ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਦਰਦ ਕਹਾਣੀ ਦੱਸਣ ਤੇ ਲੜਣ ਦੀ ਹਿੰਮਤ

Posted On August - 26 - 2019

ਨਿਕਿਤਾ ਆਜ਼ਾਦ

ਕੋਈ ਡੂਰੀ ਦੇ ਬੂਹੇ ਨੂੰ ਜ਼ੋਰ ਜ਼ੋਰ ਦੀ ਖੜਕਾ ਰਿਹਾ ਸੀ। ਡੂਰੀ ਦੇ ਦਾਦਾ ਜੀ ਨੇ ਡਰਦਿਆਂ ਬੂਹਾ ਖੋਲ੍ਹਿਆ ਤਾਂ ਫ਼ੌਜ ਦੀ ਇਕ ਪਲਟਨ ਅੰਦਰ ਆ ਵੜੀ। ਡੂਰੀ ਅਤੇ ਉਹਦੀ ਭੈਣ ਸਹਿਮ ਕੇ ਕਮਰੇ ਵਿਚ ਲੁਕ ਗਈਆਂ ਅਤੇ ਉਨ੍ਹਾਂ ਨੂੰ ਆਪਣੀ ਮਾਂ ਦੀਆਂ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ। ਕੁਝ ਹੀ ਮਿੰਟਾਂ ਬਾਅਦ ਕਿਸੇ ਨੇ ਡੂਰੀ ਦੇ ਕਮਰੇ ਦਾ ਬੂਹਾ ਤੋੜ ਮਾਰਿਆ ਅਤੇ ਉਹਦੀ ਜ਼ਿੰਦਗੀ ਦੀ ਕਦੇ ਨਾ ਖ਼ਤਮ ਹੋਣ ਵਾਲੀ ਰਾਤ ਦੀ ਸ਼ੁਰੂਆਤ ਹੋ ਗਈ। ਇਹ ਰਾਤ ਸੀ 23 ਫਰਵਰੀ 1991 ਦੀ, ਜਦੋਂ ਕੁਝ ਫ਼ੌਜੀਆਂ ਨੇ ਰਲ ਕੇ ਕਸ਼ਮੀਰ ਦੇ ਕੁਨਾਨ ਅਤੇ ਪੋਸ਼ਪੁਰਾ ਨਾਮਕ ਪਿੰਡਾਂ ਵਿਚ ਡੂਰੀ ਵਰਗੀਆਂ 152 ਔਰਤਾਂ ਨਾਲ ਜਬਰ-ਜਨਾਹ ਕੀਤਾ ਸੀ। ਕਸ਼ਮੀਰ ਲਈ ਕੁਨਾਨ ਪੋਸ਼ਪੁਰਾ ਇਕ ਦਰਦਨਾਕ ਕਿੱਸਾ ਨਹੀਂ ਸਗੋਂ ਹਕੂਮਤ ਦੇ ਜਬਰ ਦਾ ਪ੍ਰਤੀਕ ਬਣ ਚੁੱਕਿਆ ਹੈ। ਅੱਜ ਤਕ ਕੁਨਾਨ ਪੋਸ਼ਪੁਰਾ ਦੀਆਂ ਔਰਤਾਂ ਇਨਸਾਫ਼ ਦਾ ਰਾਹ ਤੱਕ ਰਹੀਆਂ ਹਨ।
ਇਨਸਾਫ਼ ਦੀ ਭਾਲ ਵਿਚ ਜਦੋਂ ਪੰਜ ਕਸ਼ਮੀਰੀ ਔਰਤਾਂ ਨੇ ਕੁਨਾਨ ਪੋਸ਼ਪੁਰਾ ਦੀ ਹਕੀਕਤ ਬਾਰੇ ਕਿਤਾਬ ਲਿਖਣ ਬਾਰੇ ਸੋਚਿਆ ਤਾਂ ਬਲਾਤਕਾਰ ਪੀੜਤਾਂ ਵਿਚੋਂ ਛੇ ਔਰਤਾਂ ਦੀ ਮੌਤ ਹੋ ਚੁੱਕੀ ਸੀ। ਫਿਰ ਵੀ ਸਮਰੀਨਾ ਮੁਸ਼ਤਾਕ, ਐਸਰ ਬਤੂਲ, ਨਤਾਸ਼ਾ ਰਾਠੇਰ, ਇਫਰਾਹ ਬਤ ਅਤੇ ਮੁਨਾਜ਼ਾ ਰਸ਼ੀਦ ਨੇ ਕੁਨਾਨ ਪੋਸ਼ਪੁਰਾ ਦੀਆਂ ਔਰਤਾਂ ਦਾ ਸੱਚ ਸਾਹਮਣੇ ਲਿਆਉਣ ਦਾ ਫ਼ੈਸਲਾ ਕੀਤਾ ਜਿਸ ਦੇ ਨਤੀਜੇ ਵਜੋਂ 2016 ਵਿਚ ‘ਡੂ ਯੂ ਰਿਮੈਮਬਰ ਕੁਨਾਨ ਪੋਸ਼ਪੁਰਾ’ ਨਾਮਕ ਕਿਤਾਬ ਆਈ। ਇਹ ਕਿਤਾਬ ਰਾਜਸੀ ਅਤੇ ਕਾਨੂੰਨੀ ਕਾਰਵਾਈਆਂ ਬਾਰੇ ਦੱਸਣ ਦੇ ਨਾਲ ਹੀ ਉਨ੍ਹਾਂ ਔਰਤਾਂ ਦੀ ਆਵਾਜ਼ ਬੁਲੰਦ ਕਰਦੀ ਹੈ ਜੋ ਆਪਣੇ ਬਲਾਤਕਾਰੀਆਂ ਖ਼ਿਲਾਫ਼ ਕੇਸ ਦਰਜ ਨਹੀਂ ਕਰਵਾ ਸਕੀਆਂ ਸਨ। 152 ਵਿਚੋਂ ਸਿਰਫ਼ 40 ਔਰਤਾਂ ਨੇ ਹੀ ਕੇਸ ਲੜਨ ਦਾ ਫ਼ੈਸਲਾ ਲਿਆ ਸੀ ਅਤੇ ਬਾਕੀ ਘਰ-ਪਰਿਵਾਰ ਤੇ ਸਿਆਸਤ ਦੇ ਮਲਬੇ ਹੇਠ ਦੱਬ ਕੇ 25 ਸਾਲ ਇਕ ਡਰਾਉਣੀ ਚੁੱਪ ਵਿਚ ਲੰਘਾ ਚੁੱਕੀਆਂ ਸਨ। ਇਸ ਕਿਤਾਬ ਨੇ ਉਸ ਰਾਤ ਦੀ ਹੈਵਾਨੀਅਤ ਦਾ ਪਰਦਾਫਾਸ਼ ਕਰਨ ਦਾ ਕੰਮ ਕੀਤਾ ਹੈ। ਅੱਜ ਜਦੋਂ ਸੋਸ਼ਲ ਮੀਡੀਆ ਉੱਤੇ ਕਸ਼ਮੀਰੀ ਕੁੜੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਕੁਝ ਲੋਕ ਗੋਰੀ ਕਸ਼ਮੀਰੀ ਕੁੜੀ ‘ਫਸਾਉਣ’ ਦਾ ਜਸ਼ਨ ਮਨਾ ਰਹੇ ਹਨ ਤਾਂ ਕੁਨਾਨ ਪੋਸ਼ਪੁਰਾ ਨੂੰ ਯਾਦ ਕਰਨਾ ਲਾਜ਼ਮੀ ਬਣ ਜਾਂਦਾ ਹੈ। ਜੂਨੀ ਦੀ ਦੋ ਸਾਲ ਦੀ ਬੱਚੀ ਹਮੇਸ਼ਾਂ ਲਈ ਅਪਾਹਿਜ ਕਿਉਂ ਹੈ ਅਤੇ ਜ਼ਰੀਨਾ ਨੂੰ ਅੱਜ ਵੀ ਆਪਣੇ ਵਿਆਹ ਵਾਲੇ ਕੱਪੜੇ ਵੇਖ ਕੇ ਦੌਰਾ ਕਿਉਂ ਪੈ ਜਾਂਦਾ ਹੈ, ਇਹ ਕਿਤਾਬ ਪੜ੍ਹ ਕੇ ਹੀ ਸਮਝ ਆ ਸਕਦਾ ਹੈ।
ਪਰ ਸ਼ਾਇਦ ਰਾਸ਼ਟਰਵਾਦ ਅਤੇ ਫ਼ਿ਼ਰਕਾਪ੍ਰਸਤੀ ਦੀ ਗੂੰਜ ਵਿਚ ਲੋਕਾਂ ਤੋਂ ਇਹ ਕਿਤਾਬ ਪੜ੍ਹਨ ਦੀ ਉਮੀਦ ਰੱਖਣਾ ਵੀ ਹਾਸੋਹੀਣੀ ਗੱਲ ਹੈ ਅਤੇ ਸੰਭਵ ਹੈ ਕਿ ਪੜ੍ਹ ਕੇ ਵੀ ਉਹ ਕੁਨਾਨ ਪੋਸ਼ਪੁਰਾ ਦੀਆਂ ਔਰਤਾਂ ਨੂੰ ਝੂਠੀਆਂ, ਚਰਿੱਤਰਹੀਣ ਅਤੇ ਦੇਸ਼ ਵਿਰੋਧੀ ਕਰਾਰ ਦੇਣ। ਉਂਜ, ਇਤਿਹਾਸ ਗਵਾਹ ਹੈ ਕਿ ਕਿਸੇ ਵੀ ਤਬਕੇ ਨੂੰ ਦਬਾਉਣ ਅਤੇ ਜਿੱਤਣ ਦਾ ਸਭ ਤੋਂ ਵੱਡਾ ਹਥਿਆਰ ਉਸ ਦੀਆਂ ਔਰਤਾਂ ਨਾਲ ਜਬਰ-ਜਨਾਹ ਕਰਨਾ ਰਿਹਾ ਹੈ। ਹੱਲਿਆਂ ਵੇਲੇ ਹੋਏ ਅਣਗਿਣਤ ਬਲਾਤਕਾਰ ਅੱਜ ਵੀ ਪੰਜਾਬ ਦੇ ਚੇਤਿਆਂ ਵਿਚ ਵਸੇ ਹੋਏ ਹਨ। ਔਰਤ ਨੂੰ ਖ਼ਤਮ ਕਰਨਾ ਕੌਮ ਨੂੰ ਖ਼ਤਮ ਕਰਨ ਦੇ ਬਰਾਬਰ ਰਿਹਾ ਹੈ ਜਿਸ ਨੂੰ ਨਸਲੀ ਸਫ਼ਾਈ ਵੀ ਕਿਹਾ ਜਾਂਦਾ ਹੈ। ਔਰਤ ਦੀ ਰੱਖਿਆ ਕਰਨਾ ਕੌਮ ਦੀ ਰੱਖਿਆ ਕਰਨਾ ਰਿਹਾ ਹੈ ਜਿਸ ਨੂੰ ਲਿੰਗਿਕ ਰਾਸ਼ਟਰਵਾਦ ਕਿਹਾ ਜਾਂਦਾ ਹੈ। ਇਸ ਲਈ ਧਾਰਾ 370 ਹਟਣ ਤੋਂ ਬਾਅਦ ਪਹਿਲੀ ਆਵਾਜ਼ ਕਸ਼ਮੀਰੀ ਔਰਤਾਂ ਉੱਤੇ ਕਬਜ਼ਾ ਕਰਨ ਦੀ ਸੁਣਾਈ ਦਿੱਤੀ।
ਹਾਲਾਂਕਿ ਇਹ ਕਬਜ਼ੇ ਦੀ ਭਾਵਨਾ ਫਿਲਹਾਲ ਸਹੇਲੀ ਬਣਾਉਣ ਤਕ ਮਹਿਦੂਦ ਹੈ, ਪਰ ਕੁਨਾਨ ਪੋਸ਼ਪੁਰਾ ਦੀਆਂ ਔਰਤਾਂ ਲਈ ਇਹ ਕਬਜ਼ਾ ਅੱਜ ਵੀ ਮੌਤ ਦੀ ਘੰਟੀ ਹੈ। ਪੋਸ਼ਪੁਰਾ ਦੀ ਇਕ ਪੀੜਤ ਨੇ ਮਾਰਚ 1991 ਵਿਚ ਆਪਣੇ ਬਿਆਨ ਵਿਚ ਦੱਸਿਆ ਸੀ ਕਿ ਰਾਤ ਨੂੰ 11 ਵਜੇ ਉਨ੍ਹਾਂ ਦੇ ਬੂਹੇ ਉੱਤੇ ਦਸਤਕ ਹੋਈ। ਬੂਹਾ ਖੁੱਲ੍ਹਾ ਸੀ ਤਾਂ ਫ਼ੌਜ ਦੀ ਪਲਟਨ ਸਿੱਧਾ ਅੰਦਰ ਆ ਗਈ। ਉਹ ਸਮੀਨਾ (ਕਾਲਪਨਿਕ ਨਾਂ) ਦੇ ਪਤੀ ਅਤੇ ਦਿਓਰ ਨੂੰ ਬਾਹਰ ਲੈ ਗਏ ਅਤੇ 7-8 ਫ਼ੌਜੀ ਨਸ਼ੇ ਵਿਚ ਧੁੱਤ ਹੋ ਕੇ ਸਮੀਨਾ ਦਾ ਬਲਾਤਕਾਰ ਕਰਨ ਲੱਗ ਪਏ। ਸਵੇਰੇ ਸਮੀਨਾ ਨੂੰ ਹੋਸ਼ ਆਇਆ ਅਤੇ ਉਹ ਪੁਲੀਸ ਨੂੰ ਰਿਪੋਰਟ ਲਿਖਵਾਉਣ ਗਈ ਤਾਂ ਪਤਾ ਲੱਗਾ ਕਿ ਫ਼ੌਜ ਨੇ ਪੁਲੀਸ ਵਾਲਿਆਂ ਦੀ ਵੀ ਕੁੱਟਮਾਰ ਕੀਤੀ ਸੀ। ਸਮੀਨਾ ਨੂੰ ਇਉਂ ਲੱਗਦਾ ਸੀ ਜਿਵੇਂ ਹਕੂਮਤ ਉਸ ਦੇ ਜਿਸਮ, ਘਰ ਅਤੇ ਜਮਹੂਰੀਅਤ ਸਭ ਉੱਤੇ ਕਬਜ਼ਾ ਕਰ ਚੁੱਕੀ ਸੀ। ਇਸੇ ਤਰ੍ਹਾਂ ਤੱਮਣਾ, ਜੋ ਨੌਂ ਮਹੀਨਿਆਂ ਦੀ ਗਰਭਵਤੀ ਸੀ, ਦੇ ਅਪਾਹਜ ਪੈਦਾ ਹੋਏ ਬੇਟੇ ਲਈ ਹਕੂਮਤ ਮਾਤਮ ਦਾ ਚਿੰਨ੍ਹ ਬਣ ਚੁੱਕੀ ਸੀ।
ਕੁਨਾਨ ਪੋਸ਼ਪੁਰਾ ਦੀ ਦਿਲ ਦਹਿਲਾਉਣ ਵਾਲੀ ਘਟਨਾ ਦਾ ਅਹਿਮ ਪਹਿਲੂ ਰਾਜ ਅਤੇ ਫ਼ੌਜ ਦਾ ਗਠਜੋੜ ਵੀ ਹੈ। 23 ਫਰਵਰੀ 1991 ਦੀ ਰਾਤ ਨੂੰ ਫ਼ੌਜ ਦਾ ਕਮਾਂਡਿੰਗ ਅਫ਼ਸਰ ਕੁਝ ਮੀਟਰ ਦੂਰ ਆਫ਼ਿਸ ਵਿਚ ਬੈਠਾ ਸੀ। ਕਈ ਪੀੜਤਾਂ ਨੇ ਗਵਾਹੀ ਦਿੱਤੀ ਕਿ ਉਸ ਨੇ ਟਾਰਚ ਮਾਰ ਕੇ ਕਿਹਾ ਕਿ ਕੁਝ ਵੀ ਕਰੋ, ਪਰ ਸ਼ੋਰ ਨਾ ਮਚਾਓ। ਸਭ ਦੁਸ਼ਵਾਰੀਆਂ ਦੇ ਬਾਦਜੂਦ ਔਰਤਾਂ ਨੇ ਭਾਰਤੀ ਨਿਆਂਪਾਲਿਕਾ ਤੋਂ ਇਨਸਾਫ਼ ਦੀ ਉਮੀਦ ਬਣਾਈ ਰੱਖੀ ਜਿਸ ਦਾ ਨਿੱਕਾ ਜਿਹਾ ਟੁਕੜਾ ਉਨ੍ਹਾਂ ਨੂੰ 2014 ਵਿਚ ਮਿਲਿਆ ਜਦੋਂ ਸੂਬਾਈ ਅਦਾਲਤ ਨੇ ਪਹਿਲੀ ਵਾਰ ਘਟਨਾ ਨੂੰ ਮਾਨਤਾ ਦਿੱਤੀ ਅਤੇ ਸਰਕਾਰ ਨੂੰ ਹਦਾਇਤ ਦਿੱਤੀ ਕਿ ਪੀੜਤਾਂ ਨੂੰ ਬਣਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ।
ਅੱਜ ਕੁਨਾਨ ਪੋਸ਼ਪੁਰਾ ਨੂੰ ਯਾਦ ਕਰਨ ਦਾ ਅਰਥ ਰਿਆਸਤ ਦੇ ਦਮਨਕਾਰੀ ਅਤੇ ਮਰਦ-ਪ੍ਰਧਾਨ ਚਰਿੱਤਰ ਦਾ ਪਰਦਾਫਾਸ਼ ਤਾਂ ਹੈ ਹੀ, ਪਰ ਨਾਲ ਹੀ ਕਸ਼ਮੀਰੀ ਔਰਤਾਂ ਦੀ ਜੰਗ ਨੂੰ ਸਲਾਮ ਕਰਨਾ ਵੀ ਹੈ। 28 ਸਾਲਾਂ ਬਾਅਦ ਵੀ ਕਸ਼ਮੀਰੀ ਔਰਤਾਂ ਆਪਣੇ ਸੱਚ ਲਈ ਸੰਘਰਸ਼ ਕਰ ਰਹੀਆਂ ਹਨ ਅਤੇ ਹਰ 23 ਫਰਵਰੀ ਨੂੰ ‘ਕਸ਼ਮੀਰੀ ਵੂਮਨ ਰਿਜ਼ੈਸਟੈਂਸ ਡੇਅ’ ਵਜੋਂ ਮਨਾਉਂਦੀਆਂ ਹਨ। ਪੰਜ ਔਰਤਾਂ ਵੱਲੋਂ ਸ਼ੁਰੂ ਕੀਤੀ ਇਹ ਜੰਗ ਦੇਸ਼ ਦੀ ਹਕੂਮਤ ਲਈ ਚੁਣੌਤੀ ਹੈ। 2012 ਵਿਚ ਦਿੱਲੀ ਵਿਚ ਸਮੂਹਿਕ ਬਲਾਤਕਾਰ ਤੋਂ ਬਾਅਦ ਜਦੋਂ ਸਮਰੀਨਾ ਨੇ ਆਪਣੀ ਦੋਸਤ ਇਫਰਾਹ ਨੂੰ ਪੁੱਛਿਆ ਸੀ ਕਿ ਕੀ ਤੈਨੂੰ ਕੁਨਾਨ ਪੋਸ਼ਪੁਰਾ ਯਾਦ ਹੈ, ਕੁਨਾਨ ਪੋਸ਼ਪੁਰਾ ਦੀਆਂ ਔਰਤਾਂ ਨੂੰ ਇਨਸਾਫ਼ ਕਿਉਂ ਨਹੀਂ ਮਿਲਿਆ, ਬਲਾਤਕਾਰ ਜੇ ਦਿੱਲੀ ਵਿਚ ਗੁਨਾਹ ਹੈ ਤਾਂ ਕਸ਼ਮੀਰ ਵਿਚ ਕਿਉਂ ਨਹੀਂ, ਤਾਂ ਇਫਰਾਹ ਜੋ ਇਕ ਕਸ਼ਮੀਰੀ ਜਮਹੂਰੀ ਅਧਿਕਾਰ ਮੰਚ ਨਾਲ ਕੰਮ ਕਰਦੀ ਸੀ, ਨੇ ਜਨਹਿੱਤ ਪਟੀਸ਼ਨ ਦਾਇਰ ਕਰਨ ਦਾ ਫ਼ੈਸਲਾ ਲਿਆ ਜੋ ਅੱਜ ਸਾਡੇ ਸਾਹਮਣੇ ਕਿਤਾਬ ਦੇ ਰੂਪ ਵਿਚ ਮੌਜੂਦ ਹੈ। ਸ਼ਾਲਾ! ਸਮਰੀਨਾ ਮੁਸ਼ਤਾਕ, ਐਸਰ ਬਤੂਲ, ਨਤਾਸ਼ਾ ਰਾਠੇਰ, ਇਫਰਾਹ ਬੱਟ ਅਤੇ ਮੁਨਾਜ਼ਾ ਰਸ਼ੀਦ ਦੀ ਹਿੰਮਤ, ਨਿਡਰਤਾ ਅਤੇ ਦ੍ਰਿੜ੍ਹਤਾ ਸਾਡੇ ਲਈ ਇਨ੍ਹਾਂ ਕਾਲੇ ਸਮਿਆਂ ਵਿਚ ਰੌਸ਼ਨੀ ਦਾ ਕੰਮ ਕਰੇ।


Comments Off on ਦਰਦ ਕਹਾਣੀ ਦੱਸਣ ਤੇ ਲੜਣ ਦੀ ਹਿੰਮਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.