ਹੜ੍ਹ ਪੀੜਤਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ: ਹਰਨਾਮ ਸਿੰਘ ਖ਼ਾਲਸਾ !    ਹੜ੍ਹਾਂ ਦੀ ਮਾਰ ਪੈਣ ਤੋਂ ਬਾਅਦ ਰੇਤਾ ਵੀ ਹੋਇਆ ਮਹਿੰਗਾ !    ਮਨਪ੍ਰੀਤ ਬਾਦਲ ਸਿਆਸਤ ਕਰਨ ਦੀ ਥਾਂ ਨੁਕਸਾਨ ਦੀ ਰਿਪੋਰਟ ਕੇਂਦਰ ਨੂੰ ਭੇਜੇ: ਚੀਮਾ !    ਦਰਦ ਕਹਾਣੀ ਦੱਸਣ ਤੇ ਲੜਣ ਦੀ ਹਿੰਮਤ !    ਅਰਥਚਾਰੇ ਨੂੰ ਮਿਲਣ ਹੁਲਾਰੇ, ਦਾਤੇ ਦਿੱਤੇ ਚਾਰ !    ਇਮਰਾਨ ਨੂੰ ਤਹੱਮਲ ਨਾ ਤਿਆਗਣ ਦਾ ਮਸ਼ਵਰਾ !    ਮੁਕਤਸਰ ਤੇ ਫਾਜ਼ਿਲਕਾ ’ਚ ਪੀਣ ਵਾਲੇ ਪਾਣੀ ਦਾ ਕਾਲ ਪਿਆ !    ਸਾਮਰਾਜ ਬਨਾਮ ਪੰਜਾਬੀ ਸ਼ਾਇਰ ਲਾਲੂ ਤੇ ਬੁਲਿੰਦਾ ਲੁਹਾਰ !    ਸਾਹਿਰ ਲੁਧਿਆਣਵੀ ਮੁਕੱਦਮਾ ਭੁਗਤਣ ਦਿੱਲੀ ਆਇਆ !    ਇਤਿਹਾਸ ਸੰਭਾਲ ਰਹੀ : ਡਿਜੀਟਲ ਲਾਇਬਰੇਰੀ !    

ਦਲਿਤ ਭਾਈਚਾਰੇ ਵੱਲੋਂ ਭਲਕੇ ਪੰਜਾਬ ਬੰਦ ਦਾ ਐਲਾਨ

Posted On August - 12 - 2019

ਜਲੰਧਰ ਦੀ ਨਕੋਦਰ ਰੋਡ ’ਤੇ ਆਵਾਜਾਈ ਠੱਪ ਕਰਦੇ ਹੋਏ ਨੌਜਵਾਨ। -ਫੋਟੋ: ਸਰਬਜੀਤ ਸਿੰਘ ਜਲੰਧਰ ਦੀ ਨਕੋਦਰ ਰੋਡ ’ਤੇ ਆਵਾਜਾਈ ਠੱਪ ਕਰਦੇ ਹੋਏ ਨੌਜਵਾਨ। -ਫੋਟੋ: ਸਰਬਜੀਤ ਸਿੰਘ

ਪਾਲ ਸਿੰਘ ਨੌਲੀ
ਜਲੰਧਰ, 11 ਅਗਸਤ
ਦਿੱਲੀ ਦੇ ਤੁਗ਼ਲਕਾਬਾਦ ’ਚ ਗੁਰੂ ਰਵਿਦਾਸ ਮੰਦਰ ਨੂੰ ਤੋੜੇ ਜਾਣ ਤੋਂ ਬਾਅਦ ਸੂਬੇ ਦੀ ਦਲਿਤ ਸਿਆਸਤ ਵੀ ਭਖ਼ ਗਈ ਹੈ। ਗੁਰੂ ਰਵਿਦਾਸ ਸਭਾਵਾਂ ਅਤੇ ਹੋਰ ਜਥੇਬੰਦੀਆਂ ਨੇ 13 ਅਗਸਤ (ਬੁੱਧਵਾਰ) ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਸਾਧੂ ਸਮਾਜ ਦੇ ਪ੍ਰਧਾਨ ਸੰਤ ਸਰਵਣ ਦਾਸ ਨੇ ਮੀਡੀਆ ਨੂੰ ਦੱਸਿਆ ਕਿ 21 ਅਗਸਤ ਨੂੰ ਨਵੀਂ ਦਿੱਲੀ ਦੇ ਜੰਤਰ-ਮੰਤਰ ਵਿਚ ਇਕ ਦਿਨਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਹਾਲਾਂਕਿ ਕਈ ਦਲਿਤ ਜਥੇਬੰਦੀਆਂ ਵੱਲੋਂ 13 ਅਗਸਤ ਨੂੰ ਭਾਰਤ ਬੰਦ ਕੀਤੇ ਜਾਣ ਦਾ ਵੀ ਐਲਾਨ ਕੀਤਾ ਹੋਇਆ ਹੈ। ਸੰਤ ਸਤਵਿੰਦਰ ਹੀਰਾ ਨੇ ਸਪੱਸ਼ਟ ਕੀਤਾ ਕਿ 13 ਨੂੰ ਬੰਦ ਦੌਰਾਨ ਐਂਬੂਲੈਂਸਾਂ, ਸਸਕਾਰ ਲਈ ਜਾਣ ਵਾਲੀਆਂ ਗੱਡੀਆਂ ਅਤੇ ਮਰੀਜ਼ ਨੂੰ ਲੈ ਕੇ ਜਾਣ ਵਾਲੀਆਂ ਗੱਡੀਆਂ ਨਹੀਂ ਰੋਕੀਆਂ ਜਾਣਗੀਆਂ। ਇਸ ਤੋਂ ਇਲਾਵਾ ਦਲਿਤ ਭਾਈਚਾਰੇ ਨੇ ਅੱਜ ਦੂਜੇ ਦਿਨ ਵੀ ਰੋਸ ਵਿਖਾਵੇ ਕੀਤੇ। ਭਾਈਚਾਰੇ ਨਾਲ ਸਬੰਧਤ ਜਥੇਬੰਦੀਆਂ ਵੱਲੋਂ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਉੁਨ੍ਹਾਂ ਦੱਸਿਆ ਕਿ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਤੇ ਹੋਰ ਸ਼ਰਧਾਲੂਆਂ ਨੂੰ ਜਬਰੀ ਹਿਰਾਸਤ ’ਚ ਲੈ ਲਿਆ ਸੀ। ਪੁਲੀਸ ਅਤੇ ਦਿੱਲੀ ਵਿਕਾਸ ਅਥਾਰਿਟੀ ਨੇ ਮੰਦਰ ਤੋੜਨ ਤੋਂ ਬਾਅਦ ਉਨ੍ਹਾਂ ਨੂੰ ਛੱਡਿਆ। ਇਸ ਮੌਕੇ ਸੰਤ ਸਰਵਣ ਦਾਸ, ਪ੍ਰਸ਼ੋਤਮ ਲਾਲ ਚੱਕ ਹਕੀਮ, ਪ੍ਰੇਮ ਪਾਲ ਸਿੰਘ ਖ਼ਾਲਸਾ, ਰਾਮ ਸਿੰਘ, ਗੁਰਦਿਆਲ ਚੰਦ, ਸੰਤ ਦਿਆਲਾ ਚੰਦ ਤੇ ਹੋਰ ਆਗੂ ਹਾਜ਼ਰ ਸਨ। ਡੇਰਾ ਸੰਤ ਸਰਵਣ ਦਾਸ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਤੇ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਨਾਸੀ ਸੰਤ ਨਿਰੰਜਣ ਦਾਸ ਦੀ ਪ੍ਰਧਾਨਗੀ ਹੇਠ ਟਰੱਸਟ ਦੀ ਅੱਜ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ’ਚ ਸੰਤ ਨਿਰੰਜਣ ਦਾਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਿੱਲੀ ਵਿਕਾਸ ਅਥਾਰਿਟੀ ਨੂੰ ਹੁਕਮ ਦੇਣ ਤੇ ਢਾਹੇ ਗਏ ਮੰਦਰ ਨੂੰ ਬਿਨਾਂ ਦੇਰੀ ਦੇ ਮੁੜ ਉਸਾਰਿਆ ਜਾਵੇ। ਉਨ੍ਹਾਂ ਕਿਹਾ ਕਿ ਰਵਿਦਾਸੀਆ ਭਾਈਚਾਰੇ ਦੇ ਮਨਾਂ ਨੂੰ ਠੇਸ ਪੁੱਜੀ ਹੈ ਤੇ ਮੁਆਫ਼ੀ ਮੰਗੀ ਜਾਵੇ। ਮੀਟਿੰਗ ਵਿੱਚ ਇਹ ਮੰਗ ਵੀ ਕੀਤੀ ਗਈ ਕਿ ਮੰਦਰ ਦੀ ਜ਼ਮੀਨ ਵਾਪਸ ਕੀਤੀ ਜਾਵੇ। ਇਸ ਮੌਕੇ ਸੰਤ ਸੁਰਿੰਦਰ ਦਾਸ ਕਠਾਰ ਵਾਲਿਆਂ ਨੇ ਸੰਤ ਨਿਰੰਜਣ ਦਾਸ ਵੱਲੋਂ ਸਮੂਹ ਦੇਸ਼-ਵਿਦੇਸ਼ ਦੀ ਸੰਗਤ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ।

ਰਵਿਦਾਸ ਮੰਦਿਰ ਮਸਲੇ ਦੇ ਹੱਲ ਲਈ ਪ੍ਰਧਾਨ ਮੰਤਰੀ ਦਖਲ ਦੇਣ: ਕੈਪਟਨ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਦਿੱਲੀ ਦੇ ਤੁਗਲਕਾਬਾਦ ਪਿੰਡ ਵਿੱਚ ਗੁਰੂ ਰਵਿਦਾਸ ਮੰਦਿਰ ਅਤੇ ਸਮਾਧੀ ਢਾਹੁਣ ਦੇ ਮਾਮਲੇ ’ਚ ਉਹ ਨਿੱਜੀ ਤੌਰ ’ਤੇ ਦਖਲ ਦੇ ਕੇ ਹੱਲ ਕਰਵਾਉਣ। ਮੁੱਖ ਮੰਤਰੀ ਨੇ ਮਸਲੇ ਦੇ ਹੱਲ ਲਈ ਪੰਜ ਮੈਂਬਰੀ ਕਮੇਟੀ ਗਠਿਤ ਵੀ ਕੀਤੀ ਹੈ। ਰਵਿਦਾਸੀਆ ਭਾਈਚਾਰੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਰੋਸ ਵਜੋਂ ਸੂਬੇ ਦੇ ਕਈ ਸ਼ਹਿਰਾਂ ’ਚ ਰੋਸ ਮਾਰਚ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਰਵਿਦਾਸੀਆ ਭਾਈਚਾਰੇ ਨੇ ਇਸ ਮੁੱਦੇ ਨੂੰ ਲੈ ਕੇ 13 ਅਗਸਤ ਨੂੰ ਬੰਦ ਅਤੇ ਆਜ਼ਾਦੀ ਵਾਲੇ ਦਿਨ 15 ਅਗਸਤ ਨੂੰ ਕਾਲਾ ਦਿਵਸ ਮਨਾਉਣ ਦਾ ਸੱਦਾ ਦਿੱਤਾ ਹੈ। ਮਸਲੇ ਦਾ ਗੰਭੀਰ ਨੋਟਿਸ ਲੈਂਦਿਆ ਮੁੱਖ ਮੰਤਰੀ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਉਹ ਨਿੱਜੀ ਤੌਰ ’ਤੇ ਇਕ ਭਾਈਚਾਰੇ ਨਾਲ ਜੁੜੇ ਇਤਿਹਾਸਕ ਮਹੱਤਤਾ ਵਾਲੇ ਸਥਾਨ ਨੂੰ ਢਾਹੁਣ ਦੇ ਹੱਕ ਨਹੀਂ ਹਨ। ਉਨ੍ਹਾਂ ਨੇ ਰਵਿਦਾਸੀਆ ਭਾਈਚਾਰੇ ਨੂੰ ਅਪੀਲ ਕੀਤੀ ਕਿ ਅੰਦੋਲਨ ਦਾ ਸੱਦਾ ਵਾਪਸ ਲੈ ਲੈਣ ਕਿਉਂਕਿ ਸਰਕਾਰ ਉਨ੍ਹਾਂ ਦੇ ਇਸ ਮਸਲੇ ਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਰਾਹੀ ਸੁਲਝਾਉਣ ਲਈ ਯਤਨ ਕਰੇਗੀ। ਮੁੱਖ ਮੰਤਰੀ ਨੇ ਸ਼ਹਿਰੀ ਮਕਾਨ ਉਸਾਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਨਿੱਜੀ ਤੌਰ ’ਤੇ ਗੱਲਬਾਤ ਕੀਤੀ ਅਤੇ ਮਾਮਲੇ ਨੂੰ ਹੱਲ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਡੀਡੀਏ ਦੀ ਇਹ ਥਾਂ ਮੰਦਿਰ ਬਣਾਉਣ ਲਈ ਮੁੜ ਅਲਾਟ ਕੀਤੀ ਜਾਵੇ। ਮੁੱਖ ਮੰਤਰੀ ਨੇ ਰਵਿਦਾਸੀਆ ਭਾਈਚਾਰੇ ਅਤੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਮਾਮਲਾ ਹੱਲ ਕਰਵਾਉਣ ਲਈ ਰਾਜਨੀਤਕ ਆਗੂਆਂ ਦੀ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਹੈ। ਕਮੇਟੀ ਵਿੱਚ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਅਰੁਣਾ ਚੌਧਰੀ, ਵਿਧਾਇਕ ਰਾਜ ਕੁਮਾਰ ਚੱਬੇਵਾਲ ਅਤੇ ਸ਼ੁਸ਼ੀਲ ਕੁਮਾਰ ਰਿੰਕੂ ਸ਼ਾਮਲ ਹਨ।


Comments Off on ਦਲਿਤ ਭਾਈਚਾਰੇ ਵੱਲੋਂ ਭਲਕੇ ਪੰਜਾਬ ਬੰਦ ਦਾ ਐਲਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.