ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਦੰਦਾਂ ਦੀ ਸਾਂਭ ਸੰਭਾਲ

Posted On August - 2 - 2019

ਡਾ. ਰਮਨਜੋਤ

ਦੰਦ ਮਨੁੱਖੀ ਸਰੀਰ ਦਾ ਅਹਿਮ ਅੰਗ ਹਨ। ਮੂੰਹ ਦੀ ਖੂਬਸੂਰਤੀ ਅਤੇ ਸਰੀਰਕ ਤੰਦਰੁਸਤੀ ਲਈ ਇਨ੍ਹਾਂ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ। ਪੰਜਾਬੀ ਗੀਤਾਂ ’ਚ ਦੰਦਾਂ ਦੇ ਸੁਹੱਪਣ ਅਤੇ ਜ਼ਰੂਰਤ ਨੂੰ ਖੂਬਸੂਰਤ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ। ਮਨੁੱਖੀ ਜ਼ਿੰਦਗੀ ’ਚ ਦੰਦ ਦੋ ਵਾਰ ਆਉਂਦੇ ਹਨ। ਦੁੱਧ ਦੰਦ ਅਤੇ ਪੱਕੇ (ਸਥਾਈ) ਦੰਦ।
ਛੇ ਕੁ ਮਹੀਨਿਆਂ ਦੀ ਉਮਰ ’ਚ ਬੱਚੇ ਦੇ ਦੰਦ ਆਉਣੇ ਸ਼ੁਰੂ ਹੁੰਦੇ ਹਨ ਅਤੇ ਤਿੰਨ ਸਾਲ ਦੀ ਉਮਰ ਤੱਕ ਦੁੱਧ ਦੰਦਾਂ ਦਾ ਇਹ ਪੂਰਾ ਸੈੱਟ ਨਿਕਲ ਆਉਂਦਾ ਹੈ, ਜਿਸ ਦੀ ਗਿਣਤੀ 20 ਹੁੰਦੀ ਹੈ। ਸਾਢੇ ਪੰਜ ਤੋਂ ਛੇ ਸਾਲ ਦੀ ਉਮਰ ’ਚ ਦੁੱਧ ਦੰਦ ਡਿੱਗਣੇ ਸ਼ੁਰੂ ਹੋ ਜਾਂਦੇ ਹਨ, ਜਿਸ ਦੀ ਥਾਂ ਸਥਾਈ ਦੰਦ (Permanent Teeth) ਲੈ ਲੈਂਦੇ ਹਨ। ਮੰਨਿਆ ਗਿਆ ਹੈ ਕਿ ਜੇਕਰ ਦੁੱਧ ਦੰਦਾਂ ਦੀ ਸਹੀ ਸੰਭਾਲ ਕੀਤੀ ਜਾਵੇ ਤਾਂ ਹੀ ਸਥਾਈ ਦੰਦ ਮਜ਼ਬੂਤ ਤੇ ਖੂਬਸੂਰਤ ਰਹਿ ਸਕਦੇ ਹਨ।
ਸੋ ਜਨਮ ਤੋਂ ਹੀ ਬੱਚੇ ਦੇ ਦੰਦਾਂ ਦਾ ਧਿਅਨ ਰੱਖਣ ਵਾਸਤੇ ਪਹਿਲਾਂ ਮਸੂੜਿਆਂ ਦੀ ਸਾਂਭ ਸੰਭਾਲ ਜ਼ਰੂਰੀ ਹੈ। ਥੋੜ੍ਹੀ ਜਿਹੀ ਸਾਫ਼ ਰੂੰ ਨੂੰ ਸਾਫ਼ ਪਾਣੀ ਨਾਲ ਗਿੱਲਾ ਕਰ ਕੇ ਸਵੇਰੇ ਅਤੇ ਰਾਤ ਸੌਣ ਸਮੇਂ ਹਲਕੀ ਜਿਹੀ ਮਾਲਿਸ਼ ਕਰ ਕੇ ਸਾਫ਼ ਕਰਨਾ ਜ਼ਰੂਰੀ ਹੈ। ਕਦੇ ਵੀ ਸੌਣ ਸਮੇਂ ਦੁੱਧ ਦੀ ਬੋਤਲ ਬੱਚੇ ਦੇ ਮੂੰਹ ਵਿੱਚ ਨਾ ਪਾਓ। ਇਸ ਤਰ੍ਹਾਂ ਕਰਨ ਨਾਲ ਮੂੰਹ ’ਚ ਕੀਟਾਣੂ ਜ਼ਿਆਦਾ ਪੈਦਾ ਹੁੰਦੇ ਹਨ, ਜਿਸ ਨਾਲ ਦੰਦਾਂ ਅਤੇ ਮੂੰਹ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਜਦੋਂ ਬੱਚਾ ਵੱਡਾ ਹੋ ਜਾਵੇ ਤੇ ਦੰਦ ਆ ਜਾਣ ਅਤੇ ਉਹ ਥੁੱਕ ਸਕਦਾ ਹੋਵੇ ਤਾਂ ਉਸਨੂੰ ਸਵੇਰੇ ਸ਼ਾਮ ਮਟਰ ਦੇ ਦਾਣੇ ਜਿੰਨੀ ਪੇਸਟ ਲਗਾ ਕੇ ਬਰੱਸ਼ ਕਰਨ ਦੀ ਪੱਕੀ ਆਦਤ ਪਾ ਦੇਣੀ ਚਾਹੀਦੀ ਹੈ ਤੇ ਬਰੱਸ਼ ਕਰਨ ਸਮੇਂ, ਹਰ ਵਾਰ ਖਾਣ ਪੀਣ ਤੋਂ ਬਾਅਦ, ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਕੁਰਲੀ ਕਰਨ ਦੀ ਆਦਤ ਵੀ ਜ਼ਰੂਰ ਪਾ ਦਿਓ।
ਜਵਾਨ ਉਮਰ ’ਚ ਦੰਦਾਂ ਦੀ ਸੰਭਾਲ ਲਈ ਅਸੀਂ ਬਰੱਸ਼ ਕਰਦੇ ਹਾਂ ਪਰ ਸਿਰਫ ਇੰਨਾ ਹੀ ਕਾਫੀ ਨਹੀਂ। ਦੰਦਾਂ ਦੇ ਵਿਚਕਾਰਲੀ ਜਗ੍ਹਾ ਦੀ ਸਫ਼ਾਈ ਅਤੇ ਬਰੱਸ਼ ਦਾ ਸਹੀ ਇਸਤੇਮਾਲ ਬਹੁਤ ਜ਼ਰੂਰੀ ਹੈ। ਦੰਦਾਂ ਦੀ ਸੰਭਾਲ ਲਈ ਡੈਂਟਲ ਫਲਾਸ਼ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਹ ਫਲਾਸ਼ ਧਾਗਾ ਹੀ ਹੁੰਦਾ ਹੈ ਜਿਸਨੂੰ ਦੋਵੇਂ ਹੱਥਾਂ ਦੀਆਂ ਉਂਗਲਾਂ ’ਤੇ ਲਪੇਟ ਕੇ ਦੰਦਾਂ ਦੇ ਵਿਚਕਾਰ ਵਾਲੀ ਜਗ੍ਹਾ ਫੇਰ ਕੇ ਫਸਿਆ ਖਾਣਾ ਸਾਫ਼ ਕੀਤਾ ਜਾ ਸਕਦਾ ਹੈ। ਅਸੀਂ ਬਰੱਸ਼ ਕਰਦੇ ਜ਼ਰੂਰ ਹਾਂ ਪਰ ਮਾਲਿਸ਼ ਦੀ ਥਾਂ ਜ਼ੋਰ ਨਾਲ ਰਗੜ ਕੇ ਮਸੂੜਿਆਂ ਨੂੰ ਜ਼ਖ਼ਮੀ ਕਰ ਦਿੰਦੇ ਹਾਂ, ਜੋ ਠੀਕ ਨਹੀਂ। ਸਭ ਤੋਂ ਫਾਇਦੇਮੰਦ ਤਰੀਕਾ ‘ਮਾਡੀਫਾਈਡ ਬਾਸ ਮੈਥਡ’ (Modified Bass Method) ਹੈ। ਇਸ ਅਨੁਸਾਰ ਬਰੱਸ਼ ਨੂੰ ਦੰਦਾਂ ਅਤੇ ਮਸੂੜੇ ਦੇ ਜੋੜ ’ਤੇ 45 ਡਿਗਰੀ ’ਤੇ ਰੱਖਕੇ ਹਲਕੀ ਮਸਾਜ/ਮਾਲਿਸ਼ ਕਰਨੀ ਚਾਹੀਦੀ ਹੈ ਤਾਂ ਜੋ ਜੋੜ ’ਤੇ ਜਮ੍ਹਾਂ ਹੋਈ ਪਲਕ ਸਾਫ਼ ਹੋ ਸਕੇ। ਫਿਰ ਦੰਦ ਦੇ ਹਰ ਪਾਸੇ ਨੂੰ ਸਾਫ਼ ਕਰੋ ਜਿਵੇਂ ਚਬਾਉਣ ਵਾਲਾ ਅਤੇ ਜੀਭ ਵਾਲਾ ਪਾਸਾ। ਦੰਦਾਂ ਦੇ ਨਾਲ ਨਾਲ ਜੀਭ ਦੀ ਸਫ਼ਾਈ ਵੀ ਬਹੁਤ ਜ਼ਰੂਰੀ ਹੈ।
ਜੀਭ ’ਤੇ ਪੈਦਾ ਹੋਏ ਕੀਟਾਣੂ ਬਿਮਾਰੀ ਅਤੇ ਬਦਬੂ ਪੈਦਾ ਕਰਦੇ ਹਨ। ਮੂੰਹ ਦੀ ਸਫ਼ਾਈ ਨਾ ਰੱਖਣ ਨਾਲ ਜਿੱਥੇ ਦੰਦਾਂ ਦੀਆਂ ਬਿਮਾਰੀਆਂ ਜਿਵੇਂ ਕੀੜਾ ਲੱਗਣਾ, ਮਸੂੜਿਆਂ ’ਚੋਂ ਖੂਨ, ਮਸੂੜੇ ਢਿੱਲੇ ਹੋਣੇ, ਦੰਦ ਡਿੱਗਣੇ, ਗੰਦੀ ਬਦਬੂ ਪੈਦਾ ਹੁੰਦੀਆਂ ਹਨ, ਉੱਥੇ ਨਵੀਂਆਂ ਖੋਜਾਂ ਦੱਸਦੀਆਂ ਹਨ ਕਿ ਇਸ ਨਾਲ ਪੇਟ, ਗਲਾ, ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੋਰ ਕਈ ਇਸ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਹੋ ਸਕਦੀਆਂ ਹਨ। ਬੀੜੀ, ਸਿਗਰਟ ਜਰਦਾ ਅਤੇ ਹੋਰ ਜ਼ਹਿਰੀਲੇ ਪਦਾਰਥ ਮੂੰਹ ਦਾ ਕੈਂਸਰ ਪੈਦਾ ਕਰਦੇ ਹਨ। ਸੋ ਸਾਨੂੰ ਅਜਿਹੀਆਂ ਮਾੜੀਆਂ ਆਦਤਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਭੋਜਨ ਦਾ ਵੀ ਦੰਦਾਂ ਦੀ ਸੁਰੱਖਿਆ ਵਿਚ ਵੱਡਾ ਯੋਗਦਾਨ ਹੁੰਦਾ ਹੈ। ਹਰ ਤਰ੍ਹਾਂ ਦੀ ਸਫ਼ਾਈ, ਚਾਕਲੇਟ, ਟੌਫੀ, ਕਾਰਬੋਨੇਟਿਡ ਡਰਿੰਕਸ, ਫਾਸਟ ਫੂਡ ਵਰਗੀਆਂ ਮਾੜੀਆਂ ਚੀਜ਼ਾਂ ਦਾ ਸਰੀਰ ਦੇ ਹੋਰ ਅੰਗਾਂ ਦੇ ਨਾਲ ਨਾਲ ਦੰਦਾਂ ’ਤੇ ਵੀ ਮਾੜਾ ਅਸਰ ਹੁੰਦਾ ਹੈ। ਇਨ੍ਹਾਂ ਵਸਤਾਂ ਦੇ ਇਸਤੇਮਾਲ ਨਾਲ ਦੰਦ ਕਮਜ਼ੋਰ ਹੋ ਜਾਂਦੇ ਹਨ, ਜਿਸ ਨਾਲ ਕੀੜਾ ਲੱਗਣਾ, ਠੰਢਾ ਗਰਮ ਲੱਗਣ ਵਰਗੀਆਂ ਸ਼ਿਕਾਇਤਾਂ ਵਧਦੀਆਂ ਹਨ। ਇਸ ਲਈ ਸੰਤੁਲਿਤ ਭੋਜਨ ਜਿਵੇਂ ਹਰੀਆਂ ਸਬਜ਼ੀਆਂ, ਘੱਟ ਮਿੱਠੇ ਵਾਲੇ ਫਲ ਤੇ ਸਾਦੇ ਪਾਣੀ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ। ਦੰਦਾਂ ਦੀ ਤਕਲੀਫ ਸਮੇਂ ਹੀ ਡਾਕਟਰ ਕੋਲ ਜਾਣ ਵਾਲਾ ਰੁਝਾਨ ਛੱਡ ਦੇਣਾ ਚਾਹੀਦਾ ਹੈ। ਹਰ 6 ਮਹੀਨੇ ਬਾਅਦ ਦੰਦਾਂ ਦਾ ਚੈੱਕਅੱਪ ਬਹੁਤ ਜ਼ਰੂਰੀ ਹੈ, 12 ਮਹੀਨੇ ਬਾਅਦ ਡਾਕਟਰ ਕੋਲੋਂ ਦੰਦਾਂ ਦੀ ਸਫ਼ਾਈ ਕਰਵਾਉਣੀ ਚਾਹੀਦੀ ਹੈ। ਅਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਕੇ ਬੁਢਾਪੇ ਤੱਕ ਦੰਦਾਂ ਨੂੰ ਸੰਭਾਲ ਸਕਦੇ ਹਾਂ।


Comments Off on ਦੰਦਾਂ ਦੀ ਸਾਂਭ ਸੰਭਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.