ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਗਸਤ
ਨਵੀਂ ਦਿੱਲੀ ’ਚ 73ਵੇਂ ਸੁਤੰਤਰਤਾ ਦਿਵਸ ਮੌਕੇ ਭਾਰਤ ਦਾ ਕੌਮੀ ਤਿਰੰਗਾ ਵੇਚਦਾ ਹੋਇਆ ਇਕ ਵਿਕਰੇਤਾ ਨਾਲ ਚਾਹ ਦਾ ਆਨੰਦ ਮਾਣਦਾ ਹੋਇਆ। -ਏਐੱਫਪੀ
ਦੇਸ਼ 73ਵੇਂ ਆਜ਼ਾਦੀ ਦਿਵਸ ਦੀ ਤਿਆਰੀ ਵਿੱਚ ਲੱਗਾ ਹੋਇਆ ਹੈ ਤੇ ਦੇਸ਼ ਦੀ ਰਾਜਧਾਨੀ ਦਿੱਲੀ ’ਚ ਥਾਂ-ਥਾਂ ਮੁੱਖ ਚੌਕਾਂ ਉਪਰ ਗ਼ਰੀਬਾਂ ਵੱਲੋਂ ਤਿਰੰਗੇ ਝੰਡੇ ਵੇਚ ਕੇ ਰੋਜ਼ੀ-ਰੋਟੀ ਦਾ ਜੁਗਾੜ ਕੁੱਝ ਦਿਨਾਂ ਲਈ ਕੀਤਾ ਜਾ ਰਿਹਾ ਹੈ।
ਰਾਜਧਾਨੀ ਵਿਚ ਮੁੱਖ ਚੌਕਾਂ ਉਪਰ ਗ਼ਰੀਬ ਪਰਿਵਾਰਾਂ ਦੀਆਂ ਔਰਤਾਂ ਤੇ ਬੱਚੇ ਵੱਖ-ਵੱਖ ਆਕਾਰਾਂ ਦੇ ਤਿਰੰਗੇ ਝੰਡੇ ਵੇਚਣ ਲਈ ਸਵੇਰੇ ਤੋਂ ਸ਼ਾਮ ਤਕ ਕਾਰਾਂ ਤੇ ਬਾਈਕਾਂ ਵਾਲਿਆਂ ਦੇ ਪਿੱਛੇ ਲੱਗੇ ਰਹਿੰਦੇ ਹਨ। ਜੈ ਸਿੰਘ ਰੋਡ ਦੇ ਇਕ ਚੌਕ ਉਪਰ ਰਾਜਸਥਾਨ ਤੋਂ ਆਇਆ ਪਰਿਵਾਰ ਰੋਜ਼ਾਨਾ ਸਵੇਰੇ ਤੋਂ ਸ਼ਾਮ ਤੱਕ ਝੰਡੇ ਵੇਚਦਾ ਹੈ।
ਪਰਿਵਾਰ ਦੀ ਔਰਤ ਨੇ ਦੱਸਿਆ ਕਿ ਉਨ੍ਹਾਂ ਕੋਲ ਜੋ ਤਿਰੰਗੇ ਹਨ ਉਹ 10 ਰੁਪਏ ਤੋਂ ਲੈ ਕੇ 150 ਰੁਪਏ ਤੱਕ ਦੇ ਹਨ ਜੋ ਘਰਾਂ, ਦੁਕਾਨਾਂ ਜਾਂ ਜਨਤਕ ਸਥਾਨਾਂ ਉਪਰ ਲਾਉਣ ਲਈ ਹਨ।
ਇਨ੍ਹਾਂ ਦਿਨਾਂ ਦੌਰਾਨ ਕਾਰ ਮਾਲਕ/ਚਾਲਕ ਕਾਰਾਂ ਦੇ ‘ਡੈੱਸ਼ ਬੋਰਡਾਂ’ ਉਪਰ ਵੀ ਤਿਰੰਗੇ ਝੰਡੇ ਛੋਟੇ ਆਕਾਰ ਵਿੱਚ ਅਕਸਰ ਲਾ ਲੈਂਦੇ ਹਨ ਕਾਰ ਚਾਲਕਾਂ ਲਈ ਵੀ ਅਜਿਹੇ ਝੰਡੇ ਉਨ੍ਹਾਂ ਰੱਖੇ ਹੋਏ ਹਨ। ਕੁੱਝ ਦਿਨਾਂ ਲਈ ਹੀ ਅਜਿਹੇ ਪਰਿਵਾਰਾਂ ਲਈ ਤਿਰੰਗਾ ਝੰਡਾ ਕੁੱਝ ਦਿਨ ਲਈ ਰੋਜ਼ੀ-ਰੋਟੀ ਦਾ ਸਾਧਨ ਬਣ ਗਿਆ ਹੈ। ਛੋਟੇ ਬੱਚੇ ਵੀ ਤਿਰੰਗੇ ਝੰਡੇ ਵੇਚਦੇ ਦੇ ਦੇਖੇ ਜਾ ਸਕਦੇ ਹਨ।