ਕਿਰਤੀਆਂ ਦੇ ਬੱਚੇ ਮਾਪਿਆਂ ਨਾਲ ਵਟਾ ਰਹੇ ਨੇ ਹੱਥ !    ਗੁਰੂ ਨਾਨਕ ਦੇਵ ਜੀ ਦੀ ਬਾਣੀ : ਸਮਾਜਿਕ ਸੰਘਰਸ਼ ਦੀ ਸਾਖੀ !    ਝਾਰਖੰਡ ਚੋਣਾਂ: ਭਾਜਪਾ ਵੱਲੋਂ 52 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ !    ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਸ਼ਖ਼ਸੀਅਤਾਂ ਦਾ ਸਨਮਾਨ !    ਕਸ਼ਮੀਰ ’ਚ ਪੰਜਵੀਂ ਤੇ ਨੌਵੀਂ ਜਮਾਤ ਦੇ ਦੋ ਪੇਪਰ ਮੁਲਤਵੀ !    ਹਿਮਾਚਲ ਵਿੱਚ 14 ਤੋਂ ਬਰਫ਼ਬਾਰੀ ਅਤੇ ਮੀਂਹ ਦੇ ਆਸਾਰ !    ਭਾਜਪਾ ਵਿਧਾਇਕ ਦੀ ਵੀਡੀਓ ਵਾਇਰਲ, ਜਾਂਚ ਮੰਗੀ !    ਗੂਗਲ ਮੈਪ ’ਤੇ ਪ੍ਰੋਫਾਈਲ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ !    ਵਾਤਾਵਰਨ ਤਬਦੀਲੀ ਦੇ ਰੋਸ ਵਜੋਂ ਮਕਾਨ ਦਾ ਮਾਡਲ ਡੋਬਿਆ !    ਕੱਚੇ ਤੇਲ ਦੇ ਖੂਹ ਮਿਲੇ: ਰੂਹਾਨੀ !    

ਧਾਰਮਿਕ ਕਰਮਕਾਂਡ ਰਹਿਤ ਮੰਦਰ

Posted On August - 17 - 2019

ਪ੍ਰੋ. ਜਸਪ੍ਰੀਤ ਕੌਰ
ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਸਥਿਤ ਲੋਟਸ ਟੈਂਪਲ (ਕਮਲ ਮੰਦਰ) ਸ਼ਾਂਤੀ, ਪਿਆਰ ਅਤੇ ਏਕਤਾ ਦਾ ਪ੍ਰਤੀਕ ਹੈ। ਇਸ ਨੂੰ ਬਹਾਈ ਉਪਾਸਨਾ ਮੰਦਰ ਵੀ ਕਿਹਾ ਜਾਂਦਾ ਹੈ। ਕਮਲ ਦੇ ਫੁੱਲ ਦੀ ਆਕ੍ਰਿਤੀ ਵਾਂਗ ਹੀ ਬਣਾਏ ਜਾਣ ਕਰਕੇ ਇਸ ਨੂੰ ਕਮਲ ਮੰਦਰ ਕਿਹਾ ਜਾਂਦਾ ਹੈ। ਆਪਣੇ ਫੁੱਲ ਵਰਗੇ ਆਕਾਰ ਕਰਕੇ ਇਹ ਹਰ ਕਿਸੇ ਦਾ ਧਿਆਨ ਖਿੱਚਦਾ ਹੈ।
ਭਾਵੇਂ ਇਹ ਮੰਦਰ ਦੇ ਨਾਂ ਨਾਲ ਪ੍ਰਸਿੱਧ ਹੈ, ਪਰ ਇੱਥੇ ਕੋਈ ਵੀ ਮੂਰਤੀ ਨਹੀਂ, ਕੋਈ ਵੀ ਰੱਬ ਦੀ ਪੂਜਾ ਨਹੀਂ ਹੈ ਅਤੇ ਨਾ ਹੀ ਕੋਈ ਧਾਰਮਿਕ ਕਰਮ-ਕਾਂਡ ਹੈ। ਇਸ ਵਿਚ ਸਾਰੇ ਧਰਮਾਂ ਦੇ ਲੋਕਾਂ ਲਈ ਧਿਆਨ ਲਗਾਉਣ ਜਾਂ ਉਪਾਸਨਾ ਕਰਨ ਲਈ ਵਿਸ਼ਾਲ ਪ੍ਰਾਰਥਨਾ ਘਰ ਬਣਿਆ ਹੋਇਆ ਹੈ। ਇਹ ਏਸ਼ੀਆ ਦਾ ਇਕੋ ਇਕ ਬਹਾਈ ਮੰਦਰ ਹੈ। ਪੂਰੇ ਵਿਸ਼ਵ ਵਿਚ ਸੱਤ ਬਹਾਈ ਮੰਦਰ ਹਨ। ਕਮਲ ਮੰਦਰ ਤੋਂ ਇਲਾਵਾ ਛੇ ਮੰਦਰ ਐਪੀਆ-ਪੱਛਮੀ ਸਮੋਆ, ਸਿਡਨੀ-ਆਸਟਰੇਲੀਆ, ਕੰਪਾਲਾ-ਯੂਗਾਂਡਾ, ਪਨਾਮਾ ਸਿਟੀ-ਪਨਾਮਾ, ਫਰੈਂਕਫਰਟ-ਜਰਮਨੀ ਅਤੇ ਵਿਲਮੋਂਟ- ਸੰਯੁਕਤ ਰਾਜ ਅਮਰੀਕਾ ਵਿਚ ਹਨ। ਹਰ ਮੰਦਰ ਦੀਆਂ ਕੁਝ ਬੁਨਿਆਦੀ ਰੂਪ ਰੇਖਾਵਾਂ ਮਿਲਦੀ ਜੁਲਦੀਆਂ ਹਨ, ਪਰ ਕੁਝ ਦੇਸ਼ਾਂ ਵਿਚ ਆਪਣੀ ਆਪਣੀ ਸੰਸਕ੍ਰਿਤੀ ਦੀ ਪਛਾਣ ਨੂੰ ਦਰਸਾਉਣ ਵਾਲੀ ਵੱਖਰਤਾ ਵੀ ਹੈ। ਇਨ੍ਹਾਂ ਸਾਰੇ ਮੰਦਰਾਂ ਦੇ ਨੌਂ ਦਰਵਾਜ਼ੇ ਅਤੇ ਨੌ ਕੋਨੇ ਹੋਣਾ ਇਨਾਂ ਦੀ ਸਰਬਵਿਆਪੀ ਵਿਲੱਖਣਤਾ ਹੈ। ਮੰਨਿਆ ਜਾਂਦਾ ਹੈ ਕਿ ਨੌਂ ਸਭ ਤੋਂ ਵੱਡਾ ਅੰਕ ਹੈ ਅਤੇ ਇਹ ਪਸਾਰ, ਏਕਤਾ ਅਤੇ ਅਖੰਡਤਾ ਨੂੰ ਦਰਸਾਉਂਦਾ ਹੈ। ਇਸ ਦ੍ਰਿਸ਼ਟੀ ਨਾਲ ਇਹ ਮੰਦਰ ‘ਅਨੇਕਤਾ ਵਿਚ ਏਕਤਾ’ ਦੇ ਸਿਧਾਂਤ ਨੂੰ ਯਥਾਰਥ ਰੂਪ ਦਿੰਦਾ ਹੈ।
ਬਹਾਈ ਧਰਮ 19ਵੀਂ ਸਦੀ ਵਿਚ 1844 ਵਿਚ ਸਥਾਪਿਤ ਕੀਤਾ ਨਵਾਂ ਧਰਮ ਹੈ। ਇਸ ਦਾ ਸੰਸਥਾਪਕ ਬਹਾਉਲ੍ਹਾ ਨਾਮਕ ਸੰਤ ਹੈ। ਬਹਾਈ ਧਰਮ ਅਜਿਹਾ ਧਰਮ ਹੈ ਜਿਸ ਵਿਚ ਹਰ ਵਿਅਕਤੀ ਆਜ਼ਾਦ ਹੈ। ਇਸ ਧਰਮ ਦੇ ਪੈਰੋਕਾਰ ਜਾਤ, ਧਰਮ, ਭਾਸ਼ਾ, ਰੰਗ, ਵਰਗ ਆਦਿ ਨੂੰ ਨਹੀਂ ਮੰਨਦੇ। ਇਸ ਧਰਮ ਵਿਚ ਧਰਮ ਗੁਰੂ, ਪੁਜਾਰੀ, ਮੌਲਵੀ ਜਾਂ ਪਾਦਰੀ ਸ਼੍ਰੇਣੀ ਨਹੀਂ ਹੈ। ਇਹ ਧਰਮ ਵਿਸ਼ਵ ਸ਼ਾਂਤੀ ਅਤੇ ਵਿਸ਼ਵ ਏਕਤਾ, ਔਰਤ-ਮਰਦ ਦੀ ਬਰਾਬਰੀ ਅਤੇ ਸਾਰਿਆਂ ਲਈ ਨਿਆਂ ਵਿਚ ਵਿਸ਼ਵਾਸ ਕਰਦਾ ਹੈ।
ਇਹ ਮੰਦਰ ਨਵੀਂ ਦਿੱਲੀ ਦੇ ਬਹਾਪੁਰ ਪਿੰਡ ਵਿਚ ਸਥਿਤ ਹੈ। ਇਸਦਾ ਆਰਕੀਟੈਕਟ ਇਰਾਨੀ ਵਾਸਤੂਕਾਰ ਫਰੀਬੋਰਜ਼ ਸਾਹਬਾ ਸੀ ਜੋ ਅੱਜਕੱਲ੍ਹ ਕੈਲੀਫੋਰਨੀਆ ਵਿਚ ਰਹਿੰਦਾ ਹੈ। ਇਸ ਮੰਦਰ ਦੀ ਉਸਾਰੀ ਲਈ ਉਸ ਨਾਲ 1976 ਵਿਚ ਸੰਪਰਕ ਕੀਤਾ ਗਿਆ ਸੀ। ਬ੍ਰਿਟਿਸ਼ ਫਰਮ ਇੰਜਨੀਅਰ ਫਿੰਟ ਅਤੇ ਨੀਲ ਵੱਲੋਂ 18 ਮਹੀਨਿਆਂ ਦੌਰਾਨ ਢਾਂਚਾਗਤ ਡਿਜ਼ਾਇਨ ਤਿਆਰ ਕੀਤਾ ਗਿਆ ਅਤੇ ਉਸਾਰੀ ਦਾ ਕੰਮ 10 ਕਰੋੜ ਡਾਲਰ ਦੀ ਲਾਗਤ ਨਾਲ ਲਾਰਸਨ ਐਂਡ ਟੂਬਰੋ ਲਿਮਟਿਡ ਦੇ ਨਿਰਮਾਣ ਗਰੁੱਪ ਵੱਲੋਂ ਕੀਤਾ ਗਿਆ ਸੀ। ਇਸਦੇ ਉਸਾਰੀ ਬਜਟ ਦਾ ਇਕ ਹਿੱਸਾ ਸਥਾਨਕ ਪੌਦਿਆਂ ਅਤੇ ਫੁੱਲਾਂ ਦਾ ਅਧਿਐਨ ਕਰਨ ਲਈ ਗਰੀਨ ਹਾਊਸ ਬਣਾਉਣ ਲਈ ਬਚਾਇਆ ਗਿਆ ਸੀ। ਇਸ ਮੰਦਰ ਨੂੰ ਬਣਾਉਣ ਲਈ ਇਕ ਦਹਾਕੇ ਤੋਂ ਵੱਧ ਸਮਾਂ ਲੱਗਿਆ ਹੈ। ਇਹ ਵਾਸਤੂ ਸ਼ਿਲਪ ਦਾ ਸ਼ਾਨਦਾਰ ਨਮੂਨਾ ਹੈ।
ਕਮਲ ਮੰਦਰ ਨੂੰ ਤਕਰੀਬਨ 700 ਇੰਜਨੀਅਰਾਂ, ਤਕਨੀਸ਼ੀਅਨਾਂ ਅਤੇ ਕਲਾਕਾਰਾਂ ਨੇ ਮਿਲ ਕੇ ਬਣਾਇਆ। ਇਸ ਨੂੰ ਅੱਧੇ ਖਿੜੇ ਕਮਲ ਦੇ ਫੁੱਲ ਦੀ ਤਰ੍ਹਾਂ ਬਿਨਾਂ ਕਿਸੇ ਬਾਹਰੀ ਸਹਾਰੇ ਦੇ ਖੜ੍ਹੀਆਂ 27 ਸਫ਼ੈਦ ਸੰਗਮਰਮਰ ਦੀਆਂ ਪੰਖੜੀਆਂ ਨਾਲ ਬਣਾਇਆ ਗਿਆ ਹੈ ਜੋ ਤਿੰਨ ਚੱਕਰਾਂ ਵਿਚ ਸਥਾਪਿਤ ਹਨ। ਹਰ ਚੱਕਰ ਵਿਚ 9-9 ਪੱਤੀਆਂ ਹਨ। ਇਸ ਮੰਦਰ ਨੂੰ ਬਣਾਉਣ ਲਈ ਜਿਸ ਪੱਥਰ ਦੀ ਵਰਤੋਂ ਕੀਤੀ ਗਈ ਹੈ, ਉਸ ਨੂੰ ਗ੍ਰੀਸ ਤੋਂ ਮੰਗਵਾਇਆ ਗਿਆ ਸੀ। ਮੰਦਰ ਵਿਚ ਇਕ ਸਮੇਂ ’ਤੇ 2500 ਲੋਕਾਂ ਦੇ ਬੈਠਣ ਦੀ ਥਾਂ ਹੈ। ਇਸਦਾ ਕੁੱਲ ਏਰੀਆ 26 ਏਕੜ 10.5 ਹੈਕਟੇਅਰ ਵਿਚ ਫੈਲਿਆ ਹੋਇਆ ਹੈ। ਇਸ ਦੇ ਚਾਰੋਂ ਪਾਸੇ 9 ਦਰਵਾਜ਼ੇ ਬਣਾਏ ਗਏ ਹਨ ਜੋ ਕੇਂਦਰ ’ਚ ਬਣੇ ਵਿਸ਼ਾਲ ਹਾਲ ਵਿਚ ਖੁੱਲ੍ਹਦੇ ਹਨ। ਇਹ ਸਾਰੇ ਪਾਸਿਓਂ ਵਿਸ਼ਾਲ ਘਾਹ ਦੇ ਮੈਦਾਨ ਅਤੇ 9 ਵੱਡੇ ਤਲਾਬਾਂ ਨਾਲ ਘਿਰਿਆ ਹੋਇਆ ਹੈ ਜੋ ਨਾ ਕੇਵਲ ਉਸ ਦੀ ਸੁੰਦਰਤਾ ਵਧਾਉਂਦੇ ਹਨ ਬਲਕਿ ਸਾਰੀ ਇਮਾਰਤ ਨੂੰ ਕੁਦਰਤੀ ਤੌਰ ’ਤੇ ਠੰਢਾ ਰੱਖਣ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਇਹ ਸੂਰਜੀ ਊਰਜਾ ਦੀ ਵਰਤੋਂ ਕਰਨ ਵਾਲਾ ਦਿੱਲੀ ਦਾ ਪਹਿਲਾ ਮੰਦਰ ਹੈ।
ਇਸ ਵਿਚ ਹਜ਼ਾਰਾਂ ਲੋਕ ਪ੍ਰਾਰਥਨਾ ਅਤੇ ਧਿਆਨ ਕਰਨ ਲਈ ਆਉਂਦੇ ਹਨ। ਇੰਨਾ ਹੀ ਨਹੀਂ ਲੋਕ ਕਮਲ ਮੰਦਰ ਦੀ ਲਾਇਬ੍ਰੇਰੀ ਵਿਚ ਬੈਠਦੇ ਹਨ, ਧਰਮ ਦੀਆਂ ਕਿਤਾਬਾਂ ਪੜ੍ਹਦੇ ਹਨ ਅਤੇ ਖੋਜ ਕਾਰਜਾਂ ਲਈ ਵੀ ਆਉਂਦੇ ਹਨ। ਆਪਣੇ ਮਨਮੋਹਕ ਆਕਾਰ ਕਾਰਨ ਇਸਨੇ ਬਹੁਤ ਸਾਰੇ ਅੰਤਰਰਾਸ਼ਟਰੀ ਐਵਾਰਡ ਵੀ ਜਿੱਤੇ ਹਨ। ਇਸ ਵਿਚ ਹਰ ਸਾਲ ਤਕਰੀਬਨ 4 ਮਿਲੀਅਨ ਤੋਂ ਵੀ ਜ਼ਿਆਦਾ ਯਾਤਰੀ ਆਉਂਦੇ ਹਨ ਅਤੇ ਲਗਪਗ 10,000 ਲੋਕ ਰੋਜ਼ਾਨਾ ਆ ਰਹੇ ਹਨ।
ਸੰਪਰਕ: 94178-31583

 


Comments Off on ਧਾਰਮਿਕ ਕਰਮਕਾਂਡ ਰਹਿਤ ਮੰਦਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.