ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ !    ਕੌਮਾਂਤਰੀ ਮੈਚ ਇਕੱਠੇ ਖੇਡਣ ਵਾਲੇ ਭਰਾ ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ !    ਪੰਜਾਬ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ‘ਲੰਗ’ !    ਕਰਜ਼ਾ ਤੇ ਪੇਂਡੂ ਔਰਤ ਮਜ਼ਦੂਰ ਪਰਿਵਾਰ !    ਪੰਜਾਬੀ ਫ਼ਿਲਮਾਂ ਦਾ ਸਰਪੰਚ ਯਸ਼ ਸ਼ਰਮਾ !    ਸਿਨਮਾ ਸਕਰੀਨ ’ਤੇ ਸਮਾਜ ਦੇ ਰੰਗ !    ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ !    ਗੀਤਕਾਰੀ ਵਿਚ ਉੱਭਰਦਾ ਨਾਂ ਸੁਰਜੀਤ ਸੰਧੂ !    ਮੋਇਆਂ ਨੂੰ ਆਵਾਜ਼ਾਂ! !    ਲੋਕ ਢਾਡੀ ਪਰੰਪਰਾ ਦਾ ਵਾਰਿਸ ਈਦੂ ਸ਼ਰੀਫ !    

ਦਾਦੀ ਬਿਨਾਂ ਨਹੀਂ ਪੱਕਦੇ ਪੂੜੇ

Posted On August - 4 - 2019

ਕਮਲ ਬਰਾੜ
ਸਮੇਂ ਦੇ ਰੰਗ

ਬਚਪਨ ਆਪਣੇ ਨਾਲ ਬਹੁਤ ਕੁਝ ਲੈ ਗਿਆ। ਹੁਣ ਸਾਉਣ ਮਹੀਨਾ ਚੱਲ ਰਿਹਾ ਹੈ, ਪਰ ਸਾਉਣ ਮਹੀਨੇ ਦਾ ਹੁਣ ਪਹਿਲਾਂ ਜਿਹਾ ਚਾਅ ਨਹੀਂ ਰਿਹਾ। ਸਾਡਾ ਸਾਰਾ ਪਰਿਵਾਰ ਸ਼ੁਰੂ ਤੋਂ ਹੀ ਖਾਣ ਪੀਣ ਦਾ ਸ਼ੌਕੀਨ ਸੀ। ਬਹੁਤ ਸਾਰੇ ਪਕਵਾਨ ਅਜਿਹੇ ਹੁੰਦੇ ਜਿਹੜੇ ਕਿਸੇ ਵਿਸ਼ੇਸ਼ ਮਹੀਨੇ ਬਣਾਏ ਜਾਂਦੇ। ਇਨ੍ਹਾਂ ਵਿਚ ਮਾਲ ਪੂੜੇ ਵੀ ਸ਼ਾਮਲ ਹਨ।
ਮੇਰੇ ਬਚਪਨ ਵਿਚ ਜਦ ਸਾਉਣ ਮਹੀਨੇ ਨਿੱਕੀ ਨਿੱਕੀ ਕਣੀ ਦੇ ਮੀਂਹ ਦੀ ਝੜੀ ਲੱਗ ਜਾਣੀ ਤਾਂ ਅਸੀਂ ਝੱਟ ਦਾਦੀ ਨੂੰ ਮਾਲ ਪੂੜੇ ਬਣਾਉਣ ਲਈ ਮਨਾ ਲੈਣਾ। ਉਸ ਨੇ ਵੀ ਖਿੜੇ ਮੱਥੇ ਸਾਨੂੰ ਕਹਿ ਦੇਣਾ, ‘‘ਪਕਾ ਦੇਊਂ, ਪਰ ਇਕ ਸ਼ਰਤ ਐ ਕਿ ਮੇਰੇ ਕੋਲ ਸਮਾਨ ਲਿਆਈ ਚੱਲਿਓ ਜੋ ਮੈਂ ਮੰਗਵਾਊਂ।’’ ਦਾਦੀ ਨੇ ਚੁੱਲ੍ਹੇ ’ਚ ਅੱਗ ਬਾਲ ਲੈਣੀ। ਉਸ ਨੇ ਆਪ ਪੀੜ੍ਹੀ ’ਤੇ ਬਹਿ ਜਾਣਾ ਤੇ ਸਾਡੇ ਤੋਂ ਸਾਮਾਨ ਮੰਗਵਾਈ ਜਾਣਾ। ਦਾਦੀ ਨੇ ਤਵਾ ਧਰ ਲੈਣਾ, ਵੱਡੇ ਭਾਂਡੇ ’ਚ ਪਾਣੀ ਤੇ ਗੁੜ ਘੋਲ ਕੇ ਪੂੜਿਆਂ ਵਾਲਾ ਪਤਲਾ ਜਿਹਾ ਆਟਾ ਬਣਾ ਲੈਣਾ। ਇਹ ਕਿਸੇ ਛੋਟੇ ਭਾਂਡੇ ਨਾਲ ਘੋਲ ਕੇ ਤਵੇ ’ਤੇ ਪਾਈ ਜਾਣਾ ਤੇ ਪਿੱਪਲ ਦੇ ਪੱਤੇ ਨਾਲ ਖਿਲਾਰ ਕੇ ਤਵੇ ਦੇ ਆਕਾਰ ਦਾ ਪੂੜਾ ਬਣਾ ਕੇ ਖੁਰਚਣੇ ਨਾਲ ਥੱਲ ਦੇਣਾ। ਮਾਲ ਪੂੜੇ ਦਾਦੀ ਨੇ ਕੜਾਹੀ ’ਚ ਹੀ ਪਕਾ ਦੇਣੇ। ਮਾਲ ਪੂੜੇ ਛੋਟੇ ਹੁੰਦੇ ਸਨ ਜਦੋਂਕਿ ਪੂੜੇ ਵੱਡੇ ਆਕਾਰ ਦੇ ਹੁੰਦੇ। ਉਨ੍ਹਾਂ ਸਮਿਆਂ ’ਚ ਸਾਡੇ ਘਰ ਇਕ ਪੁਰਾਣੀ ਰਸੋਈ ਹੁੰਦੀ ਸੀ ਤੇ ਉਹਦੀ ਨੁੱਕਰ ’ਤੇ ਇਕ ਪਾਸੇ ਬਣੇ ਹਾਰੇ ਵਿਚ ਤੌੜੀ ਧਰੀ ਹੁੰਦੀ। ਉਹਦੇ ਵਿਚ ਦਾਦੀ ਨੇ ਖੀਰ ਬਣਾ ਲੈਣੀ। ਉਹ ਸਾਰਾ ਦਿਨ ਅੱਗ ਦੇ ਸੇਕ ਵਿਚ ਬੈਠੀ ਰਹਿੰਦੀ। ਫਿਰ ਵੀ ਉਸ ਨੇ ਨਾ ਅੱਕਣਾ ਨਾ ਥੱਕਣਾ ਤੇ ਸਾਰਾ ਸਾਰਾ ਦਿਨ ਪੂੜੇ ਬਣਾਈ ਜਾਣੇ। ਟੋਕਰੀ ਭਰ ਕੇ ਰੱਖ ਦੇਣੀ। ਸਾਡਾ ਪਰਿਵਾਰ ਵੱਡਾ ਸੀ। ਇਸ ਕਰਕੇ ਦਾਦੀ ਪੂੜੇ ਖੁੱਲ੍ਹੇ ਬਣਾਉਂਦੀ ਸੀ ਤੇ ਅਸੀਂ ਦੋ ਦੋ ਦਿਨ ਪੂੜੇ ਖਾਈ ਜਾਣੇ। ਉਸ ਨੇ ਕਹਿਣਾ, ‘‘ਗੁਆਂਢ ’ਚ ਵੀ ਫੜਾ ਆਓ ਕਿਸੇ ਦੇ ਮੂੰਹ ’ਚ ਪੈ ਜਾਣਗੇ ਚੰਗੇ ਹੀ ਨੇ।’’ ਉਸ ਨੇ ਨਾਲ ਪੂੜਿਆਂ ਦਾ ਪਿਛੋਕੜ ਦੱਸੀ ਜਾਣਾ ਕਿ ਪੂੜੇ, ਖੀਰ, ਕੜਾਹ ਆਦਿ ਸਾਉਣ ਦੇ ਮਹੀਨੇ ਵਿਚ ਹੀ ਖਾਣ ਨੂੰ ਮਿਲਦੇ ਹਨ। ਇਸ ਮਹੀਨੇ ਖੀਰ ਨਾਲ ਪੂੜੇ ਬਣਾਉਣ ਦਾ ਰਿਵਾਜ ਹੈ।
ਦਾਦੀ ਇਕ ਕਹਾਵਤ ਸੁਣਾਉਂਦੀ ਹੁੰਦੀ ਸੀ ਕਿ ‘ਹੋਵੇ ਤੇਲ ਪਕਾਈਏ ਪੂੜੇ, ਆਟਾ ਲਿਆਈਏ ਮੰਗ ਕੇ, ਕਜੀਆ ਗੁੜ ਦਾ।’ ਸਾਨੂੰ ਕੁਝ ਨਾ ਸਮਝ ਆਉਣਾ ਤਾਂ ਉਸ ਨੇ ਝੱਟ ਦੱਸਣਾ, ‘‘ਪੁੱਤ ਪੁਰਾਣੇ ਸਮਿਆਂ ’ਚ ਕਿਹੜਾ ਬੋਰ ਹੁੰਦੇ ਸੀ! ਖੇਤੀ ਮੀਂਹ ਦੇ ਸਿਰ ’ਤੇ ਹੀ ਹੁੰਦੀ ਸੀ। ਜੇ ਮੀਂਹ ਪੈ ਜਾਂਦਾ ਸੀ ਤਾਂ ਦੋ ਮਣ ਦਾਣੇ ਹੋ ਜਾਂਦੇ, ਨਹੀਂ ਤਾਂ ਬਸ ਥੋੜ੍ਹੀ ਜ਼ਮੀਨ ਹੀ ਆਬਾਦ ਹੋਣ ਕਾਰਨ ਲੋਕਾਂ ਦਾ ਮਸਾਂ ਗੁਜ਼ਾਰਾ ਹੁੰਦਾ ਸੀ।’’ ਇਸ ਲਈ ਕਈ ਪਰਿਵਾਰਾਂ ਦੀ ਪੂੜੇ ਬਣਾਉਣ ਦੀ ਸਮਰੱਥਾ ਵੀ ਨਹੀਂ ਹੁੰਦੀ ਸੀ।
ਅੱਜ ਮੈਨੂੰ ਉਹ ਕਹਾਵਤ ਸਮਝ ਆਉਂਦੀ ਹੈ ਤੇ ਮੈਂ ਸੋਚਦਾ ਹਾਂ ਕਿ ਅੱਜ ਤਾਂ ਹਰੇਕ ਘਰ ਟਿਊਬਵੈੱਲ ਹੈ, ਜ਼ਮੀਨਾਂ ਆਬਾਦ ਹਨ, ਸੌ ਸੌ ਮਣ ਦਾਣੇ ਹੁੰਦੇ ਹਨ, ਅੱਜ ਤਾਂ ਲੋਕਾਂ ਨੂੰ ਕਿਸੇ ਚੀਜ਼ ਦੀ ਥੁੜ੍ਹ ਨਹੀਂ; ਫਿਰ ਲੋਕਾਂ ਦੇ ਘਰ ਪੂੜੇ ਕਿਉਂ ਨਹੀਂ ਬਣਦੇ? ਮੇਰੀ ਦਾਦੀ ਹਾਲੇ ਆਪਣੀ ਜ਼ਿੰਦਗੀ ਦਾ ਆਖ਼ਰੀ ਪੜਾਅ ਹੰਢਾ ਰਹੀ ਹੈ। ਮੈਂ ਇਕ ਦਿਨ ਉਸ ਨੂੰ ਇਹ ਸਵਾਲ ਪੁੱਛ ਲਿਆ ਤਾਂ ਉਸ ਨੇ ਬੜੀ ਲਿਆਕਤ ਨਾਲ ਜਵਾਬ ਦਿੱਤਾ। ਕਹਿੰਦੀ, ‘‘ਪੁੱਤ, ਅੱਜ ਲੋਕਾਂ ’ਚ ਅਪਣੱਤ, ਮੋਹ ਪਿਆਰ, ਸਬਰ, ਲਿਆਕਤ ਤੇ ਬਜ਼ੁਰਗਾਂ ਦੀ ਥੁੜ੍ਹ ਐ ਜਿਹੜੀ ਸੌ ਮਣ ਦਾਣਿਆਂ ਨਾਲ ਵੀ ਪੂਰੀ ਨਹੀਂ ਹੋਣੀ।’’ ਮੇਰੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ। ‘ਅਨਪੜ੍ਹ’ ਦਾਦੀ ਦੀ ਇਸ ਗੱਲ ਅੱਗੇ ਮੇਰੀਆਂ ਕੀਤੀਆਂ ਸਾਰੀਆਂ ਡਿਗਰੀਆਂ ਦੀ ਪੜ੍ਹਾਈ ਵੀ ਅਸਮਰੱਥ ਜਾਪ ਰਹੀ ਸੀ। ਦਾਦੀ ਨੇ ਦੱਸਿਆ, ‘‘ਪੁੱਤ, ਪਹਿਲਾਂ ਘਰ ਆਏ ਮਹਿਮਾਨਾਂ ਨੂੰ ਖ਼ਾਸ ਤੌਰ ’ਤੇ ਪੂੜੇ ਬਣਾ ਕੇ ਖਵਾਏ ਜਾਂਦੇ ਸੀ।’’ ਉਸ ਨੇ ਦੱਸਣਾ, ‘‘ਪਹਿਲਾਂ ਤੇਰੀਆਂ ਭੂਆ ਵਰਗੀਆਂ ਨੇ ਸਾਉਣ ਦੇ ਮਹੀਨੇ ਆਉਣਾ। ਉਦੋਂ ਤੀਆਂ ਲੱਗਦੀਆਂ ਸੀ। ਨਾਲੇ ਪੀਘਾਂ ਝੂਟਦੀਆਂ ਤੇ ਨਾਲੇ ਪੂੜੇ ਖਾਈ ਜਾਣੇ।’’
ਅੱਜਕੱਲ੍ਹ ਸਾਉਣ ਦੇ ਮਹੀਨੇ ਸਿਲੰਡਰਾਂ ’ਤੇ ਬਣਦੀਆਂ ਮੈਗੀਆਂ ਆਦਿ ਦਾਦੀ ਦੇ ਚੁੱਲ੍ਹੇ ’ਤੇ ਬਣੇ ਪੂੜਿਆਂ ਦਾ ਸਵਾਦ ਨਹੀਂ ਦਿੰਦੀਆਂ। ਅੱਜ ਪੂੜੇ ਨਾ ਖਾਣ ’ਤੇ ਦਾਦੀ ਦੀ ਆਖੀ ਉਹ ਗੱਲ ਯਾਦ ਆਉਂਦੀ ਹੈ ਕਿ ਸਾਉਣ ਖੀਰ ਨਾ ਖਾਧੀਆ, ਤੂੰ ਕਿਉਂ ਜੰਮੇ ਅਪਰਾਧੀਆ? ਅੱਜ ਸੱਚੀਂ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਅਪਰਾਧੀਆਂ ਦੀ ਸ਼੍ਰੇਣੀ ਵਿਚ ਆ ਗਏ ਹਾਂ ਤੇ ਸਾਡਾ ਜੁਰਮ ਆਪਣੇ ਵਿਰਸੇ ਨਾਲੋਂ ਟੁੱਟ ਜਾਣਾ ਹੈ।

ਸੰਪਰਕ: 73077-36899


Comments Off on ਦਾਦੀ ਬਿਨਾਂ ਨਹੀਂ ਪੱਕਦੇ ਪੂੜੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.