰੀ ਅਤੇ ਲੰਗੜਾ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਪੰਜਾਬ ਵਿਚ ਚੂਪਣ ਵਾਲੇ ਅੰਬਾਂ ਦੇ ਵਧੇਰੇ ਬਗੀਚੇ ਸਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਚੂਪਣ ਵਾਲੇ ਅੰਬਾਂ ਦੀਆਂ ਅੱਠ ਕਿਸਮਾਂ ਦੀ ਚੋਣ ਕੀਤੀ ਗਈ ਹੈ। ਇਹ ਹਨ; ਗੰਗੀਆਂ ਸੰਧੂਰੀ, ਜੀ.ਐੱਨ.-1, ਜੀ.ਐੱਨ.-2, ਜੀ.ਐੱਨ.-3, ਜੀ.ਐੱਨ.-4, ਜੀ.ਐੱਨ.-5, ਜੀ.ਐੱਨ.-6 ਅਤੇ ਜੀ.ਐੱਨ.-7; ਇਨ੍ਹਾਂ ਵਿੱਚੋਂ ਕਿਸੇ ਵੀ ਕਿਸਮ ਦੇ ਬੂਟੇ ਲਗਾਏ ਜਾ ਸਕਦੇ ਹਨ। ਕੋਸ਼ਿਸ਼ ਕਰੋ ਕਿ ਗੰਗੀਆਂ ਸੰਧੂਰੀ ਕਿਸਮ ਦਾ ਬੂਟਾ ਲਗਾਇਆ ਜਾਵੇ । ਬੇਰਾਂ ਅਤੇ ਜਾਮਣਾਂ ਨੂੰ ਕਦੇ ਗ਼ਰੀਬਾਂ ਦੇ ਫ਼ਲ ਮੰਨਿਆ ਜਾਂਦਾ ਸੀ ਕਿਉਂਕਿ ਇਹ ਰੁੱਖ ਆਮ ਹੁੰਦੇ ਸਨ ਤੇ ਤੋੜਣ ਉਤੇ ਮਨਾਹੀ ਨਹੀਂ ਸੀ। ਹੁਣ ਇਹ ਦੋਵੇਂ ਫ਼ਲ ਸਭ ਤੋਂ ਮਹਿੰਗੇ ਹਨ। ਜਾਮਣ ਦੀ ਕੋਈ ਕਿਸਮ ਵਿਕਸਤ ਨਹੀਂ ਹੋਈ। ਇਸ ਕਰ ਕੇ ਵਧੀਆ ਜਾਮਣਾਂ ਦੀਆਂ ਗਿਟਕਾਂ ਤੋਂ ਬੂਟੇ ਬਣਾਏ ਜਾ ਸਕਦੇ ਹਨ।

ਡਾ. ਰਣਜੀਤ ਸਿੰਘ

ਬੇਰਾਂ ਦੀਆਂ ਵਲੈਤੀ, ਉਮਰਾਨ, ਸਨੋਰ-2 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਲੀਚੀ ਦੇ ਬੂਟੇ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਵਿਚ ਸਫ਼ਲਤਾ ਨਾਲ ਲਗਾਏ ਜਾ ਸਕਦੇ ਹਨ। ਦੇਹਰਾਦੂਨ, ਕਲਕੱਤੀਆ ਅਤੇ ਸੀਡਲੈੱਸ ਲੇਟ ਵਧੀਆ ਕਿਸਮਾਂ ਹਨ। ਇਹ ਬੂਟੇ ਗਰਮੀ ਘੱਟ ਹੋਣ ’ਤੇ ਸਤੰਬਰ ਦੇ ਮਹੀਨੇ ਲਗਾਏ ਜਾਂਦੇ ਹਨ। ਆਂਵਲੇ ਦੀ ਵਰਤੋਂ ਅਚਾਰ ਅਤੇ ਮੁਰੱਬਾ ਦੇ ਰੂਪ ਵਿਚ ਹਰ ਘਰ ਵਿਚ ਕੀਤੀ ਜਾਂਦੀ ਹੈ। ਇਸ ਦੇ ਬੂਟੇ ਸਾਰੇ ਸੂਬੇ ਵਿਚ ਲਗਾਏ ਜਾ ਸਕਦੇ ਹਨ। ਬਲਵੰਤ, ਨੀਲਮ ਅਤੇ ਕੰਚਨ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ।
ਚੀਕੂ ਦਾ ਬੂਟਾ ਵੀ ਘਰ ਬਗ਼ੀਚੀ ਵਿਚ ਲਗਾਇਆ ਜਾ ਸਕਦਾ ਹੈ। ਕਾਲੀਪੱਤੀ ਅਤੇ ਕ੍ਰਿਕਟ ਬਾਲ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਲੁਕਾਠ ਦਾ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ। ਕੈਲੇਫੋਰਨੀਆਂ ਐਡਵਾਂਸ, ਗੋਲਡਨ ਯੈਲੋ ਅਤੇ ਪੇਲ ਯੈਲੋ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਬਿਲ ਦਾ ਰਸ ਪੀਣ ਲਈ ਵਰਤਿਆ ਜਾਂਦਾ ਹੈ। ਇਹ ਬਹੁਤ ਗੁਣਕਾਰੀ ਹੁੰਦਾ ਹੈ। ਕਾਗਜ਼ੀ ਸਿਫ਼ਾਰਸ਼ ਕੀਤੀ ਕਿਸਮ ਹੈ।
ਮੱਕੀ ਦੀ ਬਿਜਾਈ ਜੇ ਹੁਣ ਕੀਤੀ ਜਾਵੇ ਤਾਂ ਇਸ ਦਾ ਝਾੜ ਵੱਧ ਪ੍ਰਾਪਤ ਹੁੰਦਾ ਹੈ ਅਤੇ ਇਸ ਨੂੰ ਬਿਮਾਰੀਆਂ ਵੀ ਘੱਟ ਲਗਦੀਆਂ ਹਨ। ਹੁਣ ਦੇ ਮੌਸਮ ਲਈ ਦੋਗਲੀਆਂ ਕਿਸਮਾਂ ਪੀ.ਐੱਮ.ਐੱਚ.-11, ਪੀ.ਐੱਮ.ਐੱਚ.-1 ਅਤੇ ਪੀ.ਐੱਮ.ਐੱਚ.-2 ਦੀ ਬਿਜਾਈ ਕੀਤੀ ਜਾਵੇ। ਪੀ.ਐੱਮ.ਐੱਚ.-1 ਦਾ ਝਾੜ 22 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਪੱਕਣ ਲਈ ਕੇਵਲ 95 ਦਿਨ ਲਵੇਗੀ। ਪੀ.ਐੱਮ.ਐੱਚ.-2 ਕੇਵਲ 83 ਦਿਨਾਂ ਵਿੱਚ ਹੀ ਪੱਕ ਜਾਂਦੀ ਹੈ। ਜੇ ਵੱਟਾਂ ਉੱਤੇ ਬਿਜਾਈ ਕੀਤੀ ਜਾਵੇ ਤਾਂ ਪਾਣੀ ਦੀ ਬੱਚਤ ਵੀ ਹੁੰਦੀ ਹੈ ਤੇ ਫ਼ਸਲ ਦਾ ਬਰਸਾਤ ਨਾਲ ਨੁਕਸਾਨ ਵੀ ਘੱਟ ਹੁੰਦਾ ਹੈ।
ਬੈਂਗਣਾਂ ਦੀ ਪਨੀਰੀ ਨੂੰ ਪੁਟ ਕੇ ਖੇਤ ਵਿਚ ਲਗਾਉਣ ਲਈ ਇਹ ਢੁਕਵਾਂ ਸਮਾਂ ਹੈ। ਪੰਜਾਬ ਨੀਲਮ, ਪੀ ਬੀ ਐੱਚ ਆਰ-41, ਪੀ ਬੀ ਐੱਚ ਆਰ-42 ਅਤੇ ਬੀ.ਐੱਚ.-2 ਗੋਲ ਬੈਂਗਣਾਂ ਦੀਆਂ ਕਿਸਮਾਂ ਹਨ ਜਦੋਂਕਿ ਪੰਜਾਬ ਰੌਣਕ, ਪੰਜਾਬ ਬਰਸਾਤੀ, ਪੀ ਬੀ ਐੱਚ-4, ਪੀ ਬੀ ਐੱਚ-5 ਤੇ ਪੰਜਾਬ ਸਦਾ ਬਹਾਰ ਲੰਬੇ ਬੈਂਗਣਾਂ ਦੀਆਂ ਕਿਸਮਾਂ ਹਨ। ਪੀ.ਬੀ.ਐੱਚ.-3 ਤੇ ਪੰਜਾਬ ਨਗੀਨਾ ਬੈਂਗਣੀਂ (ਛੋਟੇ ਬੈਂਗਣ) ਦੀਆਂ ਕਿਸਮਾਂ ਹਨ। ਸਭ ਤੋਂ ਵੱਧ ਝਾੜ 270 ਕੁਇੰਟਲ ਪੀ.ਬੀ.ਐੱਚ.-4 ਕਿਸਮ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਟਮਾਟਰਾਂ ਦੀ ਪਨੀਰੀ ਵੀ ਤਿਆਰ ਹੋ ਗਈ ਹੋਵੇਗੀ। ਉਸ ਨੂੰ ਪੁੱਟ ਕੇ ਖੇਤ ਵਿੱਚ ਲਗਾਉਣ ਦਾ ਹੁਣ ਢੁੱਕਵਾਂ ਸਮਾਂ ਹੈ। ਇਸ ਮੌਸਮ ਵਿੱਚ ਪੰਜਾਬ ਵਰਖਾ ਬਹਾਰ-1, ਪੰਜਾਬ ਵਰਖਾ ਬਹਾਰ-2 ਜਾਂ ਪੰਜਾਬ ਵਰਖਾ ਬਹਾਰ-4 ਕਿਸਮ ਦੀ ਕਾਸ਼ਤ ਕਰੋ। ਪੰਜਾਬ ਵਰਖਾ ਬਹਾਰ-4 ਕਿਸਮ ਤੋਂ 250 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਟਮਾਟਰਾਂ ਦੀਆਂ ਦੋਗਲੀਆਂ ਕਿਸਮਾਂ ਪੀ.ਟੀ.ਐੱਚ-2 ਅਤੇ ਟੀ.ਐੱਚ-1 ਵੀ ਤਿਆਰ ਕੀਤੀਆਂ ਗਈਆਂ ਹਨ।
ਗੋਭੀ ਦੀ ਮੁੱਖ ਫ਼ਸਲ ਲਈ ਹੁਣ ਪਨੀਰੀ ਪੁੱਟ ਕੇ ਖੇਤ ਵਿਚ ਲਗਾਉਣ ਦਾ ਢੁਕਵਾਂ ਸਮਾਂ ਹੈ। ਬਰੋਕਲੀ ਖ਼ੁਰਾਕੀ ਤੱਤਾਂ ਭਰਪੂਰ ਸਬਜ਼ੀ ਹੈ। ਇਸ ਵਿਚਲੇ ਖ਼ੁਰਾਕੀ ਤੱਤ ਕੈਂਸਰ ਤੇ ਕਲੈਸਟਰੋਲ ਨੂੰ ਘੱਟ ਕਰਨ ਵਿਚ ਵੀ ਸਹਾਇਤਾ ਕਰਦੇ ਹਨ। ਪਾਲਮਸਮਰਿਧੀ ਅਤੇ ਪੰਜਾਬ ਬਰੌਕਲੀ-1 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਕ ਏਕੜ ਵਿਚੋਂ 70 ਕੁਇੰਟਲ ਝਾੜ ਪ੍ਰਾਪਤ ਹੋ ਜਾਂਦਾ ਹੈ। ਜੇ ਬਰੋਕਲੀ ਦੀ ਕਾਸ਼ਤ ਕਰਨੀ ਚਾਹੁੰਦੇ ਹੋ ਤਾਂ ਇਸ ਦੀ ਪਨੀਰੀ ਬੀਜਣ ਦਾ ਹੁਣ ਢੁੱਕਵਾਂ ਸਮਾਂ ਹੈ। ਇਕ ਮਹੀਨੇ ਦੀ ਪਨੀਰੀ ਨੂੰ ਖੇਤ ਵਿਚ ਪੁਟ ਕੇ ਲਗਾਇਆ ਜਾ ਸਕਦਾ ਹੈ। ਇਕ ਏਕੜ ਲਈ ਪਨੀਰੀ ਤਿਆਰ ਕਰਨ ਵਾਸਤੇ 250 ਗ੍ਰਾਮ ਬੀਜ ਚਾਹੀਦਾ ਹੈ।


Comments Off on ਨਵੇਂ ਪੌਦੇ ਲਾਉਣ ਦਾ ਢੁਕਵਾਂ ਵੇਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.