ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ (ਮੁਹਾਲੀ), 12 ਅਗਸਤ
ਜ਼ਿਲ੍ਹਾ ਚੈਂਪੀਅਨਸ਼ਿਪ ਵਿੱਚ ਜੇਤੂ ਖਿਡਾਰੀ ਓਵਰਆਲ ਟਰਾਫ਼ੀ ਨਾਲ।
ਮੁਹਾਲੀ ਜ਼ਿਲ੍ਹੇ ਦੀ 23ਵੀਂ ਤਾਇਕਵਾਂਡੋ ਚੈਂਪੀਅਨਸ਼ਿਪ ਮੁਹਾਲੀ ਦੇ ਸਨਅਤੀ ਖੇਤਰ ਵਿੱਚ ਸਥਿਤ ਗੁਰੂ ਨਾਨਕ ਵੀਬੀਟੀ ਪੋਲੀਟੈਕਨਿਕ ਵਿਖੇ ਹੋਈ। ਇਸ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਪੰਜਾਬ ਤਾਇਕਵਾਂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਤਕਨੀਕੀ ਡਾਇਰੈਕਟਰ ਇੰਜਨੀਅਰ ਸੱਤਪਾਲ ਸਿੰਘ ਰੀਹਲ ਨੇ ਦੱਸਿਆ ਕਿ ਖਰੜ ਦੇ ਗਿਲਕੋ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਸੋਨੇ ਦੇ 17, ਚਾਂਦੀ ਦੇ 4 ਅਤੇ ਕਾਂਸੀ ਦੇ 4 ਤਗਮੇ ਜਿੱਤਕੇ ਪਹਿਲਾ ਸਥਾਨ ਹਾਸਿਲ ਕਰਦਿਆਂ ਓਵਰਆਲ ਟਰਾਫ਼ੀ ਉੱਤੇ ਕਬਜ਼ਾ ਕੀਤਾ। ਤਾਇਕਵਾਂਡੋ ਦੀ ਮੁਹਾਲੀ ਸਥਿਤ ਅਕੈਡਮੀ ਦੇ ਖਿਡਾਰੀਆਂ ਨੇ ਸੋਨੇ ਦੇ 16, ਚਾਂਦੀ ਦੇ 4 ਅਤੇ ਕਾਂਸੀ ਦੇ 6 ਤਗਮੇ ਜਿੱਤਕੇ ਦੂਜਾ ਸਥਾਨ ਹਾਸਲ ਕੀਤਾ। ਮਾਤਾ ਸਾਹਿਬ ਕੌਰ ਪਬਲਿਕ ਸਕੂਲ ਸਵਾੜਾ ਦੇ ਖਿਡਾਰੀਆਂ ਨੇ ਸੋਨੇ ਦੇ 6, ਚਾਂਦੀ ਦੇ 4 ਅਤੇ ਕਾਂਸੀ ਦੇ 6 ਤਗਮੇ ਜਿੱਤਕੇ ਤੀਜੀ ਥਾਂ ਹਾਸਲ ਕੀਤੀ।