‘ਗਿਆਨ ਉਤਸਵ’ ਤਹਿਤ ਵਿਦਿਅਕ ਮੁਕਾਬਲੇ ਕਰਵਾਏ !    ਐੱਸਐੱਮਓ ਵੱਲੋਂ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਨਿਰਦੇਸ਼ !    ਨਾਟਕ ‘ਦਮ ਤੋੜਦੇ ਰਿਸ਼ਤੇ’ ਨੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ !    ਸਟੋਕਸ ਨੇ ਫਿਰ ਨਿਊਜ਼ੀਲੈਂਡ ਨੂੰ ਵਖ਼ਤ ਪਾਇਆ !    ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਚਾਨਣ ਦੇ ਰਾਹੀ !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    

ਤੇਜ਼ੀ ਨਾਲ ਵਧ ਰਹੀ ਆਬਾਦੀ ਦਾ ਸੰਕਟ

Posted On August - 27 - 2019

ਰਮੇਸ਼ਵਰ ਸਿੰਘ

ਭਾਰਤ ਵਿਚ ਆਬਾਦੀ ਜਿੰਨੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ, ਜੇਕਰ ਇਹ ਇਸ ਰਫ਼ਤਾਰ ਨਾਲ ਹੀ ਵਧਦੀ ਰਹੀ ਤਾਂ ਆਉਣ ਵਾਲੇ ਸਮੇਂ ਵਿਚ ਅਸੀਂ ਚੀਨ ਨੂੰ ਵੀ ਪਿੱਛੇ ਛੱਡ ਦੇਵਾਂਗੇ। ਭਾਵੇਂ ਚੀਨ ਆਬਾਦੀ ਪੱਖੋਂ ਦੁਨੀਆਂ ਵਿਚ ਪਹਿਲੇ ਨੰਬਰ ’ਤੇ ਹੈ, ਪਰ ਉਨ੍ਹਾਂ ਕੋਲ ਉਪਜਾਊ ਧਰਤੀ ਭਾਰਤ ਨਾਲੋਂ ਬਹੁਤ ਵੱਧ ਹੈ। ਦੂਜਾ ਉੱਥੋਂ ਦੀ ਸਰਕਾਰ ਦੀਆਂ ਨੀਤੀਆਂ ਅਜਿਹੀਆਂ ਹਨ ਕਿ ਉਨ੍ਹਾਂ ਨੇ ਇਸ ਗੰਭੀਰ ਮਸਲੇ ਦਾ ਹੱਲ ਕੱਢ ਲਿਆ, ਜਦੋਂਕਿ ਸਾਡੀਆਂ ਸਰਕਾਰਾਂ ਦਾ ਇਸ ਪ੍ਰਤੀ ਕੋਈ ਧਿਆਨ ਨਹੀਂ ਹੈ।
ਦੇਸ਼ ਵਿਚ 1970 ਦੇ ਦਹਾਕੇ ਵਿਚ ਸਰਕਾਰ ਨੇ ਤਿੰਨ ਬੱਚੇ ਪੈਦਾ ਕਰਨ ਦਾ ਪ੍ਰੋਗਰਾਮ ਬਣਾਇਆ ਸੀ। ਫਿਰ ਦੋ ਬੱਚਿਆਂ ਦਾ ਵੀ ਬਣਾਇਆ। ਇਸ ਤੋਂ ਬਾਅਦ ਸਰਕਾਰ ਨੇ ਦੇਸ਼ ਵਿਚ ਐਮਰਜੈਂਸੀ ਲਾਗੂ ਕਰ ਦਿੱਤੀ। ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬੇਟੇ ਸੰਜੇ ਗਾਂਧੀ ਨੇ ਆਪਣਾ ਇਕ ਪੰਜ ਨੁਕਾਤੀ ਪ੍ਰੋਗਰਾਮ ਬਣਾਇਆ, ਜਿਸ ਵਿਚ ਮੁੱਖ ਮੁੱਦਾ ਆਬਾਦੀ ਨੂੰ ਕਾਬੂ ਕਰਨ ਦਾ ਸੀ। ਐਮਰਜੈਂਸੀ ਸਿਰਫ਼ ਨਾਂ ਦੀ ਸੀ, ਪਰ ਸਰਕਾਰ ਦਾ ਲੋਕਾਂ ਨਾਲ ਧੱਕਾ ਸੀ। ਦੇਸ਼ ਦੇ ਹਰ ਇਕ ਡਾਕਟਰ ਨੂੰ ਨਿਰਧਾਰਤ ਸੰਖਿਆ ਵਿਚ ਲੋਕਾਂ ਦੀ ਨਸਬੰਦੀ ਕਰਨ ਦੇ ਹੁਕਮ ਦੇ ਦਿੱਤੇ, ਨਹੀਂ ਤਾਂ ਉਨ੍ਹਾਂ ਦੀ ਨੌਕਰੀ ਨੂੰ ਖ਼ਤਰਾ ਹੋਵੇਗਾ। ਇਸ ਪ੍ਰੋਗਰਾਮ ਦੀ ਪੂਰੇ ਦੇਸ਼ ਵਿਚ ਆਲੋਚਨਾ ਹੋਈ। ਸੰਸਦ ਦੀਆਂ ਚੋਣਾਂ ਦਾ ਸਮਾਂ ਨਜ਼ਦੀਕ ਹੋਣ ਕਾਰਨ ਵਿਰੋਧੀ ਪਾਰਟੀ ਨੇ ਨਸਬੰਦੀ ਨੂੰ ਵੀ ਮੁੱਖ ਮੁੱਦਾ ਬਣਾ ਲਿਆ। ਚਾਲੀ ਸਾਲ ਬੀਤ ਚੁੱਕੇ ਹਨ, ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ, ਪਰ ਆਬਾਦੀ ਸਬੰਧੀ ਕਦੇ ਕਿਸੇ ਸਰਕਾਰ ਨੇ ਕੁਝ ਵੀ ਨਹੀਂ ਸੋਚਿਆ। ਇਕ ਪਾਰਟੀ ਦਾ ਚੋਣ ਮੈਨੀਫੈਸਟੋ ਹੁੰਦਾ ਹੈ ਕਿ ਅਸੀਂ ਬੇਰੁਜ਼ਗਾਰੀ ਦੂਰ ਕਰਾਂਗੇ, ਗ਼ਰੀਬੀ ਖ਼ਤਮ ਕਰ ਦੇਵਾਂਗੇ, ਪਰ ਇਸ ਦੀ ਜੜ੍ਹ ਕੀ ਹੈ? ਕਦੇ ਕਿਸੇ ਨੇ ਨਹੀਂ ਸੋਚਿਆ। ਬੇਰੁਜ਼ਗਾਰੀ ਤੇ ਗ਼ਰੀਬੀ ਦਾ ਕਾਰਨ ਕੀ ਹੈ? ਇਸ ਸਬੰਧੀ ਕਿਸੇ ਵੀ ਰਾਜਨੀਤਕ ਪਾਰਟੀ ਨੇ ਕਦੇ ਕੋਈ ਗੱਲ ਨਹੀਂ ਕੀਤੀ। ਬਸ! ਮੁੱਦਾ ਬਣਾ ਲੈਂਦੇ ਹਨ ਕਿ ਅਸੀਂ ਗ਼ਰੀਬੀ ਦੂਰ ਕਰਾਂਗੇ, ਬੇਰੁਜ਼ਗਾਰੀ ਦੂਰ ਕਰਾਂਗੇ। ਕਾਰਨ ਜਾਂ ਜੜ੍ਹ ਬਾਰੇ ਕਦੇ ਕੋਈ ਵਿਚਾਰ ਚਰਚਾ ਨਹੀਂ ਕੀਤੀ।
ਜੇ ਦੇਸ਼ ਵਿਚ ਆਬਾਦੀ ਨੂੰ ਕਾਬੂ ਕਰ ਲਿਆ ਜਾਵੇ ਤਾਂ ਕਿਸੇ ਕਿਸਮ ਦਾ ਕੋਈ ਮਸਲਾ ਨਹੀਂ ਰਹਿਣਾ। ਬੇਰੁਜ਼ਗਾਰੀ ਤੇ ਹੋਰ ਗੱਲਾਂ ਤਾਂ ਬਹੁਤ ਦੂਰ ਦੀ ਗੱਲ ਹਨ। ਰਾਜਨੀਤਕ ਪਾਰਟੀਆਂ ਨੂੰ ਤਾਂ ਇਹ ਡਰ ਸਤਾਉਂਦਾ ਰਹਿੰਦਾ ਹੈ ਕਿ ਜੇ ਆਬਾਦੀ ਘਟ ਗਈ, ਫਿਰ ਚੋਣਾਂ ਲੜਨ ਲਈ ਉਨ੍ਹਾਂ ਕੋਲ ਕੋਈ ਮੁੱਦਾ ਨਹੀਂ ਰਹਿਣਾ ਕਿਉਂਕਿ ਜ਼ਿਆਦਾਤਰ ਸਮੱਸਿਆਵਾਂ ਹੀ ਆਬਾਦੀ ਦੇ ਵਧਣ ਕਾਰਨ ਆ ਰਹੀਆਂ ਹਨ। ਗ਼ਰੀਬੀ, ਬੇਰੁਜ਼ਗਾਰੀ ਤੇ ਮਹਿੰਗਾਈ ਇਸਦੀ ਸਭ ਤੋਂ ਵੱਡੀ ਉਦਾਹਰਨ ਹੈ। ਸਭ ਜਾਣਦੇ ਹਨ ਕਿ ਸਾਡੇ ਗੁਆਂਢੀ ਦੇਸ਼ ਚੀਨ ਵਿਚ ਆਬਾਦੀ ਜ਼ਿਆਦਾ ਹੈ, ਪਰ ਉਨ੍ਹਾਂ ਦੇ ਨੇਤਾ ਵੀ ਜਾਣਦੇ ਹਨ ਕਿ ਹੱਲ ਕੀ ਕਰਨਾ ਹੈ। ਉਨ੍ਹਾਂ ਨੇ ਇਕ ਬੱਚੇ ਦੀ ਨੀਤੀ ਬਣਾ ਦਿੱਤੀ ਕਿ ਜਿਸ ਦੇ ਇਕ ਤੋਂ ਵੱਧ ਬੱਚੇ ਹੋਣਗੇ, ਉਸ ਨੂੰ ਨੌਕਰੀ ਨਹੀਂ ਦੇਣੀ। ਜੇ ਨੌਕਰੀ ਕਰਨ ਵਾਲੇ ਦੇ ਇਕ ਤੋਂ ਵੱਧ ਬੱਚਾ ਹੋਇਆ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਸਾਰਾ ਹੀ ਮਸਲਾ ਹੱਲ ਹੋ ਗਿਆ। ਸਾਡੀਆਂ ਰਾਜਨੀਤਕ ਪਾਰਟੀਆਂ ਮਸਲੇ ਹੱਲ ਨਹੀਂ ਕਰਦੀਆਂ, ਬਲਕਿ ਲਟਕਾਉਂਦੀਆਂ ਹਨ। ਜਿਸ ਵੀ ਰਾਜਨੀਤਕ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਤਾਂ ਉਹ ਮਸਲੇ ਹੱਲ ਨਹੀਂ ਕਰਦੀ ਤਾਂ ਫਿਰ ਦੂਸਰੀਆਂ ਪਾਰਟੀਆਂ ਧਰਨੇ ਲਗਾਉਂਦੀਆਂ ਹਨ। ਸੰਸਦ ਦਾ ਕੋਈ ਵੀ ਸੈਸ਼ਨ ਦੇਖ ਲਓ, ਇਹ ਆਪਸ ਵਿਚ ਹੀ ਬਹਿਸਬਾਜ਼ੀ ਕਰਨ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਕਰਦੇ। ਲੋਕ ਮੁੱਦੇ ਇਨ੍ਹਾਂ ਦੀ ਫਾਲਤੂ ਦੀ ਬਹਿਸਬਾਜ਼ੀ ਵਿਚ ਹੀ ਰੁਲ ਜਾਂਦੇ ਹਨ। ਦੇਸ਼ ਦਾ ਜੋ ਪੈਸਾ ਖ਼ਰਾਬ ਹੁੰਦਾ ਹੈ, ਉਹ ਵੱਖਰਾ ਹੈ।
ਮਹਿੰਗਾਈ ਤੇ ਗ਼ਰੀਬੀ ਦਾ ਕਾਰਨ ਵਧ ਰਹੀ ਆਬਾਦੀ ਹੈ, ਪਰ ਕਿਸੇ ਸਰਕਾਰ ਜਾਂ ਰਾਜਨੀਤਕ ਪਾਰਟੀ ਨੇ ਕਦੇ ਵੀ ਕੋਈ ਗੱਲ ਨਹੀਂ ਕੀਤੀ। ਪੰਜਾਬ ਵਿਚ ਧਾਰਮਿਕ ਮਸਲਿਆਂ ਨੂੰ ਉਭਾਰਿਆ ਜਾਂਦਾ ਹੈ। ਜੇਕਰ ਇਹ ਨਹੀਂ ਤਾਂ ਫਿਰ ਚੰਡੀਗੜ੍ਹ ਤੇ ਐੱਸ.ਵਾਈ.ਐੱਲ. ਨਹਿਰ ਦਾ ਮਸਲਾ ਲੈ ਕੇ ਬਹਿ ਜਾਂਦੇ ਹਨ। ਇਹ ਕੋਈ ਇੰਨਾ ਵੱਡਾ ਮਸਲਾ ਨਹੀਂ ਹੈ, ਵਾਰੀ ਵਾਰੀ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਕੇਂਦਰ ਵਿਚ ਰਾਜ ਕੀਤਾ ਹੈ, ਉਸ ਸਮੇਂ ਇਨ੍ਹਾਂ ਨੂੰ ਇਹ ਦੋਨੋਂ ਮਸਲੇ ਕਦੇ ਯਾਦ ਨਹੀਂ ਆਏ। ਇਹ ਸਿਰਫ਼ ਇਕ ਸੂਬੇ ਦੀ ਉਦਾਹਰਨ ਹੈ, ਕੇਂਦਰ ਤੋਂ ਲੈ ਕੇ ਬਾਕੀ ਸੂਬਿਆਂ ਤਕ ਹਾਲ ਇਸ ਤਰ੍ਹਾਂ ਹੀ ਹੈ। ਆਬਾਦੀ ਨੂੰ ਕਾਬੂ ਕਰਨ ਵੱਲ ਕਿਸੇ ਦਾ ਧਿਆਨ ਨਹੀਂ।
ਭਾਰਤ ਖੇਤੀ ਵਿਚ ਮੋਹਰੀ ਹੈ, ਧਾਤਾਂ ਦੀ ਵੀ ਕੋਈ ਘਾਟ ਨਹੀਂ ਹੈ, ਸਾਡਾ ਮੌਸਮ ਵੀ ਇਹੋ ਜਿਹਾ ਹੈ ਜਿਸ ਨਾਲ ਪੂਰਾ ਸਾਲ ਸਾਰੀਆਂ ਜਿਣਸਾਂ ਆਪਣੇ ਦੇਸ਼ ਵਿਚ ਹੀ ਪੈਦਾ ਹੁੰਦੀਆਂ ਹਨ, ਪਰ ਦੇਸ਼ ਦੇ ਕਿਸਾਨਾਂ ਨੂੰ ਲੈ ਲਓ ਆਏ ਦਿਨ ਖ਼ੁਦਕੁਸ਼ੀਆਂ ਕਰ ਰਹੇ ਹਨ, ਕਾਰਨ ਕੀ ਹੈ? ਕਿਉਂਕਿ ਜ਼ਮੀਨ ਘਟਦੀ ਜਾ ਰਹੀ ਹੈ ਅਤੇ ਜਨਸੰਖਿਆ ਵਧਦੀ ਜਾ ਰਹੀ ਹੈ। ਪੰਜਾਬ ਦੇ ਕਿਸਾਨ ਕਰਜ਼ ਦੇ ਬੋਝ ਥੱਲੇ ਦੱਬੇ ਹੋਏ ਹਨ, ਉਹ ਆਪਣੀ ਸੋਚ ਬਦਲਣ ਦੀ ਬਜਾਏ ਆਪਣੇ ਬੱਚਿਆਂ ਨੂੰ ਜ਼ਮੀਨ ਵੇਚ ਕੇ ਵਿਦੇਸ਼ ਭੇਜ ਰਹੇ ਹਨ। ਕੀ ਉਨ੍ਹਾਂ ਤੋਂ ਘਰ ਵਿਚ ਕੋਈ ਕੰਮ ਨਹੀਂ ਕਰਾਇਆ ਜਾ ਸਕਦਾ? ਵਿਦੇਸ਼ ਜਾ ਕੇ ਖ਼ਾਸ ਤੌਰ ’ਤੇ ਪੰਜਾਬੀ ਬੱਚੇ ਖੇਤਾਂ ਵਿਚ ਜਾਂ ਹੋਟਲਾਂ ਵਿਚ ਹੀ ਜ਼ਿਆਦਾ ਕੰਮ ਕਰਦੇ ਹਨ, ਜਦੋਂ ਕਿ ਉਹ ਇੱਥੇ ਆਪਣੇ ਖੇਤਾਂ ਵਿਚ ਪੈਰ ਵੀ ਨਹੀਂ ਰੱਖਦੇ। ਇਸ ਲਈ ਸਰਕਾਰਾਂ ਜੇਕਰ ਆਬਾਦੀ ’ਤੇ ਕਾਬੂ ਪਾਉਣਗੀਆਂ ਤਾਂ ਗ਼ਰੀਬੀ ਤੇ ਬੇਰੁਜ਼ਗਾਰੀ ਖ਼ੁਦ ਹੀ ਘੱਟ ਜਾਵੇਗੀ।

ਸੰਪਰਕ: 99148-80392


Comments Off on ਤੇਜ਼ੀ ਨਾਲ ਵਧ ਰਹੀ ਆਬਾਦੀ ਦਾ ਸੰਕਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.