ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਦੇਸ਼ ਭਰ ਵਿੱਚ ਮੁਸਲਿਮ ਭਾਈਚਾਰੇ ਨੇ ਮਨਾਇਆ ਈਦ ਦਾ ਤਿਉਹਾਰ

Posted On August - 13 - 2019

ਨਵੀਂ ਦਿੱਲੀ, 12 ਅਗਸਤ

ਨਵੀਂ ਦਿੱਲੀ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਸੋਮਵਾਰ ਨੂੰ ਜਾਮਾ ਮਸਜਿਦ ਵਿਚ ਈਦ ਦੀ ਨਮਾਜ਼ ਅਦਾ ਕਰਦੇ ਹੋਏ। -ਫੋਟੋ: ਪੀਟੀਆਈ

ਦੇਸ਼ ਭਰ ਵਿੱਚ ਅੱਜ ਈਦ-ਉਲ-ਜ਼ੁਹਾ ਮੌਕੇ ਮੁਸਲਿਮ ਭਾਈਚਾਰੇ ਦੇ ਲੋਕ ਆਪਣੇ ਰਵਾਇਤੀਆਂ ਪਹਿਰਾਵਿਆਂ ਵਿੱਚ ਸਜ-ਫਬ ਕੇ ਮਸਜਿਦਾਂ ਵਿੱਚ ਪੁੱਜੇ ਅਤੇ ਨਮਾਜ਼ ਅਦਾ ਕੀਤੀ। ਕੌਮੀ ਰਾਜਧਾਨੀ ਵਿੱਚ ਸਾਬਕਾ ਉਪ-ਰਾਸ਼ਟਰਪਤੀ ਹਾਮਿਦ ਅੰਸਾਰੀ ਸਣੇ ਹਜ਼ਾਰਾਂ ਲੋਕਾਂ ਨੇ ਇਤਿਹਾਸਿਕ ਜਾਮਾ ਮਸਜਿਦ ਅਤੇ ਫ਼ਿਰੋਜ਼ ਸ਼ਾਹ ਕੋਟਲਾ ਮਸਜਿਦ ਵਿੱਚ ਈਦ ਦੀ ਨਮਾਜ਼ ਅਦਾ ਕੀਤੀ। ਨਮਾਜ਼ ਤੋਂ ਬਾਅਦ ਲੋਕਾਂ ਨੇ ਇੱਕ-ਦੂਜੇ ਨੂੰ ਜੱਫ਼ੀ ਪਾ ਕੇ ਈਦ ਦੀ ਮੁਬਾਰਕਬਾਦ ਦਿੱਤੀ। ਜੰਮੂ ਕਸ਼ਮੀਰ ਵਿੱਚ ਧਾਰਾ 370 ਮਨਸੂਖ਼ ਕੀਤੇ ਜਾਣ ਅਤੇ ਆਜ਼ਾਦੀ ਦਿਹਾੜਾ ਨੇੜੇ ਹੋਣ ਕਾਰਨ ਈਦ ਮੌਕੇ ਕੌਮੀ ਰਾਜਧਾਨੀ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਲੋਂ ਈਦ ਦੀ ਮੁਬਾਰਕਬਾਦ ਦਿੱਤੀ ਗਈ।
ਪਟਨਾ: ਬਿਹਾਰ ਦੇ ਮੁਜ਼ੱਫਰਪੁਰ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਜਾਨਵਰਾਂ ਦੀ ਬਲੀ ਦੇਣ ਤੋਂ ਗੁਰੇਜ਼ ਕਰਦਿਆਂ ਫਿਰਕੂ ਸਦਭਾਵਨਾ ਨਾਲ ਈਦ ਦੇ ਜ਼ਸ਼ਨ ਮਨਾਏ। ਸਾਉਣ ਦਾ ਆਖਰੀ ਸੋਮਵਾਰ ਹਿੰਦੂ ਭਾਈਚਾਰੇ ਵਲੋਂ ਪਵਿੱਤਰ ਮੰਨਿਆ ਜਾਂਦਾ ਹੈ। ਇਸ ਲਈ ਮੁਸਲਿਮ ਭਾਈਚਾਰੇ ਨੇ ਫ਼ੈਸਲਾ ਕੀਤਾ ਹੈ ਕਿ ਜਾਨਵਰਾਂ ਦੀ ਬਲੀ 13 ਅਗਸਤ ਨੂੰ ਦਿੱਤੀ ਜਾਵੇਗੀ।
ਮੁੰਬਈ: ਮਹਾਰਾਸ਼ਟਰ ਦੇ ਜ਼ਿਲ੍ਹਾ ਹਿੰਗੋਲੀ ਵਿੱਚ ਅੱਜ ਸ਼ਿਵ ਸੈਨਾ ਸਮਰਥਕਾਂ ਅਤੇ ਮੁਸਲਿਮ ਭਾਈਚਾਰੇ ਵਿਚਾਲੇ ਝੜਪਾਂ ਹੋਈਆਂ ਅਤੇ ਇੱਟਾਂ-ਰੋੜੇ ਚੱਲੇ। ਅਧਿਕਾਰੀ ਅਨੁਸਾਰ ਇਹ ਘਟਨਾ ਉਂਧਾ ਈਦਗਾਹ ਅਤੇ ਨਾਂਦੇੜ ਨਾਕਾ ਖੇਤਰਾਂ ਵਿੱਚ ਉਦੋਂ ਵਾਪਰੀ ਜਦੋਂ ਸ਼ਿਵ ਸੈਨਾ ਸਮਰਥਕ ‘ਕਾਂਵੜ ਯਾਤਰਾ’ ਲਈ ਅਤੇ ਮੁਸਲਮਾਨ ਭਾਈਚਾਰਾ ਈਦ-ਉਲ-ਜ਼ੁਹਾ ਦੀ ਨਮਾਜ਼ ਅਦਾ ਕਰਨ ਲਈ ਇਕੱਤਰ ਹੋਏ ਅਤੇ ਆਹਮੋ-ਸਾਹਮਣੇ ਹੋ ਗਏ। ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਵਿਚਾਲੇ ਹੋਈ ਤਿੱਖੀ ਬਹਿਸ ਮਗਰੋਂ ਝੜਪਾਂ ਹੋਈਆਂ ਅਤੇ ਬਾਅਦ ਵਿੱਚ ਇੱਟਾਂ-ਰੋੜੇ ਚੱਲੇ। -ਏਜੰਸੀਆਂ

ਭਾਰਤ-ਪਾਕਿ ਵਿਚਾਲੇ ਨਾ ਹੋਇਆ ਮਠਿਆਈ ਦਾ ਆਦਾਨ-ਪ੍ਰਦਾਨ
ਅਟਾਰੀ (ਦਿਲਬਾਗ ਸਿੰਘ ਗਿੱਲ): ਭਾਰਤ-ਪਾਕਿਸਤਾਨ ਦੀ ਸਾਂਝੀ ਜਾਂਚ ਚੌਕੀ ਅਟਾਰੀ-ਵਾਹਗਾ ਸਰਹੱਦ ’ਤੇ ਅੱਜ ਈਦ-ਉਲ-ਜ਼ੁਹਾ ਦੇ ਤਿਉਹਾਰ ਮੌਕੇ ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨ ਰੇਂਜਰਜ਼ ਅਧਿਕਾਰੀਆਂ ਵਿਚਾਲੇ ਮਠਿਆਈਆਂ ਤੇ ਵਧਾਈਆਂ ਦਾ ਆਦਾਨ-ਪ੍ਰਦਾਨ ਨਹੀਂ ਹੋਇਆ। ਜਾਣਕਾਰੀ ਅਨੁਸਾਰ ਸੀਮਾ ਸੁਰੱਖਿਆ ਬਲ ਦੇ ਜਵਾਨ ਈਦ-ਉਲ-ਜ਼ੁਹਾ ਮੌਕੇ ਪਾਕਿਸਤਾਨ ਰੇਂਜਰਜ਼ ਨਾਲ ਮਠਿਆਈਆਂ ਦਾ ਆਦਾਨ-ਪ੍ਰਦਾਨ ਤੇ ਮੁਬਾਰਕਾਂ ਸਾਂਝੀਆਂ ਕਰਨ ਲਈ ਤਿਆਰ ਸਨ ਪਰ ਪਾਕਿਸਤਾਨੀ ਰੇਂਜਰਜ਼ ਵੱਲੋਂ ਇੱਕ ਦਿਨ ਪਹਿਲਾਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਦੱਸ ਦਿੱਤਾ ਗਿਆ ਸੀ ਕਿ ਉਹ ਇਸ ਵਾਰ ਬਕਰੀਦ ਮੌਕੇ ਮਠਿਆਈਆਂ ਦਾ ਆਦਾਨ-ਪ੍ਰਦਾਨ ਨਹੀਂ ਕਰਨਗੇ। ਇਹ ਸਮਾਗਮ ਨਾ ਕਰਵਾਏ ਜਾਣ ਨੂੰ ਮੋਦੀ ਸਰਕਾਰ ਵਲੋਂ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਮਨਸੂਖ਼ ਕੀਤੇ ਜਾਣ ਮਗਰੋਂ ਪਾਕਿਸਤਾਨ ਵਲੋਂ ਭਾਰਤ ਨਾਲ ਆਪਣੇ ਕੂਟਨੀਤਕ ਸਬੰਧ ਘਟਾਉਣ ਦੇ ਲਏ ਗਏ ਫ਼ੈਸਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਨਵੀਂ ਦਿੱਲੀ: ਭਾਰਤ ਦੀ ਬੀਐੱਸਐੱਫ ਅਤੇ ਬੰਗਲਾਦੇਸ਼ ਦੀ ਬਾਰਡਰ ਗਾਰਡਜ਼ (ਬੀਜੀਬੀ) ਵਿਚਾਲੇ ਈਦ ਮੌਕੇ ਮਠਿਆਈਆਂ ਦਾ ਆਦਾਨ-ਪ੍ਰਦਾਨ ਹੋਇਆ ਅਤੇ ਦੋਵਾਂ ਵਲੋਂ ਇੱਕ-ਦੂਜੇ ਨੂੰ ਮੁਬਾਰਕਬਾਦ ਦਿੱਤੀ ਗਈ।

ਮੁੰਬਈ ਦੇ ਬਾਂਦਰਾ ਸਟੇਸ਼ਨ ’ਤੇ ਹੋ ਰਹੀ ਕਿਣਮਿਣ ਦੌਰਾਨ ਨਮਾਜ਼ ਅਦਾ ਕਰਦੇ ਹੋਏ ਲੋਕ। -ਫੋਟੋ: ਪੀਟੀਆਈ

ਅਲੀਗੜ੍ਹ ’ਵਰਸਿਟੀ ਦੇ ਕਸ਼ਮੀਰੀ ਵਿਦਿਆਰਥੀਆਂ ਵਲੋਂ ਲੰਚ ਦੇ ਸੱਦੇ ਦਾ ਬਾਈਕਾਟ
ਅਲੀਗੜ੍ਹ (ਉੱਤਰ ਪ੍ਰਦੇਸ਼): ਕੇਂਦਰ ਸਰਕਾਰ ਦੇ ਲਾਇਜ਼ਨ ਅਫ਼ਸਰ ਵਲੋਂ ਅੱਜ ਈਦ-ਉਲ-ਜ਼ੁਹਾ ਮੌਕੇ ਦੁਪਹਿਰ ਦੇ ਖਾਣੇ ਦੇ ਦਿੱਤੇ ਗਏ ਸੱਦੇ ਦਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐੱਮਯੂ) ਦੇ ਕਸ਼ਮੀਰੀ ਵਿਦਿਆਰਥੀਆਂ ਨੇ ਬਾਈਕਾਟ ਕੀਤਾ। ਇਹ ਬਾਈਕਾਟ ਧਾਰਾ 370 ਮਨਸੂਖ਼ ਕੀਤੇ ਜਾਣ ਦੇ ਵਿਰੋਧ ਵਿੱਚ ਕੀਤਾ ਗਿਆ। ਸੋਸ਼ਲ ਮੀਡੀਆ ’ਤੇ ਸੱਦੇ ਦੇ ਬਾਈਕਾਟ ਬਾਰੇ ਬਿਆਨ ਜਾਰੀ ਕਰਕੇ ਕੀਤਾ ਗਿਆ ਅਤੇ ਇਹ ਦਾਅਵਾ ਕੀਤਾ ਗਿਆ ਕਿ ਇਹ ਕਾਰਵਾਈ ‘‘ਕਸ਼ਮੀਰੀਆਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਵਾਲੀ ਹੈ।’’ -ਪੀਟੀਆਈ


Comments Off on ਦੇਸ਼ ਭਰ ਵਿੱਚ ਮੁਸਲਿਮ ਭਾਈਚਾਰੇ ਨੇ ਮਨਾਇਆ ਈਦ ਦਾ ਤਿਉਹਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.